ਲਾਕ ਡਾਊਨ

ਡਾ ਗੁਰਬਖ਼ਸ਼ ਸਿੰਘ ਭੰਡਾਲ

ਹਰ ਪਾਸੇ ਲਾਕ ਡਾਊਨ ਦਾ ਰੌਲਾ। ਜੀਕੂੰ ਜ਼ਿੰਦਗੀ ਵਿਚ ਭੁਚਾਲ। ਅਚਨਚੇਤੀ ਠਹਿਰਾਓ ਤੋਂ ਤ੍ਰਬਕਿਆ ਬੰਦਾ। ਲਾਕ ਡਾਊਨ ਨੂੰ ਹਊਆ ਬਣਾ, ਸਾਹਾਂ ਨੂੰ ਸੁਲੀ ਤੇ ਟੰਗਣ ਦੇ ਆਹਰ ਵਿਚ ਜੀਵਨ ਤੋਰ ਨੂੰ ਲੜਖੜਾ ਰਿਹਾ। ਜੀਵਨ ਦੇ ਉਜਿਆਰਿਆਂ ਨੂੰ ਵੀ ਧੁੰਧਲਾਉਣ ਵੰਨੀਂ ਰੁੱਚਿੱਤ।

ਬੰਦਾ ਜਦ ਆਪਣੇ ਆਪ ਤੋਂ ਬਹੁਤ ਦੂਰ ਚਲੇ ਜਾਂਦਾ ਤਾਂ ਉਸ ਲਈ ਅਜੇਹੀ ਸਥਿੱਤੀ ਨੂੰ ਦੇਖਣਾ, ਸਮਝਣਾ, ਸੰਭਲਣਾ ਅਤੇ ਇਸ ’ਚੋਂ ਕੁਝ ਉਸਾਰੂ ਜਾਂ ਸਚਿਆਰਾ ਕਰਨਾ ਅਸੰਭਵ। ਉਹ ਜ਼ਿੰਦਗੀ ਦੀ ਭੱਜਦੌੜ ਦਾ ਮੋਹਰਾ ਬਣ, ਇਸ ਅਮਾਨਵੀ ਭਟਕਣ ਨੂੰ ਸੱਚ ਸਮਝ, ਜ਼ਿੰਦਗੀ ਦੀ ਸੁੱਚਮਤਾ ਨੂੰ ਅਜਾਈਂ ਗਵਾਉਣ ਲਈ ਕਾਹਲਾ। ਤਾਂ ਹੀ ਉਹ ਜਿਉਂਦਾ ਬਹੁਤ ਘੱਟ ਅਤੇ ਮਰਦਾ ਜ਼ਿਆਦਾ।

ਜੀਵਨ ਦੀ ਇਬਾਰਤ ਨੂੰ ਉਕਰਨ, ਪੜਨ , ਅਤੇ ਜ਼ਿੰਦਗੀ ਦੇ ਖਾਲੀ ਵਰਕਿਆਂ ’ਤੇ ਯੁੱਗ-ਜਿਊਣੀ ਇਬਾਦਤ ਲਿੱਖਣ ਵਾਲੇ ਹੀ ਇਸਦੀ ਸੁੰਦਰਤਾ ਅਤੇ ਸਦੀਵਤਾ ਦਾ ਮਾਣ। ਉਹਨਾਂ ਲਈ ਲਾਕ ਡਾਊਨ ਬੇਮਾਅਨਾ। ਉਹਨਾਂ ਦੀ ਸੋਚ ਵਿਚ ਸਕਾਰਤਮਿਕਤਾ। ਨਾ ਕਿ ਨਕਾਰਤਮਿਕਤਾ ਵਿਚੋਂ ਆਪਣੀ ਕਬਰ ਪੁੱਟਣ ਅਤੇ ਮਰਸੀਆ ਪੜੇ ਜਾਣ ਲਈ ਉਤਾਵਲੇ।

ਲਾਕ ਡਾਊਨ ਨਾਲ ਜੀਵਨ ਖਤਮ ਨਹੀਂ ਹੁੰਦਾ ਅਤੇ ਨਾ ਹੀ ਜ਼ਿੰਦਗੀ ਵਿਚ ਅਜੇਹੀ ਖੜੋਤ ਪੈਣੀ ਜਿਸਨੇ ਇਸਨੂੰ ਅਪੰਗ ਬਣਾਉਣਾ। ਇਹ ਤਾਂ ਵਕਤੀ ਦੌਰ। ਜਲਦੀ ਬੀਤ ਜਾਣਾ। ਸਿਰਫ਼, ਯਾਦ ਰਹਿਣੀਆਂ ਇਸ ਸਮੇਂ ਦੌਰਾਨ ਜਿਊਣ-ਜੋਗੀਆਂ ਉਹ ਕਿਰਿਆਵਾਂ ਜਿਹਨਾਂ ਵਿਚੋਂ ਜੀਵਨ ਦੇ ਸੁਰਖ ਮੁਹਾਂਦਰੇ ਨੂੰ ਨਵੀਂ ਆਭਾ ਅਤੇ ਰੁੱਸ਼ਨਾਈ ਮਿਲਣੀ। ਇਸਨੇ ਸਦੀਵਤਾ ਨੂੰ ਸੁਹੱਪਣ ਅਤੇ ਸੰਜੀਦਗੀ ਬਖਸ਼ਣੀ। ਸਾਹ-ਸੁਰੰਗੀ ਵਿਚੋਂ ਜ਼ਿੰਦਗੀ ਦਾ ਰਿਦਮ ਪੈਦਾ ਕਰੋਗੇ ਤਾਂ ਤਰੰਗਤਾ ਨੂੰ ਆਪਣੀ ਹੋਂਦ ਤੇ ਹਾਸਲ ’ਤੇ ਨਾਜ਼ ਹੋਵੇਗਾ। ਤਾਂ ਹੀ ਕੁਝ ਲੋਕ ਸਾਹ ਪੂਰੇ ਕਰਦੇ ਜਦ ਕਿ ਕੁਝ ਸਾਹਾਂ ਵਿਚੋਂ ਜ਼ਿੰਦਗੀ ਦਾ ਸੁੱਚਮ ਪੜਦੇ। ਉਹਨਾਂ ਲਈ ਸਾਹਾਂ ਦੀ ਅਮਾਨਤ ਸਭ ਤੋਂ ਵੱਡੀ ਇਬਾਦਤ ਅਤੇ ਇਸਦੀ ਅਕੀਦਤ ਵਿਚੋਂ ਹੀ ਸੁੱਖਨ ਤੇ ਸਕੂਨ, ਮਨੁੱਖ ਦਾ ਨਸੀਬ ਬਣਦਾ।

