ਗੁਰਬਾਣੀ: ਸਮਾਜਿਕ ਬਰਾਬਰੀ ਦੀ ਅੰਤਰ-ਦ੍ਰਿਸ਼ਟੀ ਦਾ ਸ੍ਰੋਤ

ਡਾ.ਰਾਜਿੰਦਰ ਕੌਰ*

ਡਾ. ਜਤਿੰਦਰ ਸਿੰਘ**

ਹਿੰਦੋਸਤਾਨੀ ਸਮਾਜ ਦਾ ਤਾਣਾ-ਬਾਣਾ ਬੜਾ ਗੁੰਝਲਦਾਰ ਹੈ। ਇੱਥੋਂ ਦੇ ਲੋਕ ਕਈ ਜਾਤਾਂ, ਧਰਮਾਂ ਤੇ ਜ਼ੁਬਾਨਾਂ ਦੀਆਂ ਤੰਦਾਂ ਵਿਚ ਬੱਝੇ ਹੋਏ ਹਨ ਅਤੇ ਇਨ੍ਹਾਂ ਵਖਰੇਵਿਆਂ ਕਾਰਨ ਵੰਡੀਆਂ ਦਾ ਵੀ ਸ਼ਿਕਾਰ ਹਨ। ਜਾਤ, ਜਮਾਤ, ਜ਼ੁਬਾਨ ਤੇ ਮਜ਼ਹਬ ਦੇ ਤੰਦ ਪੇਚੀਦਾ ਵੀ ਹਨ। ਇਨ੍ਹਾਂ ਤੰਦਾਂ ਨੂੰ ਸਮਝਣਾ ਤੇ ਸੁਲਝਾਉਣਾ ਹੋਰ ਵੀ ਕਠਿਨ ਬਣ ਜਾਂਦਾ ਹੈ ਜਦੋਂ ਸਮਾਜ ਤੰਗਨਜ਼ਰ ਹੋਵੇ। ਜਮਾਤ ਦਾ ਸਿੱਧਾ ਸਬੰਧ ਅਰਥ ਵਿਵਸਥਾ ਨਾਲ ਹੈ ਅਤੇ ਜਾਤ ਨੂੰ ਸਮਝਣ ਲਈ ਸਮਾਜ-ਵਿਗਆਨੀਆਂ ਨੇ ਪੁਸ਼ਤਾਂ, ਉਚਾਨ ਨਿਵਾਣ, ਜਾਤੀ ਦਰਜਾਬੰਦੀ ਜਿਹੇ ਸੰਕਲਪਾਂ ਨੂੰ ਆਧਾਰ ਬਣਾਇਆ।

