ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥

ਸਵਰਾਜਬੀਰ

ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਦੇਹਾਂਤ ਹੋ ਗਿਆ ਹੈ। ਉਹ ਕਰੋਨਾਵਾਇਰਸ ਨਾਲ ਹੋਈ ਬਿਮਾਰੀ ਤੋਂ ਪੀੜਤ ਸਨ। 1952 ਵਿਚ ਜਨਮੇ ਭਾਈ ਨਿਰਮਲ ਸਿੰਘ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਪ੍ਰੋਫ਼ੈਸਰ ਅਵਤਾਰ ਸਿੰਘ ਨਾਜ਼ ਤੋਂ ਸੰਗੀਤ ਸਿੱਖਿਆ ਤੇ ਕਲਾਸੀਕਲ ਰਾਗਾਂ ’ਤੇ ਅਬੂਰ ਹਾਸਲ ਕੀਤਾ। ਗੁਰਬਾਣੀ ਦਾ ਕੀਰਤਨ ਰਾਗਾਂ ਵਿਚ ਕਰ ਕੇ ਉਨ੍ਹਾਂ ਨੇ ਲੋਕਾਂ ਦੇ ਦਿਲ ਵਿਚ ਆਪਣਾ ਸਥਾਨ ਬਣਾ ਲਿਆ। ਸੁਰਜੀਤ ਪਾਤਰ ਨੇ ਉਨ੍ਹਾਂ ਨੂੰ ‘‘ਰਾਗ ਤੇ ਸ਼ਬਦ ਦੋਹਾਂ ਦੇ ਮਹਿਰਮ ਸਾਡੇ ਸ਼੍ਰੋਮਣੀ ਕੀਰਤਨਕਾਰ’’ ਦੱਸਿਆ ਹੈ। ਤੀਰਥ ਸਿੰਘ ਢਿੱਲੋਂ ਅਨੁਸਾਰ ‘‘ਉਨ੍ਹਾਂ ਨੂੰ ਕੁਦਰਤ ਨੇ ਅਜਿਹੀ ਆਵਾਜ਼ ਬਖ਼ਸ਼ੀ ਸੀ ਜਿਸ ਵਿਚ ਸਾਰੀਆਂ ਕਲਾਤਮਕ ਖ਼ੂਬੀਆਂ ਮੌਜੂਦ ਸਨ।’’ ਉਨ੍ਹਾਂ ਨੂੰ ‘ਪਦਮਸ੍ਰੀ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਵੀਰਵਾਰ ਉਸੇ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਵੇਰਕੇ ਵਿਚ ਇਸ ਲਈ ਨਹੀਂ ਕਰਨ ਦਿੱਤਾ ਗਿਆ ਕਿ ਉਨ੍ਹਾਂ ਦੀ ਮੌਤ ਭਿਅੰਕਰ ਬਿਮਾਰੀ ਤੋਂ ਹੋਈ। ਇਹ ਸਾਰੇ ਪੰਜਾਬ ਅਤੇ ਪੰਜਾਬੀਆਂ ਲਈ ਸ਼ਰਮਨਾਕ ਹੈ। ਇਸ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਦਾ ਲਹੂ ਚਿੱਟਾ ਹੁੰਦਾ ਜਾਪਦਾ ਹੈ।