ਲਾਕ ਡਾਊਨ ਸੋਚ ਵਿਚ ਨਾ ਹੋਵੇ ਤਾਂ ਸੋਚ ਦੇ ਦਾਇਰੇ ਸਦਾ ਵਿਸ਼ਾਲ ਹੁੰਦੇ। ਇਸ ’ਚੋਂ ਉਗਮਦੇ ਨੇ ਨਿੱਤ ਨਵੇਂ ਸੂਰਜ। ਇਹਨਾਂ ਦੀ ਰੌਸ਼ਨੀ ਵਿਚ ਜੀਵਨ-ਰਾਹਾਂ ਨੂੰ ਨਵੀਆਂ ਦਿੱਸਹੱਦਿਆਂ ਅਤੇ ਮੰਜਲ਼ਾਂ ਦਾ ਸਿਰਨਾਵਾਂ ਮਿਲਦਾ। ਸੋਚ ਵਿਚ ਸੰਵੇਦਨਸ਼ੀਲਤਾ, ਸੰਵੇਦਨਾ, ਸੁਹਜ ਅਤੇ ਸਹਿਜਤਾ ਹੋਵੇ ਤਾਂ ਇਸ ਨਾਲ ਸੰਜ਼ਮ, ਸੁਹਿਰਦਤਾ ਅਤੇ ਸਾਦਗੀ ਜੀਵਨ ਦੀ ਨਿਆਮਤ ਬਣਦੀ। ਜੀਵਨ ਨੂੰ ਨਰੋਈਆਂ ਪੈੜਾਂ ਦਾ ਹਮਸਫ਼ਰ ਬਣਾਇਆ ਜਾ ਸਕਦਾ। ਸੋਚ ਨੂੰ ਲਾਕ ਡਾਊਨ ਦੇ ਹਵਾਲੇ ਨਾ ਕਰੋ ਸਗੋਂ ਇਸਦੀ ਵਸੀਹਤਾ ਨੂੰ ਹੋਰ ਵਿਸ਼ਾਲੋ। ਇਸਦੀ ਕਿਰਨਈ ਕਰਮਾਤ ਹਨੇਰਿਆਂ ਦੀ ਕੁੱਖ ਵਿਚ ਧਰੋ ਅਤੇ ਬੁੱਝੇ ਦੀਵਿਆਂ ਵਿਚ ਚਾਨਣ ਦਾ ਸਾਹ ਭਰੋ।

ਲਾਕ ਡਾਊਨ ਕਦੇ ਵੀ ਸੂਰਜ ’ਤੇ ਲਾਗੂ ਨਹੀਂ ਹੁੰਦਾ। ਚੜਦਾ ਏ ਸੂਰਜ, ਉਗਦੀ ਏ ਸਰਘੀ, ਫੁੱਲਪੱਤੀਆਂ ਨੂੰ ਭਿਉਂਦੇ ਤ੍ਰੇਲ-ਤੁੱਪਕੇ ਤੇ ਲਿਸ਼ਕਦੀ ਏ ਸਤਰੰਗੀ। ਪੰਛੀ ਭਰਦੇ ਲੰਬੀ ਉਡਾਰੀ ਅਤੇ ਬੋਟਾਂ ਦੇ ਹੋਠਾਂ ਤੇ ਧਰ ਜਾਂਦੇ ਨੇ ਸੁੱਖਾਂ ਲੱਧੀ ਉਡੀਕ। ਧੁੱਪ ਨਿੱਤ ਵੰਡਦੀ ਏ ਜੀਵਨ-ਦਾਨ। ਦੁਪਿਹਰੇ ਸੂਰਜ ਜਵਾਨ ਹੁੰਦਾ ਅਤੇ ਫਿਰ ਢਲਦੀ ਸ਼ਾਮ ਦਾ ਰੂਪ ਵਟਾਉਂਦਾ, ਪੱਛਮ ਨੂੰ ਸੰਧੂਰੀ ਕਰ, ਆਪਣੀ ਰੁੱਖਸਤਗੀ ਦਾ ਜਸ਼ਨ ਮਨਾਉਂਦਾ ਅਤੇ ਫਿਰ ਪਰਤਣ ਦੀ ਆਸ, ਕਾਇਨਾਤ ਦੀ ਕੁੱਖ ਵਿਚ ਧਰ ਜਾਂਦਾ। ਸੂਰਜੀ ਸਫ਼ਰ ਵਿਚ ਜੇ ਲਾਕ ਡਾਊਨ ਨਹੀਂ ਤਾਂ ਮਨੁੱਖੀ ਰਾਹਾਂ ਵਿਚ ਲਾਕਡਾਊਨ ਦਾ ਕੋਈ ਅਰਥ ਨਹੀਂ।

ਚੰਦਰਮਾ ’ਤੇ ਕਿਹੜਾ ਲਾਕ ਡਾਊਨ ਲਾਵੋਗੇ ਜਿਸਨੇ ਰਾਤ ਨੂੰ ਰੁੱਸ਼ਨਾਉਣਾ ਹੁੰਦਾ। ਹੌਲੀ ਹੌਲੀ ਵਧਦੇ ਅਕਾਰ ਵਿਚੋਂ ਪੁੰਨਿਆ ਦਾ ਜਨਮ ਅਤੇ ਘੱਟਦੇ ਅਕਾਰ ਨਾਲ ਮੱਸਿਆਂ ਨੂੰ ਧਰਤ ਦੇ ਨਾਮ ਕਰਨਾ। ਘਰ ਦੀ ਛੱਤ ਤੇ ਚੰਨ ਚਾਨਣੀ ਵਿਚ ਨਹਾਉਣ ਤੋਂ ਕੋਈ ਨਹੀਂ ਹੋੜ ਸਕਦਾ ਅਤੇ ਨਾ ਹੀ ਚਾਨਣ ਦੀ ਅੰਗ-ਸੰਗਤਾ ਵਿਚ, ਪਿਆਰਿਆਂ ਨਾਲ ਮੋਹ-ਭਿੱਜੇ ਪਲ ਬਿਤਾਉਣ ਤੋਂ ਕੋਈ ਰੋਕ ਸਕਦਾ। ਚੰਨ-ਮਾਮਾ ਨਾਲ ਗੱਲਾਂ ਕਰਨ ਤੋਂ ਬੱਚਿਆਂ ਨੂੰ ਕਿਵੇਂ ਰੋਕੋਗੇ? ਕਿਵੇਂ ਚੰਦਰਮਾ ਦੀ ਥਾਲੀ ਵਿਚੋਂ ਦਾਦੀ ਮਾਂ ਦੇ ਤੁਸੱਵਰ ਨੂੰ ਸੋਚ ਵਿਚੋਂ ਮਨਫ਼ੀ ਕਰੋਗੇ? ਅੰਬਰ ਵਿਚ ਕਿਹੜੇ ਲਾਕਡਾਊਨ ਨਾਲ ਚਾਨਣ ਦੀਆਂ ਖਿੱਤੀਆਂ ਨੂੰ ਅਲੋਪ ਕਰੋਗੇ?