2011 ਦੀ ਜਨਗਣਨਾ ਮੁਤਾਬਿਕ ਪੰਜਾਬ ਵਿਚ ਦਲਿਤ ਲੋਕ 31.9 ਫ਼ੀਸਦੀ ਸਨ, ਪਰ ਕੌਮੀ ਅਪਰਾਧ ਬਿਓਰੋ ਦੇ 2019 ਦੇ ਅੰਕੜਿਆਂ ਮੁਤਾਬਿਕ 46,000 ਅਪਰਾਧਾਂ ਵਿਚੋਂ 2019 ਵਿਚ ਅਨੁਸੂਚਿਤ ਜਾਤੀ ਵਿਰੁੱਧ ਸਭ ਤੋਂ ਘੱਟ 166 ਕੇਸ ਦਰਜ ਹੋਏ। ਇਸ ਦਾ ਮੁੱਖ ਕਾਰਨ ਗੁਰੂ ਸਾਹਿਬਾਨ ਵੱਲੋਂ ਸਰਬ-ਸਾਂਝੀਵਾਲਤਾ, ਮਾਨਵਤਾ ਦੀਆਂ ਸਿੱਖਿਆਵਾਂ ਤੇ ਮਾਰਗ-ਦਰਸ਼ਨ ਹੈ। ਸੰਗਤ ਤੇ ਪੰਗਤ ਦੇ ਸੰਕਲਪ ਨੇ ਇਸ ਨੂੰ ਬਲ ਦਿੱਤਾ। ਲੰਗਰ ਪ੍ਰਥਾ ਸ਼ੁਰੂ ਕਰਕੇ ਗੁਰੂ ਸਾਹਿਬਾਨ ਨੇ ਹਰੇਕ ਵਰਗ, ਜਾਤ ਦੇ ਲੋਕਾਂ ਨੂੰ ਇਕ ਹੀ ਪੰਗਤ ਵਿਚ ਬਿਠਾ ਕੇ ਭੋਜਨ ਛਕਾਉਣ ਰਾਹੀਂ ਜਾਤ ਅਤੇ ਜਮਾਤ ਦੇ ਵਧਦੇ ਪਾੜੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਮੰਤਵ ਸਮਾਜ ਵਿਚ ਫੈਲੇ ਜਾਤ-ਪਾਤ ਅਤੇ ਭੇਦ-ਭਾਵ, ਸਮਾਜਿਕ ਨਾਬਰਾਬਰੀ ਅਤੇ ਕਰਮ-ਕਾਂਡਾਂ ਦੀ ਨਿਖੇਧੀ ਕਰਨਾ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਗਿਆਨ ਪ੍ਰਾਪਤੀ ਦਾ ਅਧਿਕਾਰ ਸਿਰਫ਼ ਉੱਚ ਸ਼੍ਰੇਣੀ ਜਾਂ ਜਾਤ ਦੇ ਲੋਕਾਂ ਕੋਲ ਹੀ ਨਹੀਂ ਸਗੋਂ ਹੱਥੀਂ ਕਿਰਤ ਕਰਨ ਵਾਲੇ ਕਾਮਿਆਂ ਕੋਲ ਵੀ ਹੋਣਾ ਚਾਹੀਦਾ ਹੈ। ਭਗਤ ਕਬੀਰ ਜੀ ਕੱਪੜਾ ਬੁਣਨ ਅਤੇ ਭਗਤ ਰਵਿਦਾਸ ਜੀ ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ। ਭਾਰਤੀ ਸੰਵਿਧਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਦੇਖਦੇ ਹਾਂ ਤਾਂ ਉਨ੍ਹਾਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਨਵਤਾ ਦੀ ਬਰਾਬਰੀ ਦੀ ਗੱਲ ਕੀਤੀ ਗਈ ਹੈ:

ਅਵਲਿ ਅਲਹ ਨੂਰੁ ਉਪਾਇਆ ਕੁਦਰਿਤ ਕੇ ਸਭ ਬੰਦੇ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥

(ਭਗਤ ਕਬੀਰ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1349)

ਇਸੇ ਤਰ੍ਹਾਂ ਭਾਰਤੀ ਸੰਵਿਧਾਨ ਵਿਚ ਵੀ ਬਰਾਬਰੀ ਦੀ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ। ਜਦੋਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਤਿਆਰ ਕੀਤੀ ਜਾ ਰਹੀ ਸੀ ਤਾਂ ਗੈਰ-ਵਿਤਕਰਾ (non-discrimination) ਦੇ ਸੰਕਲਪ ਨੂੰ ਅਨੁਛੇਦ 15 ਦੇ ਅਧੀਨ ਵਿਚਾਰਿਆ ਗਿਆ। ਇਸ ਅਨੁਛੇਦ ਵਿਚ ਸਭ ਤੋਂ ਪਹਿਲਾਂ ਇਹ ਤੈਅ ਕੀਤਾ ਗਿਆ ਕਿ ਰਾਜ ਵਿਚ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਨਸਲ, ਲਿੰਗ ਅਤੇ ਜਨਮ ਅਸਥਾਨ ਦੇ ਆਧਾਰ ’ਤੇ ਭੇਦ-ਭਾਵ ਨਹੀਂ ਕੀਤਾ ਜਾਵੇਗਾ ਅਤੇ ਇਸ ਅਨੁਛੇਦ ਵਿਚ ਪ੍ਰਾਵਧਾਨ ਰੱਖਿਆ ਗਿਆ ਕਿ ਜਨਤਕ ਥਾਵਾਂ ’ਤੇ ਕਿਸੇ ਵੀ ਨਾਗਰਿਕ ਲਈ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਾ ਹੋਵੇ। ਗੁਰੂ ਨਾਨਕ ਸਾਹਿਬ ਨੇ ਵੀ ਨਿਮਨ ਵਰਗ ਦੇ ਲੋਕਾਂ ਨਾਲ ਆਪਣਾ ਪਿਆਰ ਸਨੇਹ ਦਰਸਾਇਆ ਅਤੇ ਉਨ੍ਹਾਂ ਨੇ ਜਾਤ-ਪਾਤ ਅਧੀਨ ਛੂਤ-ਛਾਤ ਦੇ ਕੁਹਜਾਂ ਨੂੰ ਖ਼ਤਮ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਰਤੀ ਲੋਕਾਂ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਫ਼ਰਮਾਇਆ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

(ਗੁਰੂ ਨਾਨਕ ਸਾਹਿਬ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਅੰਗ 15)

ਇਸੇ ਤਰ੍ਹਾਂ ਭਾਰਤੀ ਸੰਵਿਧਾਨ ਦਾ ਅਨੁਛੇਦ 17 ਛੂਤ-ਛਾਤ ਬਾਰੇ ਹੈ ਕਿ ਜਿਹੜੇ ਲੋਕ ਕਿਸੇ ਦੂਜੇ ਵਿਅਕਤੀ ਪ੍ਰਤੀ ਛੂਤ-ਛਾਤ ਦੀ ਭਾਵਨਾ ਰੱਖਣਗੇ, ਉਨ੍ਹਾਂ ਨੂੰ ਸਖ਼ਤ ਸਜ਼ਾ ਵੀ ਦਿੱਤੀ ਜਾਵੇਗੀ ਅਤੇ ਅਨੁਛੇਦ 18 ਕਿਸੇ ਵਿਅਕਤੀ ਨੂੰ ਨਾਮ ਦੀ ਉਪਾਧੀ ਦੇਣ ਤੋਂ ਰੋਕ ਲਗਾਉਂਦਾ ਹੈ।

ਮੱਧਕਾਲ ਵਿਚ ਜਾਤੀ ਵਿਵਸਥਾ ਗੁੰਝਲਦਾਰ ਹੁੰਦੀ ਗਈ ਤਾਂ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਭਾਵਨਾ, ਮਾਨਵਤਾ ਦੇ ਸੰਦੇਸ਼ ਰਾਹੀਂ ਜਾਤੀ ਵਿਵਸਥਾ ਕਾਰਨ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ। ਉਨ੍ਹਾਂ ਨੇ ਜਾਤ ਦੀ ਥਾਂ ਕਿਰਤ/ਕੰਮ ਦੀ ਮਹਾਨਤਾ ਉੱਪਰ ਜ਼ੋਰ ਦਿਤਾ:

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥

ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥

(ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1330)

ਗੁਰੂ ਨਾਨਕ ਸਾਹਿਬ ਵੱਲੋਂ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਚੁਣਨਾ ਜਾਤੀ ਵਿਵਸਥਾ ਵਿਰੁੱਧ ਹੋਕਾ ਸੀ। ਉਨ੍ਹਾਂ ਨੂੰ ਨਾਲ ਲੈ ਕੇ ਹਿੰਦੋਸਤਾਨ ਅਤੇ ਉਸ ਤੋਂ ਵੀ ਪਾਰ ਪੈਦਲ ਚਾਰ ਉਦਾਸੀਆਂ ਕੀਤੀਆਂ ਅਤੇ ਸਮੁੱਚੇ ਸਮਾਜ ਵਿਚ ਫੈਲੇ ਜਾਤੀ ਵਿਵਸਥਾ ਦੇ ਕੋਹੜ ਨੂੰ ਸਮਝਣ ਅਤੇ ਉਸ ਤੋਂ ਨਿਜਾਤ ਪਾਉਣ ਦਾ ਉਪਰਾਲਾ ਕੀਤਾ। ਉਨ੍ਹਾਂ ਨੇ ਵਿਅਕਤੀ ਦੇ ਕੰਮ ਦੀ ਮਹਾਨਤਾ ਦਰਸਾਉਣ ’ਤੇ ਜ਼ੋਰ ਦਿੱਤਾ। ਇਸ ਕਰਕੇ ਉਨ੍ਹਾਂ ਅੰਤਲੇ 20 ਸਾਲ ਕਰਤਾਰਪੁਰ ਵਿਖੇ ਖੇਤੀਬਾੜੀ ਦਾ ਕੰਮ ਕੀਤਾ। ਸਿਰਫ਼ ਗੁਰੂ ਨਾਨਕ ਦੇਵ ਜੀ ਨੇ ਹੀ ਜਾਤਪਾਤ ਦਾ ਵਿਰੋਧ ਨਹੀਂ ਕੀਤਾ ਸਗੋਂ ਬਾਕੀ ਸਿੱਖ ਗੁਰੂ ਸਾਹਿਬਾਨ ਨੇ ਵੀ ਅਜਿਹਾ ਕੀਤਾ। ਗੁਰੂ ਅਮਰਦਾਸ ਜੀ ਨੇ ਵੀ ਜਾਤ ਦੇ ਘਮੰਡ ਬਾਰੇ ਉਚਾਰਿਆ:

