ਸਿਰਜਣਾ ਦੇ ਖੁੱਲ੍ਹੇ ਰਹੱਸ

ਰਾਜੇਸ਼ ਸ਼ਰਮਾ*

ਚੌਦ੍ਹਵੀਂ ਸਦੀ ਵਿਚ ਹੋਏ ਮਾਧਵਾਚਾਰਿਆ ‘ਸਰਵ-ਦਰਸ਼ਨ-ਸੰਗ੍ਰਹਿ’ ਵਿਚ ਲਿਖਦੇ ਹਨ ਕਿ ਪਤੰਜਲੀ ਅਨੁਸਾਰ ਸ਼ਬਦ ਦਾ ਵਾਸਾ ਤਿੰਨ ਘਰਾਂ ਵਿਚ ਹੁੰਦਾ ਹੈ। ਕੰਠ, ਸਿਰ ਅਤੇ ਹਿਰਦੇ ਅੰਦਰ। ਪਤੰਜਲੀ ਦਾ ਇਸ਼ਾਰਾ ਕਾਵਿ ਅੰਦਰਲੇ ਉਸ ਸੰਗਮ ਵੱਲ ਰਿਹਾ ਹੋਵੇਗਾ ਜੋ ਕਾਵਿ ਨੂੰ ਕਾਵਿ ਬਣਾਉਂਦਾ ਹੈ। ਧੁਨੀ, ਬੋਧ ਅਤੇ ਭਾਵ ਦਾ ਸੰਗਮ।

ਮਾਧਵਾਚਾਰਿਆ ਤੋਂ ਲਗਭਗ ਚਾਰ ਸਦੀਆਂ ਪਹਿਲਾਂ ਹੋਏ ਰਾਜਸ਼ੇਖਰ ਸ਼ਬਦ ਪਾਕ ਅਤੇ ਵਾਕ ਪਾਕ ਦੀ ਗੱਲ ਕਰਦੇ ਹਨ। ਸ਼ਬਦ ਦੀ ਸਹੀ ਅਤੇ ਪੂਰੀ ਪਛਾਣ ਕਰਨਾ ਅਤੇ ਉਸ ਨੂੰ ਉਸ ਦੀ ਸਹੀ ਥਾਂ, ਜੋ ਇੱਕੋ-ਇੱਕ ਹੁੰਦੀ ਹੈ, ਉੱਪਰ ਰੱਖਣਾ ਸੂਝਵਾਨ ਕਵੀ ਦਾ ਚਿਹਨ ਹੈ। ਫ਼ਰਾਂਸੀਸੀ ਨਾਵਲਕਾਰ ਗਸਤਾਇਵ ਫ਼ਲੋਬੇਅ ਸਮਾਨਾਰਥਕਤਾ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ। ਉਹ ਮੰਨ੍ਹਦਾ ਹੈ ਕਿ ਸ਼ਬਦਾਂ ਵਿਚਕਾਰ ਅਦਲਾ-ਬਦਲੀ ਸੰਭਵ ਨਹੀਂ। ਇਕ ਥਾਂ ’ਤੇ ਢੁੱਕਵਾਂ ਸ਼ਬਦ ਇੱਕੋ-ਇਕ ਹੁੰਦਾ ਹੈ। ਸਾਹਿਤਕਾਰ ਲਈ ਉਸ ਤੱਕ ਪਹੁੰਚਣਾ ਜ਼ਰੂਰੀ ਹੈ।

ਰਾਜਸ਼ੇਖਰ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਕਵੀ ਜਾਂ ਕੁਕਵੀ ਹੋਣ ਦਾ ਸੁਆਲ ਤਾਂ ਬਾਅਦ ਵਿਚ ਆਉਂਦਾ ਹੈ। ਪਹਿਲੀ ਸ਼ਰਤ ਤਾਂ ਭਾਸ਼ਾ ਵਿਚ ਸਿੱਧ ਹੋਣ ਦੀ ਹੈ। ਇਸ ਸਿੱਧੀ ਤੋਂ ਉਨ੍ਹਾਂ ਦਾ ਭਾਵ, ਉਨ੍ਹਾਂ ਦੇ ਸ਼ਬਦਾਂ ਵਿਚ, ‘ਆਪਣੇ’ ਅਤੇ ‘ਪਰਾਏ’ ਵਾਕ ਵਿਚਕਾਰ ਭੇਦ ਕਰਨ ਦੀ ਸਮਰੱਥਾ ਹੈ। ਰਚਨਾ ਦੀ ਪ੍ਰਮਾਣਕਤਾ ਦੀ ਇਸ ਤੋਂ ਸਰਲ ਅਤੇ ਵੱਡੀ ਕਸਵੱਟੀ ਹੋਰ ਕੀ ਹੋਵੇਗੀ? ਜਿਸ ਨੂੰ ਅੰਦਾਜ਼ ਕਿਹਾ ਜਾਂਦਾ ਹੈ, ਉਹ ਰਚਨਾ ਅੰਦਰ ਰਚਨਾਕਾਰ ਦੀ ਹੋਂਦ ਦੀ ਵਿਲੱਖਣਤਾ ਦਾ ਦਸਤਖ਼ਤ ਹੁੰਦਾ ਹੈ। ਇਹ ਬਿਲਕੁਲ ਨਿੱਜੀ ਅਤੇ ਅਨੋਖਾ ਹੁੰਦਾ ਹੈ। ਸ਼ਾਇਦ ਇਸ ਲਈ ਹੀ ‘ਸ਼ੈਲੀ’ ਇਸ ਲਈ ਸਹੀ ਸ਼ਬਦ ਨਹੀਂ। ਸ਼ੈਲੀ ਨਿੱਜੀ ਹੋ ਸਕਦੀ ਹੈ ਅਤੇ ਸਮੂਹਿਕ ਵੀ। ਰਾਜਸ਼ੇਖਰ ਸ਼ਬਦ-ਹਰਣ ਦੀਆਂ ਲਗਭਗ 32 ਕਿਸਮਾਂ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਸਾਹਿਤ ਰਚਨਾ ਲਈ ਸ਼ਬਦ-ਹਰਣ ਚੰਗਾ ਵੀ ਹੋ ਸਕਦਾ ਹੈ ਅਤੇ ਮਾੜਾ ਵੀ। ਪਰ ਹਰਣ ਕੀਤੇ ਸ਼ਬਦ ਨੂੰ ਆਪਣਾ ਬਣਾਉਣਾ ਹਰ ਕਿਸੇ ਦੇ ਵੱਸ ਨਹੀਂ ਹੁੰਦਾ।

‘ਸਾਹਿਤ’ ਸ਼ਬਦ ਦੀ ਵਰਤੋਂ ਪਹਿਲੋਂ-ਪਹਿਲ ਰਾਜਸ਼ੇਖਰ ਨੇ ਕੀਤੀ ਹੋਵੇਗੀ। ‘ਸਾਹਿਤ’ ਤੋਂ ਉਨ੍ਹਾਂ ਦਾ ਭਾਵ ਸ਼ਬਦ ਅਤੇ ਅਰਥ, ਬੁੱਧੀ ਅਤੇ ਹਿਰਦੇ, ਨਾਦ ਅਤੇ ਬਿੰਦੂ, ਕਲਪਨਾ ਅਤੇ ਇੰਦਰੀਆਵੀ ਅਨੁਭਵ ਵਿਚਕਾਰਲਾ ਸਹਿਭਾਵ ਰਿਹਾ ਹੋਵੇਗਾ।

