ਪੰਜਾਬ ਦੇ ਪਹਾੜਾਂ ਵਿਚ ਪੁਰਾਤਨ ਜ਼ਿੰਦਗੀ ਦੇ ਨਿਸ਼ਾਨ

ਡਾ. ਵਿਦਵਾਨ ਸਿੰਘ ਸੋਨੀ

ਇਹ ਨੱਬੇਵਿਆਂ ਦੇ ਸ਼ੁਰੂ ਦੀ ਗੱਲ ਹੈ ਕਿ ਨੰਗਲ ਕੋਲੋਂ ਸਮਤੈਣੀ ਖੱਡ ਦੇ ਨਾਲ ਨਾਲ ਚੱਲਦਿਆਂ ਅਸੀਂ ਸ਼ਿਵਾਲਿਕ ਪਹਾੜੀਆਂ ਵਿਚ ਕੋਈ ਤਿੰਨ ਸੌ ਫੁੱਟ ਉੱਪਰ ਚੜ੍ਹ ਗਏ। ਉੱਪਰ ਸਾਨੂੰ ਪਹਾੜੀ ਦੇ ਨਾਲ ਨਾਲ ਜਾਂਦੀ ਹੋਈ ਇੱਕ ਸੜਕ ਨਜ਼ਰ ਆਈ। ਉਦੋਂ ਨੰਗਲ ਤੋਂ ਗੋਆਲਥਈ ਰਸਤੇ ਹੁੰਦਿਆਂ ਗੁਰੂ ਕਾ ਲਾਹੌਰ ਨੂੰ ਜਾਣ ਵਾਲੀ ਇਹ ਸੜਕ ਕੱਚੀ ਹੁੰਦੀ ਸੀ। ਸੜਕ ਟੱਪ ਕੇ ਅਸੀਂ ਇੱਕ ਉੱਚੀ ਥਾਂ ’ਤੇ ਬੈਠ ਗਏ ਤੇ ਦੂਰ ਪੱਛਮ ਵੱਲ ਦੇਖਣ ਲੱਗੇ। ਮੀਂਹ ਵਰ੍ਹ ਕੇ ਹਟਿਆ ਸੀ, ਮੌਸਮ ਬੜਾ ਸਾਫ਼ ਸੀ, ਸੱਜੇ ਪਾਸੇ ਹੇਠਾਂ ਨੰਗਲ ਕੋਲ ਬਣੀ ਦਰਿਆ ਸਤਲੁਜ ਦੀ ਨੀਲ਼ੀ ਝੀਲ ਨਜ਼ਰ ਆ ਰਹੀ ਸੀ। ਸਾਹਮਣੇ ਦਰਿਆ ਤੋਂ ਪਾਰ ਹਾਥੀ ਦੀ ਪਿੱਠ ਵਾਂਗ ਲਗਪਗ ਪੱਧਰੀ ਜਾਪਦੀ ਸ਼ਿਵਾਲਿਕ ਪਹਾੜ ਮੂਹਰਲੀ ਰੇਂਜ ਦਿਸ ਰਹੀ ਸੀ। ਅਸੀਂ ਕੁਝ ਦੇਰ ਓਥੇ ਬੈਠੇ ਤੇ ਫਿਰ ਉੱਪਰ ਚੜ੍ਹਨ ਲੱਗੇ। ਖੱਬੇ ਪਾਸੇ ਮੁੜ ਕੇ ਦੇਖਿਆ ਤਾਂ ਚੱਟਾਨ ਵਿਚ ਫਸਿਆ ਇੱਕ ਪਥਰਾਟ ਨਜ਼ਰ ਆਇਆ। ਅਸੀਂ ਉਸ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਜਾਪਦਾ ਸੀ ਜਿਵੇਂ ਇਹ ਹਾਥੀ ਦੰਦ (ਟਸਕ) ਹੈ, ਚੱਟਾਨ ਦੀ ਬਣਤਰ (ਲਿਥਾਲੋਜੀ) ਦੱਸਦੀ ਸੀ ਕਿ ਇਹ ਚੱਟਾਨ ਕੋਈ ਸੱਠ ਕੁ ਲੱਖ ਸਾਲ ਪੁਰਾਣੀ ਹੈ ਤੇ ਇਹੋ ਉਮਰ ਉਸ ਟਸਕ ਦੀ ਸੀ। ਓਦੋਂ ਇਸ ਟਸਕ ਵਾਲਾ ਹਾਥੀ ਇੱਥੇ ਫਿਰਿਆ ਕਰਦਾ ਸੀ। ਤ੍ਰਿਕਾਲਾਂ ਪੈ ਗਈਆਂ, ਪਰ ਉਸ ਪਥਰਾਟ ਨੂੰ ਪੁੱਟਣਾ ਅਜੇ ਬਾਕੀ ਸੀ। ਅਸੀਂ ਇਹ ਕੰਮ ਅਗਲੇ ਦਿਨ ’ਤੇ ਛੱਡ ਕੇ ਆਪਣੀ ਠਾਹਰ ਵੱਲ ਮੁੜ ਪਏ। ਅਗਲੇ ਦਿਨ ਓਥੇ ਪੁੱਜ ਕੇ ਉਸ ਪਥਰਾਟ ਦੀ ਪੁਟਾਈ ਖ਼ਤਮ ਕੀਤੀ ਤਾਂ ਖੁਦਾਈ ਦੌਰਾਨ ਉਸ ਵਿਚੋਂ ਤਿੱਖੀਆਂ ਨੋਕਾਂ ਵਾਲਾ ਹਾਥੀ ਦੰਦ ਦਾ ਇਕ ਜੋੜਾ ਵੀ ਨਿਕਲਿਆ। ਇਕ ਦੰਦ ਪੂਰਾ ਸਾਢੇ ਛੇ ਫੁੱਟ ਲੰਬਾ ਸੀ ਤੇ ਦੂਜੇ ਦਾ ਮੁਢਲਾ ਅੱਧਾ ਭਾਗ ਟੁੱਟਾ ਹੋਇਆ ਸੀ। ਨਾਲ ਹੀ ਸਾਨੂੰ ਇਸ ਹਾਥੀ ਦੀ ਦਾੜ੍ਹ ਦਾ ਇਕ ਟੁਕੜਾ ਮਿਲਿਆ। ਦਾੜ੍ਹ ਤੋਂ ਪਛਾਣ ਹੋਈ ਕਿ ਇਹ ਚਿਰਾਂ ਤੋਂ ਲੋਪ ਹੋ ਚੁੱਕੀ ਇਕ ਹਾਥੀ ਜਾਤੀ ‘ਸਟੀਗੋਲੋਫੋਡੋਨ’ ਦੇ ਪਥਰਾਟ ਹਨ। ਇਸ ਦੇ ਟਸਕ ਤਿੱਖੇ ਤੇ ਨੋਕਦਾਰ ਹੁੰਦੇ ਸਨ ਜਿਨ੍ਹਾਂ ਦੀ ਸਤ੍ਵਾ ਚਮਕੀਲੀ ਹੁੰਦੀ ਸੀ। ਟਸਕ ਦੀਆਂ ਤਿੱਖੀਆਂ ਨੋਕਾਂ ਸ਼ਾਇਦ ਹਮਲਾਵਰਾਂ ਦਾ ਮੁਕਾਬਲਾ ਕਰਨ ਦੇ ਕੰਮ ਆਉਂਦੀਆਂ ਹੋਣਗੀਆਂ।

