ਗ਼ਦਰੀ ਲਹਿਰ ਦੇ ਆਗੂ ਭਾਈ ਰਣਧੀਰ ਸਿੰਘ

ਡਾ. ਹਰਦੀਪ ਸਿੰਘ ਝੱਜ

ਗ਼ਦਰ ਲਹਿਰ (1913) ਨੇ ਅਨੇਕਾਂ ਦੇਸ਼ ਭਗਤ ਪੈਦਾ ਕੀਤੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਉਲੀਕੇ ਨਿਸ਼ਾਨਿਆਂ ’ਤੇ ਚੱਲਦਿਆਂ ਤਸੀਹੇ ਝੱਲੇ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਯੋਧਿਆਂ ’ਚੋਂ ਭਾਈ ਰਣਧੀਰ ਸਿੰਘ ਨਾਰੰਗਵਾਲ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਗ਼ਦਰ ਲਹਿਰ ਦੀ ਜਾਗ ਭਾਰਤੀ ਲੋਕਾਂ ਵਿਚ ਲਾਈ ਤੇ ਅੰਗਰੇਜ਼ ਹਕੂਮਤ ਵਿਰੁੱਧ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਸਰਗਰਮ ਹਿੱਸਾ ਲੈਣ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਕੈਦ ਕੱਟਣੀ ਪਈ। ਭਾਈ ਰਣਧੀਰ ਸਿੰਘ ਦਾ ਜਨਮ ਮਾਲਵੇ ਦੇ ਪਿੰਡ ਨਾਰੰਗਵਾਲ, ਜ਼ਿਲ੍ਹਾ ਲੁਧਿਆਣਾ ਵਿਚ 25 ਹਾੜ ਸੰਮਤ 1935 ਬਿਕ੍ਰਮੀ ਮੁਤਾਬਕ 7 ਜੁਲਾਈ, 1878 ਨੂੰ ਮਾਤਾ ਪੰਜਾਬ ਕੌਰ ਅਤੇ ਨੱਥਾ ਸਿੰਘ ਗਰੇਵਾਲ ਦੇ ਘਰ ਹੋਇਆ। ਭਾਈ ਸਾਹਿਬ ਦੀ ਮਾਤਾ ਛੇਵੇਂ ਤੇ ਸੱਤਵੇਂ ਗੁਰੂ ਸਾਹਿਬ ਦੇ ਅਨਿਨ ਸਿੱਖ ਭਾਈ ਭਗਤੂ ਦੇ ਪਰਿਵਾਰ ਵਿੱਚੋਂ ਸਨ। ਰਣਧੀਰ ਸਿੰਘ ਨੇ ਆਪਣੀ ਸਕੂਲੀ ਵਿੱਦਿਆ ਨਾਭੇ ਤੋਂ ਹਾਸਲ ਕੀਤੀ। ਪਿਤਾ ਦੀ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਹਾਸਲ ਹੋਣ ਕਰਕੇ ਭਾਈ ਸਾਹਿਬ ਨੂੰ ਮੁੱਢਲੀ ਪੜ੍ਹਾਈ ਪ੍ਰਾਪਤ ਕਰਨ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਈ। ਦਸਵੀਂ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਰਣਧੀਰ ਸਿੰਘ ਨੇ ਕ੍ਰਿਸਚੀਅਨ ਕਾਲਜ ਲਾਹੌਰ ਵਿਚ ਦਾਖਲਾ ਲਿਆ। ਇੱਥੇ ਹੀ 1909 ਵਿਚ ਪਿਤਾ ਦੀ ਚਿੱਠੀ ਮਗਰੋਂ ਗੁਰਬਾਣੀ ਦਾ ਪਾਠ ਸ਼ੁਰੂ ਕੀਤਾ।

ਕਾਲਜ ਤੋਂ ਪੜ੍ਹਾਈ ਪੂਰੀ ਕਰਦਿਆਂ ਭਾਈ ਸਾਹਿਬ ਲੁਧਿਆਣੇ ਜ਼ਿਲ੍ਹੇ ਵਿਚ ਨਾਇਬ ਤਹਿਸੀਲਦਾਰ ਦੀ ਹੈਸੀਅਤ ਵਿਚ ਮੈਡੀਕਲ ਡਾਕਟਰ ਫਿਫ਼ਰ ਦੇ ਅਸਿਸਟੈਂਟ ਲੱਗ ਗਏ। ਮਗਰੋਂ ਫ਼ਲੌਰ ਨੇੜੇ ਇਕ ਛੋਟੇ ਪਿੰਡ ਵਿਚ ਸਾਰੇ ਪੰਥ ਵੱਲੋਂ ਅੰਮ੍ਰਿਤ ਸੰਚਾਰ ਕਰਨ ਲਈ ਕਾਨਫ਼ਰੰਸ ਹੋਈ। ਇਸ ਵਿਚ ਕੁੱਲ 35 ਸੱਜਣਾਂ ਨੂੰ ਅੰਮ੍ਰਿਤ ਛਕਾਇਆ ਗਿਆ। ਇਨ੍ਹਾਂ ਵਿਚ ਭਾਈ ਸਾਹਿਬ ਵੀ ਇਕ ਸਨ। ਭਾਈ ਸਾਹਿਬ ਦਾ ਪਹਿਲਾ ਨਾਂ ਬਸੰਤ ਸਿੰਘ ਸੀ ਪਰ ਅੰਮ੍ਰਿਤ ਛਕਣ ਮਗਰੋਂ ਰਣਧੀਰ ਸਿੰਘ ਰੱਖਿਆ ਗਿਆ।

