ਹਾਲੇ ਸੱਚ ਨੇ ਵਾਇਰਲ ਹੋਣਾ ਹੈ

ਐੱਸ ਪੀ ਸਿੰਘ

ਅਸੀਂ ਅੱਜ ਇੱਕ ਵਾਇਰਲ ਸਮਾਜ ਵਿੱਚ ਰਹਿੰਦੇ ਹਾਂ। ਚੌਹੀਂ ਪਾਸੀਂ ਵਾਇਰਸ ਫੈਲਿਆ ਹੋਇਆ ਹੈ। ਪਹਿਲਾਂ ਸਾਨੂੰ ਦੱਸਿਆ ਗਿਆ ਸੀ ਕਿ ਇਹਦੇ ਤੋਂ ਦੋ ਗਜ਼ ਦੀ ਦੂਰੀ ਨਾਲ ਰਿਸ਼ਤੇ ਵਿੱਚ ਤਵਾਜ਼ਨ ਬਣਿਆ ਰਹੇਗਾ ਪਰ ਹੁਣ ਇਸ ਦੂਰੀ ਨੂੰ ਵਧਾ ਕੇ ਦਸ ਮੀਟਰ ਕਰਨ ਦੀ ਗੱਲ ਹੋ ਰਹੀ ਹੈ। ਪਹਿਲੋਂ ਇਹ ਮੂੰਹੋਂ ਨਿਕਲੀ ਥੁੱਕ ਦੇ ਛਿੱਟਿਆਂ ’ਤੇ ਸਫ਼ਰ ਕਰਦਾ ਸੀ, ਹੁਣ ਇਹਨੂੰ ਹਵਾ ਵਿੱਚ ਉੱਡਣਾ ਆ ਗਿਆ ਹੈ। ਵਾਇਰਸ ਵਧੇਰੇ ਵਾਇਰਲ ਹੋ ਗਿਆ ਹੈ।

ਅਦ੍ਰਿਸ਼ ਵਾਇਰਸ ਨੇ ਬੜੀ ਦੇਰ ਤਕ ਇੰਤਜ਼ਾਰ ਕੀਤਾ ਕਿ ਸਰਕਾਰਾਂ ਇਸ ਮਾਰੂ ਬੀਮਾਰੀ ਦੇ ਟਾਕਰੇ ਲਈ ਤੰਤਰ ਨੂੰ ਤਿਆਰ ਕਰ ਲੈਣਗੀਆਂ, ਪਰ ਸਰਕਾਰਾਂ ਦੀ ਨੀਂਦ ਉਦੋਂ ਹੀ ਖੁੱਲ੍ਹੀ ਜਦੋਂ ਇਹਦੀ ਮਾਰੂ ਪ੍ਰਵਿਰਤੀ ਦੇ ਨਤੀਜੇ – ਲਾਸ਼ਾਂ ਦੀਆਂ ਤਸਵੀਰਾਂ ਅਤੇ ਅੰਕੜੇ – ਵਾਇਰਲ ਹੋ ਗਏ।

ਇਸ ਲਈ ਹੁਣ ਲੋਕ ਜ਼ਿਆਦਾ ਡਰੇ ਹੋਏ ਹਨ। ਹੁਣ ਜਦੋਂ ਤੱਕ ਕੋਈ ਘਟਨਾ, ਸੋਚ, ਖਿਆਲ, ਤੱਥ, ਖੋਜ, ਸਮਝ ਵਾਇਰਲ ਨਾ ਹੋ ਜਾਵੇ, ਅਸੀਂ ਘੱਟ ਹੀ ਤਵੱਜੋਂ ਦਿੰਦੇ ਹਾਂ। ਗੰਗਾ ਵਿੱਚ ਤੈਰਦੀਆਂ ਲਾਸ਼ਾਂ ਦੀਆਂ ਤਸਵੀਰਾਂ ਹੋਣ ਜਾਂ ਸ਼ਵਵਾਹਿਨੀ ਗੰਗਾ ਬਾਰੇ ਕਿਸੇ ਗੁਜਰਾਤੀ ਕਵਿੱਤਰੀ ਦੀ ਕਵਿਤਾ, ਇਨ੍ਹਾਂ ਦੇ ਵਾਇਰਲ ਹੋਣ ’ਤੇ ਹੀ ਸਾਡੇ ਅੰਦਰ ਕੁਝ ਹਿਲਜੁੱਲ ਹੁੰਦੀ ਹੈ। ਉਦੋਂ ਤਕ ਕੁਝ ਹੋਰ ਵਾਇਰਲ ਹੋ ਜਾਂਦਾ ਹੈ, ਅਸੀਂ ਓਧਰ ਕੰਨ ਧਰਦੇ ਹਾਂ। ਅਸੀਂ ਅੱਜ ਇੱਕ ਵਾਇਰਲ ਸਮਾਜ ਵਿੱਚ ਰਹਿੰਦੇ ਹਾਂ।