‘ਭਾਵ’ ਤੋਂ ਕੀ ਭਾਵ ਹੈ? ਸਾਹਿਤ ਦੇ ਆਲੋਚਕ ਲਈ ਰਾਜਸ਼ੇਖਰ ‘ਭਾਵਕ’ ਸ਼ਬਦ ਵਰਤਦੇ ਹਨ। ‘ਸਹਿਭਾਵ’ ਦੇ ਵਿਚ ਕਿਸੇ ਦੂਜੀ ਹੋਂਦ ਵਿਚ ਸ਼ਰੀਕ ਹੋਣ ਦਾ ਸੱਦਾ ਅਤੇ ਸੰਭਾਵਨਾ ਸ਼ਾਮਲ ਹਨ। ਕਾਬਿਲ ਆਲੋਚਕ ਰਚਨਾ ਨੂੰ ਦੇਖਣ ਤੱਕ ਸੀਮਿਤ ਨਹੀਂ ਰਹਿੰਦਾ। ਰਚਨਾ ਦੀ ਹੋਂਦ ਵਿਚ ਪ੍ਰਵੇਸ਼ ਕਰਦਾ ਹੈ। ਰਚਨਾ ਹੋ ਜਾਂਦਾ ਹੈ। ਦੇਖਣਾ, ਹੋਣਾ ਹੋ ਜਾਂਦਾ ਹੈ। ਇਹ ਤਾਂ ਸੰਭਵ ਹੈ ਜੇ ਉਹ ਰਚਨਾ ਦੇ ਤੱਤ ਨੂੰ ਛੱਡ ਕੇ ਘੜੀ ਭਰ ਲਈ ਵੀ ਇਧਰ-ਉਧਰ ਨਾ ਫਿਸਲੇ। ਉਸ ਦੀ ਸਮਾਧੀ ਸਿਥਲ ਨਾ ਹੋਵੇ।

ਸਿਥਲ ਸਮਾਧੀ ਦਾ ਹਵਾਲਾ ਆਨੰਦ ਕੁਮਾਰਾਸਵਾਮੀ ਨੇ ਪੁਰਾਤਨ ਭਾਰਤੀ ਕਲਾਵਾਂ ਦੀ ਵਿਵੇਚਨਾ ਕਰਦਿਆਂ ਦਿੱਤਾ ਹੈ। ਰਚਨਾਕਾਰ ਦੇ ਉਸ ਦੀ ਰਚਨਾ ਨਾਲ ਇਕਮਿਕ ਹੋ ਜਾਣ ਦੀ ਅਵਸਥਾ ਲਈ ਲੋੜੀਂਦੀ ਇਕਾਗਰਤਾ ਦਾ ਹਾਸਿਲ ਨਾ ਹੋਣਾ ਜਾਂ ਉਸ ਦਾ ਭੰਗ ਹੋਣਾ ਸਮਾਧੀ ਦੀ ਸਿਥਲਤਾ ਹੈ। ਰਚਨਾਕਾਰ ਦੀ ਕਾਰਜ-ਵਿਧੀ ਬਾਰੇ ਕੁਮਾਰਾਸਵਾਮੀ ਦੱਸਦੇ ਹਨ ਕਿ ਰਚਾਨਾਕਾਰ ਰਚਨਾ ਨੂੰ ਪਹਿਲਾਂ ਆਪਣੇ ਅੰਦਰਲੇ ਜਗਤ ਵਿਚ ਰੂਪਮਾਨ ਕਰਦਾ ਹੈ। ਉਹ ਰਚਨਾ ਦੇ ਸੱਚ ਨੂੰ ਆਤਮਸਾਤ ਕਰਦਾ ਹੈ। ਇਕ ਮੂਰਤੀਕਾਰ ਜਾਂ ਚਿੱਤਰਕਾਰ ਜਾਂ ਕਵੀ ਆਪਣੀ ਰਚਨਾ ਨੂੰ ਪਹਿਲਾਂ ਆਪਣੀ ਚੇਤਨਾ ਦੇ ਆਕਾਸ਼ ਵਿਚ ਕਲਪਨਾ ਸ਼ਕਤੀ ਨਾਲ ਕਣ ਕਣ ਸਿਰਜਦਾ ਹੈ। ਬਾਹਰਲੇ ਜਗਤ ਵਿਚ ਕਲਾਕ੍ਰਿਤ ਬਾਅਦ ਵਿਚ ਬਣਦੀ ਹੈ। ਭਾਵ, ਰਚਨਾਕਾਰ ਦੋ ਵਾਰ ਰਚਨਾ ਸਿਰਜਦਾ ਹੈ। ਪਹਿਲਾਂ, ਆਪਣੇ ਧਿਆਨ ਦੇ ਸਪੇਸ ਅੰਦਰ। ਫਿਰ ਬਾਹਰੀ ਸਪੇਸ ਵਿਚ। ਦੂਜੀ ਸਿਰਜਣਾ ਪਹਿਲੀ ਵਿਚੋਂ ਪ੍ਰਗਟ ਹੁੰਦੀ ਹੈ ਅਤੇ ਉਸ ਉੱਪਰ ਨਿਰਭਰ ਕਰਦੀ ਹੈ। ‘ਕਲਪਨਾ’ ਦਾ ਇਕ ਅਰਥ ‘ਬਣਾਉਣਾ’ ਜਾਂ ‘ਸਿਰਜਣਾ’ ਹੈ। ਅਮਰੀਕੀ ਕਵੀ ਵਾਲੇਸ ਸਟੀਵਨਜ਼ ਇਸ ਲਈ ਹੀ ਕਲਪਨਾ ਅਤੇ ਵਾਸਤਵਿਕਤਾ ਨੂੰ ਨਿਰੰਤਰਤਾ ਵਿਚ ਦੇਖਦਾ ਹੈ। ਉਸ ਅਨੁਸਾਰ ਕਲਪਨਾ ਵਾਸਤਵਿਕਤਾ ਹੈ।

ਸ੍ਰੋਤ, ਪਾਠਕ ਜਾਂ ਆਲੋਚਕ ਦੇ ‘ਭਾਵਕ’ ਹੋਣ ਦਾ ਅਰਥ ਹੈ ਉਸ ਵਿਚ ਰਚਨਾਕਾਰ ਦੀ ਵਿਧੀ ਅਤੇ ਰਚਨਾ ਦੇ ‘ਹੋਣ’ ਅੰਦਰ ਪ੍ਰਵੇਸ਼ ਕਰਨ ਦੀ ਸਮਰੱਥਾ ਦਾ ਹੋਣਾ ਹੈ। ਭਾਵਕ ਹੋਣਾ ਸੁਹਿਰਦ ਹੋਣਾ ਹੈ। ਹਿਰਦਾ, ਜਿੱਥੇ ਅਸੀਂ ਪੂਰੀ ਤਰ੍ਹਾਂ ‘ਹੁੰਦੇ’ ਹਾਂ। ਆਪਣੇ ਹੋਣ ਨੂੰ ਰਚਨਾ ਦੇ ਹੋਣ ਨਾਲ ਪੂਰੀ ਤਰ੍ਹਾਂ ਇਕਮਿਕ ਕਰ ਦੇਣ ਦੀ ਸਮਰੱਥਾ ਸੁਹਿਰਦਤਾ ਹੈ।