ਪਰਿੰਦਿਆਂ ਦੀ ਚਹਿਕਣੀ, ਉਹਨਾਂ ਦੀ ਪ੍ਰਵਾਜ਼, ਚੋਗ ਚੁੱਗਣ ਅਤੇ ਸੰਗੀਆਂ ਨਾਲ ਚੋਹਲ ਮੋਹਲ ਕਰਦਿਆਂ ’ਤੇ ਕਿਹੜਾ ਲਾਕ ਡਾਊਨ ਲਾਵੋਗੇ? ਉਹਨਾਂ ਦੀਆਂ ਲੋਟਣੀਆਂ ਨੂੰ ਸੀਮਤ ਦਾਇਰੇ ਅਤੇ ਸਮੇਂ ਵਿਚ ਕਿਵੇਂ ਕੈਦ ਕਰੋਗੇ? ਲਾਕਡਾਊਨ ਤਾਂ ਬੰਦੇ ਵਲੋਂ ਕੀਤੀਆਂ ਖੁਨਾਮੀਆਂ ਕਾਰਨ, ਸਿਰਫ਼ ਬੰਦਿਆਂ ਲਈ, ਬੰਦਿਆਂ ਵਲੋਂ ਲਾਇਆ ਗਿਆ। ਇਸਦੇ ਮਰਨਹਾਰੇ ਸਿੱਟੇ ਵੀ ਮਨੁੱਖ ਨੂੰ ਹੀ ਭੁੱਗਤਣੇ ਪੈਣੇ। ਪਰਿੰਦੇ ਲਾਕਡਾਊਨ ਦੀ ਪੀੜਾ ਕਿਉਂ ਹੰਢਾਉਣ?
’ਵਾ ਦੇ ਬੁੱਲਿਆਂ ’ਤੇ ਕਿਹੜਾ ਲਾਕ ਡਾਊਨ ਲਾਵੋਗੇ? ਇਸਨੇ ਤਾਂ ਮਨੁੱਖ ਨੂੰ ਆਕਸੀਜਨ ਦੇ ਭਰੇ ਭੰਡਾਰ ਵਰਤਾਉਂਦੇ ਰਹਿਣਾ ਤੇ ਜੀਵਨ ਨੂੰ ਧੜਕਾਉਂਦੇ ਰਹਿਣਾ। ਕਾਰਬਨ -ਡਾਇਆਕਸਾਈਡ ਨਾਲ ਬੂਟਿਆਂ ਨੇ ਫੁੱਲਦੇ ਤੇ ਫੱਲਦੇ ਰਹਿਣਾ ਅਤੇ ਨਵੇਂ ਪੁੰਗਾਰਿਆਂ ਅਤੇ ਕਰੂੰਬਲਾਂ ਨੇ ਟਾਹਣੀਆਂ ਨੂੰ ਸ਼ਿੰਗਾਰਦੇ ਰਹਿਣਾ। ਵਗਦੀ ਹਵਾ ਨੇ ਮੁੱੜਕਾ ਵੀ ਸੁਕਾਉਣਾ, ਪੱਤਿਆਂ ਨੂੰ ਸਹਿਲਾਉਣਾ ਵੀ ਅਤੇ ਸੱਜਣਾ ਦਾ ਸੁਨੇਹਾ ਦੂਰ-ਦੇਸ਼ਾਂਤਰਾਂ ਤੀਕ ਵੀ ਪਹੁੰਚਾਣਾ। ਇਹ ਹਵਾ ਹੀ ਹੁੰਦੀ ਜੋ ਹੰਝੂ ਚੂਸਦੀ, ਜਲਵਾਸ਼ਪਾਂ ਦੀ ਵਾਹਕ ਬਣ, ਮਾਰੂਥਲਾਂ ਨੂੰ ਸਿੰਜਦੀ, ਫਸਲਾਂ ਦੀਆਂ ਕਰੂਬਲਾਂ ਤਰ ਕਰਦੀ ਅਤੇ ਰੁੱਖੀ ਤੇ ਰੁਆਂਸੀ ਜ਼ਿੰਦਗੀ ਨੂੰ ਹਰਾ ਭਰਾ ਕਰਦੀ। ਹਵਾ ਨਾ ਰਹੀ ਤਾਂ ਬੰਦਾ ਕਿੰਝ ਧੜਕੇਗਾ? ’ਵਾ ਬਹੁਤ ਸਾਰੇ ਸੂਖ਼ਮ ਸੁਨੇਹੇ ਚੇਤਨਾ ਵਿਚ ਧਰਦੀ। ਕਦੇ ਲਿਖਿਆ ਸੀ;
ਹਵਾ ਬੰਦ ਹੈ
ਦਰਖਤਾਂ ਦੇ ਪੱਤੇ ਨਹੀਂ ਹਿੱਲਦੇ
ਪਹਿਆਂ ਚੋਂ ਘੱਟਾ ਨਹੀਂ ਉਡਦਾ
ਇਸਦਾ ਇਹ ਮਤਲਬ ਨਹੀਂ
ਕਿ ਹਵਾ ਮਰ ਚੁੱਕੀ ਹੈ।
ਇਹ ਤਾਂ ਸਮੋ-ਸੂਚਕ ਏ
ਕਿਸੇ ਆਉਣ ਵਾਲੇ ਭਾਰੀ ਤੁਫ਼ਾਨ ਦੀ।