ਭੂ-ਵਿਗਿਆਨ (ਜਿਆਲੋਜੀ) ਤੇ ਪਥਰਾਟ ਵਿਗਿਆਨ (ਫੌਸਿਲਜ਼) ਦਾ ਸ਼ੌਕ ਮੈਨੂੰ ਓਦੋਂ ਪਿਆ ਜਦੋਂ 1974-75 ਵਿਚ ਮੈਂ ਸਰਕਾਰੀ ਕਾਲਜ ਟਾਂਡਾ ਉੜਮੁੜ ਵਿਖੇ ਭੌਤਿਕ ਵਿਗਿਆਨ ਪੜ੍ਹਾਉਂਦਾ ਸੀ। ਉਨ੍ਹਾਂ ਦਿਨਾਂ ’ਚ ਕਦੀ ਕਦੀ ਮੈਨੂੰ ਨਾਲ ਲੱਗਦੀਆਂ ਪਹਾੜੀਆਂ ਵਿਚ ਜਾਣ ਦਾ ਮੌਕਾ ਵੀ ਮਿਲ ਜਾਂਦਾ। ਪਠਾਨਕੋਟ ਤੋਂ ਕਾਂਗੜੇ ਵੱਲ ਜਾਂਦਿਆਂ ਰਾਹ ਵਿਚ ਸ਼ਿਵਾਲਿਕ ਪਹਾੜੀਆਂ ਦੀਆਂ ਚੱਟਾਨਾਂ ਦੀ ਅਜੀਬ ਬਣਤਰ ਤੇ ਨਦੀਆਂ ਕਿਨਾਰੇ ਖੜ੍ਹੀਆਂ ਸਿੱਧੀਆਂ ਚੱਟਾਨਾਂ ਵਿਚ ਤਰ੍ਹਾਂ ਤਰ੍ਹਾਂ ਦੇ ਰੰਗ ਬਦਲਦੀਆਂ ਪਰਤਾਂ ਖਿੱਚ ਪਾਉਂਦੀਆਂ ਕਿ ਇਹ ਸਭ ਕਿਵੇਂ ਤੇ ਕਿਉਂ ਹੈ? ਟਾਂਡੇ ਦੇ ਨੇੜਲੇ ਪਿੰਡ ਢੋਲਬਾਹਾ ਗਏ ਤਾਂ ਉੱਥੇ ਹੋਰ ਵੀ ਅਜੀਬ ਦ੍ਰਿਸ਼ ਦੇਖਿਆ। ਉੱਥੇ ਵਗਦੀ ਨਦੀ ਦੇ ਨਾਲ ਨਾਲ ਟੁਰਦਿਆਂ ਅੱਗੇ ਜਾ ਕੇ ਵੇਖਿਆ ਕਿ ਇਕ ਮੰਦਰ ਵਿਚ ਪੁਜਾਰੀਆਂ ਨੇ ਅਲੱਗ ਬਣਾਏ ਇਕ ਸਾਧਾਰਨ ਜਿਹੇ ਕਮਰੇ ਵਿਚ ਪੱਥਰ ਹੋ ਚੁੱਕੇ ਹਾਥੀਆਂ ਦੇ ਕੁਝ ਜਬਾੜ੍ਹੇ ਰੱਖੇ ਹੋਏ ਹਨ। ਉਹ ਕਹਿੰਦੇ ਸਨ ਕਿ ਇਹ ਉਨ੍ਹਾਂ ਹਾਥੀਆਂ ਦੇ ਹੱਡ ਹਨ ਜੋ ਮਹਾਂਭਾਰਤ ਦੀ ਜੰਗ ਵੇਲੇ ਆਕਾਸ਼ ਵੱਲ ਸੁੱਟੇ ਗਏ ਸਨ। ਪਰ ਅਸਲ ਵਿਚ ਉਹ ਹਾਥੀਆਂ ਤੇ ਹੋਰ ਜੰਤੂਆਂ ਦੇ ਪਥਰਾਟ ਸਨ। ਇਸ ਘਟਨਾ ਨੇ ਮੈਨੂੰ ਇਸ ਵਿਸ਼ੇ ਦੇ ਅਧਿਐਨ ਵੱਲ ਪ੍ਰੇਰਿਤ ਕੀਤਾ। ਮੈਂ ਇਸ ਬਾਰੇ ਪੜ੍ਹਿਆ। ਇਸ ਉਪਰੰਤ ਥਾਂ ਥਾਂ ਫਿਰ ਕੇ ਬਹੁਤ ਸਾਰੇ ਪਥਰਾਟ ਲੱਭੇ ਜੋ ਕਈ ਥਾਵਾਂ ’ਤੇ ਪ੍ਰਦਰਸ਼ਿਤ ਵੀ ਕੀਤੇ। ਧਰਤੀ ਦੇ ਅੱਡ ਅੱਡ ਸਮਿਆਂ ਦੌਰਾਨ ਬਦਲਦੇ ਮੌਸਮਾਂ ਅਨੁਸਾਰ ਇਸ ਉੱਪਰ ਵਿਚਰਦੇ ਜੀਵਾਂ ਦੇ ਪਥਰਾਟ ਧਰਤੀ ਦੀ ਅਜੀਬ ਕਹਾਣੀ ਦੱਸਦੇ ਵੇਖੇ, ਲੋਕ-ਵਿਸ਼ਵਾਸ ਜਾਂ ਮਿਥਿਹਾਸ ਨਾਲੋਂ ਬਿਲਕੁਲ ਅੱਡਰੀ ਕਹਾਣੀ।

ਪਥਰਾਟ ਵੱਖ ਵੱਖ ਗੁਜ਼ਰੇ ਸਮਿਆਂ ’ਤੇ ਹੋ ਚੁੱਕੇ ਜੀਵਾਂ ਦੇ ਵਿਗਸਣ ਦੀ ਕਹਾਣੀ ਸੁਣਾਉਂਦੇ ਹਨ ਤੇ ਚੱਟਾਨਾਂ ਦੱਸਦੀਆਂ ਹਨ ਕਿ ਉਨ੍ਹਾਂ ਦੀ ਪੁਰਾਤਨਤਾ ਕਿੰਨੀ ਕੁ ਹੈ। ਦੁਨੀਆ ਵਿਚ ਅਨੇਕਾਂ ਪਰਬਤ ਹਨ ਅਤੇ ਬਹੁਤ ਥਾਈਂ ਚੱਟਾਨਾਂ ਵਿਚ ਰੇਡੀਓਐਕਟਿਵ ਖਣਿਜ ਵੀ ਹੈਨ। ਰੇਡੀਓਐਕਟਿਵ ਖਣਿਜਾਂ ਦੀ ਖੈ ਪ੍ਰਕਿਰਿਆ ਤੋਂ ਚੱਟਾਨਾਂ ਦੀ ਉਮਰ ਦਾ ਪਤਾ ਲੱਗ ਜਾਂਦਾ ਹੈ। ਉਨ੍ਹਾਂ ਚੱਟਾਨਾਂ ਵਿਚ ਜੇ ਕੋਈ ਪਥਰਾਟ ਬਣ ਚੁੱਕੀ ਹੱਡੀ ਫਸੀ ਹੋਵੇ ਤਾਂ ਉਸ ਦੀ ਉਮਰ ਵੀ ਉਨ੍ਹਾਂ ਚੱਟਾਨਾਂ ਜਿੰਨੀ ਹੀ ਹੋਵੇਗੀ। ਜਿਨ੍ਹਾਂ ਚੱਟਾਨਾਂ ਵਿਚ ਰੇਡੀਓਐਕਟਿਵ ਖਣਿਜ ਨਹੀਂ ਹੁੰਦੇ ਉਨ੍ਹਾਂ ਚੱਟਾਨਾਂ ਦੀ ਉਮਰ ਉਨ੍ਹਾਂ ਵਿਚ ਫਸੇ ਗਿਆਤ ਉਮਰ ਵਾਲੇ ਪਥਰਾਟਾਂ ਤੋਂ ਮਿਲਦੀ ਹੈ ਜੋ ਵੱਖ ਵੱਖ ਸਮਿਆਂ ’ਤੇ ਹੋ ਚੁੱਕੇ ਜੀਵਾਂ ਦੇ ਵਿਗਸਣ ਦੀ ਕਹਾਣੀ ਦੱਸਦੇ ਹਨ।