ਜਾਤਿ ਕਾ ਗਰਬੁ ਨ ਕਰੀਅਹੁ ਕੋਈ॥

ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥

ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥

(ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1127)

ਗੁਰੂ ਅਮਰਦਾਸ ਜੀ ਲਿਖਦੇ ਹਨ ਕਿ ਬੰਦੇ ਨੂੰ ਜਾਤ ’ਤੇ ਮਾਣ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਸ ਮਾਣ ਨਾਲ ਬਹੁਤ ਸਾਰੀਆਂ ਬੁਰਾਈਆਂ ਆਉਂਦੀਆਂ ਹਨ।

ਗੁਰੂ ਅਰਜਨ ਦੇਵ ਜੀ ਲਿਖਦੇ ਹਨ ਕਿ ਹਰ ਮਨੁੱਖ ਨੂੰ ਰੱਬ ਨੇ ਬਣਾਇਆ ਹੈ। ਕਿਸੇ ਕੋਈ ਅਧਿਕਾਰ ਨਹੀਂ ਹੈ ਕਿ ਜਾਤ ਅਤੇ ਵਰਣ ਪ੍ਰਣਾਲੀ ਦੇ ਆਧਾਰ ’ਤੇ ਕਿਸੇ ਨਾਲ ਵਿਤਕਰਾ ਕਰੇ। ਇਸੇ ਤਰਜ਼ ’ਤੇ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ’ਤੇ ਜ਼ੁਲਮਾਂ ਦੀ ਰੋਕਥਾਮ ਕਾਨੂੰਨ 1989 ਵਿਚ ਇਸ ਆਧਾਰ ’ਤੇ ਭੇਦ-ਭਾਵ ਦੀ ਮਨਾਹੀ ਕਰਨ,ਅੱਤਿਆਚਾਰ ਨੂੰ ਰੋਕਣ ਲਈ ਬਣਾਇਆ ਗਿਆ ਹੈ ਅਤੇ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਖ਼ਿਲਾਫ਼ ਨਫ਼ਰਤ ਰੋਕਣ ਲਈ ਇਸ ਕਾਨੂੰਨ ਰਾਹੀਂ ਅਖੌਤੀ ਨਿਮਨ ਜਾਤੀ ਦੇ ਲੋਕਾਂ ਨੂੰ ਸਮਾਜਿਕ ਮੁੱਖ-ਧਾਰਾ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਇਕ ਮਿਸਾਲ ਦੇਖੋ:

ਹਸਤ ਖੇਲਤ ਤੇਰੇ ਦੇਹੁਰੇ ਆਇਆ॥

ਭਗਤਿ ਕਰਤ ਨਾਮਾ ਪਕਰਿ ਉਠਾਇਆ॥1॥

ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥

ਛੀਮੇ ਕੇ ਜਨਮਿ ਕਾਹੇ ਕਉ ਆਇਆ॥ ਰਹਾਓ ॥

(ਭਗਤ ਨਾਮਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1164)

ਭਗਤ ਕਬੀਰ ਜੀ ਜਾਤ ਵਿਵਸਥਾ ਦੇ ਵਿਰੋਧ ਵਿਚ ਬ੍ਰਾਹਮਣਵਾਣੀ ਵਿਚਾਰਧਾਰਾ ਵਾਲੇ ਬੰਦਿਆਂ ਨਾਲ ਤਰਕ ਦੀ ਭਾਸ਼ਾ ਨਾਲ ਵਿਅੰਗ ਕਰਦੇ ਹਨ:

ਗਰਭ ਵਾਸ ਮਹਿ ਕੁਲੁ ਨਹੀਂ ਜਾਤੀ॥

ਬ੍ਰਹਮ ਬਿੰਦੁ ਤੇ ਸਭ ਉਤਪਾਤੀ॥

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥

ਬਾਮਨ ਕਹਿ ਕਹਿ ਜਨਮੁ ਮਤ ਖੋਏ॥1॥ ਰਹਾਉ।।

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥

ਤਉ ਆਨ ਬਾਟ ਕਾਹੇ ਨਹੀ ਆਇਆ॥

(ਭਗਤ ਕਬੀਰ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 324)

ਸੰਵਿਧਾਨ ਦੀ ਪ੍ਰਸਤਾਵਨਾ ਦੇ ਚੌਖਟੇ ਵਿਚ ਵੀ ਮਨੁੱਖਤਾ ਦੇ ਬਰਾਬਰੀ ਅਤੇ ਆਦਰਸ਼ਕ ਸਮਾਜ ਦਾ ਤਸੱਵਰ ਕੀਤਾ ਗਿਆ ਹੈ ਜੋ ਭਗਤ ਰਵਿਦਾਸ ਜੀ ਦੇ ਸ਼ਬਦ ‘ਬੇਗਮਪੁਰਾ ਸਹਰ ਕਉ ਨਾਉ’ ਦੀ ਭਾਵਨਾ ਦੇ ਅਨੁਕੂਲ ਹੈ:

ਬੇਗਮ ਪੁਰਾ ਸਹਰ ਕੋ ਨਾਉ॥

ਦੂਖੁ ਅੰਦੋਹੁ ਨਹੀ ਤਿਹਿ ਠਾਉ॥

ਨਾਂ ਤਸਵੀਸ ਖਿਰਾਜੁ ਨ ਮਾਲੁ॥

ਖਉਫੂ ਨ ਖਤਾ ਨ ਤਰਸੁ ਜਵਾਲੁ॥

ਅਬ ਮੋਹਿ ਖੂਬ ਵਤਨ ਗਹ ਪਾਈ॥

ਊਹਾਂ ਖੈਰਿ ਸਦਾ ਮੇਰੇ ਭਾਈ॥ਰਹਾਓ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 345)

‘ਬੇਗਮਪੁਰਾ’ ਭਗਤ ਰਵਿਦਾਸ ਜੀ ਦੁਆਰਾ ਕਲਪਿਤ ਕੀਤਾ ਗਿਆ ਰਾਜ ਹੈ ਜਿੱਥੇ ਸਾਰੇ ਬਰਾਬਰ ਹਨ, ਆਰਥਿਕ ਸਥਿਤੀ ਦੇ ਆਧਾਰ ’ਤੇ ਕੋਈ ਫ਼ਰਕ ਨਹੀਂ ਹੈ ਕਿਉਂਕਿ ਸਮਾਨਤਾ ਦਾ ਅਧਿਕਾਰ ਸਭ ਤੋਂ ਉੱਪਰ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿਚ ਵੀ ‘ਰੁਤਬੇ ਦੀ ਸਮਾਨਤਾ’ ਅਤੇ ਮੌਕੇ ਦੀ ਸਮਾਨਤਾ’ ਦਾ ਜ਼ਿਕਰ ਕੀਤਾ ਗਿਆ:

“ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇਕ ਖ਼ੁਦਮੁਖਤਾਰ, ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰੀ ਗਣਰਾਜ ਬਣਾਉਣ ਲਈ ਅਤੇ ਉਸ ਦੇ ਸਭ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਿਆਂ, ਵਿਚਾਰ ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਸੁਤੰਤਰਤਾ, ਪ੍ਰਤਿਸ਼ਠਾ ਅਤੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਲਈ ਅਤੇ ਉਨ੍ਹਾਂ ਸਭਨਾਂ ਵਿਚਕਾਰ ਵਿਅਕਤੀ ਦਾ ਗੌਰਵ ਸੁਨਿਸ਼ਚਤ ਕਰਨ ਵਾਲਾ ਭਾਈਚਾਰਾ ਵਧਾਉਣ ਲਈ ਦ੍ਰਿੜ ਹੋ ਕੇ ਆਪਣੀ ਸੰਵਿਧਾਨ ਸਭਾ ਵਿਚ ਨਵੰਬਰ 1949 ਦੀ ਛੱਬੀਵੇਂ ਦਿਨ ਇਸ ਦੁਆਰਾ ਇਸ ਸੰਵਿਧਾਨ ਨੂੰ ਅੰਗੀਕਾਰ ਕਰਦੇ ਐਕਟ, ਐਕਟ ਬਣਾਉਂਦੇ ਅਤੇ ਆਪਣੇ ਆਪ ਨੂੰ ਅਰਪਤਿ ਕਰਦੇ ਹਾਂ।”

