ਵਗਦੀ ਏ ਰਾਵੀ, ਮਾਹੀ ਵੇ

ਬਲਵਿੰਦਰ ਸਿੰਘ ਸਿਪਰੇ

ਰਾਵੀ ਪੰਜਾਬ ਦੇ ਪੰਜ ਦਰਿਆਵਾਂ ਵਿਚੋਂ ਵਿਚਕਾਰਲਾ ਦਰਿਆ ਹੈ ਜਿਸ ਦੇ ਚੜ੍ਹਦੇ ਪਾਸੇ ਸਤਲੁਜ ਤੇ ਬਿਆਸ ਅਤੇ ਲਹਿੰਦੇ ਵੱਲ ਚਨਾਬ ਤੇ ਜਿਹਲਮ ਵਹਿੰਦੇ ਹਨ। ਜੇ ਇਤਿਹਾਸਕ ਅਣਵੰਡੇ ਸਾਂਝੇ ਪੰਜਾਬ ਦੇ ਸਿੰਧੂ ਤੇ ਜਮਨਾ ਸਣੇ ਸੱਤ ਦਰਿਆਵਾਂ ਦੀ ਗੱਲ ਕਰੀਏ (ਜਿਨ੍ਹਾਂ ਸਦਕਾ ਪੰਜਾਬ ਨੂੰ ਕਿਸੇ ਸਮੇਂ ‘ਸਪਤ ਸਿੰਧੂ’ ਵੀ ਕਿਹਾ ਜਾਂਦਾ ਸੀ) ਤਾਂ ਵੀ ਰਾਵੀ ਵਿਚਕਾਰਲਾ ਦਰਿਆ ਹੀ ਬਣਦਾ ਹੈ। ਇਸ ਦੀ ਲੰਬਾਈ ਤਕਰੀਬਨ 450 ਮੀਲ ਜਾਂ 720 ਕਿਲੋਮੀਟਰ ਹੈ।

ਰਾਵੀ ਦੀ ਪੰਜਾਬ ਹੀ ਨਹੀਂ, ਭਾਰਤ ਤੇ ਪਾਕਿਸਤਾਨ ਅਤੇ ਸਮੁੱਚੇ ਏਸ਼ੀਆ ਲਈ ਭੂਗੋਲਿਕ, ਸਮਾਜਿਕ, ਸਿਆਸੀ, ਧਾਰਮਿਕ ਅਤੇ ਇਤਿਹਾਸਕ ਪੱਖੋਂ ਬੇਹੱਦ ਅਹਿਮੀਅਤ ਹੈ। ਇਹ ਰਾਵੀ ਹੀ ਹੈ ਜਿਸ ਦੇ ਕੰਢੇ ਪੰਜਾਬੀਆਂ ਦਾ ਸਭ ਤੋਂ ਅਹਿਮ ਤੇ ਵੱਡਾ ਸ਼ਹਿਰ, ਅਣਵੰਡੇ ਪੰਜਾਬ ਦੀ ਰਾਜਧਾਨੀ, ਇਸ ਦਾ ਦਾਰੁਲ-ਖ਼ਲਾਫ਼ਾ ਲਾਹੌਰ ਵੱਸਦਾ ਹੈ। ਪੰਜਾਬੀਆਂ ਨੇ ਸਦੀਆਂ ਪਹਿਲਾਂ ਜਦੋਂ ਪੰਜਾਬ ਦਾ ਕੇਂਦਰੀ ਸ਼ਹਿਰ ਵਸਾਉਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਰਾਵੀ ਦੇ ਕੰਢੇ ਨੂੰ ਹੀ ਚੁਣਿਆ ਅਤੇ ਉੱਥੇ ਉਹ ਸ਼ਹਿਰ ਵਸਾਇਆ, ਜਿਸ ਬਾਰੇ ਆਖਿਆ ਜਾਂਦਾ ਹੈ ਕਿ ‘ਜਿਸ ਨੇ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ’।