ਤੂਫ਼ਾਨ ਤੋਂ ਪਹਿਲਾਂ ਜੇ ਅਸੀਂ ਲਾਕ-ਡਾਊਨ ਦੇ ਕਾਰਨਾਂ ਨੂੰ ਦੂਰ ਕਰਨ ਲਈ ਕੁਝ ਉਦਮ ਕਰਾਂਗੇ ਤਾਂ ਲਾਕ ਡਾਊਨ ਦੀ ਨੌਬਤ ਨਹੀਂ ਆਵੇਗੀ।
ਵੱਗਦੇ ਦਰਿਆਵਾਂ ਨੂੰ ਕਿਵੇਂ ਲਾਕ ਡਾਊਨ ਕਰੋਗੇ? ਇਹਨਾਂ ਦੀ ਰਵਾਨੀ ਤੇ ਲਹਿਰਾਂ ਦੇ ਵਿਸਮਾਦੀ ਸੰਗੀਤ ਨੂੰ ਜੀਵਨ ਦੇ ਸੰਦਲੀ ਰੰਗਾਂ ਦੀ ਨਿਸ਼ਾਨਦੇਹੀ ਕਰਨ ਤੋਂ ਕਿਵੇਂ ਹਟਕ ਸਕੋਗੇ? ਦੋ ਕੰਢਿਆਂ ਵਿਚਲੀ ਨਿਸਚਤਾ ਅਤੇ ਇਹਨਾਂ ਦੇ ਮਿਲਾਪ ਦੀ ਸਖ਼ੀ, ਬੇੜੀ ਨੂੰ ਆਪਣੇ ਸਫ਼ਰ ਤੋਂ ਕਿੰਝ ਰੋਕ ਸਕੋਗੇ? ਨਾ ਤਾਂ ਦਰਿਆਵਾਂ ਨੇ ਰੁੱਕਣਾ, ਨਾ ਹੀ ਇਹਨਾਂ ਦੇ ਮੁਹਾਣਾਂ ਨੇ ਅਤੇ ਨਾ ਹੀ ਪਾਣੀ ਦੀ ਬੰਦਿਆਈ ਨੇ ਜੋ ਹਰ ਪਿਆਸੇ ਹੋਠ ਦੀ ਪਿਆਸ ਬੁਝਾਉਂਦੀ। ਖੇੜਿਆਂ ਭਰੇ ਅਤੇ ਹਸਾਸ ਪਲਾਂ ਨੂੰ ਹਰ ਪ੍ਰਾਣੀ ਦੇ ਨਾਮ ਕਰਦੀ।

ਫ਼ਰਜਾਂ, ਜਿੰਮੇਵਾਰੀਆਂ, ਨਸੀਹਤਾਂ ਅਤੇ ਦੇਣਦਾਰੀਆਂ ਨੂੰ ਕਿਵੇਂ ਲਾਕ ਡਾਉਨ ਕੀਤਾ ਜਾ ਸਕਦਾ? ਇਹ ਆਪਣੇ ਆਪ, ਪਰਿਵਾਰ, ਸਮਾਜ ਜਾਂ ਸੰਸਾਰ ਪ੍ਰਤੀ ਹੁੰਦੀਆਂ। ਆਪਣੇ ਅਕੀਦੇ, ਆਸਥਾ, ਅਰਾਧਨਾ ਜਾਂ ਆਤਮਿਕਤਾ ’ਤੇ ਕਿਹੜਾ ਲਾਕ ਡਾਉਨ ਲਗੇਗਾ ਜੋ ਸੁੱਖਨ ਲਈ ਹੁੰਦੇ। ਇਹ ਤਾਂ ਬੰਦੇ ਦੇ ਅੰਦਰ ਵੱਸਦੇ ਬੱਚੇ ਅਤੇ ਬੱਚੇ ਵਿਚ ਵੱਸਦੇ ਬੰਦੇ ਲਈ ਹੁੰਦੇ ਜੋ ਤਰਜ਼ੀਹਾਂ ਤੇ ਤਮੰਨਂਾਵਾਂ ਨੂੰ ਨਿਰਧਾਰਤ ਕਰਦਾ ਅਤੇ ਜੀਵਨ ਨੂੰ ਜਿਊਣ ਜੋਗਾ ਕਰਦਾ।
ਭੁੱਖ, ਤ੍ਰੇਹ, ਤ੍ਰਿਸ਼ਨਾ, ਤੱਕਣੀ ਜਾਂ ਤਵੱਜੋਂ ’ਤੇ ਕਿੰਝ ਲਾਕ ਡਾਊਨ ਨਾਜ਼ਲ ਕਰੋਗੇ ਕਿਉਂਕਿ ਅਜੇਹਾ ਕਰਨ ’ਤੇ ਖੁਦ ਹੀ ਮਰੋਗੇ। ਨੀਂਦ ਤੇ ਜਾਗ ਤੇ ਲਾਕ ਡਾਊਨ ਲੱਗ ਹੀ ਨਹੀਂ ਸਕਦਾ। ਨਾ ਹੀ ਭਾਵਨਾਂਵਾਂ ਅਤੇ ਭਲਿਆਈ ਨੂੰ ਬੰਦਸ਼ ਵਿਚ ਰੱਖਿਆ ਜਾ ਸਕਦਾ। ਲਾਕ ਡਾਊਨ ਦੇ ਅਰਥਾਂ ਦੇ ਅਨਰਥ ਨਾ ਕਰੋ ਸਗੋਂ ਸੀਮਤ ਸਾਧਨਾਂ, ਸਮੇਂ ਅਤੇ ਲੋੜਾਂ ਵਿਚੋਂ ਜੀਵਨ ਨੂੰ ਗਤੀ ਅਤੇ ਦਿਸ਼ਾ ਪ੍ਰਦਾਨ ਕਰੋਗੇ ਤਾਂ ਲਾਕ ਡਾਊਨ ਦੀ ਲੋੜ ਨਹੀਂ ਪਵੇਗੀ।

ਲਾਕ ਡਾਊਨ ਜਿਹੜਾ ਤੁਸੀਂ ਅਲਮਾਰੀ ਵਿਚ ਬੰਦ ਪਈਆਂ ਕਿਤਾਬਾਂ ’ਤੇ ਲਾਇਆ, ਉਸਨੂੰ ਹਟਾਓ। ਕਿਤਾਬਾਂ ਨੂੰ ਖੋਲੋ, ਪੜੋ। ਉਹ ਪਾਠਕ ਉਡੀਕਦੀਆਂ। ਹਰਫ਼ਾਂ ਨਾਲ ਸੰਵਾਦ ਰਚਾਓ। ਇਕਾਂਤ ਵਿਚ ਰੂਹ ਦਾ ਆੜੀ ਬਣਾਓ। ਇਸਦੀ ਸੰਗਤਾ ਵਿਚੋਂ ਜੀਵਨ ਦੀਆਂ ਨਿਆਰੀਆਂ ਕਦਰਾਂ-ਕੀਮਤਾਂ ਅਤੇ ਸੁਹਾਣੀਆਂ ਸੁਮੱਤਾਂ ਨੂੰ ਜੀਵਨ-ਸ਼ੈਲੀ ਦਾ ਅੰਗ ਬਣਾਓ, ਜੀਵਨ ਦੀ ਤਰਕਸੰਗਤਾ ਹੀ ਬਦਲ ਜਾਵੇਗੀ।

