ਸੁੱਖ ਸਿਰਫ਼ ਇਕ ਨਜ਼ਰੀਆ ਦੂਰ

ਕਰਮ ਸਿੰਘ ਜ਼ਖ਼ਮੀ

ਜੀਵਨ ਦੀਆਂ ਰੋਜ਼ਾਨਾ ਗਤੀਵਿਧੀਆਂ ਵਿਚ ਸਾਡੀ ਮੁਲਾਕਾਤ ਬਹੁਤ ਸਾਰੇ ਅਜਿਹੇ ਲੋਕਾਂ ਨਾਲ ਹੋ ਜਾਂਦੀ ਹੈ, ਜਿਨ੍ਹਾਂ ਨੂੰ ਅਕਸਰ ਇਹ ਸ਼ਿਕਾਇਤ ਹੁੰਦੀ ਹੈ ਕਿ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਪਰੇਸ਼ਾਨ ਹਨ। ਕਿਸੇ ਨੂੰ ਦੁੱਖ ਹੈ ਕਿ ਉਸ ਦੇ ਸੰਤਾਨ ਨਹੀਂ ਹੋ ਰਹੀ ਅਤੇ ਕਿਸੇ ਹੋਰ ਨੂੰ ਦੁੱਖ ਹੈ ਕਿ ਸੰਤਾਨ ਉਸ ਦਾ ਕਹਿਣਾ ਨਹੀਂ ਮੰਨਦੀ। ਕੋਈ ਦਾਰੂ ਪੀ ਕੇ ਗਾਲ੍ਹਾਂ ਕੱਢਣ ਵਾਲੇ ਆਪਣੇ ਪਤੀ ਤੋਂ ਦੁਖੀ ਹੈ ਅਤੇ ਕੋਈ ਕਿਸੇ ਹੋਰ ਮਰਦ ਵੱਲ ਝੁਕਾਅ ਰੱਖਦੀ ਆਪਣੀ ਪਤਨੀ ਤੋਂ। ਕਿਸੇ ਨੂੰ ਲੱਗਦਾ ਹੈ ਕਿ ਉਸ ਨੂੰ ਉਸ ਦਾ ਕੋਈ ਰਿਸ਼ਤੇਦਾਰ ਤੰਗ ਕਰ ਰਿਹਾ ਹੈ ਅਤੇ ਕਈ ਆਪਣੇ ਦੋਸਤਾਂ ਦੀ ਬੇਰੁਖ਼ੀ ਤੋਂ ਦੁਖੀ ਹੋਏ ਮਹਿਸੂਸ ਕਰਦੇ ਹਨ। ਲਗਭਗ ਸਾਰੇ ਹੀ ਅਜਿਹੀ ਚਰਚਾ ਕਰਦੇ ਵੀ ਨਹੀਂ ਥੱਕਦੇ ਕਿ ਜਿਹੜੇ ਲੋਕ ਉਨ੍ਹਾਂ ਨੂੰ ਦੁਖੀ ਕਰ ਰਹੇ ਹਨ, ਉਨ੍ਹਾਂ ਲਈ ਬਿਪਤਾ ਦੇ ਸਮੇਂ ਵਿਚ ਉਨ੍ਹਾਂ ਨੇ ਕੀ ਕੀ ਕੀਤਾ ਹੈ, ਜੋ ਦੁਨੀਆਂ ਦਾ ਕੋਈ ਹੋਰ ਵਿਅਕਤੀ ਕਰ ਹੀ ਨਹੀਂ ਸੀ ਸਕਦਾ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਤਾਂ ਕਦੇ ਕਿਸੇ ਦਾ ਬੁਰਾ ਕਰਨ ਬਾਰੇ ਸੋਚ ਹੀ ਨਹੀਂ ਸਕਦੇ, ਪਰ ਜਿਨ੍ਹਾਂ ਦਾ ਉਹ ਹਮੇਸ਼ਾਂ ਭਲਾ ਕਰਦੇ ਹਨ, ਉਹੀ ਬਦਲੇ ਵਿਚ ਉਨ੍ਹਾਂ ਨੂੰ ਦੁਖੀ ਕਰਨਾ ਸ਼ੁਰੂ ਕਰ ਦਿੰਦੇ ਹਨ।

ਸਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਦੁਖੀ ਹੁੰਦੇ ਕਿਉਂ ਹਾਂ? ਜਦੋਂ ਅਸੀਂ ਪਰਤ ਦਰ ਪਰਤ ਆਪਣੇ ਦੁੱਖ ਦਾ ਅਸਲੀ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਮ ਤੌਰ ’ਤੇ ਸਾਨੂੰ ਇਸ ਦਾ ਮੁੱਖ ਕਾਰਨ ਇਹੋ ਹੀ ਦਿਖਾਈ ਦਿੰਦਾ ਹੈ ਕਿ ਜੀਵਨ ਵਿਚ ਜਿਵੇਂ ਅਸੀਂ ਚਾਹੁੰਦੇ ਹਾਂ, ਉਵੇਂ ਨਹੀਂ ਹੋ ਰਿਹਾ। ਮਤਲਬ ਇਹ ਕਿ ਅਸੀਂ ਇਸ ਕਰਕੇ ਦੁਖੀ ਹੋ ਰਹੇ ਹਾਂ ਕਿ ਸਾਡੀ ਮਰਜ਼ੀ ਪੂਰੀ ਨਹੀਂ ਹੋ ਰਹੀ। ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਵਿਚ ਜੋ ਕੁਝ ਵੀ ਹੋਵੇ, ਉਹ ਸਾਡੀ ਮਰਜ਼ੀ ਮੁਤਾਬਿਕ ਹੋਵੇ। ਜ਼ਿੰਦਗੀ ਜਿਊਣ ਦਾ ਸਾਡਾ ਨਜ਼ਰੀਆ ਇੱਥੇ ਹੀ ਗੜਬੜਾ ਜਾਂਦਾ ਹੈ। ਅਸੀਂ ਇਹ ਸੋਚਣਾ ਹੀ ਬੰਦ ਕਰ ਦਿੰਦੇ ਹਾਂ ਕਿ ਸਾਡੇ ਨਾਲ ਜੋ ਹੋਰ ਲੋਕ ਇਸ ਦੁਨੀਆਂ ਵਿਚ ਜਿਊਂ ਰਹੇ ਹਨ, ਉਨ੍ਹਾਂ ਦੀ ਵੀ ਤਾਂ ਕੋਈ ਆਪਣੀ ਮਰਜ਼ੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਸਾਡੀ ਮਰਜ਼ੀ ਮੁਤਾਬਿਕ ਹੋਵੇ ਤਾਂ ਅਸੀਂ ਦੂਜਿਆਂ ਬਾਰੇ ਅਜਿਹਾ ਕਿਉਂ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਜੀਵਨ ਵੀ ਉਨ੍ਹਾਂ ਦੀ ਆਪਣੀ ਮਰਜ਼ੀ ਮੁਤਾਬਿਕ ਹੋਵੇ। ਜਦੋਂ ਅਸੀਂ ਅਜਿਹਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਦੁਨੀਆਂ ਦੇ ਹੋਰ ਲੋਕ ਵੀ ਸਾਡੀ ਮਰਜ਼ੀ ਮੁਤਾਬਿਕ ਜਿਊਣ ਤਾਂ ਸਾਡਾ ਇਹੀ ਨਜ਼ਰੀਆ ਸਾਡੇ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਦੁਨੀਆਂ ਦਾ ਕੋਈ ਵੀ ਹੋਰ ਵਿਅਕਤੀ ਸਾਨੂੰ ਦੁਖੀ ਕਰ ਸਕਦਾ ਹੈ? ਮੇਰੇ ਖ਼ਿਆਲ ਵਿਚ ਅਸੀਂ ਆਪਣੇ ਦੁੱਖ ਦਾ ਕਾਰਨ ਕਿਸੇ ਵਿਅਕਤੀ ਜਾਂ ਵਰਤਾਰੇ ਨੂੰ ਬਣਾ ਤਾਂ ਸਕਦੇ ਹਾਂ, ਪਰ ਅਸਲ ਵਿਚ ਕੋਈ ਵੀ ਵਿਅਕਤੀ ਜਾਂ ਵਰਤਾਰਾ ਸਾਨੂੰ ਦੁਖੀ ਨਹੀਂ ਕਰ ਰਿਹਾ ਹੁੰਦਾ। ਨਿਰਸੰਦੇਹ ਆਪਣੇ ਆਪ ਨੂੰ ਦੁਖੀ ਕਰਨ ਦਾ ਕਾਰਨ ਅਸੀਂ ਖ਼ੁਦ ਹੀ ਬਣਦੇ ਹਾਂ। ਮੰਨ ਲਵੋ ਕਿ ਅਸੀਂ ਕਿਸੇ ਆਪਣੇ ਮਿੱਤਰ ਦੀ ਬਿਪਤਾ ਵਿਚ ਮਦਦ ਕੀਤੀ, ਪਰ ਜਦੋਂ ਸਾਨੂੰ ਲੋੜ ਪਈ ਤਾਂ ਉਹ ਮਦਦ ਕਰਨ ਤੋਂ ਕਿਨਾਰਾ ਕਰ ਗਿਆ। ਅਜਿਹੇ ਸਮੇਂ ਵਿਚ ਸਾਡੇ ਕੋਲ ਸੋਚਣ ਲਈ ਦੋ ਤਰ੍ਹਾਂ ਦਾ ਨਜ਼ਰੀਆ ਹੋ ਸਕਦਾ ਹੈ। ਪਹਿਲਾ ਇਹ ਕਿ ਜਿਹੜਾ ਮਿੱਤਰ ਸਾਡੀ ਮਦਦ ਨਹੀਂ ਕਰ ਸਕਿਆ, ਉਸ ਦੀ ਕੋਈ ਨਾ ਕੋਈ ਮਜਬੂਰੀ ਜ਼ਰੂਰ ਹੋਵੇਗੀ, ਨਹੀਂ ਤਾਂ ਉਹ ਹਰ ਹਾਲਤ ਵਿਚ ਸਾਡੀ ਮਦਦ ਕਰਦਾ। ਸਾਡਾ ਦੂਜਾ ਨਜ਼ਰੀਆ ਇਹ ਵੀ ਹੋ ਸਕਦਾ ਹੈ ਕਿ ਸਬੰਧਿਤ ਦੋਸਤ ਦੋਸਤੀ ਦੇ ਯੋਗ ਹੀ ਨਹੀਂ ਸੀ, ਉਸ ’ਤੇ ਭਰੋਸਾ ਹੀ ਨਹੀਂ ਕਰਨਾ ਚਾਹੀਦਾ ਸੀ। ਪਹਿਲੀ ਤਰ੍ਹਾਂ ਦਾ ਨਜ਼ਰੀਆ ਸਾਨੂੰ ਅਜਿਹੀਆਂ ਪ੍ਰਸਥਿਤੀਆਂ ਵਿਚ ਵੀ ਸ਼ਾਂਤ ਰੱਖਣ ਵਿਚ ਸਹਾਈ ਹੁੰਦਾ ਹੈ ਅਤੇ ਦੂਜੀ ਤਰ੍ਹਾਂ ਦਾ ਨਜ਼ਰੀਆ ਸਾਨੂੰ ਦੁਖੀ ਜਾਂ ਪਰੇਸ਼ਾਨ ਕਰਨ ਦਾ ਕਾਰਨ ਬਣਦਾ ਹੈ।

ਅਕਸਰ ਹੀ ਅਜਿਹਾ ਹੁੰਦਾ ਹੈ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜੇਕਰ ਕਿਸੇ ਦੀ ਕਾਰ ਜਾਂ ਸਕੂਟਰ ਸਾਡੇ ਵਾਹਨ ਨਾਲ ਥੋੜ੍ਹੀ ਜਿਹੀ ਵੀ ਟਕਰਾ ਜਾਵੇ ਤਾਂ ਅਸੀਂ ਝੱਟ ਅੱਗ-ਬਬੂਲਾ ਹੋ ਜਾਂਦੇ ਹਾਂ ਅਤੇ ਸਾਹਮਣੇ ਵਾਲੇ ਨੂੰ ਦੋਸ਼ੀ ਠਹਿਰਾ ਕੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ। ਅਸੀਂ ਪੱਕਾ ਫ਼ੈਸਲਾ ਕਰ ਲਿਆ ਹੋਇਆ ਹੈ ਕਿ ਸਾਡੇ ਕੋਲੋਂ ਤਾਂ ਕਦੇ ਵੀ ਕਿਸੇ ਵੀ ਹਾਲਤ ਵਿਚ ਕੋਈ ਗ਼ਲਤੀ ਹੋ ਹੀ ਨਹੀਂ ਸਕਦੀ, ਇਸ ਲਈ ਹਰ ਵਰਤਾਰੇ ਲਈ ਅਸੀਂ ਦੂਜੇ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਹੁੰਦਾ ਹੈ। ਗੱਲ ਤਾਂ ਸਿਰਫ਼ ਇੰਨੀ ਹੀ ਹੁੰਦੀ ਹੈ ਕਿ ਜੇਕਰ ਗ਼ਲਤੀ ਸਾਡੇ ਕੋਲੋਂ ਹੋਈ ਹੋਵੇ ਤਾਂ ਸਾਹਮਣੇ ਵਾਲੇ ਵਿਅਕਤੀ ਤੋਂ ਮੁਆਫ਼ੀ ਮੰਗ ਕੇ ਮਸਲਾ ਹੱਲ ਹੋ ਸਕਦਾ ਹੈ ਅਤੇ ਜੇਕਰ ਗ਼ਲਤੀ ਦੂਜੇ ਵਿਅਕਤੀ ਦੀ ਹੋਵੇ ਤਾਂ ਉਸ ਨੂੰ ਮੁਆਫ਼ ਕਰ ਕੇ ਗੱਲ ਨਿਬੇੜੀ ਜਾ ਸਕਦੀ ਹੈ। ਅਸੀਂ ਕਦੇ ਸੋਚਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕਿ ਜਦੋਂ ਅਸੀਂ ਗੁੱਸੇ ਵਿਚ ਆ ਕੇ ਕਿਸੇ ਨੂੰ ਗਾਲ੍ਹ ਕੱਢਦੇ ਹਾਂ ਤਾਂ ਅਸੀਂ ਆਪਣੇ ਆਪ ਦਾ ਕਿੰਨਾ ਨੁਕਸਾਨ ਕਰ ਬਹਿੰਦੇ ਹਾਂ। ਕਿਸੇ ਨੂੰ ਗਾਲ੍ਹ ਕੱਢਣ ਲਈ ਪਹਿਲਾਂ ਖ਼ੁਦ ਨੂੰ ਤੰਦੂਰ ਵਾਂਗ ਤਪਣਾ ਪੈਂਦਾ ਹੈ ਕਿਉਂਕਿ ਸਹਿਜ ਸੁਭਾਅ ਵਿਚ ਤਾਂ ਗਾਲ੍ਹ ਕੱਢੀ ਹੀ ਨਹੀਂ ਜਾ ਸਕਦੀ ਅਤੇ ਜੇਕਰ ਕੋਈ ਕੱਢ ਵੀ ਦੇਵੇ ਤਾਂ ਉਹ ਨਿਰਾ ਮਜ਼ਾਕ ਜਿਹਾ ਹੀ ਲੱਗਦੀ ਹੈ।

ਕਿਸੇ ਨੂੰ ਲੱਗਦਾ ਹੈ ਕਿ ਸੋਹਣੇ-ਸੋਹਣੇ ਕੱਪੜੇ ਪਹਿਨਣ ਨਾਲ, ਸੋਹਣੇ-ਸੋਹਣੇ ਘਰਾਂ ਵਿਚ ਰਹਿਣ ਨਾਲ, ਸੋਹਣੇ-ਸੋਹਣੇ ਪਕਵਾਨ ਖਾਣ ਨਾਲ ਜਾਂ ਸੋਹਣੇ ਵਿਅਕਤੀਆਂ ਦਾ ਸਾਥ ਮਾਣਨ ਨਾਲ ਵਿਅਕਤੀ ਸੁਖੀ ਹੋ ਸਕਦਾ ਹੈ, ਪਰ ਜਿਨ੍ਹਾਂ ਲੋਕਾਂ ਕੋਲ ਇਹ ਸਭ ਕੁਝ ਭਰਪੂਰ ਮਾਤਰਾ ਵਿਚ ਹੁੰਦਾ ਹੈ, ਉਨ੍ਹਾਂ ਨੂੰ ਵੀ ਦੁੱਖ ਦੀ ਭੱਠੀ ਵਿਚ ਬਲਦੇ ਦੇਖਿਆ ਜਾ ਸਕਦਾ ਹੈ। ਕਿਸੇ ਅਮੀਰ ਵਿਅਕਤੀ ਨੂੰ ਦੇਖ ਕੇ ਕਿਸੇ ਗ਼ਰੀਬ ਵਿਅਕਤੀ ਦਾ ਦੁਖੀ ਹੋਣਾ ਸੁਭਾਵਿਕ ਹੈ, ਪਰ ਕਿਸੇ ਅਮੀਰ ਵਿਅਕਤੀ ਦਾ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਆਪਣਾ ਸਾਰਾ ਪੈਸਾ ਖ਼ਰਚਣ ਲਈ ਤਿਆਰ ਹੋ ਜਾਣਾ, ਇਹ ਸਾਬਤ ਕਰਦਾ ਹੈ ਕਿ ਸੁੱਖ ਬਾਹਰੋਂ ਨਹੀਂ ਮਿਲਦਾ ਬਲਕਿ ਸੁੱਖ ਦਾ ਕਾਰਨ ਸਾਡੇ ਅੰਦਰ ਹੈ। ਜੇਕਰ ਕਿਸੇ ਚੀਜ਼ ਦਾ ਮਿਲ ਜਾਣਾ ਸਾਨੂੰ ਸੁਖੀ ਕਰ ਸਕਦਾ ਹੈ ਤਾਂ ਉਸ ਚੀਜ਼ ਦਾ ਖੁੱਸ ਜਾਣ ਦਾ ਡਰ ਸਾਨੂੰ ਪਹਿਲਾਂ ਨਾਲੋਂ ਵੀ ਵੱਧ ਦੁਖੀ ਕਰਦਾ ਹੈ। ਉਦਾਹਰਣ ਵਜੋਂ ਜੇਕਰ ਕਿਸੇ ਦੇ ਬੱਚਾ ਨਾ ਹੋਵੇ ਤਾਂ ਉਹ ਦੁਖੀ ਤਾਂ ਹੁੰਦਾ ਹੈ, ਪਰ ਜੇਕਰ ਬੱਚਾ ਹੋਣ ਤੋਂ ਬਾਅਦ ਮਰ ਜਾਵੇ ਤਾਂ ਉਸ ਦਾ ਦੁੱਖ ਪਹਿਲਾਂ ਨਾਲੋਂ ਵੀ ਕਈ ਗੁਣਾ ਵਧ ਹੁੰਦਾ ਹੈ।

ਅਸੀਂ ਦੇਖਦੇ ਹਾਂ ਕਿ ਨਸ਼ੇੜੀ ਵਿਅਕਤੀ ਨਸ਼ੇ ਕਰ-ਕਰ ਕੇ ਕਿਵੇਂ ਆਪਣੇ ਆਪ ਨੂੰ ਦੁਖੀ ਕਰ ਰਹੇ ਹਨ। ਖ਼ਤਰਨਾਕ ਤੋਂ ਖ਼ਤਰਨਾਕ ਨਸ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਆਪਣੀਆਂ ਬੇਸ਼ੁਮਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਇਨ੍ਹਾਂ ਨਸ਼ਿਆਂ ਦੀ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ। ਹਸਪਤਾਲਾਂ ਵਿਚ ਜਾ ਕੇ ਦੇਖਿਆ ਜਾਵੇ ਤਾਂ ਅਜਿਹੇ ਨਸ਼ੇੜੀਆਂ ਨਾਲ ਬੈੱਡ ਭਰੇ ਪਏ ਹਨ। ਡਾਕਟਰਾਂ ਦੇ ਵੱਸ ਪੈਣ ਤੋਂ ਬਾਅਦ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਟੀਕਿਆਂ ਅਤੇ ਕਰਵਾਏ ਜਾ ਰਹੇ ਟੈਸਟਾਂ ਦਾ ਸੰਤਾਪ ਉਨ੍ਹਾਂ ਨੂੰ ਹੋਰ ਦੁਖੀ ਕਰਦਾ ਹੈ। ਜੇਕਰ ਅਸੀਂ ਤੁਲਨਾਤਮਕ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਵੱਲੋਂ ਪੈਦਾ ਕੀਤਾ ਹੋਇਆ ਗੁੱਸਾ, ਕਰੋਧ, ਫ਼ਿਕਰ ਅਤੇ ਤਣਾਓ ਉਨ੍ਹਾਂ ਵੱਲੋਂ ਵਰਤੇ ਜਾਣ ਵਾਲੇ ਨਸ਼ਿਆਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਜੇਕਰ ਉਨ੍ਹਾਂ ਨੇ ਆਪਣੇ ਸਰੀਰ ਨੂੰ ਤਬਾਹ ਕਰਨ ਲਈ ਬਾਹਰੋਂ ਜ਼ਹਿਰ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਆਪਣੇ ਸਰੀਰ ਨੂੰ ਤਬਾਹ ਕਰਨ ਲਈ ਸਰੀਰ ਦੇ ਅੰਦਰ ਹੀ ਜ਼ਹਿਰ ਪੈਦਾ ਕਰਨਾ ਸ਼ੁਰੂ ਕਰ ਲਿਆ ਹੈ। ਆਪਣੇ ਆਪ ਦੇ ਮਿੱਤਰ ਤਾਂ ਦੋਵੇਂ ਹੀ ਨਹੀਂ ਬਣੇ ਬਲਕਿ ਦੋਵਾਂ ਨੇ ਹੀ ਆਪਣੇ ਆਪ ਨਾਲ ਰੱਜ ਕੇ ਦੁਸ਼ਮਣੀ ਨਿਭਾਈ ਹੈ।

ਜਦੋਂ ਅਸੀਂ ਸੋਚਦੇ ਹਾਂ ਕਿ ਦੁਨੀਆਂ ਵਿਚ ਸਾਡੇ ਆਲੇ-ਦੁਆਲੇ ਜੁੜੇ ਹੋਏ ਸਾਰੇ ਹੀ ਲੋਕ ਸਾਡੇ ਦੁਸ਼ਮਣ ਹਨ ਅਤੇ ਸਾਡੇ ਦੁੱਖਾਂ ਦਾ ਕਾਰਨ ਵੀ ਇਹੋ ਹੀ ਹਨ ਤਾਂ ਕਈ ਵਾਰ ਅਸੀਂ ਅਜਿਹਾ ਫ਼ੈਸਲਾ ਵੀ ਕਰ ਲੈਂਦੇ ਹਾਂ ਕਿ ਦੁਨੀਆਂ ਦੇ ਸਾਰੇ ਝੰਜਟ ਵਿਚੋਂ ਨਿਕਲ ਕੇ ਅਤੇ ਕਿਸੇ ਧਾਰਮਿਕ ਸਥਾਨ ਵਿਚ ਜਾ ਕੇ ਬਾਕੀ ਬਚਿਆ ਜੀਵਨ ਪਰਮਾਤਮਾ ਲੇਖੇ ਲਗਾ ਦਿੱਤਾ ਜਾਵੇ ਕਿਉਂਕਿ ਅਸੀਂ ਦੁਨਿਆਵੀ ਵਰਤਾਰੇ ਨੂੰ ਭੋਗ-ਭੋਗ ਕੇ ਬੁਰੀ ਤਰ੍ਹਾਂ ਅੱਕ ਵੀ ਚੁੱਕੇ ਹੁੰਦੇ ਹਾਂ। ਧਾਰਮਿਕ ਸਥਾਨ ਵਿਚ ਜਾ ਕੇ ਸਾਡੇ ਸਾਹਮਣੇ ਪਹਿਲਾਂ ਨਾਲੋਂ ਵੱਖਰੀਆਂ ਹੀ ਸਹੀ, ਪਰ ਕਈ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਵੀ ਸਿਰ ਚੁੱਕ ਕੇ ਖੜ੍ਹੀਆਂ ਹੋ ਜਾਂਦੀਆਂ ਹਨ। ਪਹਿਲਾਂ ਸਾਨੂੰ ਲੱਗਦਾ ਸੀ ਕਿ ਦੁਨੀਆਂ ਦੇ ਲੋਕ ਹੀ ਸਾਡੇ ਦੁੱਖਾਂ ਦਾ ਕਾਰਨ ਹਨ, ਪਰ ਹੁਣ ਲੱਗਣ ਲੱਗ ਪਿਆ ਹੈ ਕਿ ਸਾਡੇ ਦੁੱਖਾਂ ਦਾ ਕਾਰਨ ਸਾਡੇ ਪਿਛਲੇ ਜਨਮਾਂ ਵਿਚ ਕੀਤੇ ਸਾਡੇ ਮਾੜੇ ਕਰਮ ਹਨ। ਅਸੀਂ ਕਿਤੇ ਵੀ ਚਲੇ ਜਾਈਏ, ਪਰ ਇਕ ਗੱਲ ਪੱਕੀ ਹੈ ਕਿ ਹਰ ਹਾਲਤ ਵਿਚ ਸਾਡਾ ਨਜ਼ਰੀਆ ਸਾਡੇ ਨਾਲ ਹੀ ਜਾਂਦਾ ਹੈ ਅਤੇ ਅਸੀਂ ਕਦੇ ਵੀ ਆਪਣੇ ਦੁੱਖਾਂ ਦਾ ਕਾਰਨ ਆਪਣੇ ਆਪ ਵਿਚੋਂ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਹਰ ਵਾਰ ਇਸ ਦਾ ਜ਼ਿੰਮੇਵਾਰ ਕਿਸੇ ਹੋਰ ਨੂੰ ਠਹਿਰਾਉਣਾ ਵੀ ਨਹੀਂ ਭੁੱਲਦੇ।

ਅਸੀਂ ਹਮੇਸ਼ਾਂ ਬੀਤੇ ਸਮੇਂ ਵਿਚ ਆਪਣੇ ਕੋਲੋਂ ਹੋਈਆਂ ਗ਼ਲਤੀਆਂ ਦਾ ਪਛਤਾਵਾ ਕਰ-ਕਰ ਕੇ ਨਿਰਾਸ਼ ਹੁੰਦੇ ਰਹਿੰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਸੰਭਾਵਿਤ ਦੁਰਘਟਨਾਵਾਂ ਤੋਂ ਡਰ-ਡਰ ਕੇ ਚਿੰਤਾ ਕਰਦੇ ਰਹਿੰਦੇ ਹਾਂ, ਜਿਨ੍ਹਾਂ ਵਿਚੋਂ ਬਹੁਤੀਆਂ ਨੇ ਤਾਂ ਕਦੇ ਅਸਲ ਵਿਚ ਵਾਪਰਨਾ ਹੀ ਨਹੀਂ ਹੁੰਦਾ। ਅਤੀਤ ਦਾ ਪਛਤਾਵਾ, ਭਵਿੱਖ ਦੀ ਚਿੰਤਾ ਅਤੇ ਉਮੀਦਾਂ ਦਾ ਟੁੱਟ ਜਾਣਾ ਸਾਡੇ ਜੀਵਨ ਨੂੰ ਬਲਦੀ ਹੋਈ ਚਿਖਾ ਜਿਹਾ ਬਣਾ ਦਿੰਦੇ ਹਨ। ਜੇਕਰ ਅਸੀਂ ਆਪਣੇ ਦਿਮਾਗ਼ ਵਿਚੋਂ ਅਤੀਤ ਦੀਆਂ ਦੁੱਖ ਦੇਣ ਵਾਲੀਆਂ ਸਾਰੀਆਂ ਯਾਦਾਂ ਨੂੰ ਬਾਹਰ ਸੁੱਟ ਦੇਈਏ, ਭਵਿੱਖ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਦੀ ਬੇਲੋੜੀ ਚਿੰਤਾ ਛੱਡ ਦੇਈਏ ਅਤੇ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਤੋਂ ਬਾਅਦ ਉਸ ਤੋਂ ਬਦਲੇ ਵਿਚ ਕੋਈ ਉਮੀਦ ਨਾ ਰੱਖੀਏ ਤਾਂ ਅਸੀਂ ਆਪੇ ਸਹੇੜੀਆਂ ਅਜਿਹੀਆਂ ਬਹੁਤ ਸਾਰੀਆਂ ਅਲਾਮਤਾਂ ਤੋਂ ਬਚ ਸਕਦੇ ਹਾਂ। ਜਦੋਂ ਵੀ ਸਾਡਾ ਕੋਈ ਨੁਕਸਾਨ ਹੋ ਜਾਵੇ ਤਾਂ ਅਸੀਂ ਉਸ ਬਾਰੇ ਚਿੰਤਾ ਕਰ-ਕਰ ਕੇ ਤਣਾਅਗ੍ਰਸਤ ਹੋਣ ਦੀ ਬਜਾਇ ਜੇਕਰ ਆਪਣੇ ਆਪ ਨੂੰ ਇਹ ਦਿਲਾਸਾ ਦੇਈਏ ਕਿ ਬਹੁਤਾ ਨੁਕਸਾਨ ਹੋਣ ਤੋਂ ਬੱਚਤ ਰਹਿ ਗਈ ਹੈ। ਸਾਡਾ ਦੁਖੀ ਹੋਣਾ ਜਾਂ ਸੁਖੀ ਹੋਣਾ ਸਾਡਾ ਆਪਣਾ ਨਜ਼ਰੀਆ ਹੀ ਤੈਅ ਕਰਦਾ ਹੈ।