ਪੰਜਾਬ ਦੇ ਮਹਾਨ ਸ਼ਾਇਰ ਪ੍ਰੋਫ਼ੈਸਰ ਮੋਹਨ ਸਿੰਘ ਨੇ ਲਾਹੌਰ ਤੇ ਰਾਵੀ ਦੇ ਰਿਸ਼ਤੇ ਨੂੰ ਆਪਣੀ ਕਵਿਤਾ ‘ਨੂਰ ਜਹਾਨ’ ਵਿਚ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨਿਆ ਹੈ। ਇਸ ਵਿਚ ਸ਼ਾਇਰ ਨੇ ਬਾਦਸ਼ਾਹ ਜਹਾਂਗੀਰ ਦੀ ਮਹਾਰਾਣੀ ਨੂਰਜਹਾਂ ਦੇ ਮਕਬਰੇ ਦੇ ਹਵਾਲੇ ਨਾਲ ਗੱਲ ਕੀਤੀ ਹੈ। ਇਹ ਮਕਬਰਾ ਲਾਹੌਰ ਵਿਚ ਰਾਵੀ ਤੋਂ ਪਾਰ ਸ਼ਾਹਦਰਾ ਵਿਚ ਰਾਵੀ ਕੰਢੇ ਹੀ ਹੈ ਜਿਥੇ ਬਾਦਸ਼ਾਹ ਜਹਾਂਗੀਰ ਦਾ ਵੀ ਮਕਬਰਾ ਹੈ ਤੇ ਹੋਰ ਵੀ ਕਈ ਮਕਬਰੇ ਤੇ ਤਾਰੀਖ਼ੀ ਇਮਾਰਤਾਂ ਹਨ। ਪ੍ਰੋ. ਮੋਹਨ ਸਿੰਘ ਦੀ ਇਹ ਲੰਬੀ ਕਵਿਤਾ ਉਨ੍ਹਾਂ ਦੇ ਕਾਵਿ ਸੰਗ੍ਰਹਿ ‘ਸਾਵੇ ਪੱਤਰ’ ਵਿਚ ਦਰਜ ਹੈ:

ਫੁਟੀ ਪਹੁ ਮੂੰਹ-ਝਾਖਰਾ ਆਣ ਹੋਇਆ,

ਤਾਂਘ-ਨੈਣੀਆਂ ਅੱਖੀਆਂ ਮੱਲੀਆਂ ਨੇ।

ਤ੍ਰੇਲ-ਮੋਤੀਆਂ ਦੀ ਮੂੰਹ-ਵਿਖਾਈ ਲੈ ਕੇ,

ਚਾਏ ਘੁੰਡ ਸ਼ਰਮਾਕਲਾਂ ਕਲੀਆਂ ਨੇ।

ਬਾਹਰ ਕੱਢਿਆ ਗੁੱਜਰਾਂ ਚੌਣਿਆਂ ਨੂੰ;

ਦੁੱਧਾਂ ਵਿਚ ਮਧਾਣੀਆਂ ਹੱਲੀਆਂ ਨੇ।

ਸੱਕ ਮਲਦੀਆਂ, ਰਾਵੀ ਦੇ ਪੱਤਣਾਂ ਨੂੰ

ਅੱਗ ਲਾਣ ਲਾਹੌਰਨਾਂ ਚੱਲੀਆਂ ਨੇ।

ਏਹੋ ਜਿਹੇ ਦਿਲ-ਖਿੱਚਵੇਂ ਸਮੇਂ ਅੰਦਰ,

ਆਪਣੇ ਆਪ ਨੂੰ ਸ਼ਹਿਰ ’ਚੋਂ ਖਿੱਚ ਲਿਆ ਮੈਂ।

ਹਵਾ ਫੱਕਦਾ ਰਾਵੀ ਦੇ ਕੰਢਿਆਂ ਦੀ,

ਸ਼ਾਹੀ ਰੋਜ਼ਿਆਂ ਉੱਤੇ ਜਾ ਨਿਕਲਿਆ ਮੈਂ।

ਇੰਨਾ ਹੀ ਨਹੀਂ, ਜਦੋਂ ਪੰਜਾਬੀਆਂ ਦੇ ਬਾਬਾ ਨਾਨਕ ਨੇ ਆਪਣੀਆਂ ਚਾਰ ਉਦਾਸੀਆਂ ਤੋਂ ਬਾਅਦ ਇਕ ਥਾਂ ਟਿਕਣ ਅਤੇ ਹੱਥੀਂ ਮਿਹਨਤ ਕਰਨ ਤੇ ਉੱਤਮ ਖੇਤੀ ਅਪਣਾਉਣ ਦਾ ਸੁਨੇਹਾ ਦੇਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਵੀ ਰਾਵੀ ਦੇ ਕੰਢੇ ਨੂੰ ਹੀ ਚੁਣਿਆ ਅਤੇ ਲਾਹੌਰ ਤੋਂ ਉੱਤਰ-ਪੂਰਬ ਵੱਲ ਕੋਈ ਸਵਾ ਕੁ ਸੌ ਕਿਲੋਮੀਟਰ ਦੇ ਫ਼ਾਸਲੇ ਉੱਤੇ ਕਰਤਾਰਪੁਰ ਸਾਹਿਬ ਨਗਰ ਵਸਾਇਆ।