ਪਥਰਾਟ ਕਿੰਜ ਉਪਜਦੇ ਹਨ ਤੇ ਇਨ੍ਹਾਂ ਦਾ ਧਾਰਕ ਚੱਟਾਨਾਂ ਨਾਲ ਕੀ ਸਬੰਧ ਹੈ? ਇਹ ਜਾਣਨਾ ਵੀ ਜ਼ਰੂਰੀ ਹੈ। ਪੁਰਾਤਨ ਕਾਲ ਵਿਚ ਜੋ ਕੋਈ ਜੀਵ ਧਰਤੀ ’ਤੇ ਮੌਜੂਦ ਸਨ, ਵੱਡੇ ਹੜ੍ਹਾਂ ਦੌਰਾਨ ਉਹ ਤਲਛਟਾਂ ਹੇਠ ਦਬ ਗਏ। ਲੱਖਾਂ ਸਾਲਾਂ ਤੱਕ ਤਲਛਟਾਂ ਦੇ ਅੰਬਾਰ ਜੰਮਦੇ ਗਏ ਤੇ ਸਮੇਂ ਸਮੇਂ ਦੇ ਜੀਵ ਜੰਤੂ ਤੇ ਪੌਦੇ ਉਨ੍ਹਾਂ ਹੇਠ ਦਬਦੇ ਗਏ। ਉਤਲੇ ਭਾਰ ਹੇਠਾਂ ਤਲਛਟ ਸਖ਼ਤ ਚੱਟਾਨਾਂ ਬਣ ਗਏ ਤੇ ਉਨ੍ਹਾਂ ਵਿਚ ਫਸੇ ਜੀਵ ਵੀ ਪੱਥਰ ਹੋ ਗਏ। ਜੀਵਾਂ ਦੀਆਂ ਸਖ਼ਤ ਹੱਡੀਆਂ ਦੇ ਪੋਰਾਂ ਨੇ ਖਣਿਜਾਂ ਦੇ ਕਣ ਜਜ਼ਬ ਕਰ ਲਏ ਤੇ ਹੌਲੀ ਹੌਲੀ ਉਹ ਪੱਥਰ ਹੋ ਗਈਆਂ/ਪਥਰਾਟ ਬਣ ਗਈਆਂ, ਪਰ ਹੱਡੀ ਦਾ ਪਦਾਰਥ ਤੇ ਰੂਪ (ਖ਼ਾਸ ਕਰਕੇ ਦੰਦਾਂ ਦਾ) ਜਿਉਂ ਦਾ ਤਿਉਂ ਰਿਹਾ ਜਿਸ ਤੋਂ ਹੁਣ ਜੀਵਾਂ ਦੀ ਪਛਾਣ ਹੋ ਜਾਂਦੀ ਹੈ। ਲੱਕੜਾਂ ਦੇ ਪਥਰਾਟ ਇਨ੍ਹਾਂ ਨਾਲੋਂ ਕੁਝ ਵੱਖਰੇ ਢੰਗ ਨਾਲ ਬਣੇ ਸਨ। ਜਦੋਂ ਜੰਗਲ ਤਬਾਹ ਹੋ ਕੇ ਤਲਛਟਾਂ ਹੇਠ ਦਬ ਗਏ ਤਾਂ ਸਮੇਂ ਨਾਲ ਲੱਕੜ ਵਿਚਲੇ ਕਾਰਬਨੀ ਅੰਸ਼ ਗਲ ਸੜ ਗਏ, ਪਰ ਖਣਿਜਾਂ ਨੇ ਉਨ੍ਹਾਂ ਦੀ ਸਥਾਨ ਪੂਰਤੀ ਕਰਕੇ ਉਨ੍ਹਾਂ ਦੇ ਸੈੱਲਾਂ ਦਾ ਹੀ ਰੂਪ ਧਾਰਨ ਕਰ ਲਿਆ। ਇਸ ਕਿਰਿਆ ਨੂੰ ਪੈਟਰੀਫਿਕੇਸ਼ਨ ਕਹਿੰਦੇ ਹਨ। ਇੰਜ ਪੈਟਰੀਫਿਕੇਸ਼ਨ ਕਰਕੇ ਲੱਕੜ ਦੇ ਪਥਰਾਟ ਹੋਂਦ ਵਿਚ ਆ ਗਏ। ਖਣਿਜਾਂ ਤੋਂ ਬਣੇ ਸੈੱਲਾਂ ਦਾ ਖੁਰਦਬੀਨ ਨਾਲ ਅਧਿਐਨ ਕਰਕੇ ਪਥਰਾਟ ਬਣੀ ਲੱਕੜੀ ਦੀ ਕਿਸਮ ਦੀ ਪਛਾਣ ਹੋ ਜਾਂਦੀ ਹੈ।

ਧਰਤੀ ਦੀਆਂ ਪਟਲ ਪਲੇਟਾਂ ਦੀ ਟੈਕਟਾਨਿਕ ਕਿਰਿਆ ਕਾਰਨ ਉਹ ਚੱਟਾਨਾਂ ਨਪੀੜਦੀਆਂ ਗਈਆਂ ਤੇ ਉੱਪਰ ਉੱਠਦੀਆਂ ਹੋਈਆਂ ਸ਼ਿਵਾਲਿਕ ਪਹਾੜੀਆਂ ਦਾ ਰੂਪ ਧਾਰਨ ਕਰ ਗਈਆਂ। ਹੁਣ ਇਹ ਦੋਵੇਂ ਤਰ੍ਹਾਂ ਦੇ ਪਥਰਾਟ ਉਨ੍ਹਾਂ ਚੱਟਾਨਾਂ ’ਚੋਂ ਨਿਕਲਦੇ ਹਨ ਤੇ ਸਾਨੂੰ ਭੂਤਕਾਲ ਦਾ ਗਿਆਨ ਕਰਾਉਂਦੇ ਹਨ; ਪਹਾੜੀਆਂ ਦਾ ਤੇ ਉਨ੍ਹਾਂ ਵਿੱਚ ਸਮਾਏ ਜੀਵ ਅੰਸ਼ਾਂ ਦਾ।

ਉੱਤਰੀ ਭਾਰਤ ਵਿੱਚ ਇਹ ਤਲਛਟ ਟੈਥਿਸ ਸਾਗਰ (ਹਿਮਾਲਿਆ ਪਰਬਤ ਵਾਲੀ ਥਾਂ ’ਤੇ ਪਹਿਲਾਂ ਇਕ ਸਮੁੰਦਰ ਹੁੰਦਾ ਸੀ ਜਿਸ ਨੂੰ ਵਿਗਿਆਨੀਆਂ ਨੇ ਟੈਥਿਸ ਸਾਗਰ ਦਾ ਨਾਮ ਦਿੱਤਾ ਹੈ।) ’ਚੋਂ ਉੱਠ ਰਹੇ ਹਿਮਾਲਾ ਪਰਬਤ ਤੋਂ ਰੁੜ੍ਹ ਕੇ ਆਏ ਸਨ ਜੋ ਪਰਬਤ ਦੇ ਦੱਖਣੀ ਭਾਗ ਵਿਚ ਬਣੀ ਇਕ ਵਿਸ਼ਾਲ ਖਾਈ ਵਿਚ ਸਮਾਉਂਦੇ ਰਹੇ।

