ਖ਼ਤਮ ਹੋ ਰਿਹਾ ਲਾਇਬਰੇਰੀ ਸਭਿਆਚਾਰ

ਅਮਨਦੀਪ ਕੌਰ ਮਾਨ

ਲਾਇਬਰੇਰੀ ਨੂੰ ਗਿਆਨ ਦਾ ਪੁੰਜ ਮੰਨਿਆਂ ਜਾਂਦਾ ਹੈ। ਇਸ ਥਾਂ ’ਤੇ ਰਸਮੀ-ਗੈਰ ਰਸਮੀ ਅਤੇ ਸਵੈ-ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਹਰ ਲਾਇਬਰੇਰੀ ਵਿੱਚੋਂ ਕਿਸੇ ਨਾ ਕਿਸੇ ਸਮਾਜ ਦਾ ਅਕਸ ਵਿਖਾਈ ਦਿੰਦਾ ਹੈ। ਅਤੀਤ ਤੋਂ ਅੱਜ ਤੱਕ ਦੇ ਇਤਿਹਾਸ ਨੂੰ ਮਨੁੱਖ ਨੇ ਕਿਤਾਬੀ ਰੂਪ ਵਿਚ ਪੁਸਤਕਾਲਿਆਂ ਵਿਚ ਸਾਂਭਿਆ ਹੈ ਤਾਂ ਜੋ ਭਵਿੱਖ ਦੀ ਪੀੜ੍ਹੀ ਇਸ ਨੂੰ ਪੜ੍ਹ ਕੇ ਆਪਣੇ ਅਤੀਤ ਤੋਂ ਜਾਣੂ ਹੋ ਸਕੇ। ਕਿਸੇ ਵੀ ਕੌਮ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਆਪਣਾ ਇਤਿਹਾਸ ਕਿਤਾਬੀ ਰੂਪ ਵਿਚ ਸਾਂਭਣਾ ਬਹੁਤ ਜ਼ਰੂਰੀ ਹੈ ਪਰ ਜਿਹੜੇ ਨਹੀਂ ਸਾਂਭਦੇ ਉਨ੍ਹਾਂ ਦੀ ਹੋਂਦ ਚਿਰ ਸਥਾਈ ਨਹੀਂ ਰਹਿੰਦੀ।

ਲਾਇਬਰੇਰੀ ਕਿਸੇ ਧਾਰਮਿਕ ਸਥਾਨ ਤੋਂ ਘੱਟ ਨਹੀਂ ਹੁੰਦੀਆਂ। ਇੱਥੇ ਕਿਸੇ ਧਰਮ ਜਾਂ ਜਾਤੀ ਵਿਸ਼ੇਸ਼ ਨਾਲ ਵਿਤਕਰੇ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਹਰ ਤਬਕੇ ਦੇ ਲੋਕਾਂ ਲਈ ਦਰਵਾਜ਼ੇ ਖੁੱਲ੍ਹੇ ਹੁੰਦੇ ਹਨ। ਸਮਾਜ ਵਿੱਚ ਲਾਇਬਰੇਰੀ ਦੀਆਂ ਵੱਖੋ-ਵੱਖਰੀਆਂ ਕਿਸਮਾਂ ਹੋ ਸਕਦੀਆਂ ਹਨ, ਜਿਵੇਂ ਅਕਾਦਮਿਕ (ਸਕੂਲ, ਕਾਲਜ, ਯੂਨੀਵਰਸਿਟੀ), ਜਨਤਕ ਲਾਇਬਰੇਰੀ, ਵਿਸ਼ੇਸ਼ ਲਾਇਬਰੇਰੀ, ਕੌਮੀ ਜਾਂ ਰਾਜ ਲਾਇਬਰੇਰੀ। ਲਾਇਬਰੇਰੀ ਇਕ ਅਜਿਹਾ ਸ਼ਾਂਤ-ਮਈ ਸਥਾਨ ਮੰਨਿਆ ਗਿਆ ਹੈ ਜਿੱਥੇ ਬੈਠ ਕੇ ਕਿਤਾਬਾਂ ਸੰਗ ਸਾਂਝ ਪਾਉਂਦਿਆਂ ਪਾਠਕ ਆਪਣੇ ਰੋਜ਼ਾਨਾ ਜੀਵਨ ਦੇ ਤਣਾਅ ਤੋਂ ਮੁਕਤੀ ਪਾਉਂਦਾ ਹੈ। ਗਿਆਨ ਦੇ ਚਾਨਣ ਨਾਲ ਸਰਸ਼ਾਰ ਹੁੰਦਾ ਹੈ।

ਅੱਜ ਈ-ਲਾਇਬਰੇਰੀਆਂ ਸਥਾਪਤ ਹੋ ਗਈਆਂ ਹਨ। ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਮੰਨਿਆ ਜਾ ਰਿਹਾ ਹੈ। ਵਿਅਕਤੀ ਘਰ ਬੈਠੇ ਹੀ ਇੰਟਰਨੈਟ ਜ਼ਰੀਏ ਕੋਈ ਵੀ ਦੁਰਲਭ ਜਾਣਕਾਰੀ ਹਾਸਿਲ ਕਰ ਸਕਦਾ ਹੈ, ਪਰ ਗਿਆਨ ਦੀ ਜੋ ਸੋਝੀ ਕਿਤਾਬ ਪੜ੍ਹਨ ਰਾਹੀਂ ਹਾਸਿਲ ਹੁੰਦੀ ਹੈ, ਉਹ ਈ-ਲਾਇਬ੍ਰੇਰੀ ਰਾਹੀਂ ਸੰਭਵ ਨਹੀਂ। ਕਿਸੇ ਲਿਖਤ ਨੂੰ ਮੋਬਾਈਲ ਸਕਰੀਨ ’ਤੇ ਪੜ੍ਹਨ ਦੀ ਬਜਾਏ ਸਿੱਧਾ ਕਿਤਾਬ ’ਤੇ ਪੜ੍ਹਨਾ ਵਧੇਰੇ ਸਕੂਨਦਾਇਕ ਅਤੇ ਵਧੀਆ ਮਹਿਸੂਸ ਹੁੰਦਾ ਹੈ। ਦੂਜੇ ਪਾਸੇ ਗਲੋਬਲ ਈ-ਲਾਇਬਰੇਰੀਆਂ ਰਾਹੀਂ ਮਿਲਣ ਵਾਲੀ ਜ਼ਿਆਦਾਤਰ ਜਾਣਕਾਰੀ ਅੰਗਰੇਜ਼ੀ ਭਾਸ਼ਾ ‘ਚ ਹੀ ਉਪਲਬਧ ਹੁੰਦੀ ਹੈ। ਇਨ੍ਹਾਂ ਵਿਚ ਖੇਤਰੀ ਭਾਸ਼ਾਵਾਂ ਨੂੰ ਸੀਮਤ ਸਥਾਨ ਦਿੱਤਾ ਜਾਂਦਾ ਹੈ। ਕਿਤਾਬ ਪਾਠਕ ਨੂੰ ਇਕਾਗਰ ਕਰਕੇ ਸਬੰਧਤ ਵਿਸ਼ੇ ਨਾਲ ਜੋੜਨ ਦੇ ਸਮਰੱਥ ਹੁੰਦੀ ਹੈ।