ਜੇ ਇਤਿਹਾਸ ਦੇ ਵਰਕੇ ਹੋਰ ਅਗਾਂਹ ਫਰੋਲੀਏ ਤਾਂ ਉੱਤਰੀ ਭਾਰਤ ਵਿਚ ਅਤੇ ਖ਼ਾਸਕਰ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਪਣਪੀ ਸਿੰਧੂ ਘਾਟੀ ਸੱਭਿਅਤਾ ਦੇ ਦੋ ਪ੍ਰਮੁੱਖ ਸ਼ਹਿਰਾਂ ਮੋਹਿੰਜੋਦੜੋ ਅਤੇ ਹੜੱਪਾ ਵਿਚੋਂ ਹੜੱਪਾ ਵੀ ਰਾਵੀ ਦੇ ਕੰਢੇ ਹੀ ਸਥਿਤ ਹੈ ਅਤੇ ਇਸ ਦੇ ਨਾਂ ਉੱਤੇ ਸਿੰਧੂ ਘਾਟੀ ਸੱਭਿਅਤਾ ਨੂੰ ਹੜੱਪਾ ਸੱਭਿਅਤਾ ਵੀ ਆਖਿਆ ਜਾਂਦਾ ਹੈ। ਇਸ ਵੇਲੇ ਰਾਵੀ ਦਰਿਆ ਹੜੱਪਾ ਤੋਂ 8 ਕੁ ਕਿਲੋਮੀਟਰ ਦੇ ਫ਼ਾਸਲੇ ’ਤੇ ਵਗਦਾ ਹੈ। ਹੁਣ ਹੜੱਪਾ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸਾਹੀਵਾਲ ਦਾ ਹਿੱਸਾ ਹੈ ਜਿਸ ਨੂੰ ਪਹਿਲਾਂ ਮਿੰਟਗੁਮਰੀ ਕਹਿੰਦੇ ਸਨ ਜਦੋਂਕਿ ਦੂਜਾ ਅਹਿਮ ਸ਼ਹਿਰ ਮੋਹਿੰਜੋਦੜੋ, ਸੂਬਾ ਸਿੰਧ ਵਿਚ ਸਿੰਧੂ ਦਰਿਆ ਦੇ ਕੰਢੇ ’ਤੇ ਹੈ। ਇਹ ਉਸ ਸਮੇਂ ਦੇ ਬਹੁਤ ਹੀ ਉੱਨਤ ਅਤੇ ਵਿਗਿਆਨਕ ਢੰਗ ਨਾਲ ਵਸਾਏ ਸ਼ਹਿਰ ਸਨ ਜਿਨ੍ਹਾਂ ਦੀ ਇਮਾਰਤਸਾਜ਼ੀ ਤੇ ਸ਼ਹਿਰੀ ਮਨਸੂਬਾਬੰਦੀ ਕਮਾਲ ਦੀ ਸੀ। ਇਹ ਸਾਡੀ ਅਮੀਰ ਤੇ ਮਹਾਨ ਵਿਰਾਸਤ ਦਾ ਹਿੱਸਾ ਹੈ।