ਧਿਆਨ ਗੋਚਰੇ ਆਉਣ ਲਈ ਸਾਡੇ ਸੰਸਾਰ ਵਿੱਚ ਵਾਇਰਸ ਨੂੰ ਵੀ ਵਧੇਰੇ ਵਾਇਰਲ ਹੋਣ ’ਤੇ ਹੀ ਅਸੀਂ ਇਹਨੂੰ ਕਿਸੇ ਭਾਅ ਪੁੱਛਦੇ ਹਾਂ। ਸਾਡੇ ਮਨ-ਮਸਤਕ ਵਿੱਚ ਆਪਣੀ ਬਣਦੀ ਜਗ੍ਹਾ ਲਈ ਕਿਸੇ ਸੱਚ, ਤੱਥ, ਨਜ਼ਰੀਏ ਜਾਂ ਅੰਕੜੇ ਨੂੰ ਪਹਿਲੋਂ ਵਾਇਰਲ ਕਿਉਂ ਹੋਣਾ ਪੈਂਦਾ ਹੈ? ਸਾਡੇ ਮਨੁੱਖੀ ਮਨ ਨੇ ਇਹ ਸ਼ਰਤ ਕਿਉਂ ਰੱਖ ਦਿੱਤੀ ਹੈ ਕਿ ਕਿਸੇ ਗ਼ਰੀਬ ਦੀ ਰਛਿਆ ਰਿਆਇਤ ਵੱਲ ਸਾਡਾ ਧਿਆਨ ਦਿਵਾਉਣ ਲਈ ਪਹਿਲੋਂ ਮੈਨੂੰ ਉਹਦਾ ਕੋਈ ਵਾਇਰਲ ਵੀਡੀਓ ਵਿਖਾਓ?

ਅਸੀਂ ਵਾਇਰਲ ਹੁੰਦੇ ਸੁਨੇਹਿਆਂ ਰਾਹੀਂ ਹੀ ਸੱਚ ਸਮਝਣ ਦੇ ਵਾਇਰਸ ਦੇ ਸ਼ਿਕਾਰ ਕਿਉਂ ਹੋ ਚੁੱਕੇ ਹਾਂ? ਇਸ ਮਹਾਂਮਾਰੀ ਖਿਲਾਫ਼ ਆਪਣੇ ਟੀਕਾਕਰਨ ਲਈ ਕੋਈ ਹੰਭਲਾ ਕਿਉਂ ਨਹੀਂ ਮਾਰ ਰਹੇ?

ਜੇ ਸੜਕ ਕੰਢੇ ਖੜ੍ਹੀ 17 ਸਾਲਾਂ ਦੀ ਮੁਟਿਆਰ ਡਾਰਨੈਲਾ ਫਰੇਜ਼ੀਅਰ (Darnella Frazier) ਜੌਰਜ ਫਲੌਇਡ ਦੀ ਧੌਣ ’ਤੇ ਗੋਡਾ ਰੱਖਣ ਵਾਲੇ ਪੁਲੀਸ ਅਫ਼ਸਰ ਦਾ ਵੀਡੀਓ ਨਾ ਬਣਾਉਂਦੀ ਤਾਂ ਕੀ ਕੁੱਲ ਅਮਰੀਕਾ ਨੂੰ ਇਹ ਪਤਾ ਨਹੀਂ ਸੀ ਕਿ ਉਹਦੇ ਸਿਆਹਫ਼ਾਮ ਨਾਗਰਿਕਾਂ ਨਾਲ ਨਿੱਤ ਸੜਕਾਂ ’ਤੇ ਕੀ ਵਾਪਰਦਾ ਹੈ?