ਪਰੰਤੂ ਅਜਿਹਾ ਪਾਠਕ, ਸ੍ਰੋਤਾ ਜਾਂ ਆਲੋਚਕ ਕੋਈ ਵਿਰਲਾ ਹੀ ਹੁੰਦਾ ਹੈ। ਇਸ ਲਈ ਰਾਜਸ਼ੇਖਰ ਤਿੰਨ ਹੋਰ ਤਰ੍ਹਾਂ ਦੇ ਆਲੋਚਕਾਂ ਦਾ ਜ਼ਿਕਰ ਕਰਦੇ ਹਨ। ਇਕ ਉਹ ਜਿਨ੍ਹਾਂ ਨੂੰ ਰਚਨਾ ਵਿਚ ਕੋਈ ਰੁਚੀ ਨਹੀਂ ਹੁੰਦੀ। ਰਚਨਾ ਉਨ੍ਹਾਂ ਨਾਲ ਗੱਲ ਨਹੀਂ ਕਰਦੀ, ਉਨ੍ਹਾਂ ਨੂੰ ਟੁੰਬਦੀ ਨਹੀਂ। ਦੂਜੇ ਉਹ ਜੋ ਘਾਹ ਫੂਸ ਖਾ ਕੇ ਖੁਸ਼ ਹੁੰਦੇ ਹਨ। ਤੁਸੀਂ ਉਨ੍ਹਾਂ ਨੂੰ ਗਧੇ ਕਹਿ ਸਕਦੇ ਹੋ, ਜੇ ਇੰਜ ਕਹਿਣਾ ਗਧਿਆਂ ਨਾਲ ਵਧੀਕੀ ਨਾ ਹੋਵੇ। ਤੀਜੇ ਉਹ ਜੋ ਈਰਖਾ ਵਿਚੋਂ ਬਾਹਰ ਨਹੀਂ ਨਿਕਲ ਸਕਦੇ ਅਤੇ ਕਿਸੇ ਦੀ ਚੰਗੀ ਰਚਨਾ ਦੇਖ ਕੇ ਸੜ-ਭੁੰਨ ਜਾਂਦੇ ਹਨ। ਜ਼ਾਹਿਰ ਹੈ ਉਨ੍ਹਾਂ ਕੋਲ ਕਲਾਕ੍ਰਿਤ ਦੇ ਗੁਣਾਂ ਦੀ ਪ੍ਰਸ਼ੰਸਾ ਕਰਨ ਲਈ ਲੋੜੀਂਦੀ ਦਲੇਰੀ ਅਤੇ ਹੌਸਲਾ ਨਹੀਂ ਹੁੰਦੇ। ਸਿਰਫ਼ ਚੌਥੀ ਕਿਸਮ ਦੇ ਆਲੋਚਕ ਹੀ ਭਾਵਕ ਕਹਿਲਾਉਣ ਦੇ ਹੱਕਦਾਰ ਹੁੰਦੇ ਹਨ। ਰਾਜਸ਼ੇਖਰ ਉਨ੍ਹਾਂ ਨੂੰ ਤੱਤ-ਅਭਿਨਿਵੇਸ਼ੀ ਕਹਿੰਦੇ ਹਨ। ਉਹ ਰਚਨਾ ਨੂੰ ਅੰਦਰੋਂ ਜਿਉਂਦੇ ਹਨ। ਆਪੇ ਨੂੰ ਉਸ ਦੇ ਖ਼ਾਸੇ ਪ੍ਰਤੀ ਸਮਰਪਣ ਕਰਕੇ, ਆਪਣੇ ਹਿਰਦੇ ਵਿਚ ਉਸ ਦੇ ਪ੍ਰਕਾਸ਼ ਨੂੰ ਉਤਾਰ ਕੇ। ਇਹ ਕਾਰਜ ਪ੍ਰਤਿਭਾ ਨਾਲ ਸੰਪੰਨ ਹੁੰਦਾ ਹੈ। ਆਲੋਚਕ ਦੀ ਪ੍ਰ੍ਰਤਿਭਾ ਇੰਜ ਰਚਨਾ ਦੀ ਪ੍ਰ੍ਰਤਿਭਾ ਨੂੰ ਬਰਾਬਰ ਹੋ ਕੇ ਮਿਲਣ ਦਾ ਜਤਨ ਕਰਦੀ ਹੈ।

ਪ੍ਰਤਿਭਾ ਭਾਵਕ ਦੇ ਹਿਰਦੇ ਅੰਦਰ ਸੁਹਜ-ਬੋਧ ਦੀ ਉਹ ਆਭਾ ਹੈ ਜਿਸ ਵਿਚ ਕੋਈ ਰਚਨਾ ਆਪਣੇ ਅੰਤਰਤਮ ਰਹੱਸ ਖੋਲ੍ਹਦੀ ਹੈ। ਪ੍ਰਤਿਭਾ ਦਾ ਵਿਕਾਸ ਸੰਭਵ ਹੈ। ਇਹ ਅਭਿਆਸ, ਵੈਰਾਗ, ਆਸਥਾ ਅਤੇ ਧਿਆਨ ਰਾਹੀਂ ਹੁੰਦਾ ਹੈ। ਯੋਗ ਸੂਤਰਾਂ ਵਿਚ ਅਭਿਆਸ ਦਾ ਅਰਥ ਨਿਰੰਤਰ, ਅਟੁੱਟ ਜਤਨ ਦੱਸਿਆ ਗਿਆ ਹੈ। ਨਿਰਲੇਪ ਹੋ ਕੇ ਵਾਚਣ ਦੀ ਸਮਰੱਥਾ ਵੈਰਾਗ ਦਾ ਫ਼ਲ ਹੈ। ਇਸ ਤੋਂ ਬਿਨਾਂ ਗੁਣਾਂ ਅਤੇ ਔਗੁਣਾਂ ਨੂੰ ਦੇਖਣਾ ਮੁਮਕਿਨ ਨਹੀਂ। ਆਸਥਾ ਸਾਨੂੰ ਆਪਣੀ ਰਚਨਾ ਨਾਲ ਅੰਦਰੋਂ ਜੋੜਦੀ ਹੈ ਅਤੇ ਉਸ ਦੇ ਪ੍ਰਕਾਸ਼ਿਤ ਹੋਣ (ਭਾਵ, ਸੰਕਲਪ ਤੋਂ ਵਾਸਤਵਿਕਤਾ ਤੱਕ ਪਹੁੰਚਣ) ਦੇ ਸਫ਼ਰ ਨੂੰ ਪੂਰਾ ਕਰਨ ਦਾ ਬਲ ਦਿੰਦੀ ਹੈ। ਆਸਥਾ ਹੱਦਾਂ ਦੇ ਵਿਸਤਾਰ ਲਈ ਸੱਦਾ ਹੈ।

ਜਰਮਨ ਕਵੀ ਰਿਲਕੇ ਨੇ ਮੂਰਤੀਕਾਰ ਰੋਦੇਂ ਤੋਂ ਇਕ ਗੱਲ ਇਹ ਸਿੱਖੀ ਸੀ ਕਿ ਕਲਾ ਨਿਰੰਤਰ ਕਿਰਤ ਦੀ ਸਾਧਨਾ ਮੰਗਦੀ ਹੈ। ਰੋਦੇਂ ਨੇ ਉਸ ਨੂੰ ਕਿਹਾ ਸੀ ਕਿ ਉਹ ਚੀਜ਼ਾਂ ਨੂੰ ਦੇਖਣ ਦਾ ਅਭਿਆਸ ਕਰੇ ਅਤੇ ਇਸ ਹੱਦ ਤੱਕ ਕਰੇ ਕਿ ਚੀਜ਼ਾਂ ਆਪ ਕਵਿਤਾ ਬਣ ਜਾਣ। ਰੋਦੇਂ ਦੀ ਕਲਾ-ਸਾਧਨਾ ਬਾਰੇ ਰਿਲਕੇ ਲਿਖਦਾ ਹੈ ਕਿ ਉਹ ਚੀਜ਼ਾਂ ਨੂੰ ਧਿਆਉਂਦਾ ਉਨ੍ਹਾਂ ਦੇ ‘ਹੋਣ’ ਵਿਚ ਪ੍ਰਵੇਸ਼ ਕਰ ਜਾਂਦਾ ਸੀ। ਰਿਲਕੇ ਦੀ ਕਵਿਤਾ ਦੀ ਇਕ ਸਤਰ ਹੈ: ‘‘ਤੇ ਅਚਾਨਕ ਜਾਣ ਜਾਂਦੇ ਹੋ ਤੁਸੀਂ: ਉਹ, ਇਹ ਸੀ।’’ ਦੇਖਣ ਤੋਂ ਧਿਆਨ ਦੀ ਯਾਤਰਾ ਗਿਆਨ ਦੇ ਬੂਹੇ ਤੱਕ ਪਹੁੰਚਾਉਂਦੀ ਹੈ। ‘ਧੱਮਪਦ’ ਵਿਚ ਦਰਜ ਹੈ: ‘‘ਧਿਆਨ ਤੋਂ ਗਿਆਨ ਉਤਪੰਨ ਹੁੰਦਾ ਹੈ; ਧਿਆਨ ਦੇ ਬਗੈਰ ਗਿਆਨ ਖਤਮ ਹੋ ਜਾਂਦਾ ਹੈ।’’ ਧਿਆਨ, ਦੇਖਣ ਦਾ ਅਭਿਆਸ ਹੈ। ਦੇਖਣਾ ਬਾਹਰਲੀਆਂ ਅੱਖਾਂ ਨਾਲ ਹੋਵੇ ਜਾਂ ਅੰਦਰਲੀਆਂ ਅੱਖਾਂ ਨਾਲ। ਇੰਦਰੀਆਂ ਦਾ ਅਰਥ ਹੀ ‘ਪ੍ਰਕਾਸ਼ਤ ਕਰਨ ਵਾਲੀਆਂ’ ਹੈ। ਕਲਾ ਦੀ ਸਾਧਨਾ ਇੰਦਰੀਆਂ ਨੂੰ ਨਿਰਮਲ ਕਰਦੀ ਹੈ, ਉਨ੍ਹਾਂ ਦਾ ਮਲ-ਮੈਲ ਲਾਹੁੰਦੀ ਹੈ। ਇਹੀ ਕਾਰਜ, ਭਰਥਰੀ ਅਨੁਸਾਰ, ਸ਼ਬਦ-ਅਨੁਸ਼ਾਸਨ ਕਰਦਾ ਹੈ।