ਅੱਜ ਜੇ ਰਾਵੀ ਦੀ ਗੱਲ ਹੋਵੇ ਤਾਂ ਮੁਮਕਿਨ ਹੀ ਨਹੀਂ ਕਿ ਨਾਲ ਲਾਹੌਰ ਸ਼ਹਿਰ ਦਾ ਜ਼ਿਕਰ ਨਾ ਹੋਵੇ। ਪੰਜਾਬੀਆਂ ਦੇ ਪੁਰਖਿਆਂ ਨੇ ਲਾਹੌਰ ਨੂੰ ਬੜਾ ਸੋਚ ਸਮਝ ਕੇ ਰਾਵੀ ਦੇ ਸ਼ੂਕਦੇ ਪਾਣੀਆਂ ਰਾਹੀਂ ਉੱਤਰ-ਪੱਛਮ ਤੋਂ ਆਉਣ ਵਾਲੇ ਧਾੜਵੀਆਂ ਤੋਂ ਸੁਰੱਖਿਆ ਦੇਣ ਲਈ ਰਾਵੀ ਦੀ ਪੂਰਬੀ ਭਾਵ ਖੱਬੀ ਵੱਖੀ ’ਤੇ ਵਸਾਇਆ। ਰਾਵੀ ਦੀ ਖੱਬੀ ਵੱਖੀ ਪੁਰਾਣੇ ਲਾਹੌਰ ਸ਼ਹਿਰ, ਜਿਸ ਨੂੰ ‘ਅੰਦਰੂਨ ਲਾਹੌਰ’ (Walled City) ਆਖਿਆ ਜਾਂਦਾ ਹੈ, ਦੇ ਐਨ ਨਾਲ ਖਹਿੰਦੀ ਹੈ। ਪਰ ਪੱਛਮ, ਖ਼ਾਸਕਰ ਅਫ਼ਗਾਨਿਸਤਾਨ ਵਾਲੇ ਪਾਸਿਉਂ ਹਿੰਦੋਸਤਾਨ ’ਤੇ ਚੜ੍ਹ-ਚੜ੍ਹ ਕੇ ਆਉਣ ਵਾਲੇ ਹਮਲਾਵਰਾਂ ਨੂੰ ਰਾਵੀ ਚਾਹ ਕੇ ਵੀ ਨਾ ਰੋਕ ਸਕਿਆ ਅਤੇ ਉਨ੍ਹਾਂ ਦੇ ਜ਼ੁਲਮੋ-ਸਿਤਮ ਨੂੰ ਖ਼ਾਮੋਸ਼ੀ ਤੇ ਭਰੇ ਮਨ ਨਾਲ ਦੇਖਦਾ ਰਿਹਾ ਹੋਵੇਗਾ। ਸਦੀਆਂ ਦੌਰਾਨ ਕਲ-ਕਲ ਵਹਿੰਦੇ ਰਾਵੀ ਨੇ ਲਾਹੌਰ ਵਿਚ ਅਣਗਿਣਤ ਸਲਤਨਤਾਂ ਨੂੰ ਢਹਿੰਦਿਆਂ ਤੇ ਉੱਸਰਦਿਆਂ ਦੇਖਿਆ ਹੋਵੇਗਾ। ਗ਼ਜ਼ਨਵੀਆਂ, ਗ਼ੌਰੀਆਂ, ਚੰਗੇਜ਼ ਖ਼ਾਨਾਂ, ਬਾਬਰਾਂ ਅਤੇ ਪ੍ਰਾਚੀਨ ਕਾਲ ਦੇ ਹਮਲਾਵਰਾਂ ਨੂੰ ਆਪਣੀ ਹਿੱਕ ਚੀਰ ਕੇ ਲੰਘਦਿਆਂ ਅਤੇ ਕਈ ਕਈ ਦਿਨ ਲਾਹੌਰੀਆਂ ਦੇ ਕਤਲੇਆਮ, ਔਰਤਾਂ ਦੀਆਂ ਬੇਪੱਤੀਆਂ ਨੂੰ ਖ਼ੂਨ ਦੇ ਹੰਝੂ ਵਹਾਉਂਦਿਆਂ ਬੇਵੱਸੀ ਨਾਲ ਦੇਖਿਆ ਹੋਵੇਗਾ। ਇਸ ਦੀਆਂ ਅੱਖਾਂ ਸਾਹਵੇਂ ਪਤਾ ਨਹੀਂ ਕਿੰਨੀ ਵਾਰ ਲਾਹੌਰ ਸ਼ਹਿਰ ਉੱਜੜ ਕੇ ਥੇਹ ਬਣਿਆ ਅਤੇ ਮੁੜ-ਮੁੜ ਵੱਸਿਆ ਤੇ ਫਿਰ ਆਪਣੇ ਸ਼ਾਹੀ ਜਲੌਅ ਦੀਆਂ ਬੁਲੰਦੀਆਂ ਉਤੇ ਪੁੱਜਿਆ ਹੋਵੇਗਾ। ਧਾੜਵੀਆਂ ਤੋਂ ਬਚਦਿਆਂ ਪਤਾ ਨਹੀਂ ਕਿੰਨੇ ਮਾਸੂਮ ਮਰਦਾਂ-ਔਰਤਾਂ ਨੇ ਆਪਣੇ ਆਪ ਨੂੰ ਰਾਵੀ ਦੇ ਪਾਣੀਆਂ ਦੇ ਹਵਾਲੇ ਕਰ ਦਿੱਤਾ ਹੋਵੇਗਾ। ਉਦੋਂ ਰਾਵੀ ਨੇ ਜ਼ਰੂਰ ਵੈਣ ਪਾਏ ਹੋਣਗੇ। ਪਰ ਰਾਵੀ ਸਭ ਤੋਂ ਵੱਧ ਦੁਖੀ 1606 ਈਸਵੀ ਦੇ ਹਾੜ੍ਹ ਮਹੀਨੇ ਉਦੋਂ ਹੋਇਆ ਹੋਵੇਗਾ, ਜਦੋਂ ਚੰਦੂ ਦੇ ਉਕਸਾਵੇ ਵਿਚ ਸਮੇਂ ਦੇ ਹਾਕਮਾਂ ਨੇ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਲੂੰਹਦੀ ਗਰਮੀ ਦੌਰਾਨ ਅਸਹਿ ਤੇ ਅਕਹਿ ਤਸੀਹੇ ਦਿੰਦਿਆਂ, ਤੱਤੀ ਤਵੀ ’ਤੇ ਬਿਠਾਉਣ ਅਤੇ ਸਿਰ ਵਿਚ ਤੱਤੀ ਰੇਤ ਪਾਉਣ ਤੋਂ ਬਾਅਦ ਰਾਵੀ ਦੇ ਠੰਢੇ ਪਾਣੀਆਂ ਵਿਚ ਸੁੱਟ ਕੇ ਸ਼ਹੀਦ ਕੀਤਾ।

ਰਾਵੀ ਲਈ ਪੰਜਾਬੀਆਂ ਦੇ ਪਿਆਰ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਪੰਜਾਬੀ ਲੋਕਧਾਰਾ, ਗੀਤਾਂ, ਟੱਪਿਆਂ, ਬੋਲੀਆਂ ਅਤੇ ਸਾਹਿਤ ਵਿਚ ਪੰਜਾਬੀਆਂ ਦੇ ਮਹਿਬੂਬ ਦਰਿਆ ਝਨਾਂ ਨੂੰ ਜਿੰਨੀ ਥਾਂ ਮਿਲੀ ਹੈ, ਸ਼ਾਇਦ ਓਨੀ ਹੀ ਰਾਵੀ ਨੂੰ ਮਿਲੀ ਹੈ। ‘ਵਗਦੀ ਏ ਰਾਵੀ’ ਅੱਜ ਪੰਜਾਬੀ ਟੱਪਿਆਂ ਦਾ ਸ਼ਿੰਗਾਰ ਹੀ ਨਹੀਂ ਸਗੋਂ ਪੰਜਾਬੀ ਟੱਪਿਆਂ ਦੀ ਇਕ ਖ਼ਾਸ ਵਿਧਾ ਬਣ ਚੁੱਕਾ ਹੈ। ਅਣਗਿਣਤ ਪੰਜਾਬੀ ਸ਼ਾਇਰਾਂ ਨੇ ਇਸ ਸਥਾਈ ਨੂੰ ਵਰਤ ਕੇ ਆਪਣੇ ਦਿਲ ਦੇ ਵਲਵਲੇ ਕਵਿਤਾ ਰੂਪ ਵਿਚ ਬਿਆਨੇ। ਜ਼ਿਲ੍ਹਾ ਗੁਰਦਾਸਪੁਰ ਦੀ ਪਾਕਿਸਤਾਨ ’ਚ ਰਹਿ ਗਈ ਤਹਿਸੀਲ ਸ਼ੱਕਰਗੜ੍ਹ ਦੇ ਰਾਵੀ ਕੰਢੇ ਵੱਸਦੇ ਪਿੰਡ ਟੇਕਾ ਛੰਨੀ ਤੋਂ ਉੱਜੜ ਕੇ ਗੁਰਦਾਸਪੁਰ ਜ਼ਿਲ੍ਹੇ ਵਿਚ ਹੀ ਪਿੰਡ ਕੋਟ ਸੰਤੋਖ ਰਾਏ ਆਏ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੀਆਂ ਕਈ ਕਹਾਣੀਆਂ ਤੇ ਨਾਵਲ ਰਾਵੀ ਤੋਂ ਪ੍ਰਭਾਵਿਤ ਹਨ। ਉਨ੍ਹਾਂ ਦੀ ਪਹਿਲੀ ਕਿਤਾਬ (ਕਹਾਣੀ ਸੰਗ੍ਰਹਿ) ਦਾ ਨਾਂ ਹੀ ‘ਰਾਵੀ ਦੇ ਪੱਤਣ’ ਹੈ। ਉਨ੍ਹਾਂ ਦੇ ਨਾਵਲਾਂ ‘ਵਹਿ ਗਏ ਪਾਣੀ’, ‘ਮਛਲੀ ਇਕ ਦਰਿਆ ਦੀ’, ‘ਬੇੜੀ ਤੇ ਬਰੇਤਾ’ ਅਤੇ ‘ਗੋਰੀ ਨਦੀ ਦਾ ਗੀਤ’ ਸਭਨਾਂ ਵਿਚ ਰਾਵੀ ਹਾਜ਼ਰ ਹੈ ਅਤੇ ਕਈ ਥਾਈਂ ਤਾਂ ਰਾਵੀ ਸਾਕਾਰ ਕਿਰਦਾਰ ਵਜੋਂ ਸਾਹਮਣੇ ਆ ਜਾਂਦਾ ਹੈ। ਬੌਲੀਵੁੱਡ ਦੀ ਨਾਮੀ ਹਸਤੀ ਗੁਲਜ਼ਾਰ ਨੇ ਵੀ ਆਪਣੇ ਇਕ ਕਹਾਣੀ ਸੰਗ੍ਰਹਿ ਨੂੰ ‘ਰਾਵੀ ਪਾਰ’ ਦਾ ਸਿਰਲੇਖ ਦਿੱਤਾ। ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਵੀ ਲਹਿੰਦੇ ਪੰਜਾਬ ਦੇ ਆਪਣੇ ਸਫ਼ਰਨਾਮੇ ਨੂੰ ‘ਵਗਦੀ ਏ ਰਾਵੀ’ ਸਿਰਲੇਖ ਦਿੱਤਾ। ਰਾਵੀ ਆਧਾਰਿਤ ਨਾਵਾਂ ਵਾਲੀਆਂ ਹੋਰ ਵੀ ਕਾਫ਼ੀ ਕਿਤਾਬਾਂ ਵੱਖ-ਵੱਖ ਲੇਖਕਾਂ ਨੇ ਲਿਖੀਆਂ ਹਨ। ਵਗਦੀ ਏ ਰਾਵੀ ਦੀ ਸਥਾਈ ਨਾਲ ਪੰਜਾਬੀ ਵਿਚ ਬਹੁਤ ਕਵਿਤਾ ਲਿਖੀ ਗਈ ਹੈ। ਇਹ ਲੋਕ ਕਾਵਿ ਰੂਪ ਕਦੋਂ ਪੰਜਾਬੀਆਂ ਵਿਚ ਮਕਬੂਲ ਹੋਇਆ, ਇਹ ਤਾਂ ਵੱਖਰੀ ਖੋਜ ਦਾ ਵਿਸ਼ਾ ਹੈ, ਪਰ ਇਸ ਮੁਤੱਲਕ ਇਕ ਮੁੱਢਲੀ ਛਪੀ ਹੋਈ ਇਕ ਲੰਬੀ ਕਵਿਤਾ ਲਹਿੰਦੇ ਪੰਜਾਬ ’ਚ ਜ਼ਿਲ੍ਹਾ ਗੁੱਜਰਾਂਵਾਲਾ ਵਿਚ ਜਨਮੇ ਲਾਲਾ ਕਿਰਪਾ ਸਾਗਰ (ਮਈ 1875 – ਮਈ 1939) ਦੀ ਮਿਲਦੀ ਹੈ।