ਹਿਮਾਲਿਆ ਹੋਰ ਤੇ ਹੋਰ ਉੱਚਾ ਉੱਠਦਾ ਰਿਹਾ ਤੇ ਉਹ ਚੌੜੀ ਖਾਈ ਵੱਖ ਵੱਖ ਸਮਿਆਂ ਦੇ ਤਲਛਟਾਂ ਨਾਲ ਭਰਦੀ ਰਹੀ। ਭਾਰਤੀ ਪਟਲ-ਪਲੇਟ ਹੁਣ ਵੀ ਤਕਰੀਬਨ ਦੋ ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਉੱਤਰ ਵੱਲ ਸਰਕ ਰਹੀ ਹੈ ਅਤੇ ਹਿਮਾਲਿਆ (ਵਿਸੇਸ਼ ਕਰਕੇ ਨਾਂਗਾ ਪਰਬਤ) ਲਗਭਗ 1 ਸੈਂਟੀਮੀਟਰ ਪ੍ਰਤੀ ਸਾਲ ਤੋਂ ਵੱਧ ਦੀ ਦਰ ਨਾਲ ਉੱਪਰ ਉੱਠ ਰਿਹਾ ਹੈੇ।

ਉੱਚੇ ਹਿਮਾਲਿਆ ਤੋਂ ਰੁੜ੍ਹ ਕੇ ਆਏ ਤਲਛਟ ਪਿਛਲੇ ਕੋਈ ਸਵਾ ਦੋ ਕਰੋੜ ਸਾਲ ਤੋਂ ਚਾਰ ਕੁ ਲੱਖ ਸਾਲ ਪੂਰਵ ਤੱਕ ਵਿਸ਼ਾਲ ਖਾਈ ਵਿੱਚ ਜੰਮਦੇ ਰਹੇ। ਇਨ੍ਹਾਂ ਤਲਛਟਾਂ ਤੋਂ ਲਗਾਤਾਰ ਚੱਲਦੀ ਟੈਕਟਾਨੀ ਕਿਰਿਆ ਕਾਰਨ ਨਪੀੜ ਕੇ ਉੱਪਰ ਉੱਠੀਆਂ ਵੱਖ ਵੱਖ ਪਰਤਾਂ ਵਾਲੀਆਂ ਸ਼ਿਵਾਲਿਕ ਪਹਾੜੀਆਂ ਬਣ ਗਈਆਂ। ਸਭ ਤੋਂ ਪਹਿਲਾਂ ਜੋ ਤਲਛਟ ਜੰਮੇ ਉਨ੍ਹਾਂ ਤੋਂ ਉਪਜੀਆਂ ਪਹਾੜੀਆਂ ਨੂੰ ਹੇਠਲਾ (ਲੋਅਰ) ਸ਼ਿਵਾਲਿਕ ਕਿਹਾ ਜਾਂਦਾ ਹੈ। ਵਰ੍ਹਿਆਂ ਦੇ ਰੂਪ ਵਿਚ ਲੋਅਰ ਸ਼ਿਵਾਲਿਕ ਦੀਆਂ ਚੱਟਾਨਾਂ ਦੀ ਉਮਰ 1.83 ਕਰੋੜ ਸਾਲ ਤੋਂ ਤਕਰੀਬਨ 1 ਕਰੋੜ ਸਾਲ ਪੂਰਵ ਤੱਕ ਹੈ। ਬਾਅਦ ਵਿਚ ਇਕ ਕਰੋੜ ਸਾਲ ਤੋਂ 56 ਲੱਖ ਸਾਲ ਪੂਰਵ ਤੱਕ ਜੰਮੇ ਤਲਛਟਾਂ ਤੋਂ ਮਧਲਾ ਸ਼ਿਵਾਲਿਕ (ਮਿਡਲ ਸ਼ਿਵਾਲਿਕ) ਉਪਜਿਆ ਤੇ ਅੰਤ ਵਿੱਚ 56 ਲੱਖ ਸਾਲ ਤੋਂ ਤਕਰੀਬਨ ਦੋ ਲੱਖ ਸਾਲ ਪੂਰਵ ਤੱਕ ਦੇ ਤਲਛਟਾਂ ਨੇ ਉਤਲਾ ਸ਼ਿਵਾਲਿਕ (ਅੱਪਰ ਸ਼ਿਵਾਲਿਕ) ਉਪਜਾਇਆ। ਇੱਥੇ ਲੋਅਰ (ਹੇਠਲੇ) ਦਾ ਅਰਥ ਉਚਾਈ ਵਿੱਚ ਨੀਵਾਂ ਨਹੀਂ ਸਗੋਂ ਸਮਾਂ ਸਾਰਣੀ ਵਿੱਚ ਹੇਠਲਾ, ਪੁਰਾਣਾ ਹੈ। ਉਚਾਈ ਵਜੋਂ ਮਿਡਲ ਸ਼ਿਵਾਲਿਕ ਲੋਅਰ ਸ਼ਿਵਾਲਿਕ ਨਾਲੋਂ ਨੀਵਾਂ ਹੈ ਤੇ ਅੱਪਰ ਸ਼ਿਵਾਲਿਕ ਅੱਗੋਂ ਮਿਡਲ ਸ਼ਿਵਾਲਿਕ ਨਾਲੋਂ (ਔਸਤਨ) ਹੋਰ ਨੀਵਾਂ ਹੈ।