(ਭਾਰਤੀ ਸੰਵਿਧਾਨ, ਪ੍ਰਸਤਾਵਨਾ, ਪੰਨਾ 40)

‘ਬੇਗਮਪੁਰਾ’ ਸ਼ਬਦ ਵਿਚ ਉਸ ਸ਼ਹਿਰ ਦਾ ਤਸੱਵਰ ਹੈ ਜਿੱਥੇ ਦੁੱਖ, ਡਰ ਅਤੇ ਤਣਾਅ ਜਾਂ ਫ਼ਿਕਰ ਨਹੀਂ ਹੈ। ਜਿਸ ਆਦਰਸ਼ ਰਾਜ ਦੀ ਭਗਤ ਰਵਿਦਾਸ ਜੀ ਨੇ ਕਲਪਨਾ ਕੀਤੀ, ਉਸ ਦਾ ਜ਼ਿਕਰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਹੈ। ਇਸ ਆਦਰਸ਼ਕ ਸ਼ਹਿਰ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਹੈ ਜੇਕਰ ਜਾਤ-ਪਾਤ ਦੇ ਭੇਦ-ਭਾਵ ਨੂੰ ਖ਼ਤਮ ਕਰਕੇ ਕਿਰਤ ਦੀ ਮਹੱਤਤਾ ਨੂੰ ਪਛਾਣਿਆ ਜਾਵੇ। ਜਦੋਂ ਤੱਕ ਕਿਰਤ ਨੂੰ ਜਾਤ ਨਾਲ ਜੋੜਿਆ ਜਾਂਦਾ ਰਹੇਗਾ, ਉਦੋਂ ਜਾਤ-ਪਾਤ ਦਾ ਭੇਦ-ਭਾਵ ਵਧੇਗਾ। ਮੌਜੂਦਾ ਹਾਲਾਤ ਵਿਚ ਕਾਨੂੰਨੀ ਅਤੇ ਸੰਵਿਧਾਨਕ ਤੌਰ ’ਤੇ ਕਿਰਤ ਸਬੰਧੀ ਲੋੜੀਂਦੀ ਵਿਚਾਰ ਚਰਚਾ ਸਾਹਮਣੇ ਨਹੀਂ ਆਉਂਦੀ ਭਾਵੇਂ ਇਸ ਦੇ ਸਮਰੂਪ ਜਾਤ ਤੇ ਜਮਾਤ ਬਾਰੇ ਕਈ ਸੰਵਾਦ ਰਚਾਏ ਜਾਂਦੇ ਹਨ। ਇਸ ਕਰਕੇ ਮੌਜੂਦਾ ਸਮੇਂ ਵਿਚ ਜਾਤ ਵਰਗੀ ਭਿਅੰਕਰ ਵਿਵਸਥਾ ਨੂੰ ਗੁਰਬਾਣੀ ਅਤੇ ਸੰਵਿਧਾਨ ਦੇ ਅਰਥਾਂ ਵਿਚ ਸਮਝ ਕੇ ਇਸ ਤੋਂ ਨਿਜਾਤ ਪਾਉਣ ਦਾ ਸਾਰਥਕ ਉਪਰਾਲਾ ਕਰਨਾ ਸਮੇਂ ਦੀ ਮੁੱਖ ਲੋੜ ਹੈ।

* ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, * * ਪੀ.ਜੀ. ਸਰਕਾਰੀ ਕਾਲਜ, ਸੈਕਟਰ-11, ਚੰਡੀਗੜ੍ਹ।

Leave a Reply

Your email address will not be published. Required fields are marked *