ਸਾਡੇ ਨਾਗਰਿਕਾਂ ਉੱਤੇ ਹੁੰਦਾ ਪੁਲੀਸ ਦਾ ਅੱਤਿਆਚਾਰ ਇੱਕ ਠੋਸ ਹਕੀਕਤ ਹੈ, ਪਰ ਕਦੇ ਕਦਾਈਂ ਇਹਦੇ ਵਾਇਰਲ ਹੋਏ ਵੀਡੀਓ ਤੋਂ ਬਾਅਦ ਕੁਰਲਾਹਟ ਮੱਚ ਜਾਂਦੀ ਹੈ। ਕੋਈ ਪੁਲੀਸ ਵਾਲਾ ਕਿਸੇ ਗ਼ਰੀਬ ਸਬਜ਼ੀ ਵਾਲੇ ਦੀ ਰੇਹੜੀ ਨੂੰ ਠੁੱਡਾ ਮਾਰ ਦੇਵੇ ਅਤੇ ਉਹਦੇ ਇਸ ਲੋਕ ਭਲਾਈ ਹਿੱਤ ਕੀਤੇ ਕਾਰਜ ਦੀ ਵੀਡੀਓ ਵਾਇਰਲ ਹੋ ਜਾਵੇ ਤਾਂ ਸਾਡੇ ਸੂਬੇ ਦੇ ਪੁਲੀਸ ਤੰਤਰ ਦਾ ਮਨ ਵਲੂੰਧਰਿਆ ਜਾਂਦਾ ਹੈ। ਝੱਟਪੱਟ ਐਕਸ਼ਨ ਹੁੰਦਾ ਹੈ।

ਜਦੋਂ ਤਕ ਇਹ ਦ੍ਰਿਸ਼, ਵਿਵਹਾਰ, ਭਾਸ਼ਾ, ਕਾਰਜਸ਼ੈਲੀ ਵਾਇਰਲ ਨਾ ਹੋ ਜਾਵੇ, ਪਤਾ ਹੀ ਨਹੀਂ ਲੱਗਦਾ ਕਿ ਜ਼ਮੀਨੀ ਹਕੀਕਤਾਂ ਕੀ ਹਨ? ਅਸੀਂ ਤਰਸਦੇ ਹਾਂ ਕਿ ਸੱਚ ਵਾਇਰਲ ਹੋ ਕੇ ਸਾਹਮਣੇ ਆਵੇ ਤੇ ਅਸਾਨੂੰ ਗੱਲ ਸਮਝ ਪਵੇ। ਪਹਿਲੋਂ ਸਾਨੂੰ ਕਿੰਨਾ ਹੀ ਸੱਚ ਪਤਾ ਹੋਵੇ, ਹੌਲ ਨਹੀਂ ਪੈਂਦੇ।

ਇਹ ਸਾਡੇ ਬਿਮਾਰ ਹੋਣ ਦੀ ਨਿਸ਼ਾਨੀ ਹੈ। ਟੀਕਾ-ਦੂਰੀ-ਮਾਸਿਕ ਸ਼ਾਇਦ ਸਾਨੂੰ ਵਾਇਰਸ ਤੋਂ ਬਚਾ ਲੈਣ ਪਰ ਅਸੀਂ ਵਾਇਰਲ ਵਾਲੀ ਬਿਮਾਰੀ ਦੀ ਝੰਬੀ ਹੋਈ ਸੱਭਿਅਤਾ ਬਣਦੇ ਜਾ ਰਹੇ ਹਾਂ।