1914 ਵਿਚ ਜਦੋਂ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਦੀਵਾਰ ਢਾਹੁਣ ਦੀ ਘਟਨਾ ਵਾਪਰੀ। ਉਦੋਂ ਭਾਈ ਰਣਧੀਰ ਸਿੰਘ ਪਹਿਲੇ ਸਤਿਆਗ੍ਰਹੀ ਦੇ ਤੌਰ ’ਤੇ ਜਥਾ ਲੈ ਕੇ 3 ਮਈ, 1914 ਈ: ਵਿਚ ਲਾਹੌਰ ਪਹੁੰਚੇ। ਇੱਥੇ ਰੋਸ ਵਜੋਂ ਸਿੱਖਾਂ ਦਾ ਵੱਡਾ ਸਮਾਗਮ ਹੋ ਰਿਹਾ ਸੀ। 19 ਮਈ, 1914 ਨੂੰ ਖ਼ਾਲਸਾ ਸੰਗਤ ਨਾਰੰਗਵਾਲ ਨੇ ਵਾਇਸਰਾਏ ਚਾਰਲਸ-ਹਾਰਡਿੰਗ (1910-1916) ਨੂੰ ਰਕਾਬਗੰਜ ਦੇ ਗੁਰਦੁਆਰੇ ਦੀ ਕੰਧ ਢਾਹੇ ਜਾਣ ਦਾ ਰੋਸ ਪ੍ਰਗਟ ਕਰਨ ਲਈ ਤਾਰ ਭੇਜੀ। ਜਗਜੀਤ ਸਿੰਘ ਨੇ ਆਪਣੀ ਪੁਸਤਕ ‘ਗ਼ਦਰ ਪਾਰਟੀ ਲਹਿਰ’ (1955) ਦੇ ਸਫ਼ਾ ਨੰ. 126 ’ਤੇ ਲਿਖਿਆ ਹੈ, ‘‘ਰਕਾਬਗੰਜ ਗੁਰਦੁਆਰੇ ਦੀ ਬਾਹਰੀ ਕੰਧ ਅੰਗਰੇਜ਼ਾਂ ਵੱਲੋਂ ਢਾਹੇ ਜਾਣ ਦੇ ਮਸਲੇ ਨੇ ਧਾਰਮਿਕ ਵਿਚਾਰਾਂ ਦੇ ਸਿੱਖਾਂ ਵਿਚ ਕਾਫ਼ੀ ਬੇਚੈਨੀ ਪੈਦਾ ਕੀਤੀ ਹੋਈ ਸੀ, ਜਿਸ ਵਿਚ ਸੰਤ ਰਣਧੀਰ ਸਿੰਘ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।’’ ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਭਾਈ ਸਾਹਿਬ ਵੀਰ ਸਿੰਘ ਖ਼ਾਲਸਾ ਸਮਾਚਾਰ ਵਿਚ ਨਿਰੰਤਰ ਉਹ ਮਤੇ ਛਾਪਦੇ ਰਹੇ, ਜਿਹੜੇ ਅੰਗਰੇਜ਼ਾਂ ਵੱਲੋਂ ਰਕਾਬਗੰਜ ਦੀ ਕੰਧ ਢਾਹੁਣ ’ਤੇ ਰੋਸ ਪ੍ਰਗਟ ਕਰਨ ਲਈ ਉਨ੍ਹਾਂ ਕੋਲ ਸਿੱਖਾਂ ਵੱਲੋਂ ਪਹੁੰਚੇ ਸਨ। 21 ਫਰਵਰੀ, 1915 ਨੂੰ ਗ਼ਦਰ ਦੀ ਤਾਰੀਖ਼ ਨਿਸ਼ਚਿਤ ਕੀਤੀ ਗਈ ਪਰ ਕਿਸੇ ਗੱਦਾਰ ਨੇ ਸਾਰਾ ਭੇਦ ਪਹਿਲਾਂ ਹੀ ਬ੍ਰਿਟਿਸ਼ ਸਰਕਾਰ ਕੋਲ ਪਹੁੰਚਾ ਦਿੱਤਾ। ਮਗਰੋਂ ਅੰਗਰੇਜ਼ੀ ਸਰਕਾਰ ਨੇ ਐਸਾ ਦਮਨ ਚੱਕਰ ਚਲਾਇਆ ਕਿ ਗ਼ਦਰ ਲਹਿਰ ਦੇ ਸਰਗਰਮ ਆਗੂਆਂ ਸਮੇਤ ਭਾਈ ਰਣਧੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਗ਼ਦਰੀ ਆਗੂਆਂ ਦੀ ਹਰ ਮੀਟਿੰਗ ਵਿਚ ਹਿੱਸਾ ਲੈਣ ਨੂੰ ਤਤਪਰ ਸਨ ਪਰ ਕਿਸੇ ਅਮੀਰ ਦੇ ਘਰ ਡਕੈਤੀ ਕਰਕੇ ਰੁੁਪਿਆ ਇੱਕਠਾ ਕਰਨਾ ਪਾਪ ਸਮਝਦੇ ਸਨ। ਦੂਜੇ ਲਾਹੌਰ ਸਾਜਿਸ਼ ਕੇਸ ਵਿਚ ਜਿਨ੍ਹਾਂ 48 ਆਜ਼ਾਦੀ ਦੇ ਪ੍ਰਵਾਨਿਆਂ ਨੂੰ ਉਮਰ ਕੈਦ ਹੋਈ, ਭਾਈ ਸਾਹਿਬ ਉਨ੍ਹਾਂ ਵਿੱਚੋਂ ਇਕ ਸਨ। ਮਗਰੋਂ ਰਣਧੀਰ ਸਿੰਘ ਨੂੰ 30 ਮਾਰਚ, 1916 ’ਚ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਕੈਦ ਕੀਤਾ ਗਿਆ। ਇਥੇ ਉਹ ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਸਾਥੀਆਂ ਨਾਲ ਇੱਕਠੇ ਹੋ ਗਏ। ਲਾਹੌਰ ਜੇਲ੍ਹ ਵਿਚ ਕੁਝ ਦਿਨ ਰਹਿਣ ਪਿੱਛੋਂ ਭਾਈ ਸਾਹਿਬ ਨੂੰ 4 ਅਪਰੈਲ 1916 ਨੂੰ ਰਾਤ ਦੇ 9 ਵਜੇ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ। ਇਥੇ ਭਾਈ ਸਾਹਿਬ ਦੁਆਰਾ 13 ਮਈ ਤਕ ਕਰੀਬ 40 ਦਿਨ ਭੁੱਖ-ਹੜਤਾਲ ਕੀਤੀ ਗਈ।