ਲ਼ਾਕ ਡਾਉਨ ਜਿਹੜਾ ਨੈਣਾਂ ਦੇ ਨੀਰ ਵਿਚ ਡੁੱਬੇ ਸੁਪਨਿਆਂ ’ਤੇ ਲਾਇਆ ਏ ਉਸ ਵੱਲ ਤਵੱਜੋਂ ਦੇਵੋ। ਸੁਪਨਿਆਂ ਨੂੰ ਅਜ਼ਾਦ ਕਰੋ। ਉਚੀ ਤੇ ਖੁਲੀ ਪ੍ਰਵਾਜ਼ ਭਰਨ ਦਿਓ। ਇਹਨਾਂ ਦੇ ਅੰਦਾਜ਼ ਦੇ ਪਰ ਨਾ ਕੁੱਤਰੋ ਅਤੇ ਨਾ ਹੀ ਅਗਾਜ਼ ਵਿਚ ਰੁਕਾਵਟ ਬਣੋ। ਸੁਪਨੇ ਉਡਾਣ ਭਰਨਗੇ ਤਾਂ ਹੀ ਜੀਵਨ ਸੇਧ ਲਈ ਨਵੀਨਤਮ ਧਰਾਤਲ ਨੂੰ ਖੋਜਣ ਅਤੇ ਪ੍ਰਾਪਤ ਬਖਸ਼ਿਸ਼ਾਂ ਨੂੰ ਅਪਨਾਉਣ ਅਤੇ ਮਾਨਣ ਦਾ ਹੁੱਨਰ ਆਵੇਗਾ।

ਕੋਮਲ ਕਲਾਵਾਂ ਅਤੇ ਅਧੂਰੀਆਂ ਆਸ਼ਾਵਾਂ ਦੀ, ਲਾਕ ਡਾਊਨ ਤੋਂ ਬੰਦ-ਖਲਾਸੀ ਕਰਵਾਓ। ਇਹਨਾਂ ਕਲਾਵਾਂ ਦਾ ਦਮ ਘੁੱਟ ਰਿਹਾ ਏ। ਕੈਨਵਸ ਉਦਾਸ, ਕਲਮ/ਕਾਗਜ ਹਤਾਸ਼ ਅਤੇ ਨਿਰਾਸ਼ ਨੇ ਕਲਾ-ਕਿਰਤਾਂ ਵਿਚ ਉਘੜਨ ਵਾਲੀ ਅਕ੍ਰਿਤੀ। ਸੁੰਨ ਏ ਸੰਦੇਸ਼ ਅਤੇ ਖਾਮੋਸ਼ ਏ ਮਾਨਸਿਕ ਪ੍ਰਭਾਵਾਂ ਦੀ ਜ਼ਰਾ-ਨਿਵਾਜ਼ੀ। ਅਪੂਰਨ ਖ਼ਾਬਾਂ ਨੂੰ ਮੁੜ ਤੋਂ ਮਨ ਦੀ ਮਿੱਟੀ ਵਿਚ ਪੁੰਗਰਨ ਦਿਓ। ਮਨ ਨੂੰ ਤਰ ਕਰੋ ਅਤੇ ਕਲਾ ਦੀਆਂ ਕਲਮਾਂ ਲਾਓ ਤਾਂ ਕਿ ਉਹ ਫੁੱਲ ਬਣਕੇ ਅੰਤਰੀਵ ਨੂੰ ਵੀ ਮਹਿਕਾਉਣ।

ਮੋਹ-ਮੁਹੱਬਤ ’ਤੇ ਜਿਹੜਾ ਲਾਕ ਡਾਊਨ ਲਾਇਆ, ਉਸ ਤੋਂ ਪਰਦਾ ਉਠਾਓ। ਪਿਆਰ ਦੇ ਅਰਥਾਂ ਨੂੰ ਸੀਮਤ ਨਾ ਕਰੋ। ਪਿਆਰ ਕਰੋ ਖੁਦ ਨਾਲ, ਖੁਦਾਈ ਨਾਲ, ਮਨੁੱਖ ਨਾਲ, ਕੁਦਰਤ ਨਾਲ, ਜੀਵਾਂ ਨਾਲ, ਪਿਆਰਿਆਂ ਨਾਲ ਤੇ ਸਾਥੀਆਂ ਨਾਲ। ਬਚਪਨ ਦੇ ਸਾਥੀਆਂ ਨੂੰ ਯਾਦ ਕਰਨ ਤੇ ਤਾਂ ਕੋਈ ਲਾਕ ਡਾਊਨ ਨਾ ਲਾਓ। ਉਹਨਾਂ ਨੂੰ ਫ਼ੋਨ ਕਰੋ। ਬੀਤੇ ਪਲਾਂ ਨੂੰ ਯਾਦ ਕਰਕੇ ਹੱਸੋ। ਚਿੰਤਾਵਾਂ ਅਤੇ ਫ਼ਿਕਰ ਨੇੜੇ ਨਹੀਂ ਢੁੱਕਣਗੇ ਅਤੇ ਤੁਸੀਂ ਉਮਰ ਨੂੰ ਝਕਾਨੀ ਦੇਣ ਵਿਚ ਕਾਮਯਾਬ ਹੋਵੋਗੇ। ਆਪਣੇ ਅੰਦਰ ਜਿਊਂਦੇ ਬੱਚੇ ਨੂੰ ਹਾਕ ਮਾਰੋ, ਉਹ ਤੁਹਾਡੇ ਨਾਲ ਹੱਸੇਗਾ ਤੇ ਕੁੱਤਕਤਾਰੀਆਂ ਕੱਢੇਗਾ ਕਿਉਂਕਿ ਬੱਚਾ ਸਭ ਕਾਸੇ ਤੋਂ ਬੇਪ੍ਰਵਾਹ ਹੁੰਦਾ ਅਤੇ ਇਸ ਬੇਪ੍ਰਵਾਹੀ ਨੂੰ ਜਿਊਣਾ, ਸ਼ੁਭ ਸ਼ਗਨ ਹੁੰਦਾ। ਅਜੇਹੇ ਜੀਵਨ ਵਰਤਾਰਿਆਂ ਤੇ ਕੌਣ ਲਾਕ ਡਾਊਨ ਲਾ ਸਕਦਾ?