ਲੋਅਰ ਸ਼ਿਵਾਲਿਕ ਦੇ ਤਲਛਟਾਂ ਵਿਚ ਖੋਜਕਾਰਾਂ ਨੂੰ ਅੱਜ ਤੱਕ ਜਿਹੜੇ ਮਹੱਤਵਪੂਰਨ ਜੀਵਨ ਦੇ ਅੰਸ਼ ਮਿਲੇ ਹਨ ਉਨ੍ਹਾਂ ਵਿਚ ਕੁਝ ਬਹੁਤ ਪੁਰਾਣੇ ਬਾਂਦਰਾਂ ਤੋਂ ਪਹਿਲਾਂ ਹੋਏ ਉਨ੍ਹਾਂ ਜਿਹੇ ਪੁਰਖੇ (ਪ੍ਰਾਈਮੇਟਾਂ) ਦੇ ਪਥਰਾਟ ਸ਼ਾਮਲ ਹਨ। ਡਰਾਇਓਪਿਥੀਕਸ, ਸਿਵਾਪਿਥੀਕਸ ਆਦਿ ਸੱਤ ਕਿਸਮਾਂ ਦੀਆਂ ਵਾਨਰ ਜਾਤੀਆਂ ਸਮੇਤ 93 ਪ੍ਰਕਾਰ ਦੇ ਥਣਧਾਰੀ ਜੀਵਾਂ ਦੇ ਪਥਰਾਟ ਮਿਲੇ ਹਨ। ਲੋਅਰ ਸ਼ਿਵਾਲਿਕ ਦੇ ਸਮੇਂ ਅਨੁਸਾਰ ਪਹਿਲੇ ਅੱਧੇ ਕਾਲ ਦੀਆਂ ਚੱਟਾਨਾਂ ’ਚੋਂ ਸਿਰਫ਼ ਅੱਠ ਪ੍ਰਕਾਰ ਦੀਆਂ ਥਣਧਾਰੀ ਜੀਵ ਜਾਤੀਆਂ ਦੇ ਪ੍ਰਮਾਣ ਹੀ ਮਿਲੇ, ਪਰ ਬਾਕੀ ਅੱਧੇ ਕਾਲ ਦੌਰਾਨ 85 ਜਾਤੀਆਂ ਹੋਰ ਵਿਕਸਿਤ ਹੋਈਆਂ। ਇਨ੍ਹਾਂ ’ਚੋਂ ਕਈ ਤਾਂ ਭਾਰਤੀ ਉਪ-ਮਹਾਂਦੀਪ ਵਿਚ ਬਾਹਰੋਂ ਆ ਕੇ ਸ਼ਾਮਲ ਹੋਈਆਂ ਤੇ ਕਈ ਇੱਥੇ ਹੀ ਵਿਕਸਿਤ ਹੋਈਆਂ। ਲੋਅਰ ਸ਼ਿਵਾਲਿਕ ਦੇ ਮਧਲੇ ਤੇ ਆਖ਼ਰੀ ਭਾਗ ਵਿਚ ਬਿਰਖ ਤਣਿਆਂ ਦੇ ਪਥਰਾਟ ਵੀ ਮਿਲਦੇ ਹਨ।

ਮਿਡਲ ਸ਼ਿਵਾਲਿਕ ਦੀਆਂ ਚੱਟਾਨਾਂ ’ਚੋਂ ਥਣਧਾਰੀ ਜੀਵਾਂ ਦੀਆਂ ਕੋਈ 145 ਕਿਸਮਾਂ ਮਿਲ ਚੁੱਕੀਆਂ ਹਨ ਜਿਨ੍ਹਾਂ ਵਿਚ ਵਾਨਰ ਜਾਤੀ ਦੇ ਡਰਾਇਓਪਿਥੀਕਸ ਤੇ ਜਿਜਾਂਟੋਪਿਥੀਕਸ ਵੀ ਸ਼ਾਮਲ ਹਨ। ਅੱਪਰ ਸ਼ਿਵਾਲਿਕ ਦੀਆਂ ਚੱਟਾਨਾਂ ਵਿਚੋਂ ਕੋਈ 100 ਕਿਸਮਾਂ ਦੇ ਥਣਧਾਰੀ ਜੀਵਾਂ ਦੇ ਪਥਰਾਟ ਮਿਲੇ ਜਿਨ੍ਹਾਂ ਵਿਚ 20 ਪਸ਼ੂੁ ਕਿਸਮਾਂ ਸਨ ਜੋ ਵਿਸਤ੍ਰਿਤ ਰੂਪ ਵਿਚ ਤਕਰੀਬਨ 25 ਲੱਖ ਸਾਲ ਪੂਰਵ ਤੋਂ ਉਪਜਣੀਆਂ ਸ਼ੁਰੂ ਹੋਈਆਂ ਤੇ ਹੁਣ ਤੱਕ ਅਣਗਿਣਤ ਭਾਂਤ ਅਤੇ ਗਿਣਤੀ ਵਿਚ ਸਭ ਪਾਸੇ ਫੈਲ ਚੁੱਕੀਆਂ ਹਨ। ਆਧੁਨਿਕ ਮਨੁੱਖ ਤਾਂ ਏਥੇ ਬਾਹਰੋਂ ਹੀ ਆਇਆ ਸੀ। ਲਗਭਗ ਸੱਠ ਹਜ਼ਾਰ ਸਾਲ ਪਹਿਲਾਂ ਦੱਖਣੀ ਅਫਰੀਕਾ ’ਚੋਂ ਦੱਖਣੀ ਏਸ਼ੀਆ ਵੱਲ ਮਨੁੱਖਾਂ ਦੇ ਕਈ ਗਰੁੱਪ ਆਉਣੇੇ ਸ਼ੁਰੂ ਹੋਏ, ਕਈ ਯੂਰੋਪ ਰਸਤੇ ਤੇ ਕਈ ਸਾਗਰ ਤੱਟ ਦੇ ਨਾਲ ਨਾਲ।

ਉਕਤ ਵਿਚ ਦੱਸੀਆਂ ਸਾਰੀਆਂ ਪੂਰਵ-ਮਾਨਵੀ ਜੀਵ ਕਿਸਮਾਂ ਸਮੇਂ ਨਾਲ ਲਗਭਗ ਲੋਪ ਹੋ ਚੁੱਕੀਆਂ ਹਨ ਤੇ ਉਨ੍ਹਾਂ ਵਿੱਚੋਂ ਹੀ ਨਵੀਆਂ ਕਿਸਮਾਂ ਵਿਕਸਿਤ ਹੋਈਆਂ ਹਨ। ਸ਼ਿਵਾਲਿਕ ਦੀਆਂ ਚੱਟਾਨਾਂ ਵਿਚ ਵੱਖੋ ਵੱਖ ਪ੍ਰਕਾਰ ਦੇ ਬੀਤੇ ਜੀਵਨ ਦੇ ਪ੍ਰਮਾਣ ਮਿਲਦੇ ਹਨ ਤੇ ਮੌਜੂਦਾ ਕਿਸਮਾਂ ਨਾਲ ਮੇਲ ਕੇ ਹੀ ਉਨ੍ਹਾਂ ਦਾ ਨਾਮਕਰਨ ਕੀਤਾ ਗਿਆ ਹੈ।