ਕਿਸੇ ਵਿਅਕਤੀ ਕੋਲ ਜੋ ਕੁਝ ਹੁੰਦਾ ਹੈ, ਉਹ ਉਹੀ ਕਿਸੇ ਹੋਰ ਨੂੰ ਦੇ ਸਕਦਾ ਹੈ। ਇਕ ਬੇਚੈਨ ਵਿਅਕਤੀ ਕਿਸੇ ਨੂੰ ਆਨੰਦ ਨਹੀਂ ਦੇ ਸਕਦਾ ਅਤੇ ਇਕ ਆਨੰਦਿਤ ਵਿਅਕਤੀ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਸਕਦਾ। ਆਪਣੇ ਦੁੱਖਾਂ ਜਾਂ ਸੁੱਖਾਂ ਦੀ ਜ਼ਿੰਮੇਵਾਰੀ ਕਿਸੇ ਹੋਰ ’ਤੇ ਸੁੱਟਣ ਦੀ ਬਜਾਇ ਸਾਨੂੰ ਖਿੜੇ ਮੱਥੇ ਆਪਣੇ ਸਿਰ ਲੈਣੀ ਚਾਹੀਦੀ ਹੈ। ਜੇਕਰ ਅਸੀਂ ਕੋਸ਼ਿਸ਼ ਵੀ ਕਰੀਏ ਤਾਂ ਸਾਡੇ ਗੁੱਸੇ, ਕਰੋਧ, ਚਿੰਤਾ ਅਤੇ ਤਣਾਓ ਦੀ ਬਾਹਰੋਂ ਕਿਤੋਂ ਦਵਾਈ ਨਹੀਂ ਮਿਲਣੀ ਅਤੇ ਨਾ ਹੀ ਸਾਨੂੰ ਇਨ੍ਹਾਂ ਦੇ ਇਲਾਜ ਲਈ ਬੇਵਜ੍ਹਾ ਫ਼ਿਕਰਮੰਦ ਹੋਣ ਦੀ ਜ਼ਰੂਰਤ ਹੈ ਬਲਕਿ ਇਨ੍ਹਾਂ ਸਾਰੀਆਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਲਈ ਸਿਰਫ਼ ਇਕ ਹੀ ਗਿੱਦੜਸਿੰਗੀ ਹੈ। ਉਹ ਗਿੱਦੜਸਿੰਗੀ ਹੈ, ਜੀਵਨ ਵਿਚ ਵਾਪਰਦੀਆਂ ਘਟਨਾਵਾਂ ਨੂੰ ਦੇਖਣ ਦਾ ਸਾਡਾ ਆਪਣਾ ਨਜ਼ਰੀਆ, ਜਿਸ ਨੂੰ ਬਦਲਦਿਆਂ ਹੀ ਸਾਡਾ ਦੁਖੀ ਜੀਵਨ ਖ਼ੁਸ਼ਹਾਲ ਹੋ ਜਾਵੇਗਾ ਅਤੇ ਫਿਰ ਸਾਨੂੰ ਦੁਨੀਆਂ ਵਿਚ ਕੋਈ ਵੀ ਆਪਣਾ ਦੁਸ਼ਮਣ ਦਿਖਾਈ ਨਹੀਂ ਦੇਵੇਗਾ ਕਿਉਂਕਿ ਜਦੋਂ ਸਾਡਾ ਨਜ਼ਰੀਆ ਸਹੀ ਹੁੰਦਾ ਹੈ ਤਾਂ ਅਸੀਂ ਆਪ ਹੀ ਆਪਣੇ ਮਿੱਤਰ ਹੁੰਦੇ ਹਾਂ ਅਤੇ ਜਦੋਂ ਸਾਡਾ ਨਜ਼ਰੀਆ ਗ਼ਲਤ ਹੁੰਦਾ ਹੈ ਤਾਂ ਅਸੀਂ ਆਪ ਹੀ ਆਪਣੇ ਦੁਸ਼ਮਣ ਹੁੰਦੇ ਹਾਂ।

Leave a Reply

Your email address will not be published. Required fields are marked *