ਮਨੁੱਖ ਦਾ ਅਦਬ ਤੇ ਅਦਾਬ, ਆਦਰ ਤੇ ਸਤਿਕਾਰ, ਜੀ-ਹਜੂਰੀ ਅਤੇ ਆਗਿਆਕਾਰੀ ਤੇ ਕਿਹੜਾ ਲਾਕ ਡਾਊਨ ਲਾਵੋਗੇ? ਆਪਣੇ ਆਪ ਨਾਲ ਜੁੱੜੋ। ਅੰਤਰੀਵੀ ਸੰਵਾਦ ਸੰਗ ਪਲਾਂ ਨੂੰ ਪ੍ਰਵਾਜ਼ ਦਿਓ। ਅਰਦਾਸ ਕਰੋ ਸਰਬੱਤ ਦੇ ਭਲੇ ਦੀ। ਮਾਨਵੀ ਭਲਾਈ ਦੀ, ਹਰੇਕ ਦੀ ਸਿਹਤਯਾਬੀ ਤੇ ਖੁਸਲਹਾਲੀ ਲਈ। ਤਲੀ ਤੇ ਉਗ ਰਹੀ ਸ਼ਗਨਈ ਰੁੱਤ ਲਈ। ਧਾਰਮਿਕਤਾ ਤਾਂ ਜੀਵਨ-ਜਾਚ ਅਤੇ ਇਸ ਤੋਂ ਮੁੱਨਕਰੀ, ਖੁਦਕੁਸ਼ੀ। ਜੀਵਨ-ਜਾਚ ਤੇ ਕਦੇ ਵੀ ਲਾਕ ਡਾਊਨ ਨਾ ਲਾਓ। ਸਗੋਂ ਇਸਦੀ ਪ੍ਰਦਰਸ਼ਤਾ ਅਤੇ ਪਾਰਦਸ਼ਰਤ ਦੀ ਖ਼ੈਰੀਅਤ ਮੰਗੋ। ਜੀਵਨ ਨੂੰ ਪੂਰਨਤਾ ਨਾਲ ਜਿਊਣਾ ਅਤੇ ਭਰਪੂਰਤਾ ਨੂੰ ਸਾਹ-ਸਾਰਥਿੱਕਤਾ ਦੇ ਨਾਮ ਲਾਉਣਾ ਹੀ ਅਸਲ ਵਿਚ ਜ਼ਿੰਦਗੀ। ਅਕੀਦਤ ਲਈ ਬਾਹਰੀ ਲਾਕ ਡਾਊਨ ਨੂੰ ਤੋੜਨ ਦੀ ਲੋੜ ਨਹੀਂ। ਬੰਦੇ ਦੇ ਅੰਦਰ ਵੱਸਦੇ ਸੱਚ ਨੂੰ ਭਾਲਣ ਅਤੇ ਇਸਦੇ ਰੂਬਰੂ ਹੋਣ ਲਈ ਕਿਸੇ ਲਾਕ ਡਾਊਨ ਦੀ ਅਵੱਗਿਆ ਨਹੀਂ। ਸਿਰਫ਼ ਮਾਨਸਿਕਤਾ ਦੀਆਂ ਮੁਹਾਰਾਂ ਅੰਦਰ ਵੰਨੀਂ ਮੋੜਨ ਦੀ ਲੋਚਾ ਪੈਦਾ ਕਰੋ।

ਮਨੁੱਖੀ ਮਨ ਵਿਚ ਉਤਪੰਨ ਹੋ ਰਹੀ ਖੋਜਤਾਮਿਕਤਾ ਅਤੇ ਕਲਾ-ਦ੍ਰਿਸ਼ਟੀ ਨੂੰ ਲਾਕ ਡਾਊਨ ਦੇ ਹਵਾਲੇ ਨਾ ਕਰੋ। ਸਗੋਂ ਇਸਦੇ ਵੱਧਣ ਫੁੱਲਣ ਲਈ ਅਜੇਹੇ ਮੌਕੇ ਜ਼ਿਆਦਾ ਮੌਫ਼ੀਕ ਹੁੰਦੇ। ਭਾਂਵੇਂ ਉਹ ਸੰਗੀਤ, ਨਾਚ, ਪੇਂਟਿੰਗ, ਬੁੱਤ-ਤਰਾਸ਼ੀ, ਪੜਨ-ਲਿਖਣ ਜਾਂ ਹੋਰ ਕਲਾਬਿਰਤੀਆਂ ਨੂੰ ਵਿਗਸਣ ਲਈ ਪ੍ਰੇਰਤ ਕਰਨਾ ਅਤੇ ਰਹਿਨੁਮਾਈ ਕਰਨਾ ਹੋਵੇ। ਇਹਨਾਂ ਤੇ ਲਾਇਆ ਹੋਇਆ ਲਾਕ ਡਾਊਨ ਹੀ ਮਨੁੱਖ ਨੂੰ ਰੋਬੋਟ ਬਣਨ ਵੰਨੀਂ ਧਕੇਲਦਾ ਅਤੇ ਅਜੋਕਾ ਮਨੁੱਖ ਅਜੇਹੀ ਤਰਾਸਦੀ ਦਾ ਸਿੱਖਰ। ਤਾਂ ਹੀ ਮਨੁੱਖੀ ਭਾਵਨਾਵਾਂ ਜਿਊਂਦਿਆਂ ਵੀ ਨਿਰਜਿੰਦ ਹੀ ਰਹਿੰਦੀਆਂ। ਭਾਵਹੀਣ ਮਨੁੱਖ ਵਿਚੋਂ ਮਨੁੱਖੀ ਰਿਸ਼ਤਿਆਂ ਦੀ ਪਛਾਣ, ਸਬੰਧ-ਸੁਗੰਧ ਅਤੇ ਮਹਿਕ ਨੂੰ ਜੀਵਨ-ਤਰੰਗਤਾ ਦੇ ਨਾਮ ਕਿਵੇਂ ਕੀਤਾ ਜਾ ਸਕਦਾ? ਇਸ ਲਈ ਹੀ ਮਨੁੱਖ ਜ਼ਿੰਦਗੀ ਤੋਂ ਉਪਰਾਮ ਹੋਇਆ, ਵਿਵਾਹੁਤਾ ਜੀਵਨ ਤੋਂ ਕਿਨਾਰਾ-ਕਸ਼ੀ ਕਰਦਾ, ਇਕੱਲ ਭੋਗਦਾ, ਕਦੇ ਕਦਾਈਂ ਤਾਂ ਆਤਮ-ਹੱਤਿਆ ਨੂੰ ਆਪਣੀ ਬੰਦ-ਖਲਾਸੀ ਦਾ ਸਾਧਨ ਸਮਝਣ ਤੀਕ ਗਿਰ ਜਾਂਦਾ। ਬੰਦੇ ਲਈ ਜਰੂਰੀ ਹੈ ਕਿ ਉਹ ਬੰਦਾ ਰਹੇ, ਬਿਰਖ਼ ਬਣੇ ਪਰ ਕਦੇ ਵੀ ਧਾਤਾਂ ਅਤੇ ਇੱਟਾਂ ਪੱਥਰਾਂ ਦੇ ਜੰਗਲ ਦਾ ਰੂਪ ਨਾ ਧਾਰੇ ਕਿਉਂਕਿ ਪੱਥਰਾਂ ਦੇ ਘਰਾਂ ਵਿਚੋਂ ਧੜਕਣ ਹਮੇਸ਼ਾ ਗਾਇਬ ਹੁੰਦੀ। ਇਸ ਵਿਚ ਤਾਂ ਸਿਰਫ਼ ਲੋਥਾਂ ਦੀ ਗਿਣਤੀ ਹੀ ਕੀਤੀ ਜਾ ਸਕਦੀ।
ਲਾਕ ਡਾਉਨ ਦੀਆਂ ਪਰਤਾਂ ਕਲਮ ਦੀ ਨੋਕ ਤੇ ਆਪਣਾ ਰੰਗ ਬਿਖੇਰਦੀਆਂ;
ਲਾਕ ਡਾਉਨ ਹੈ
ਸੜਕਾਂ ਸੁੰਨੀਆਂ
ਬਜ਼ਾਰ ਬੰਦ,
ਘਰ ਕੈਦਖ਼ਾਨਾ
ਤੇ ਸਕੂਲਾਂ ’ਚ ਚੁੱਪ।