ਅੱਜ ਤੋਂ ਤਕਰੀਬਨ 55 ਲੱਖ ਸਾਲ ਪਹਿਲਾਂ ਹਿਮਾਚਲ ਦੀ ਧਰਤੀ ਵਾਲੇ ਸਥਾਨ ’ਤੇ (ਜੋ ਫਿਰ ਉੱਪਰ ਉੱਠ ਕੇ ਪਹਾੜ ਬਣ ਗਈ) ਜਿਜਾਂਟੋਪਿਥੀਕਸ ਨਾਮਕ ਔਰਾਂਗੂਤਾਨ ਦਾ ਪਿਤਰ ਹੋ ਗੁਜ਼ਰਿਆ ਹੈ ਜਿਸ ਦਾ ਹੇਠਲਾ ਪਥਰਾਟ ਜਬਾੜਾ ਸੰਨ 1962 ਵਿਚ ਵਿਗਿਆਨੀਆਂ ਨੂੰ ਜ਼ਿਲ੍ਹਾ ਬਿਲਾਸਪੁਰ ਵਿਚੋਂ ਮਿਲਿਆ ਸੀ। ਜਬਾੜੇ ਦੇ ਆਕਾਰ ਤੋਂ ਕਿਆਸ ਲਗਾਇਆ ਗਿਆ ਕਿ ਲੋਪ ਹੋ ਚੁੱਕੇ ਇਸ ਵਾਨਰ ਦੀ ਉਚਾਈ ਕੋਈ ਨੌਂ ਫੁੱਟ ਦੇ ਕਰੀਬ ਹੋਵੇਗੀ। ਇਸ ਦੇ ਇਕ ਵੱਖਰੀ ਕਿਸਮ ਦੀ ਜਾਤੀ ਦੇ ਪਥਰਾਟ ਚੀਨ ’ਚੋਂ ਵੀ ਮਿਲੇ ਹਨ। ਇਸੇ ਤਰ੍ਹਾਂ ਅੱਪਰ ਸ਼ਿਵਾਲਿਕ ਵਿਚੋਂ ਖੋਜੀਆਂ ਨੂੰ ‘ਕਲੋਸੋਚੈਲਿਸ’ ਨਾਮਕ ਇਕ ਵਿਸ਼ਾਲ ਕੱਛੂ ਦੇ ਪਥਰਾਟ ਮਿਲੇ ਸਨ ਜੋ ਪੰਜ ਫੁੱਟ ਉੱਚਾ ਤੇ 12 ਫੁੱਟ ਵਿਆਸ ਦਾ ਧਾਰਨੀ ਸੀ। ਇਸ ਦੇ ਕਵਚ ਦੇ ਕੁਝ ਟੁਕੜੇ ਸਾਨੂੰ ਵੀ ਕਈ ਥਾਈਂ ਮਿਲੇ ਹਨ।

ਸਟੀਗਡਾਨ ਹਾਥੀ ਕੋਈ 14 ਫੁੱਟ ਉੱਚਾ ਹੁੰਦਾ ਸੀ ਜਿਸ ਦੇ ਬਾਹਰਲੇ ਦੰਦ 12 ਫੁੱਟ ਤੋਂ ਵੀ ਵਧੇਰੇ ਲੰਬੇ ਹੁੰਦੇ ਸਨ। ਇਸ ਹਾਥੀ ਦਾ ਦੋ ਦਾੜ੍ਹਾਂ ਸਮੇਤ 12 ਫੁੱਟ ਲੰਬਾ ਹਾਥੀਦੰਦ ਜੋੜਾ ਸਾਨੂੰ ਰੂਪਨਗਰ ਨੇੜਲੀਆਂ ਪਹਾੜੀਆਂ ’ਚੋਂ ਮਿਲਿਆ ਸੀ ਜੋ ਕਈ ਹੋਰ ਪਥਰਾਟਾਂ ਸਮੇਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਥਰਾਟ ਮਿਊਜ਼ੀਅਮ ਵਿਚ ਰੱਖਿਆ ਹੋਇਆ ਹੈ।

ਸ਼ਿਵਾਲਿਕ ਪਹਾੜੀਆਂ ਵਿਚੋਂ ਅਸੀਂ ਕੋਈ ਦੋ ਸੌ ਦੇ ਕਰੀਬ ਵੱਡੇ ਛੋਟੇ ਪਥਰਾਟ ਲੱਭੇ ਹਨ ਜੋ ਕੋਈ ਤਕਰੀਬਨ ਸਵਾ ਕਰੋੜ ਸਾਲ ਪੂਰਵ ਤੋਂ ਲੈ ਕੇ ਦੋ ਲੱਖ ਸਾਲ ਪੂਰਵ ਤੱਕ ਸ਼ਿਵਾਲਿਕ ਦੀ ਕਹਾਣੀ ਦੱਸਦੇ ਹਨ। ਅਹਿਮ ਪਥਰਾਟਾਂ ਵਿਚ 60 ਕੁ ਲੱਖ ਸਾਲ ਪੁਰਾਣਾ ਦਰਿਆਈ ਘੋੜੇ ਦਾ ਜਬਾੜ੍ਹਾ ਵੀ ਸ਼ਾਮਲ ਹੈ ਜੋ ਸ਼ਾਇਦ ਉੱਤਰੀ ਭਾਰਤ ਵਿਚ ਏਨਾ ਪੁਰਾਣਾ ਪਹਿਲੀ ਵਾਰ ਸਾਨੂੰ ਹੀ ਮਿਲਿਆ। ਉਸ ਦੇ ਸੂਆ ਦੰਦ ਬਹੁਤ ਲੰਬੇ ਹੁੰਦੇ ਸਨ।