ਭਾਈ ਨਿਰਮਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਸਾਥੀ ਰਾਗੀ ਜਦ ਕਿਸੇ ਸ਼ਬਦ ਦਾ ਗਾਇਨ ਸ਼ੁਰੂ ਕਰਦੇ ਸਨ ਤਾਂ ਉਨ੍ਹਾਂ ਦੇ ਅਲਾਪ ਤੇ ਵੱਖ ਵੱਖ ਸਾਜ਼ਾਂ ’ਚੋਂ ਉਦੈ ਹੋ ਰਹੀਆਂ ਧੁਨੀਆਂ ਤੋਂ ਪਤਾ ਲੱਗ ਜਾਂਦਾ ਸੀ ਕਿ ਤੁਹਾਡੇ ਸਾਹਮਣੇ ਕੋਈ ਚਮਤਕਾਰ ਹੋਣ ਵਾਲਾ ਹੈ ਤੇ ਫਿਰ ਉਹ ਸ਼ਬਦ ਚਾਹੇ ‘ਸਾਵਣੁ ਆਇਆ ਹੇ ਸਖੀ…’, ‘ਭਿੰਨੀ ਰੈਨੜੀਐ ਚਾਮਕਨਿ ਤਾਰੇ’ ਜਾਂ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰ ਧਿਰ ਤਲੀ ਗਲੀ ਮੇਰੀ ਆਉ।।’’ ਜਾਂ ਹੋਰ ਕੋਈ ਸ਼ਬਦ ਹੋਵੇ, ਤੁਹਾਨੂੰ ਏਦਾਂ ਲੱਗਦਾ ਹੈ ਕਿ ਇਸ ਸ਼ਬਦ ਦਾ ਅਜਿਹਾ ਕੀਰਤਨ ਤੁਸੀਂ ਪਹਿਲਾਂ ਨਹੀਂ ਸੁਣਿਆ। ਜਦ ਭਾਈ ਸਾਹਿਬ ‘‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ।।’’ ਦੀ ਸੱਦ ਲਾਉਂਦੇ ਸਨ ਤਾਂ ਇਨਸਾਨੀਅਤ ਦੀ ਆਵਾਜ਼ ਗੂੰਜਣ ਲੱਗਦੀ। ਉਨ੍ਹਾਂ ਦੀ ਗਾਈ ਆਸਾ ਦੀ ਵਾਰ ਤੇ ਹੋਰ ਸ਼ਬਦਾਂ ਦੀਆਂ ਲੱਖਾਂ ਸੀਡੀਜ਼ ਤੇ ਕੈਸਟਾਂ ਲੋਕਾਂ ਤਕ ਪਹੁੰਚੀਆਂ ਹਨ ਤੇ ਲੱਖਾਂ ਨੇ ਉਨ੍ਹਾਂ ਨੂੰ ਯੂ-ਟਿਊਬ ’ਤੇ ਸੁਣਿਆ ਹੈ।
ਸਿੱਖ ਭਾਈਚਾਰੇ ਨੇ ਥਾਂ ਥਾਂ ਉੱਤੇ ਲੰਗਰ ਲਾਏ ਹੋਏ ਹਨ। ਆਮ ਲੋਕਾਂ ਦੇ ਨਾਲ ਨਾਲ ਲੋੜਵੰਦ ਵੀ ਉੱਥੋਂ ਖਾਣਾ ਖਾ ਰਹੇ ਹਨ। ਇਹ ਪਰੰਪਰਾ ਸਾਡੇ ਮਹਾਨ ਗੁਰੂਆਂ ਨੇ ਸ਼ੁਰੂ ਕੀਤੀ ਸੀ। ਇਸ ਦਾ ਮੰਤਵ ਕਿਸੇ ’ਤੇ ਰਹਿਮ ਜਾਂ ਤਰਸ ਕਰਨਾ ਨਹੀਂ ਸੀ ਸਗੋਂ ਸਾਂਝੀਵਾਲਤਾ ਵਾਲੇ ਸਮਾਜ ਦੀ ਸਥਾਪਨਾ ਕਰਨਾ ਸੀ; ਇਹ ਸੰਦੇਸ਼ ਦੇਣਾ ਸੀ ਕਿ ਸਾਰੇ ਲੋਕ, ਸਾਰੀ ਲੋਕਾਈ ਬਰਾਬਰ ਹਨ; ਕੋਈ ਊਚ-ਨੀਚ ਨਹੀਂ। ਇੱਥੇ ਇਹ ਸਮਝਣ ਦੀ ਜ਼ਰੂਰਤ ਵੀ ਹੈ ਕਿ ਅਸੀਂ ਲੰਗਰ ਲਗਾ ਕੇ ਕਿਸੇ ਉੱਤੇ ਅਹਿਸਾਨ ਨਹੀਂ ਕਰ ਰਹੇ। ਇਹ ਸਾਡੀ ਵਿਰਾਸਤ ਹੈ, ਸਾਡੀ ਹੋਂਦ ਦਾ ਹਿੱਸਾ। ਇਹ ਪਰੰਪਰਾ ਸਾਡੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ। ਇਸ ਨੂੰ ਨਿਭਾਉਣਾ ਸਾਡਾ ਫ਼ਰਜ਼ ਹੈ। ਅਜਿਹੀਆਂ ਪਰੰਪਰਾਵਾਂ ਸਾਡੇ ਹੋਣ ਦਾ ਸਬੂਤ ਹਨ। ਜ਼ਰਾ ਕਲਪਨਾ ਕਰ ਕੇ ਦੇਖੋ ਕਿ ਜੇ ਸਾਡੇ ਕੋਲ ਲੰਗਰ ਦੀ ਪਰੰਪਰਾ ਨਾ ਹੁੰਦੀ ਤਾਂ ਅਸੀਂ ਕਿਹੋ ਜਿਹੋ ਹੋਣਾ ਸੀ। ਸਿੱਖ ਭਾਈਚਾਰੇ ਵੱਲੋਂ ਥਾਂ ਥਾਂ ’ਤੇ ਲੰਗਰ ਲਗਾਉਣ ਦੀ ਦੇਸ਼-ਵਿਦੇਸ਼ ਵਿਚ ਸ਼ਲਾਘਾ ਹੋ ਰਹੀ ਹੈ ਪਰ ਇਹ ਘਟਨਾ ਸਾਡੇ ਅੰਦਰ ਪਈ ਅਮਨੁੱਖਤਾ ’ਤੇ ਉਂਗਲ ਧਰਦੀ ਹੈ। ਅਸੀਂ ਇਹੋ ਜਿਹੀ ਅਸੰਵੇਦਨਸ਼ੀਲਤਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਭਾਈ ਬਲਦੇਵ ਸਿੰਘ ਦੀ ਇਸੇ ਬਿਮਾਰੀ ਤੋਂ ਹੋਈ ਮੌਤ ਬਾਅਦ ਵੀ ਦਿਖਾਈ ਸੀ।
ਭਾਈ ਨਿਰਮਲ ਸਿੰਘ ਖ਼ਾਲਸਾ ਦੀ ਦੇਹ ਦੇ ਸਸਕਾਰ ਕਰਨ ਤੋਂ ਨਾਂਹ ਕਰਨ ਬਾਰੇ ਕਈ ਤਰ੍ਹਾਂ ਦੇ ਬਿਰਤਾਂਤ ਸਾਡੇ ਸਾਹਮਣੇ ਆਉਣਗੇ। ਇਕ ਧਿਰ ਦੂਜੀ ਧਿਰ ਨੂੰ ਦੋਸ਼ ਦੇਵੇਗੀ। ਕਿਹਾ ਜਾਂਦਾ ਹੈ ਕਿ ਜਦ ਅਪਰਾਧ ਹੁੰਦਾ ਹੈ ਤਾਂ ਉਸ ਲਈ ਸਿਰਫ਼ ਅਪਰਾਧੀ ਹੀ ਜ਼ਿੰਮੇਵਾਰ ਨਹੀਂ ਹੁੰਦਾ ਸਗੋਂ ਉਹ ਸਮਾਜ ਵੀ ਜ਼ਿੰਮੇਵਾਰ ਹੁੰਦਾ ਹੈ ਜਿਸ ਵਿਚ ਅਪਰਾਧੀ ਰਹਿੰਦਾ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਦੇ ਹੋਏ ਇਸ ਵਰਤਾਰੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ। ਨਿਰਾਦਰ ਉਨ੍ਹਾਂ ਦੀ ਦੇਹ ਦਾ ਨਹੀਂ ਹੋਇਆ, ਅਸੀਂ ਆਪਣਾ ਨਿਰਾਦਰ ਆਪ ਕੀਤਾ ਹੈ। ਆਪਣੇ ਆਪ ਨੂੰ ਸਾਂਝੀਵਾਲਤਾ ਦਾ ਪੈਰੋਕਾਰ ਦੱਸਣ ਵਾਲੇ ਸਾਡੇ ਸਮਾਜ ਨੇ ਆਪਣੇ ਪਿੰਡੇ ਨੂੰ ਆਪ ਪੱਛ ਕੇ ਆਪਣੇ ਆਪ ਨੂੰ ਜ਼ਖ਼ਮੀ ਕੀਤਾ ਹੈ। ਅਸੀਂ ਦੂਸਰੇ ਲੋਕਾਂ ਨੂੰ ਕੱਟੜਪੰਥੀ, ਧਰਮ-ਵਿਰੋਧੀ, ਫਾਸ਼ੀਵਾਦੀ ਤੇ ਕਈ ਕੁਝ ਹੋਰ ਕਹਿੰਦੇ ਰਹਿੰਦੇ ਹਾਂ। ਇਹ ਘਟਨਾ ਸਾਡੇ ਸਾਰਿਆਂ ਦੇ ਅੰਦਰ ਪਣਪਦੀਆਂ ਉਨ੍ਹਾਂ ਪ੍ਰਵਿਰਤੀਆਂ ਦਾ ਸੱਚ ਉਜਾਗਰ ਕਰਦੀ ਹੈ ਜਿਨ੍ਹਾਂ ਨੂੰ ਫਰਾਂਸੀਸੀ ਚਿੰਤਕਾਂ ਗਾਈਲਜ਼ ਡਿਲੂਜ਼ ਤੇ ਫਰਾਂਸਿਸ ਗੁਟਾਰੀ ਨੇ ਸਾਡੇ ਅੰਦਰਲੇ ‘ਮਾਈਕਰੋ ਫਾਸ਼ੀਵਾਦ’ (Micro Fascism) ਕਿਹਾ ਸੀ।
ਸਾਡੇ ਅੰਦਰ ਪਣਪਦੇ ਛੋਟੇ ਛੋਟੇ ਫਾਸ਼ੀਵਾਦ (Micro Fascism) ਕੀ ਹਨ? ਡਿਲੂਜ਼ ਤੇ ਗੁਟਾਰੀ ਅਨੁਸਾਰ ਇਹ ਸਾਡੇ ਅੰਦਰਲੀ ਉਹ ਸਮਝ ਹੈ ਕਿ ਸਿਰਫ਼ ਸਾਡੇ ਸੋਚਣ ਦਾ ਤਰੀਕਾ ਹੀ ਸਹੀ ਹੈ; ਬਾਕੀ ਗ਼ਲਤ ਹਨ; ਇਹ ਸਾਡੇ ਅੰਦਰਲੀ ਉਹ ਇੱਛਾ ਹੈ ਕਿ ਸਾਡੇ ਦੁਆਰਾ ਬਣਾਇਆ ਗਿਆ ਨਿਯਮ ਹੀ ਸਭ ’ਤੇ ਲਾਗੂ ਹੋਵੇ; ਬਾਕੀ ਲੋਕ ਮੇਰੇ/ਸਾਡੇ ਪਿੱਛੇ ਲੱਗਣ; ਇਹ ਦੂਸਰੇ ਲੋਕਾਂ ਨੂੰ ਆਪਣੀ ਸੋਚ ਅਨੁਸਾਰ ਢਾਲਣ ਦੀ ਉਹ ਚਾਹਤ ਹੈ ਜੋ ਸਾਡੇ ਅਵਚੇਤਨ ਵਿਚ ਦਬੀ ਰਹਿੰਦੀ ਹੈ; ਅਸੀਂ ਉਸ ਆਦਮੀ ਨੂੰ ਪਸੰਦ ਕਰਦੇ ਹਾਂ ਜੋ ਸਾਡੀ ਸੋਚ ਅਨੁਸਾਰ ਸੋਚਦਾ ਹੈ; ਦੂਸਰੇ ਸਾਡੀ ਘ੍ਰਿਣਾ ਦੇ ਪਾਤਰ ਬਣਦੇ ਹਨ। ਡਿਲੂਜ਼ ਤੇ ਗੁਟਾਰੀ ਕਹਿੰਦੇ ਹਨ ਕਿ ਜ਼ਰਾ ਆਪਣੇ ਅੰਦਰਲੀਆਂ ਅਜਿਹੀਆਂ ਇੱਛਾਵਾਂ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਨੂੰ ਵੱਡੀ ਪੱਧਰ ’ਤੇ ਫੈਲਾਉਣ ਤੇ ਲਾਗੂ ਕਰਨ ਦੀ ਕਲਪਨਾ ਕਰੋ; ਉਹੀ ਫਾਸ਼ੀਵਾਦ ਹੈ; ਇਸ ਦੇ ਬੀਜ ਸਾਡੇ ਸਾਰਿਆਂ ਦੇ ਅੰਦਰ ਹਨ; ਸਾਡੇ ਅੰਦਰਲੇ ਨਿੱਕੇ ਨਿੱਕੇ ਤੇ ਵੱਖਰੇ ਵੱਖਰੇ ਫਾਸ਼ੀਵਾਦ ਹੀ ਰਿਆਸਤ/ਸਟੇਟ ਦੁਆਰਾ ਕੀਤੇ ਜਾਂਦੇ ਵੱਡੇ ਫਾਸ਼ੀਵਾਦੀ ਵਰਤਾਰਿਆਂ ਦਾ ਆਧਾਰ ਹਨ ਅਤੇ ਇਹੀ ਕਾਰਨ ਹੈ ਕਿ ਅਸੀਂ ਰਿਆਸਤ/ਸਟੇਟ ਦੁਆਰਾ ਲਾਗੂ ਕੀਤਾ ਗਿਆ ਫਾਸ਼ੀਵਾਦ ਸਵੀਕਾਰ ਕਰ ਲੈਂਦੇ ਹਾਂ। ਫਾਸ਼ੀਵਾਦ ਲਾਗੂ ਕਰਨ ਵਾਲੇ ਨੇਤਾ ਨੂੰ ਆਪਣੇ ਸਮਿਆਂ ਵਿਚ ਹਮੇਸ਼ਾ ਮਹਾਨ ਨੇਤਾ ਕਿਹਾ ਜਾਂਦਾ ਹੈ। ਅਸੀਂ ਵੀ ਅਜਿਹੇ ਸਮਿਆਂ ਦੇ ਰੂਬਰੂ ਹਾਂ; ਇਨ੍ਹਾਂ ਸਮਿਆਂ ਵਿਚਲੇ ਫਾਸ਼ੀਵਾਦ ਵਿਚ ਆਪਣੇ ਪਾਏ ਹਿੱਸੇ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਅਸੀਂ ਏਦਾਂ ਦਾ ਵਿਤਕਰਾ ਆਪਣੇ ਘਰਾਂ, ਗਲੀ-ਮਹੱਲਿਆਂ, ਪਿੰਡਾਂ, ਸ਼ਹਿਰਾਂ, ਕੰਮ ਕਰਨ ਵਾਲੀਆਂ ਥਾਵਾਂ, ਜਥੇਬੰਦੀਆਂ, ਗੱਲ ਕੀ ਹਰ ਥਾਂ ’ਤੇ ਕਰਦੇ ਹਾਂ।
ਅਸਤਿਤਵਾਦੀ/ਹੋਂਦਵਾਦੀ ਚਿੰਤਕ ਕਾਰਲ ਜਾਸਪਰਸ (Karl Jaspers) ਨੇ ਕਿਹਾ ਸੀ ਕਿ ਸਾਨੂੰ ਮਨੁੱਖੀ ਹੋਂਦ ਦਾ ਸੱਚ ਇੰਤਹਾ (ਅਖ਼ੀਰ, ਸਿਰੇ ਦੀਆਂ) ਵਾਲੇ ਹਾਲਾਤ ਵਿਚ ਪਤਾ ਲੱਗਦਾ ਹੈ। ਉਸ ਨੇ ਇਨ੍ਹਾਂ ਹਾਲਤਾਂ/ਸਥਿਤੀਆਂ ਨੂੰ ਜਰਮਨ ਭਾਸ਼ਾ ਵਿਚ ‘Cine Grenzsituation’ ਕਿਹਾ ਅਤੇ ਇਸ ਦਾ ਅੰਗਰੇਜ਼ੀ ਵਿਚ ਤਰਜਮਾ ‘Frontier/Limit/Boundary Situation’ ਵਜੋਂ ਕੀਤਾ ਗਿਆ। ਉਸ ਨੇ ਭਿਆਨਕ ਬਿਮਾਰੀਆਂ, ਵੱਡੇ ਦੁੱਖਾਂ, ਦਹਿਸ਼ਤ, ਸੰਘਰਸ਼, ਮੌਤ, ਮਾਨਸਿਕ ਰੋਗਾਂ, ਵਜ਼ਦ ਜਿਹੀਆਂ ਸਥਿਤੀਆਂ ਨੂੰ ਇਹ ਫਰੰਟੀਅਰ ਸਥਿਤੀਆਂ ਮੰਨਦਿਆ ਕਿਹਾ ਕਿ ਅਜਿਹੇ ਹਾਲਾਤ ਵਿਚ ਹੀ ਮਨੁੱਖ ਨੂੰ ਆਪਣੇ ਅਸਲੇ ਜਾਂ ਆਪਣੀ ਹੋਂਦ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਕਿਉਂਕਿ ਰੋਜ਼ਮਰਾ ਦੀ ਜ਼ਿੰਦਗੀ ਵਿਚ ਰੁਝੇ ਹੋਣ ਕਾਰਨ ਇਹ ਅਸਲੀਅਤ ਸਾਡੇ ਤੋਂ ਛੁਪੀ ਰਹਿੰਦੀ ਹੈ। ਜਾਸਪਰਸ ਦੇ ਸ਼ਬਦਾਂ ਵਿਚ ਰੋਜ਼ਮਰਾ ਦੀ ਜ਼ਿੰਦਗੀ ਦਾ ਕੂੜਾ ਮੁਲੰਮਾ/ਅਸੱਚ ਸਾਡੇ ਅੰਦਰਲੇ ਅਸਲੇ ਨੂੰ ਢਕੀ ਰੱਖਦਾ ਹੈ।
ਸਸਕਾਰ ਕਰਨ ਵਾਲਿਆਂ ਨੇ ਵੇਰਕੇ ਦੇ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਇਹ ਔਖੀਆਂ ਘੜੀਆਂ ਸਾਡੇ ਇਮਿਤਹਾਨ ਦੀਆਂ ਘੜੀਆਂ ਹੁੰਦੀਆਂ ਹਨ; ਸਾਡੀ ਮਨੁੱਖਤਾ ਦੀ ਪ੍ਰੀਖਿਆ; ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹੋ ਜਿਹਾ ਮੰਦਭਾਗਾ ਫ਼ੈਸਲਾ ਫੈਲੀ ਹੋਈ ਦਹਿਸ਼ਤ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਨੇ ਰਾਏ ਦਿੱਤੀ ਸੀ ਕਿ ਅੰਮ੍ਰਿਤਸਰ ਦੇ ਸ਼ਮਸ਼ਾਨਘਾਟਾਂ ’ਤੇ ਰੋਜ਼ ਕਈ ਸਸਕਾਰ ਹੁੰਦੇ ਹਨ ਅਤੇ ਲੋਕ ਇਕੱਠੇ ਹੁੰਦੇ ਹਨ ਅਤੇ ਇਸ ਲਈ ਸਸਕਾਰ ਲਾਗੇ ਦੇ ਕਸਬੇ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਜਾਏ। ਜਾਣਕਾਰੀ ਦੀ ਘਾਟ ਤੇ ਕਿਸੇ ਦੇ ਸਮਝਾਏ ਨਾ ਜਾਣ ਕਾਰਨ ਇਹ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਗਈ। ਬਾਅਦ ਵਿਚ ਸਸਕਾਰ ਪਿੰਡ ਦੀ ਸ਼ਾਮਲਾਟ ਵਿਚ ਕੀਤਾ ਗਿਆ ਤੇ ਪਿੰਡ ਦੀ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਨਾਲ ਕੁਝ ਜ਼ਮੀਨ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪਰਿਵਾਰ ਨੂੰ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਦੇਣਗੇ ਪਰ ਪ੍ਰੀਖਿਆ ਦੀ ਘੜੀ ਵਿਚ ਅਸੀਂ ਮਨੁੱਖਤਾ ਦੇ ਇਮਤਿਹਾਨ ਵਿਚੋਂ ਫੇਲ੍ਹ ਹੋ ਗਏ। ਇਸ ਘਟਨਾ ਨੂੰ ਸਮੁੱਚਤਾ ਵਿਚ ਸਮਝਣ ਦੀ ਲੋੜ ਹੈ। ਇਸ ਵਿਚ ਕਿਸੇ ਦੀ ਨਿੱਜੀ ਜ਼ਿੰਮੇਵਾਰੀ ਨਾਲੋਂ ਸਮੂਹਿਕ ਦਹਿਸ਼ਤ ਅਤੇ ਜਾਣਕਾਰੀ ਦੀ ਘਾਟ ਜ਼ਿਆਦਾ ਜ਼ਿੰਮੇਵਾਰ ਹਨ।
ਪਰ ਅਜਿਹੇ ਹਾਲਾਤ ਅੰਮ੍ਰਿਤਸਰ ਤੇ ਵੇਰਕਾ ਵਿਚ ਨਹੀਂ ਬਣੇ। ਕਈ ਹੋਰ ਥਾਵਾਂ ’ਤੇ ਵੀ ਲੋਕਾਂ ਨੂੰ ਅਜਿਹੀਆਂ ਮੁਸ਼ਕਿਲਾਂ ਆਈਆਂ ਹਨ। ਕਿਤੇ ਸ਼ਮਸ਼ਾਨਘਾਟ ਵਿਚ ਸਾੜਨ ਤੋਂ ਰੋਕਿਆ ਗਿਆ ਤੇ ਕਿਤੇ ਕਬਰਿਸਤਾਨ ਵਿਚ ਦਫਨਾਉਣ ਤੋਂ ਤੇ ਕਿਤੇ ਕੋਈ ਗੁਆਂਢੀ ਆਪਣੇ ਹਮਸਾਏ ਦੀ ਲਾਸ਼ ਨੂੰ ਮੋਢਾ ਦੇਣ ਤੋਂ ਝਿਜਕ ਗਿਆ। ਜਿੱਥੇ ਲੋਕ ਇਕ-ਦੂਸਰੇ ਦੀ ਮਦਦ ਕਰ ਕੇ, ਲੰਗਰ ਲਾ ਕੇ, ਦਵਾਈਆਂ ਪਹੁੰਚਾ ਕੇ ਇਨਸਾਨੀਅਤ ਦੀਆਂ ਨਵੀਆਂ ਮਿਸਾਲਾਂ ਕਾਇਮ ਕਰ ਰਹੇ ਹਨ, ਉੱਥੇ ਸਾਡੇ ਅੰਦਰਾਂ ਵਿਚ ਛਿਪੀ ਅਮਨੁੱਖਤਾ ਤੇ ਸਵਾਰਥ ਵੀ ਸਾਹਮਣੇ ਆ ਰਹੇ ਹਨ।
1987 ਵਿਚ ਆਪਣੇ ਆਪ ਨੂੰ ਧਰਮ ਦੇ ਸੱਚੇ ਪੈਰੋਕਾਰ ਦੱਸਣ ਵਾਲਿਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦੇਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਉਦੋਂ ਅਮਰਜੀਤ ਚੰਦਨ ਨੇ ਭਾਈ ਦੇਵਿੰਦਰ ਸਿੰਘ ਬਾਰੇ ਲਿਖੀ ਕਵਿਤਾ ਵਿਚ ਕਿਹਾ ਸੀ:
ਅਪਣੀ ਆਵਾਜ਼ ਵਿੰਨ੍ਹੇ ਜਾਣ ਤੋਂ ਪਹਲਾਂ ਪਹਲਾਂ
ਜੇ ਤੂੰ ਕਰ ਸਕਦਾ ਏਂ
ਤਾਂ ਅਪਣੇ ਇਸ ਕਾਤਲ ਨੂੰ ਮੁਆਫ਼ ਕਰ ਦੇ।
… … …
ਇਹ ਸਹਜ ਰੰਗ ਚ ਰਚਿਆ ਨਹੀਂ
ਇਹ ਬਾਣੀਆਂ ਸਿਰ ਬਾਣੀ ਨਹੀਂ ਸੁਣੀ
ਇਸਨੂੰ ਚਰਨ ਧੂੜ ਨਹੀਂ ਮਿਲੀ
ਉਹਦੀਆਂ ਲਾਈਆਂ ਸੁਰਾਂ ਦਾ ਬੈਕੁੰਠ ਕੀਰਤਨ ਨਹੀਂ ਸੁਣਿਆ ਇਸਨੇ
ਇਹ ਭਿੰਨੀ ਰੈਣ ਵਿਚ ਜਾਗਿਆ ਨਹੀਂ ਕਦੇ
… … …
ਤੂੰ ਅਪਣੇ ਆਖ਼ਰੀ ਸਾਹ ਨਾਲ਼ ਐਸਾ ਸੁਰ ਲਾ ਦੇ
ਜੋ ਤੂੰ ਪਹਲਾਂ ਲਾਇਆ ਨਹੀਂ ਕਦੇ
ਕਿ ਛਲਨੀ ਹੋਈ ਰਬਾਬ ਕਦੇ ਗਾਉਣੋਂ ਹਟੇ ਨਾ –
ਸਿਮਰਿ ਮੁਰੀਦਾ ਢਾਢੀਆ ਸਤਿਗੁਰ ਬਖਸੰਦਾ।।
ਅਸੀਂ ਵੀ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਇਹੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਤੁਹਾਡੀ ਮ੍ਰਿਤਕ ਦੇਹ ਨਾਲ ਇਹ ਵਿਹਾਰ ਕੀਤਾ, ਉਨ੍ਹਾਂ ਨੂੰ ਤੇ ਸਾਨੂੰ ਮੁਆਫ਼ ਕਰ ਦੇਣ; ਤੁਹਾਡੀਆਂ ਲਾਈਆਂ ਸੁਰਾਂ ਹਮੇਸ਼ਾ ਗੂੰਜਦੀਆਂ ਰਹਿਣੀਆਂ ਹਨ। ਇਸ ਘਟਨਾ ਨਾਲ ਅਸੀਂ ਸਾਰੇ ਸ਼ਰਮਿੰਦੇ ਹੋਏ ਹਾਂ; ਸਾਰਾ ਪੰਜਾਬ ਸ਼ਰਮਿੰਦਾ ਹੋਇਆ ਹੈ। ਇਸ ਸਬੰਧ ਵਿਚ ਬਾਬਾ ਨਾਨਕ ਜੀ ਦੀ ਤੁਕ ਯਾਦ ਆਉਂਦੀ ਹੈ, ‘‘ਜੋ ਮੈ ਬੇਦਨ ਸਾ ਕਿਸੁ ਆਖਾ ਮਾਈ’’ ਭਾਵ ‘‘ਜਿਹੜੀ ਪੀੜ ਮੈਨੂੰ ਹੈ, ਉਹ ਮੈਂ ਕਿਸ ਨੂੰ ਦੱਸਾਂ ਹੇ ਮੇਰੀ ਮਾਤਾ?’’

Leave a Reply

Your email address will not be published. Required fields are marked *