ਅੱਜ ਨੌਜਵਾਨ ਪੀੜ੍ਹੀ ਦਾ ਲਾਇਬਰੇਰੀ ਨਾਲੋਂ ਟੁੱਟਣ ਦਾ ਇੱਕ ਕਾਰਨ ਇਹ ਵੀ ਹੈ ਕਿ ਬਹੁਤੇ ਪ੍ਰਕਾਸ਼ਕ ਕਿਤਾਬਾਂ ਨੂੰ ਕਮਾਈ ਦਾ ਸਾਧਨ ਬਣਾਉਣ ਲੱਗ ਪਏ ਹਨ। ਕਿਤਾਬ ਦਾ ਮੁੱਲ ਏਨਾ ਜ਼ਿਆਦਾ ਹੁੰਦਾ ਹੈ ਕਿ ਆਮ ਪਾਠਕ ਦੀ ਖਰੀਦ ਸ਼ਕਤੀ ਜਵਾਬ ਦੇ ਜਾਂਦੀ ਹੈ। ਸ਼ਾਇਦ ਇਸੇ ਕਰਕੇ ਪਾਠਕ ਪੁਸਤਕ ਨੂੰ ਖਰੀਦਣ ਦੀ ਬਜਾਏ ਕਿਤਾਬ ਦੇ ਪੀਡੀਐਫ ਰੂਪ ਦੀ ਤਲਾਸ਼ ਵਿਚ ਰਹਿੰਦੇ ਹਨ। ਕਿਤਾਬਾਂ ਦੇ ਪੀਡੀਐਫ ਰੂਪ ਬਹੁਤੀ ਵਾਰ ਮੋਬਾਈਲ ਫੋਨ ਦੀ ਸਪੇਸ ਹੀ ਘੇਰਦੇ ਹਨ, ਅਜਿਹੀ ਕਿਤਾਬ ਆਮ ਕਰ ਕੇ ਘੱਟ ਹੀ ਪੜ੍ਹੀ ਜਾਂਦੀ ਹੈ। ਅਜਿਹੀ ਕਿਤਾਬ ਪੜ੍ਹੀ ਨਾ ਜਾਣ ਕਾਰਨ ਇਸ ਵਿਚਲੇ ਵਿਚਾਰ ਪਾਠਕ ਦੀ ਸੋਚ ਦਾ ਹਿੱਸਾ ਨਹੀਂ ਬਣ ਸਕਦੇ। ਇਸ ਲਈ ਪ੍ਰਕਾਸ਼ਕਾਂ ਨੂੰ ਵਾਜਬ ਕੀਮਤ ’ਤੇ ਹੀ ਕਿਤਾਬਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।

ਸੂਚਨਾ ਕ੍ਰਾਂਤੀ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਲਾਇਬਰੇਰੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਸੀ। ਸਕੂਲਾਂ, ਮੰਦਰਾਂ, ਗੁਰਦੁਆਰਿਆਂ, ਮਸਜਿਦਾਂ ਵਿੱਚ ਲਾਇਬਰੇਰੀਆਂ ਸਥਾਪਿਤ ਸਨ। ਅੱਜ ਸਥਿਤੀ ਵੱਖਰੀ ਕਿਸਮ ਦੀ ਹੋ ਗਈ ਹੈ। ਸਕੂਲਾਂ ਵਿੱਚ ਬਹੁਤ ਘੱਟ ਲਾਇਬਰੇਰੀਆਂ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਲਾਇਬਰੇਰੀ ਹੈ, ਉਨ੍ਹਾਂ ਦੀ ਹਾਲਤ ਵੀ ਬਹੁਤੀ ਸਾਰਥਕ ਨਹੀਂ। ਸਕੂਲ ਲਾਇਬਰੇਰੀ ਦੀਆਂ ਬਹੁਤੀਆਂ ਅਸਾਮੀਆਂ ਖਾਲੀ ਪਈਆਂ ਹਨ। ਲਾਇਬਰੇਰੀ ਦਾ ਵਾਧੂ ਚਾਰਜ ਸਕੂਲ ਦੇ ਕਿਸੇ ਅਧਿਆਪਕ ਨੂੰ ਦੇ ਦਿੱਤਾ ਜਾਂਦਾ ਹੈ। ਕਿਤਾਬਾਂ ਦੇ ਨਿਗਰਾਨ ਤੋਂ ਬਿਨਾਂ ਲਾਇਬਰੇਰੀ ਨੂੰ ਸੁਚਾਰੂ ਤਰੀਕੇ ਨਾਲ ਨਹੀਂ ਚਲਾਇਆ ਜਾ ਸਕਦਾ। ਪੰਜਾਬ ਵਿੱਚ ਜ਼ਿਲ੍ਹਾ ਲਾਇਬਰੇਰੀਆਂ ਦੀ ਹਾਲਤ ਵੀ ਬਦਤਰ ਹੋ ਚੁੱਕੀ ਹੈ। ਜ਼ਿਲ੍ਹਾ ਲਾਇਬਰੇਰੀਆਂ ਵਿੱਚ ਕਰਮਚਾਰੀਆਂ ਦੀ ਘਾਟ, ਕਿਤਾਬਾਂ ਦੀ ਘਾਟ ਨੇ ਕਿਤਾਬ ਸਭਿਆਚਾਰ ਨੂੰ ਸੁੰਗੇੜ ਕੇ ਰੱਖ ਦਿੱਤਾ ਹੈ।