ਇਸ ਤੋਂ ਬਾਅਦ ਸ਼ਿਵਾਲਿਕ ਵਿਚ ਆਧੁਨਿਕ ਮਨੁੱਖ ਦਾ ਪੂਰਵ ਇਤਿਹਾਸ ਵੀ ਸਾਡੀ ਖੋਜ ਵਿਚ ਸ਼ਾਮਲ ਹੋ ਗਿਆ। ਅਸੀਂ ਤਾਂ ਕੋਈ ਚਾਰ ਕੁ ਹਜ਼ਾਰ ਸਾਲ ਪੁਰਾਣਾ ਪੱਥਰ ਯੁੱਗ ਖੋਜ ਲਿਆ ਹੈ। ਪਹਿਲਾਂ ਮੰਨਿਆ ਜਾਂਦਾ ਸੀ ਕਿ ਸ਼ਿਵਾਲਿਕ ਦਾ ਪੱਥਰ ਯੁੱਗ ਵੀਹ ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ, ਪਰ ਸਾਡੀ ਨਵੀਂ ਖੋਜ ਨੇ ਪੱਥਰ ਯੁੱਗ ਨੂੰ ਬਹੁਤ ਨੇੜੇ ਲੈ ਆਂਦਾ ਹੈ। ਹਜ਼ਾਰਾਂ ਦੀ ਤਾਦਾਦ ਵਿਚ ਅਨੇਕ ਕਿਸਮਾਂ ਦੇ ਪੱਥਰ ਦੇ ਸੰਦ ਲੱਭੇ ਹਨ ਜੋ ਮਨੁੱਖ ਦੇ ਪੂਰਵ-ਇਤਿਹਾਸ ’ਤੇ ਨਵੀਂ ਰੌਸ਼ਨੀ ਪਾਉਂਦੇ ਹਨ। ਸ਼ਿਵਾਲਿਕ ਵਿਚ ਕੁਝ ਨਵੀਂ ਕਿਸਮ ਦੇ ਪੱਥਰ ਸੰਦ ਵੀ ਹੈਨ ਜੋ ਪਹਿਲਾਂ ਕਿਸੇ ਨੂੰ ਨਜ਼ਰ ਨਹੀਂ ਆਏ ਜਾਂ ਨਜ਼ਰਅੰਦਾਜ਼ ਹੁੰਦੇ ਰਹੇ। ਇਹ ਛੋਟੇ ਛੋਟੇ ਟੋਇਆਂ ਵਾਲੇ ‘ਪਿੱਟਡ ਕੋਬਲ’ ਹਨ। ਉਹ ਉਨ੍ਹਾਂ ਦੇ ਕਿਸ ਕੰਮ ਆਉਂਦੇ ਸਨ? ਇਸ ਬਾਰੇ ਸਾਡੀ ਖੋਜ ਅਜੇ ਚੱਲ ਰਹੀ ਹੈ।

ਪਥਰਾਟ ਮਾਨਵ ਜਾਤੀ ਤੋਂ ਬਹੁਤ ਪਹਿਲਾਂ ਹੋ ਚੁੱਕੇ ਪੁਰਾਣੇ ਜੀਵਾਂ ਦੀ ਗਾਥਾ ਸੁਣਾਉਂਦੇ ਹਨ ਤੇ ਉਹ ਗਾਥਾ ਚੱਟਾਨਾਂ ਵਿਚ ਉੱਕਰੀ ਪਈ ਹੈ। ਪੱਥਰ ਸੰਦ ਸ਼ਿਵਾਲਿਕ ਵਿਚ ਸਾਂਭੀ ਹੋਈ ਚਾਰ ਕੁ ਹਜ਼ਾਰ ਸਾਲ ਪੁਰਾਣੀ ਪੂਰਵ-ਇਤਿਹਾਸਕ ਮਨੁੱਖ ਦੀ ਕਹਾਣੀ ਦੱਸਦੇ ਹਨ ਜੋ ਸ਼ਾਇਦ ਉਦੋਂ ਧਾਤਾਂ ਨਾ ਮਿਲਣ ਕਰਕੇ ਫਿਰ ਪੱਥਰ ਦੇ ਸੰਦ ਵਰਤਣ ਲੱਗ ਪਿਆ ਸੀ (ਖ਼ਾਸ ਕਰਕੇ ਹੜੱਪਾ ਦੇ ਅੰਤਲੇ ਕਾਲ ਵਿਚ)। ਉਹ ਮੈਦਾਨਾਂ ਵਿਚ ਲੰਬੀ ਔੜ ਪੈਣ ’ਤੇ ਸ਼ਿਵਾਲਿਕ ਪਹਾੜੀਆਂ ਵਿਚ ਬਚੇ ਖੁਚੇ ਪਾਣੀ ਦੀ ਹੋਂਦ ਲੱਭਦਾ ਲੱਭਦਾ ਏਥੇ ਸਥਾਪਿਤ ਹੋ ਗਿਆ, ਸ਼ਾਇਦ ਕੁਝ ਸੈਂਕੜੇ ਸਾਲਾਂ ਲਈ ਤੇ ਫੇਰ ਉਸ ਦਾ ਕੀ ਬਣਿਆ, ਪਤਾ ਨਹੀਂ। ਧਰਤੀ ਦੀ ਬੁੱਕਲ ਵਿਚ ਧਰਤੀ ਅਤੇ ਇਸ ਉੱਪਰ ਵਿਚਰ ਚੁੱਕੇ ਜੀਵਾਂ ਦਾ ਸਾਰਾ ਪੂਰਵ ਇਤਿਹਾਸ ਸਾਂਭਿਆ ਪਿਆ ਹੈ। ਇਸ ਨੂੰ ਵਿਗਿਆਨਕ ਢੰਗ ਨਾਲ ਖੋਜਣ ਦੀ ਲੋੜ ਹੈ।

Leave a Reply

Your email address will not be published. Required fields are marked *