ਹਰੇਕ ਰਚਨਾਕਾਰ ਉਤਪਾਦਕ ਨਹੀਂ ਹੁੰਦਾ। ਉਤਪਾਦਕ ਤੋਂ ਰਾਜਸ਼ੇਖਰ ਦਾ ਭਾਵ ਮੌਲਿਕ ਰਚਨਾ ਸਿਰਜਣ ਵਾਲਾ ਰਚਨਾਕਾਰ ਹੈ। ਕਈ ਸਾਹਿਤਕਾਰ ਆਛਾਦਕ ਯਾਨੀ ਢਕਣ ਵਾਲੇ ਹੁੰਦੇ ਹਨ। ਕਈ ਹੋਰ ਪਰਿਵਰਤਕ ਯਾਨੀ ਰੂਪ ਬਦਲ ਦੇਣ ਵਾਲੇ ਹੁੰਦੇ ਹਨ। ਕਈ ਮਾਤਰ ਸੰਵਰਗਕ ਹੁੰਦੇ ਹਨ – ਉਨ੍ਹਾਂ ਦੀ ਪ੍ਰਾਪਤੀ ਸਮੱਗਰੀ ਨੂੰ ਇਕੱਤਰ ਕਰਕੇ ਜੋੜਨ ਵਿਚ ਹੁੰਦੀ ਹੈ। ਬੇਸ਼ੱਕ ਰਾਜਸ਼ੇਖਰ ਦੀ ਇਹ ਵਿਉੱਤ ਰਚਨਾ-ਵਿਧੀ ਦੀ ਜਟਿਲਤਾ ਨੂੰ ਅੱਖੋਂ ਪਰੋਖਿਆਂ ਕਰਦੀ ਲੱਗਦੀ ਹੈ, ਫਿਰ ਵੀ ਉਨ੍ਹਾਂ ਦੇ ਦੱਸੇ ਇਹ ਚਾਰ ਵਰਗ ਰਚਨਾਕਾਰਾਂ ਦੀ ਯੋਗਤਾ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗਾਂ ਦੀ ਵਿਹਾਰਕ ਨਿਸ਼ਾਨਦੇਹੀ ਕਰਦੇ ਹਨ।