ਲਾਕ ਡਾਊਨ ਹੈ
ਬੱਚੇ ਦੀ ਹਾਸੀ ’ਤੇ
ਬਾਪ ਦੀ ਸਿੱਸਕੀ ’ਤੇ
ਮਰੀਜ਼ ਦੀ ਹੁੰਗਰ ’ਤੇ
ਤੇ ਰੋਗੀ ਲਈ ਦਵਾਈ ’ਤੇ।

ਪਰ
ਲਾਕ ਡਾਉਨ ਕੌਣ ਲਾਵੇਗਾ
ਤਿੱੜਕਦੀ ਆਸ ’ਤੇ
ਥਿੜਕਦੇ ਧਰਵਾਸ ’ਤੇ
ਟੁੱਟਦੇ ਵਿਸ਼ਵਾਸ਼ ’ਤੇ
ਅਤੇ ਅੱਖਰਦੀ ਅਰਦਾਸ ’ਤੇ?

ਲਾਕ ਡਾਊਨ ਕਿੰਝ ਲੱਗੇਗਾ
ਭਟਕਦੇ ਭਾਵਾਂ ’ਤੇ
ਸੱਖਣੀਆਂ ਇਛਾਵਾਂ ’ਤੇ
ਹੂੰਗਰਦੀਆਂ ਹਵਾਵਾਂ ’ਤੇ
ਤੇ ਸਹਿਕਦੇ ਸਾਹਾਂ ’ਤੇ?

ਲਾਕ ਡਾਊਨ ਲਾਊਣਾ ਹੈ
ਤਾਂ ਲਾਓ
ਆਦਮ-ਖਾਣੀਆਂ ਸੋਚਾਂ ’ਤੇ
ਹੈਵਾਨ ਜੇਹੀਆਂ ਲੋਚਾਂ ’ਤੇ
ਹਾਉਕੇ ਵਰਗੇ ਹੋਸ਼ਾਂ ’ਤੇ
ਤੇ ਖੂੰਘੇ ਦੀਆਂ ਖਰੋਚਾਂ ’ਤੇ?

ਪਰ
ਕਦੇ ਵੀ ਲਾਕ ਡਾਊਨ ਨਾ ਲਾਓ
ਸੁਪਨਿਆਂ ਦੀ ਪ੍ਰਵਾਜ਼ ’ਤੇ
ਜਿਊਣ-ਅੰਦਾਜ਼ ’ਤੇ
ਰੂਹ-ਰੱਤੇ ਰਿਆਜ਼ ’ਤੇ
ਅਤੇ ਗਾਉਂਦੇ ਜੀਵਨ-ਸਾਜ਼ ਤੇ।

ਕਦੇ ਵੀ ਆਪਣੀ ਆਸ ਤੇ ਉਮੀਦ ’ਤੇ ਲਾਕ ਡਾਊਨ ਨਾ ਲਾਇਓ। ਕਿਉਂਕਿ ਆਸ ਜਿਊਂਦੀ ਰਹੇ ਤਾਂ ਉਤਸ਼ਾਹ ਜਿਉਂਦਾ, ਉਮਾਹ ਨੂੰ ਜ਼ਰਬ ਮਿਲਦੀ, ਉਮੰਗਤਾ ਵਿਚ ਨਵੇਂ ਦਿੱਸਹੱਦਿਆਂ ਦੀ ਨਿਸ਼ਾਨਦੇਹੀ ਕਰਨ ਲਈ ਉਤਸੁੱਕਤਾ ਪੈਦਾ ਹੁੰਦੀ। ਆਸ ਨਾਲ ਹੀ ਜਹਾਨ ਹੁੰਦਾ। ਬੀਜ ਬੀਜਣ ਤੇ ਹੀ ਭਰਵੀਂ ਫਸਲ ਹੁੰਦੀ, ਫੁੱਲਾਂ ਅਤੇ ਫਲਾਂ ਦੀ ਰੁੱਤ ਮੌਲਦੀ ਅਤੇ ਭੌਰਿਆਂ ਤੇ ਤਿੱਤਲੀਆਂ ਨੂੰ ਰੰਗਾਂ ਵਿਚ ਰੰਗੇ ਹੋਣ ਦਾ ਵਿਸਮਾਦ ਹੁੰਦਾ। ਆਸ ਦੇ ਲਾਕ ਡਾਊਨ ਹੋਣ ’ਤੇ ਰੀਝਾਂ ਮਰਨਾਓ, ਸੂਲੀ ਤੇ ਟੰਗੀਆਂ ਜਾਂਦੀਆਂ ਸੋਚਾਂ ਅਤੇ ਉਜੜ ਜਾਂਦਾ ਏ ਮਨ ਵਿਚ ਉਮੜਿਆ ਸੁਪਨ-ਸੰਸਾਰ।