90ਵਿਆਂ ਦੇ ਸ਼ੁਰੂ ਵਿੱਚ ਜਦੋਂ ਅਮਰੀਕਾ ਦੀ ਅਗਵਾਈ ਵਿੱਚ 35 ਮੁਲਕਾਂ ਦੀ ਸਾਂਝੀ ਫੌਜ ਨੇ ਇਰਾਕ ਉੱਤੇ ਹਮਲਾ ਕੀਤਾ ਤਾਂ ਅਮਰੀਕੀ ਟੀਵੀ ਚੈਨਲਾਂ ਨੇ ਇਤਿਹਾਸ ਵਿੱਚ ਪਹਿਲੀ ਵਾਰੀ ਕਿਸੇ ਵੱਡੇ ਯੁੱਧ ਦਾ ਲਾਈਵ ਪ੍ਰਸਾਰਣ ਕਰਨ ਦੀ ਪ੍ਰੰਪਰਾ ਤੋਰੀ। ਅਮਰੀਕੀ ਬੰਬਾਰ ਜਹਾਜ਼ਾਂ ਉੱਤੇ ਫਿੱਟ ਕੀਤੇ ਗਏ ਕੈਮਰਿਆਂ ਨਾਲ ਖਿੱਚੇ ਦ੍ਰਿਸ਼, ਘੁੱਪ ਹਨੇਰੇ ਨੂੰ ਚੀਰਦੀ ਟੀਵੀ ਦੀ ਸਕਰੀਨ ਉੱਤੇ ਹਰੀ ਜਿਹੀ ਲਿਸ਼ਕਦੀ ਲਕੀਰ ਵਾਹੁੰਦੀ ਮਿਜ਼ਾਈਲ, ਅਤੇ ਕਿਸੇ ਨਾਮਾਲੂਮ ਆਜ਼ਾਦੀ ਦੀ ਖ਼ੁਸ਼ੀ ਵਿੱਚ ਦੂਰ ਦਿਸਹੱਦੇ ’ਤੇ ਪਟਾਕਿਆਂ ਵਾਂਗ ਵਰ੍ਹਦੇ ਬੰਬ – ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿਚ ਇਹਨੂੰ ਪਹਿਲੀ ਵੀਡੀਓ ਗੇਮ ਜੰਗ ਕਿਹਾ ਗਿਆ।

ਡਾਹਢੇ ਦਾ ਸੱਤੀਂ ਵੀਹੀਂ ਸੌ, ਸ਼ੂਕਦੀ ਮੌਤ, ਤਾਕਤ ਦਾ ਅਸਾਵਾਂ ਭੂਗੋਲ ਅਤੇ ਬੇਸ਼ਰਮ ਮੁਫਾਦਾਂ ਦੇ ਬੇਹਯਾ ਏਕੇ – ਸਭ ਕੁਝ ਟੀਵੀ ਸਕਰੀਨ ਉੱਤੇ ਖੇਡ ਹੋ ਗਈ। ਜੰਗ ਵੀਡੀਓ ਹੋ ਗਈ। ਅਤਿ-ਸਤਿਕਾਰਤ ਅਮਰੀਕੀ ਅਖ਼ਬਾਰਾਂ ਨੇ ਮਿਜ਼ਾਈਲਾਂ ਦੇ ਨਾਵਾਂ ਵਾਲੀਆਂ ਕਰੌਸਵਰਡ (crossword) ਖੇਡਾਂ ਪ੍ਰਕਾਸ਼ਿਤ ਕੀਤੀਆਂ। ਜ਼ਮੀਨੀ ਸੱਚ ਉੱਤੇ ਵਾਇਰਲ ਸੱਚ ਨੇ ਫ਼ਤਹਿ ਤਸ਼ਕੀਲ ਕੀਤੀ। ਮਨੁੱਖੀ ਸੱਭਿਅਤਾ ਚਿਰਾਂ ਲਈ ਬਿਮਾਰ ਹੋਈ।

ਅੱਜ ਵੀ ਵਾਇਰਲ ਵੀਡੀਓ, ਤਸਵੀਰਾਂ, ਖ਼ਬਰਾਂ ਹੀ ਸਾਨੂੰ ਹਲੂਣ ਰਹੀਆਂ ਹਨ। ਕਤਾਰਾਂ ਵਿੱਚ ਮੁਰਦੇ, ਘਾਟਾਂ ਉੱਤੇ ਸੜਦੀਆਂ ਲੋਥਾਂ, ਗੰਗਾ ਦੀ ਰੇਤ ਹੇਠੋਂ ਝਾਤ ਕਹਿੰਦੇ ਮਨੁੱਖੀ ਅੰਗ – ਇਹ ਸਾਡੇ ਸਮਿਆਂ ਦੀਆਂ ਵਾਇਰਲ ਹਕੀਕਤਾਂ ਹਨ। ਬਿਨ-ਵਾਇਰਲ, ਬਿਨ-ਵੀਡੀਓ, ਬਿਨ-ਫੇਸਬੁੱਕੀ ਤਬਸਰਾ ਕਰੋੜਾਂ ਲੋਕਾਂ ਦੀ ਨਿੱਤ ਜੀਵੀ ਜਾਂਦੀ ਜ਼ਿੰਦਗੀ ਹਕੀਕਤ ਹੈ ਜਿੱਥੇ ਛੋਟੀਆਂ ਮੋਟੀਆਂ ਬਿਮਾਰੀਆਂ ਨਾਲ ਹੀ ਲੋਕ ਪ੍ਰਲੋਕ ਸਿਧਾਰ ਜਾਂਦੇ ਹਨ ਪਰ ਕੋਈ ਰੌਲਾ ਨਹੀਂ ਪੈਂਦਾ ਕਿਉਂ ਜੋ ਕੋਈ ਵੀਡੀਓ ਵਾਇਰਲ ਨਹੀਂ ਹੁੰਦਾ।