1921 ਈ: ਵਿਚ ਉਨ੍ਹਾਂ ਨੂੰ ਹਜ਼ਾਰੀ ਬਾਗ਼ ਦੀ ਜੇਲ੍ਹ ਤੋਂ ਤਬਦੀਲ ਕਰਕੇ ਮਦਰਾਸ ਦੀ ਰਾਜ ਮੰਦਰੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਸ ਜੇਲ੍ਹ ਵਿਚ ਬੈਠ ਕੇ ਉਨ੍ਹਾਂ ‘ਗੁਰਮਤਿ ਬਿਬੇਕ’ ਪੁਸਤਕ ਦਾ ਖਰੜਾ ਤਿਆਰ ਕੀਤਾ। ਪਹਿਲੀ ਦਸੰਬਰ, 1922 ਨੂੰ ਉਨ੍ਹਾਂ ਨੂੰ ਨਾਗਪੁਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਅਸਹਿ ਤਸੀਹੇ ਦਿੱਤੇ ਗਏ। ਇਨ੍ਹਾਂ ਅਤਿਆਚਾਰਾਂ ਦੀ ਖ਼ਬਰ ਮਦਰਾਸ ਦੇ ਪ੍ਰਸਿੱਧ ਹਫ਼ਤਾਵਾਰ ਅਖ਼ਬਾਰ ‘ਸਵਾਰਾਜਯ’ ਦੇ ਸੰਪਾਦਕ ਟੀ. ਪ੍ਰਕਾਸ਼ਨ ਦੁਆਰਾ ਜ਼ਬਰਦਸਤ ਲੇਖਾਂ ਰਾਹੀਂ ਦਿੱਤੀ ਗਈ। ਇਥੇ ਭਾਈ ਸਾਹਿਬ ਨੇ ਆਪਣਾ ਮਹਾਂਕਾਵਿ ‘ਜੋਤਿ ਵਿਗਾਸ’ ਲਿਖਿਆ। ਭਾਈ ਸਾਹਿਬ ਦੀ ਬਦੌਲਤ ਹੀ ਸਿੰਘਾਂ ਨੂੰ ਜੇਲ੍ਹਾਂ ਵਿਚ ਦਸਤਾਰੇ ਸਜਾਣ ਦੀ ਆਗਿਆ ਮਿਲੀ ਅਤੇ ਕੜੇ, ਕਛਹਿਰੇ ਵੀ ਮਿਲੇ। ਆਖ਼ਰ 16 ਵਰ੍ਹੇ ਕੈਦ ਕੱਟਣ ਮਗਰੋਂ 1932 ਈ: ਵਿਚ ਰਿਹਾਈ ਹੋਈ। ਸੰਨ 1932 ਤੋਂ 1961 ਤੱਕ ਦਾ ਸਮਾਂ ਭਾਈ ਸਾਹਿਬ ਨੇ ਅਖੰਡ-ਪਾਠਾਂ, ਅਖੰਡ ਕੀਰਤਨ ਮੰਡਲਾਂ ਵਿਚ ਹਿੱਸਾ ਲੈਂਦਿਆਂ ਬਤੀਤ ਕੀਤਾ।

ਭਾਈ ਸਾਹਿਬ ਦਾ ਜੀਵਨ ਬਹੁ-ਪੱਖੀ ਅਤੇ ਸਰਬ-ਪੱਖੀ ਸੰਪੂਰਨ ਸੀ। ਉਹ ਅਤੁੱਟ ਨਾਮ-ਅਭਿਆਸੀ, ਕੀਰਤਨ-ਰਸੀਅੜੇ, ਅਣਥੱਕ ਕੀਰਤਨੀਏ, ਕਥਨੀ ਤੇ ਕਰਨੀ ਦੇ ਸੂਰੇ, ਰਹਿਤ ਰਹਿਣੀ ਵਿਚ ਪੂਰੇ, ਸਿੱਖੀ ਸਿਦਕ ਵਿਚ ਦ੍ਰਿੜ, ਬੀਰ-ਰਸ ਭਰਭੂਰ, ਸੱਚੇ ਗੁਰਮਤਿ ਖੋਜੀ ਅਤੇ ਗੁਰਮਤਿ ਸਿਧਾਂਤਾਂ ਦੇ ਨਿਧੜਕ ਵਿਆਖਿਆਕਾਰ ਸਨ। ਪੰਜਾਬੀ ਸਾਹਿਤ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਗੁਰਮਤਿ ਸਾਹਿਤ ਸਿਰਜਣਾ ਹੈ। ਭਾਈ ਸਾਹਿਬ ਨੇ 40 ਦੇ ਕਰੀਬ ਰਚਨਾਵਾਂ ਲਿਖ ਕੇ ਸਿੱਖ ਸਾਹਿਤ ਦੇ ਭੰਡਾਰ ਨੂੰ ਹੀ ਨਹੀਂ ਭਰਿਆ ਸਗੋਂ ਇਨ੍ਹਾਂ ਲਿਖਤਾਂ ਦੁਆਰਾ ਗੁਰਮਤਿ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਸਿੱਖ ਧਰਮ ਦੇ ਪ੍ਰਚਾਰ ਦੀ ਨਿਸ਼ਕਾਮ ਸੇਵਾ ਕੀਤੀ ਹੈ।

ਆਖ਼ਰ ਭਾਈ ਰਣਧੀਰ ਸਿੰਘ ਦੇਸ਼ ਕੌਮ ਅਤੇ ਮਨੁੱਖਤਾ ਨੂੰ ਮਹਾਨ ਵਿਰਸਾ ਭੇਟ ਕਰਕੇ 83 ਸਾਲ ਦੀ ਉਮਰ ਭੋਗ ਕੇ 16 ਅਪਰੈਲ 1961 ਨੂੰ ਇਸ ਫ਼ਾਨੀ ਸੰਸਾਰ ਤੋਂ ਸਵੇਰੇ ਸੱਤ ਵਜੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਸਕਾਰ ਗੁਜਰਵਾਲ ਤੇ ਨਾਰੰਗਵਾਲ ਵਿਚਾਲੇ ਇਕ ਢਾਬ ’ਤੇ ਹੋਇਆ। ਭਾਈ ਰਣਧੀਰ ਸਿੰਘ ਦੀ ਕੀਤੀ ਕੁਰਬਾਨੀ ਗੁਰਮਤਿ ਦੇ ਜਗਿਆਸੂਆਂ ਲਈ ਹਮੇਸ਼ਾ ਪ੍ਰੇਰਣਾ ਦਾ ਕੇਂਦਰ ਬਣੀ ਰਹੇਗੀ।

Leave a Reply

Your email address will not be published. Required fields are marked *