ਸਾਹਿਤਕਾਰ ਦਾ ਗਿਆਨ-ਖੇਤਰ ਕਿੰਨਾ ਵਿਸ਼ਾਲ ਹੋਵੇ? ਇਸ ਪ੍ਰਸ਼ਨ ਉੱਪਰ ਚਿੰਤਨ ਪਿਛਲੇ ਕੁਝ ਸਮੇਂ ਤੋਂ ਹੀ ਨਹੀਂ ਹੋਣ ਲੱਗਾ। ਅੰਤਰ-ਅਨੁਸ਼ਾਸਨੀ ਅਧਿਐਨ ਪੁਰਾਣੇ ਸਮਿਆਂ ਤੋਂ ਭਾਰਤੀ ਕਾਵਿ-ਸ਼ਾਸਤਰ ਦਾ ਹਿੱਸਾ ਰਿਹਾ ਹੈ। ਰਾਜਸ਼ੇਖਰ ‘ਵਿਉਤਪੱਤੀ’ ਸ਼ਬਦ ਅਧੀਨ ਇਸ ਦੀ ਵਿਆਖਿਆ ਕਰਦੇ ਹਨ ਜਿਸ ਦਾ ਇਕ ਅਰਥ ਉਹ ਬਹੁਗਿਆਨਤਾ ਜਾਂ ਵਿਵਿਧ ਗਿਆਨ ਪ੍ਰਣਾਲੀਆਂ/ਵਿਧੀਆਂ ਦੀ ਸਮਝ ਦੱਸਦੇ ਹਨ। ਵਿਵਿਥ ਵਿਸ਼ਿਆਂ ਦਾ ਗਿਆਨੀ ਸਾਹਿਤਕਾਰ ਉਚਿਤ ਅਤੇ ਅਨੁਚਿਤ ਦੇ ਭੇਦ ਦਾ ਗਿਆਤਾ ਹੁੰਦਾ ਹੈ ਅਤੇ ਉਸ ਦੀ ਰਚਨਾ ਵਿਚ ਗੰਭੀਰਤਾ, ਗਹਿਰਾਈ ਅਤੇ ਵਿਸ਼ਾਲਤਾ ਦੀ ਸੰਭਾਵਨਾ ਵੱਧ ਹੁੰਦੀ ਹੈ।

ਪਰ ਸਾਹਿਤ ਦੀ ਆਤਮਾ ਸ਼ਬਦ ਹੀ ਹੈ। ਸ਼ਬਦਾਂ ਦੀ ਸਾਧਨਾਂ ਬਾਰੇ ‘ਧੱਮਪਦ’ ਵਿਚ ਕਿਹਾ ਗਿਆ ਹੈ: ‘‘ਜੋ ਸ਼ਬਦਾਂ ਦੀ ਵਿਉਤਪੱਤੀ ਤੇ ਵਿਆਖਿਆ ਵਿਚ ਨਿਪੁੰਨ ਹੈ, ਜੋ ਅੱਖਰਾਂ ਦੇ ਪਹਿਲੇ ਜਾਂ ਪਿੱਛੇ ਪ੍ਰਯੋਗ ਕਰਨ ਦੀ ਤਰਤੀਬ ਨੂੰ ਜਾਣਦਾ ਹੈ, ਉਸ ਨੂੰ ਮਹਾਂ-ਗਿਆਨੀ ਤੇ ਮਹਾਂ-ਪੁਰਖ ਆਖਿਆ ਜਾਂਦਾ ਹੈ।’’ ‘ਮਹਾਂਭਾਰਤ’ ਵਿਚ ਸ਼ਬਦ-ਅਨੁਸ਼ਾਸਨ ਨੂੰ ਸੱਚ ਅਤੇ ਮੁਕਤੀ ਦੀ ਰਾਹ ਦੱਸਿਆ ਗਿਆ ਹੈ।

ਸਾਹਿਤ ਦੀ ਸਾਧਨਾ ਰਚੇਤਾ ਅਤੇ ਪਾਠਕ ਦੋਵਾਂ ਨੂੰ ਸੱਚ ਦੀ ਘੋਖ ਲਈ ਪ੍ਰੇਰਿਤ ਕਰਦੀ ਹੈ। ਸੱਚ ਨੂੰ ਆਤਮਸਾਤ ਕਰਨਾ ਸੁਤੰਤਰ ਹੋਣਾ ਹੈ। ਸਾਹਿਤ ਦਾ ਸਵੈ ਸੰਸਾਰ ਨਾਲ ਇਕਮਿਕ ਹੁੰਦਾ ਹੈ, ਭਾਵੇਂ ਉਸ ਨੂੰ ਦੇਖਦਾ-ਧਿਆਉਂਦਾ ਵੀ ਹੈ।

* ਪ੍ਰੋਫ਼ੈਸਰ ਤੇ ਮੁਖੀ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Leave a Reply

Your email address will not be published. Required fields are marked *