ਮੌਤ ਤੋਂ ਬਚਣ ਲਈ ਆਕਸੀਜਨ, ਵੈਂਟੀਲੇਟਰ ਵਾਲੇ ਹਸਪਤਾਲੀ ਬਿਸਤਰਿਆਂ ਦੇ ਜਿਹੜੇ ਸਰਕਾਰੀ ਰੇਟ ਰੱਖੇ ਹਨ, ਉਹਨਾਂ ਨਾਲ ਕਿੰਨੇ ਮੁਰਦਾ ਹੋਣ ਤੋਂ ਬਚ ਸਕਣਗੇ? ਪ੍ਰਾਈਵੇਟ ਹਸਪਤਾਲਾਂ ਦੀ ਰੇਟ ਲਿਸਟ ਸਾਡੀ ਜ਼ਮੀਰ ਦੀ ਫੋਟੋ ਹੈ। ਹਾਲੇ ਗਾਜ਼ਾ ਤੋਂ ਇਜ਼ਰਾਇਲੀ ਤਬਾਹੀ ਦੇ ਵਾਇਰਲ ਵੀਡੀਓ ਹੁਣੇ ਹੁਣੇ ਆਏ ਹਨ, ਦੇਖੋ ਅਸੀਂ ਕਿਵੇਂ ਇਨਸਾਫ਼ ਦੀ ਦੁਹਾਈ ਦੇ ਰਹੇ ਹਾਂ।

ਅਖ਼ਬਾਰਾਂ ਵਿੱਚ ਤਾਜ਼ਾ ਖ਼ਬਰਾਂ ਛਪਦੀਆਂ ਹਨ। ਟੀਵੀ ਉੱਤੇ ਸਭ ਤੋਂ ਪਹਿਲਾਂ, ਸਭ ਤੋਂ ਲੇਟੈਸਟ ਵਾਲੀ ਬ੍ਰੇਕਿੰਗ ਨਿਊਜ਼ ਦਾ ਵਿਧਾਨ ਹੈ। ਪਰ ਸਾਡੇ ਸਮਿਆਂ ਦੀ ਹਕੀਕਤ ਬਿਆਨ ਕਰਨ ਵਾਲੇ ਖੋਜਾਰਥੀ ਕੁਝ ਸਾਲਾਂ, ਦਹਾਕਿਆਂ ਬਾਅਦ ਅਜੋਕੀਆਂ ਅਖ਼ਬਾਰਾਂ ਦੀ ਰੱਦੀ ਫਰੋਲਣਗੇ। ਸਾਡੇ ਟੀਵੀ, ਯੂ-ਟਿਊਬ ਦੇ ਅਤੀਤ ਦੇ ਕਿਸੇ ਤਹਿਖ਼ਾਨੇ ਵਿਚੋਂ ਸਾਰਾ ਸੱਚ ਕੱਢ ਲਿਆਉਣਗੇ। ਉਹ ਸਾਡੇ ਸਮਿਆਂ ਦਾ ਜਿਹੜਾ ਚਿੱਤਰ ਖਿੱਚਣਗੇ, ਇਹਦਾ ਜਿਹੜਾ ਵੀਡੀਓ ਬਣਾਉਣਗੇ, ਉਹ ਸਾਡੇ ਧੀਆਂ-ਪੁੱਤਾਂ, ਪੋਤਰਿਆਂ-ਦੋਹਤਰਿਆਂ ਦੇ ਸਮਿਆਂ ਵਿੱਚ ਬੜਾ ਵਾਇਰਲ ਹੋਵੇਗਾ। ਹਾਲੇ ਉਹ ਬਣਿਆ ਨਹੀਂ ਪਰ ਆਪਣੀ ਅੱਜ ਦੀ ਦੁਨੀਆ ਦੀ ਉਸ ਭਵਿੱਖੀ ਤਸਵੀਰ ਦੀ ਕਲਪਨਾ ਕਰਕੇ ਵੀ ਤ੍ਰਾਹ ਨਿਕਲ ਜਾਂਦਾ ਹੈ।