ਲਾਇਬਰੇਰੀ ਜਾ ਕੇ ਵਿਅਕਤੀ ਆਪਣੇ ਵਿਹਲੇ ਸਮੇਂ ਨੂੰ ਵਿਅਰਥ ਹੋਣ ਤੋਂ ਬਚਾਅ ਸਕਦਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਘੰਟਿਆਂ ਬੱਧੀ ਲਾਇਬਰੇਰੀ ਵਿੱਚ ਬੈਠਦੇ ਸਨ। ਪੁਸਤਕਾਂ ਦਾ ਅਧਿਐਨ ਕਰਦੇ ਸਨ। ਅਜੋਕੀ ਪੀੜ੍ਹੀ ਦੇ ਤਾਂ ਲਾਇਬਰੇਰੀ ਜਾਣਾ ਖ਼ਿਆਲਾਂ ਵਿਚ ਵੀ ਨਹੀਂ ਹੁੰਦਾ। ਇਹ ਪੀੜ੍ਹੀ ਲਾਇਬਰੇਰੀ ਜਾਣ ਦੇ ਕਾਰਜ ਨੂੰ ਸਮਾਂ ਵਿਅਰਥ ਕਰਨ ਦਾ ਕੰਮ ਸਮਝਦੀ ਹੈ। ਉਨ੍ਹਾਂ ਨੂੰ ਲਾਇਬਰੇਰੀ ਜਾਣ ਨਾਲੋਂ ਦੂਜੇ ਕੰਮ ਵਧੇਰੇ ਜ਼ਰੂਰੀ ਜਾਪਦੇ ਹਨ। ਇਸਦੇ ਬਾਵਜੂਦ ਅੱਜ ਵੀ ਪੜ੍ਹਨ ਵਾਲੇ ਪਾਠਕਾਂ ਦੀ ਲਾਇਬਰੇਰੀ ਨਾਲ ਜੁੜੀ ਚੇਟਕ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਪਾਠਕਾਂ ਨੂੰ ਮਨਪਸੰਦ ਕਿਤਾਬ ਮਿਲਣ ਸਮੇਂ ਉਸ ਦੇ ਚਿਹਰੇ ਦੀ ਖੁਸ਼ੀ ਇਕ ਲਾਇਬਰੇਰੀਅਨ ਲਈ ਬੇਹੱਦ ਮਹੱਤਵਪੂਰਨ ਹੈ। ਲਾਇਬਰੇਰੀਅਨ, ਪਾਠਕ ਅਤੇ ਕਿਤਾਬ ਤਿੰਨਾਂ ਦਾ ਸੁਮੇਲ ਇੱਕ ਚੰਗੀ ਲਾਇਬਰੇਰੀ ਹੋਣ ਦੇ ਅਰਥ ਰੱਖਦਾ ਹੈ।