ਸਭ ਤੋਂ ਅਹਿਮ ਅਤੇ ਮਹੱਤਵਪੂਰਨ ਹੈ ਕਿ ਆਪਣੇ ਸਾਹਾਂ ’ਤੇ ਕਦੇ ਵੀ ਲਾਕ ਡਾਊਨ ਨਾ ਲਾਓ। ਜੇ ਸਾਹ ਹੀ ਲਾਕ ਡਾਊਨ ਹੋ ਗਏ ਤਾਂ ਕਿੰਝ ਧੜਕੇਗਾ ਜਿੰਦਗੀ ਦਾ ਸਾਜ਼? ਕਿਵੇਂ ਹੋਵੇਗਾ ਨਿਸਦਿਨ ਧੜਕਣ ਦਾ ਰਿਆਜ਼? ਕਿਵੇਂ ਦਿਲ ਦੀਆਂ ਧੜਕਣਾਂ ਜਿਉਂਦੇ ਹੋਣ ਦੀ ਹਾਮੀ ਭਰਨਗੀਆਂ? ਕਿਵੇਂ ਮਨ ਦੀਆਂ ਭਾਵਨਵਾਂ, ਨਵੀਆਂ ਸੰਭਾਵਨਾਵਾਂ ਦੇ ਨਾਮ ਹੋਣਗੀਆਂ? ਸਾਹ ਰਹੇ ਤਾਂ ਮਨੁੱਖ ਦੀਆਂ ਅਭਿਲਾਸ਼ਾ ਜਾਗਦੀ, ਸੁਪਨਿਆਂ ਵਿਚ ਤ੍ਰਿਸ਼ਨਗੀ ਅਤੇ ਤਾਜ਼ਗੀ ਦਾ ਵਸੇਬਾ। ਸਭ ਤੋਂ ਵਿਲੱਖਣ ਕਿ ਮਨੁੱਖ ਲਾਸ਼ ਨਹੀਂ, ਸਗੋਂ ਜਿਉਂਦਾ-ਜਾਗਦਾ, ਹੱਸਦਾ-ਹਸਾਉਂਦਾ, ਰੁੱਸਦਾ-ਰਸਾਉਂਦਾ, ਮੰਨਦਾ-ਮਨਾਉਂਦਾ, ਖੇਡਦਾ-ਖਿਡਾਉਂਦਾ ਅਤੇ ਮਨ ਦੀ ਪ੍ਰਵਾਜ਼ ਨੂੰ ਨਵੀਆਂ ਮੰਜਲਾਂ ਦੇ ਹਾਣ ਦਾ ਬਣਾਉਂਦਾ।

ਲਾਕ ਡਾਊਨ ਲਾਓ ਉਹਨਾਂ ਬੋਲਾਂ, ਸ਼ਬਦਾਂ, ਸਬੰਧਾਂ, ਸੁਪਨਿਆਂ, ਸਰੋਕਾਰਾਂ, ਸੋਚਾਂ, ਸਾਰਥਿੱਕਤਾਵਾਂ ’ਤੇ ਜੋ ਜ਼ਿੰਦਗੀ ਨੂੰ ਬਦਰੰਗ, ਬਦਸੂਰਤ, ਬੇਢੰਗਾ, ਬੇਢੱਬਾ, ਬਦਰੂਪ ਅਤੇ ਬਦਨੀਤ ਕਰਦੇ। ਕਦੇ ਵੀ ਉਹਨਾਂ ’ਤੇ ਲਾਕ ਡਾਊਨ ਨਾ ਲਾਓ ਜੋ ਜ਼ਿੰਦਗੀ ਨੂੰ ਸੁੰਦਰਤਾ, ਸਦੀਵਤਾ, ਸੁੱਖਨ, ਸਕੂਨ, ਸਾਦਗੀ, ਸਿਰੜ, ਸਿਦਕ, ਸਫ਼ਲਤਾ ਅਤੇ ਸਮਰਪਿੱਤਾ ਬਖਸ਼ਦੇ ਨੇ।

ਲਾਕ ਡਾਊਨ ਕਦੇ ਵੀ ਹੱਲ ਤੋਂ ਬਗੈਰ ਨਹੀਂ ਖੁੱਲਦਾ। ਇਸਦਾ ਹੱਲ ਜੀਵਨ-ਸ਼ੈਲੀ ਨੂੰ ਸੁਧਾਰ, ਸੋਚ ਨੂੰ ਪਾਕੀਜ਼ ਕਰ ਅਤੇ ਕੁਦਰਤ ਸੰਗ ਇਕਸਾਰਤਾ ਅਤੇ ਇਕਸੁਰਤਾ ਵਿਚੋਂ ਹੀ ਕਿਆਸਣਾ ਪੈਣਾ। ਬੰਦਾ, ਬੰਦੇ ਨੂੰ ਮੁਆਫ਼ ਕਰ ਸਕਦਾ ਪਰ ਕੁਦਰਤ ਕਦੇ ਵੀ ਮੁਆਫ਼ ਨਹੀਂ ਕਰਦੀ। ਕੁਦਰਤ ਨਾਲ ਵੈਰ ਨਹੀਂ, ਸਗੋਂ ਪਿਆਰ ਕਰੋ।

ਲਾਕ ਡਾਊਨ ਦੇ ਸਮਿਆਂ ਵਿਚ ਬਾਹਰੀ ਲਾਕ ਡਾਊਨ ਲੱਗਣ ਤੇ, ਆਪਣੇ ਅੰਦਰਲੇ ਲਾਕ ਡਾਊਨ ਨੂੰ ਹਟਾਉਣ, ਹਵਾ ਦੇ ਬੁੱਲਿਆਂ ਦੀ ਆਵਾਜਾਈ ’ਚ ਨਿਰੰਤਰਤਾ ਉਪਜਾਉਣ, ਤਾਜੀ ਹਵਾ ਵਿਚ ਸਾਹ ਲੈਣ, ਅੰਤਰੀਵ ਨੂੰ ਖਿਲਾਉਣ ਅਤੇ ਰੂਹ-ਰੇਜ਼ਤਾ ਨੂੰ ਭਰਪੂਰ ਕਰਨ ਵੱਲ ਅਹੁਲੋਗੇ ਤਾਂ ਜੀਵਨ ਦੀਆਂ ਸੁੰਦਰ ਪੈੜਾਂ, ਆਉਣ ਵਾਲੀਆਂ ਪੀਹੜੀਆਂ ਲਈ ਮਾਰਗ-ਦਰਸ਼ਕ ਬਣਨਗੀਆਂ। ਇਹਨਾਂ ਪੈੜਾਂ ਦੇ ਸੁੱਚੇ ਤੇ ਸੱਚੇ ਹਸਤਾਖਰ ਤਾਂ ਤੁਸੀਂ ਹੀ ਹੋ।

Leave a Reply

Your email address will not be published. Required fields are marked *