ਘਟਨਾ ਤਾਂ ਇੱਕ ਦਿਨ ਹੁੰਦੀ ਹੈ, ਸੱਚ ਦੇਰ ਤੱਕ ਜਿਊਂਦਾ ਹੈ। 26 ਅਪਰੈਲ 1937 ਨੂੰ ਨਾਜ਼ੀਆਂ ਨੇ ਉੱਤਰੀ ਸਪੇਨ ਦੇ ਛੋਟੇ ਜਿਹੇ ਕਸਬੇ ‘ਗੁਏਰਨਿਕਾ’ ਉੱਤੇ ਬੰਬ ਸੁੱਟੇ ਸਨ। ਪਿਕਾਸੋ ਨੇ ਖ਼ਬਰਾਂ ਪੜ੍ਹੀਆਂ ਅਤੇ ਬੁਰਸ਼ ਕੈਨਵਸ ’ਤੇ ਫਿਰਿਆ। ਖ਼ਬਰ ਪੁਰਾਣੀ ਹੋ ਗਈ ਪਰ ਤਬਾਹੀ ਨੇ ਹਯਾਤੀ ਤਕ ਦੀ ਉਮਰ ਪਾਈ। ਅੱਜ ਉਹਦੀ ਪੇਂਟਿੰਗ, ‘ਗੁਏਰਨਿਕਾ’ (Guernica), ਯੁੱਧ ਅਤੇ ਫਾਸ਼ੀਵਾਦੀ ਰੁਝਾਨਾਂ ਵਿਰੁੱਧ ਦੁਨੀਆ ਦਾ ਸਭ ਤੋਂ ਮਸ਼ਹੂਰ ਚਿੱਤਰ ਹੈ। ਲਿਓਨਾਰਦੋ ਦਿ ਵਿੰਚੀ ਦੀ ‘ਮੋਨਾਲਿਜ਼ਾ’ ਤੋਂ ਵੀ ਮਸ਼ਹੂਰ। ਹੋ ਸਕਦਾ ਹੈ ਸਾਡੇ ਵਿਚੋਂ ਕਈਆਂ ਨੇ ਇਸ ਬਾਰੇ ਨਾ ਸੁਣਿਆ ਹੋਵੇ – ਕਿਉਂਕਿ ਗੁਏਰਨਿਕਾ ਦਾ ਸੱਚ ਵਾਇਰਲ ਨਹੀਂ ਹੋਇਆ। ਗੁਏਰਨਿਕਾ ਦਾ ਸੱਚ ਇਤਿਹਾਸ ਦੇ ਸਫ਼ਿਆਂ ਵਿਚ ਆਪਣੇ ਖੰਭ ਵਲੇਟ ਕੇ ਚੁੱਪਚਾਪ ਬੈਠਾ ਹੈ। ਹਾਲੇ ਸਾਡੇ ਕਿਸੇ ਚਿੱਤਰਕਾਰ ਨੇ ਸਾਡੇ ਵੇਲਿਆਂ ਅਤੇ ਸਾਡੇ ਸੱਚ ਦੀ ਗੁਏਰਨਿਕਾ ਵਰਗੀ ਤਸਵੀਰ ਅਜੇ ਬਣਾਉਣੀ ਹੈ। ਹਾਲੇ ਸਾਡੇ ‘ਗੁਏਰਨਿਕਾ’ ਸੱਚ ਦਾ ਸਮਾਂ ਆਉਣਾ ਹੈ। ਸਾਡੇ ਸਮਿਆਂ ਦੇ ਸੱਚ ਨੇ ਹਾਲੇ ਵਾਇਰਲ ਹੋਣਾ ਹੈ। ਹਾਲੇ ਅਸੀਂ ਅਖ਼ਬਾਰ ਪੜ੍ਹ

Leave a Reply

Your email address will not be published. Required fields are marked *