ਅਧੁਨਿਕ ਸਮੇਂ ਵਿੱਚ ਲਾਇਬਰੇਰੀ ਨੈਟਵਰਕ ਦੀ ਸਹੂਲਤ ਵੀ ਉਪਲਬਧ ਹੈ। ਜਿਵੇਂ ਕਿ ਡਿਲਨੈੱਟ (ਡਿਵੈਲਪਿੰਗ ਲਾਇਬਰੇਰੀ ਨੈੱਟਵਰਕ) ਦੇ ਰਾਹੀਂ ਮੈਂਬਰਜ਼ ਲਾਇਬਰੇਰੀਆਂ ਵਿੱਚ ਕਿਤਾਬਾਂ ਦਾ ਅਦਾਨ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਜੋ ਪਾਠਕਾਂ ਦੀ ਲੋੜ ਨੂੰ ਬਿਨਾ ਸਮਾਂ ਗੁਆਏ ਆਸਾਨੀ ਨਾਲ ਪੂਰਾ ਕੀਤਾ ਜਾ ਸਕੇ। ਇਹ ਬੜਾ ਕਾਰਗਰ ਜ਼ਰੀਆ ਸਿੱਧ ਹੋ ਰਿਹਾ ਹੈ। ਲਾਇਬਰੇਰੀਆਂ ਸਾਡਾ ਸਮਾਜਿਕ ਘੇਰਾ ਵਿਸ਼ਾਲ ਕਰਨ ਦਾ ਕੰਮ ਵੀ ਕਰਦੀਆਂ ਹਨ। ਇੱਥੇ ਬੈਠ ਕੇ ਵਿਅਕਤੀ ਹੋਰਨਾਂ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ। ਲਾਇਬਰੇਰੀ ਸਾਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕਰਦੀ ਹੈ। ਲਾਇਬਰੇਰੀ ਦੇ ਕਿਸੇ ਕੋਨੇ ਵਿੱਚ ਬੈਠ ਕੇ ਕਿਤਾਬਾਂ ਦੇ ਅੰਗ-ਸੰਗ ਹੋਣ ਦਾ ਅਦਭੁਤ ਨਜ਼ਾਰਾ ਕਿਧਰੇ ਹੋਰ ਨਹੀਂ ਮਿਲ ਸਕਦਾ। ਜਮਹੂਰੀ ਇਨਕਲਾਬੀ ਲਹਿਰਾਂ ਦੀ ਪ੍ਰਫੁੱਲਤਾ ਅਤੇ ਕਾਮਯਾਬੀ ਵਿਚ ਕਿਤਾਬਾਂ ਦੇ ਯੋਗਦਾਨ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਚੇਤੇ ਰਹੇ ਕਿ ਕੌਮ ਦੇ ਹੀਰੇ ਸ਼ਹੀਦ ਭਗਤ ਸਿੰਘ ਜੇਲ੍ਹ ਵਿੱਚ ਅੰਤਿਮ ਦਿਨ ਤੱਕ ਕਿਤਾਬਾਂ ਪੜ੍ਹਦੇ ਰਹੇ।

ਆਧੁਨਿਕ ਤਕਨਾਲੋਜੀ ਦੇ ਬਹੁਤ ਸਾਰੇ ਫਾਇਦੇ ਹਨ ਪਰ ਨਾਲ-ਨਾਲ ਕਈ ਨੁਕਸਾਨ ਵੀ ਹਨ। ਇੰਟਰਨੈਟ ਦੀ ਵਰਤੋਂ ਨਾਲ ਅਸੀਂ ਬੇਸ਼ੱਕ ਸਾਰੀ ਜਾਣਕਾਰੀ ਮਿੰਟਾਂ-ਸਕਿੰਟਾਂ ਵਿੱਚ ਹਾਸਲ ਕਰ ਲੈਂਦੇ ਹਾਂ, ਅਦਾਨ-ਪ੍ਰਦਾਨ ਬਹੁਤ ਸੁਖਾਲਾ ਹੋ ਗਿਆ ਹੈ ਪਰ ਇੰਟਰਨੈਟ ਦੀ ਸਹੀ ਵਰਤੋਂ ਹੀ ਸਾਡੇ ਲਈ ਲਾਭਦਾਇਕ ਹੈ। ਗਲਤ ਵਰਤੋਂ ਮਨੁੱਖ ਨੂੰ ਕੁਰਾਹੇ ਵੀ ਪਾ ਸਕਦੀ ਹੈ। ਸੋ ਸਾਨੂੰ ਆਧੁਨਿਕ ਤਕਨਾਲੋਜੀ ਦੀ ਸਹੀ ਵਰਤੋਂ ਕਰਨ ਦੇ ਨਾਲ-ਨਾਲ ਕਿਤਾਬਾਂ ਨਾਲ ਜੁੜੇ ਰਹਿਣਾ ਵੀ ਬੇਹੱਦ ਜ਼ਰੂਰੀ ਹੈ ਤਾਂ ਜੋ ਅਤੀਤ ਨੂੰ ਪੜ੍ਹ ਕੇ ਅਸੀਂ ਆਪਣਾ ਭਵਿੱਖ ਸੁਧਾਰ ਸਕੀਏ। ਲਾਇਬਰੇਰੀ ਵਿਚਲੇ ਗਿਆਨ ਦਾ ਅਧਿਐਨ ਕਰਨ ਨਾਲ ਵਿਅਕਤੀ ਨਵੇਕਲੇ ਤਜਰਬੇ ਹਾਸਲ ਕਰਦਾ ਹੈ। ਚੰਗਾ ਸੋਚਣਾ ਤੇ ਬਿਹਤਰ ਜੀਵਨ ਜਿਉਣ ਦੀ ਜਾਚ ਸਿੱਖ ਜਾਂਦਾ ਹੈ। ਅੱਜ-ਕੱਲ੍ਹ ਬਹੁਤੀਆਂ ਲਾਇਬਰੇਰੀਆਂ ਕੌਫੀ ਹਾਊਸ ਬਣ ਕੇ ਰਹਿ ਗਈਆਂ ਹਨ ਜਿੱਥੇ ਬੈਠ ਕੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਗੱਪਾਂ ਮਾਰ ਕੇ ਵਾਪਸ ਚਲੇ ਜਾਂਦੇ ਹਨ। ਸਾਡੇ ਸਮਾਜ ਵਿੱਚ ਲਾਇਬਰੇਰੀਆਂ ਨੂੰ ਬਾਕੀ ਸਮਾਜਿਕ ਗਤੀਵਿਧੀਆਂ ਨਾਲੋਂ ਬਹੁਤ ਘੱਟ ਤਰਜੀਹ ਦਿੱਤੀ ਜਾਂਦੀ ਹੈ। ਸਰਕਾਰ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਯੋਜਨਾਵਾਂ, ਨੀਤੀਆਂ, ਪ੍ਰੋਗਰਾਮ ਲਾਗੂ ਕਰਨ ਵਿੱਚ ਸਰਕਾਰ ਹਮੇਸ਼ਾ ਅਸਮਰੱਥ ਰਹੀ ਹੈ। ਵਿੱਤੀ ਘਾਟੇ ਨੇ ਲਾਇਬਰੇਰੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਰਕਾਰ ਨੂੰ ਜਨਤਕ ਲਾਇਬਰੇਰੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਲਾਇਬਰੇਰੀਆਂ ਨੂੰ ਕਿਤਾਬਾਂ ਮੁਫ਼ਤ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਖਾਲੀ ਅਸਾਮੀਆਂ ਨੂੰ ਭਰਨਾ ਚਾਹੀਦਾ ਹੈ। ਸਰਕਾਰ ਨੂੰ ਲਾਇਬਰੇਰੀਆਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਨੌਜਵਾਨ ਵਰਗ ਦੇ ਧੁੰਦਲਾ ਰਹੇ ਭਵਿੱਖ ਨੂੰ ਅੱਖਰ ਗਿਆਨ ਦੀ ਰੌਸ਼ਨੀ ਰਾਹੀਂ ਮੁੜ ਤੋਂ ਰੁਸ਼ਨਾਇਆ ਜਾ ਸਕੇ।

ਲਾਇਬਰੇਰੀਅਨ, ਕੋਟਕਪੂਰਾ।

ਸੰਪਰਕ: 99420-35000

Leave a Reply

Your email address will not be published. Required fields are marked *