ਵਗਦੀ ਏ ਰਾਵੀ, ਮਾਹੀ ਵੇ, ਵਿਚ ਵਿਚ ਪੈਣ ਉਛਾਲੇ ਢੋਲਾ

ਲੋਕਾਂ ਫੜ ਲਏ ਮਾਹੀ ਵੇ, ਹੁਣ ਉਲਟੇ ਚਾਲੇ ਢੋਲਾ।

ਪਾਕਿਸਤਾਨੀ ਪੰਜਾਬੀ ਗਾਇਕ ਅਤਾ ਉੱਲ੍ਹਾ ਖ਼ਾਨ ਦਾ ਇਕ ਗੀਤ ਇੰਝ ਹੈ:

ਵਗਦੀ ਏ ਰਾਵੀ, ਵਿਚ ਸੁੱਟਾਂ ਕੰਗਣਾ

ਮੈਂ ਤੇ ਰੱਬ ਕੋਲੋਂ ਬੱਸ ਹੁਣ ਮਾਹੀ ਮੰਗਣਾ।

ਪਰਵਾਸੀ (ਇੰਗਲੈਂਡ ਵਿਚ ਵੱਸਦੇ) ਸ਼ਾਇਰ ਡਾ. ਲੋਕ ਰਾਜ ਨੇ ਪੰਜਾਬ ਦੀ ਵੰਡ ਦਾ ਦਰਦ ਰਾਵੀ ਦੇ ਹਵਾਲੇ ਨਾਲ ਇੰਝ ਬਿਆਨਿਆ ਹੈ:

ਵਗਦੀ ਏ ਰਾਵੀ ਵਿਚ ਫੁੱਲ ਵੇ ਗੁਲਾਬ ਦਾ

ਡੋਬਿਆ ਸਿਆਸਤਾਂ ਨੇ ਬੇੜਾ ਵੇ ਪੰਜਾਬ ਦਾ।

ਵਗਦੀ ਏ ਰਾਵੀ ਵਿਚ ਸੁੱਟੀਆਂ ਗਨੇਰੀਆਂ

ਭੁੱਲੀਆਂ ਨਾ ਯਾਦਾਂ ਓ ਲਾਹੌਰ ਕਦੇ ਤੇਰੀਆਂ।

ਵਗਦੀ ਏ ਰਾਵੀ ਪਾਣੀ ਕੰਢੇ ਤੱਕ ਆ ਗਿਆ।

ਚੌਧਰ ਦਾ ਭੁੱਖਾ ਲੀਕ ਵਾਘੇ ਵਾਲੀ ਪਾ ਗਿਆ।

ਵਗਦੀ ਏ ਰਾਵੀ ਵਿਚ ਪਰਨਾ ਨਿਚੋੜਿਆ

ਮਜ਼੍ਹਬਾਂ ਨੇ ਭਾਈ ਕੋਲੋਂ ਭਾਈ ਨੂੰ ਵਿਛੋੜਿਆ।

ਵਗਦੀ ਏ ਰਾਵੀ ਉੱਤੋਂ ਝੁੱਲੀਆਂ ਹਨੇਰੀਆਂ

ਛੁੱਟੀਆਂ ਲਾਹੌਰੀਂ ਅੰਬਰਸਰ ਦੀਆਂ ਫੇਰੀਆਂ।

ਵਗਦੀ ਏ ਰਾਵੀ ਪਰ ਤਰਸੇ ਚਨਾਬ ਨੂੰ

ਲੱਗੀ ਕੋਈ ਨਿਗ੍ਹਾ ਬੜੀ ਚੰਦਰੀ ਪੰਜਾਬ ਨੂੰ।

ਵਗਦੀ ਏ ਰਾਵੀ ਮੇਰਾ ਚੇਤਾ ਪਿੱਛੇ ਭੌਂ ਗਿਆ,

ਸ਼ਾਂਤੀ ਦਾ ਪੁੰਜ ਇਹਦੇ ਪਾਣੀਆਂ ’ਚ ਸੌਂ ਗਿਆ।

ਹੋਰ ਤਾਂ ਹੋਰ ਪੰਜਾਬੀ ਲਿਖਣ ਲਈ ਵਰਤੇ ਜਾਂਦੇ

ਮੁੱਖ ਗੁਰਮੁਖੀ ਯੂਨੀਕੋਡ ਫੌਂਟ ਦਾ ਨਾਂ ਵੀ ‘ਰਾਵੀ’ ਰੱਖਿਆ ਗਿਆ ਹੈ।

ਜਦੋਂ ਭਾਰਤ ਦੇ ਦਰਿਆਵਾਂ ਦੀ ਗੱਲ ਚੱਲਦੀ ਹੈ, ਤਾਂ ਆਖਿਆ ਜਾਂਦਾ ਹੈ ਕਿ ਭਾਰਤ ਦੇ ਸਾਰੇ ਦਰਿਆਵਾਂ ਦੇ ਨਾਂ ਇਸਤਰੀ ਲਿੰਗ ਵਾਲੇ ਭਾਵ ਜ਼ਨਾਨਾ ਹਨ, ਜਿਵੇਂ ਗੰਗਾ, ਜਮਨਾ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਆਦਿ ਅਤੇ ਸਿਰਫ਼ ਬ੍ਰਹਮਪੁੱਤਰ ਦਾ ਨਾਂ ਮਰਦਾਵਾਂ ਹੈ। ਇੰਝ ਹੀ ਪੰਜਾਬ ਦੇ ਵੀ ਸਾਰੇ ਹੀ ਦਰਿਆਵਾਂ ਦੇ ਪ੍ਰਾਚੀਨ ਨਾਂ ਜ਼ਨਾਨਾ ਹਨ, ਜਿਵੇਂ ਸਤਲੁਜ ਦਾ ਸ਼ੁਤੂਦਰੀ, ਬਿਆਸ ਦਾ ਅਰਜਿਕੀਆ ਜਾਂ ਬਿਪਾਸ਼ਾ, ਚਨਾਬ ਦਾ ਅਸਿਕਨੀ ਜਾਂ ਚੰਦਰਭਾਗਾ, ਜਿਹਲਮ ਦਾ ਵਿਤਸਤਾ। ਰਾਵੀ ਦਾ ਵੈਦਿਕ ਕਾਲੀਨ ਨਾਂ ਪਰੁਸ਼ਣੀ ਜਾਂ ਇਰਾਵਤੀ ਸੀ, ਹਾਲਾਂਕਿ ‘ਰਾਵੀ’ ਨਾਂ ਨੂੰ ਦੋਵੇਂ ਮਰਦਾਨਾ ਤੇ ਜ਼ਨਾਨਾ ਰੂਪਾਂ ਵਿਚ ਵਰਤਿਆ ਜਾਂਦਾ ਹੈ ਤੇ ‘ਵਗਦੀ ਏ ਰਾਵੀ’ ਇਸ ਦੀ ਪ੍ਰਤੱਖ ਮਿਸਾਲ ਹੈ। ਪਰ ਪੰਜਾਬ ਦੇ ਬਾਕੀ ਦਰਿਆਵਾਂ ਦੇ ਅਜੋਕੇ ਨਾਂ ਮਰਦਾਨਾ ਹਨ। ਪ੍ਰਾਚੀਨ ਯੂਨਾਨੀਆਂ ਨੇ ਰਾਵੀ ਨੂੰ ‘ਹਾਇਡਰਾਓਟਸ’ ਦਾ ਨਾਂ ਦਿੱਤਾ ਸੀ।

ਰਾਵੀ ਦਾ ਜਨਮ ਇਤਿਹਾਸਕ ਤੇ ਮੂਲ ਪੰਜਾਬ ਵਿਚ ਹੀ ਮੌਜੂਦਾ ਹਿਮਾਚਲ ਪ੍ਰਦੇਸ਼ ਵਿਚ ਧੌਲਾਧਾਰ ਪਹਾੜਾਂ ’ਚ ਰੋਹਤਾਂਗ ਦੱਰੇ ਦੇ ਇਲਾਕੇ ਵਿਚੋਂ ‘ਬੜਾ ਭੰਗਾਲ’ ਨਾਮੀ ਸਥਾਨ ਤੋਂ ਹੁੰਦਾ ਹੈ ਜੋ ਕਾਂਗੜਾ ਜ਼ਿਲ੍ਹੇ ਵਿਚ ਹੈ। ਇਸ ਇਲਾਕੇ ਵਿਚੋਂ ਪੰਜਾਬ ਦਾ ਇਕ ਨਹੀਂ ਸਗੋਂ ਤਿੰਨ ਦਰਿਆ ਬਿਆਸ, ਰਾਵੀ ਤੇ ਝਨਾਂ ਨਿਕਲਦੇ ਹਨ।

ਬੜਾ ਭੰਗਾਲ ਤੋਂ ਤੁਰ ਕੇ ਰਾਵੀ ਪੱਛਮ ਤੇ ਉੱਤਰ-ਪੱਛਮ ਦਿਸ਼ਾ ਵਿਚ ਵਗਦਾ ਹੋਇਆ ਹਿਮਾਚਲ ਦੇ ਚੰਬਾ ਸ਼ਹਿਰ ਪੁੱਜਦਾ ਹੈ ਅਤੇ ਚੰਬਾ ਵਾਦੀ ਵਿਚੋਂ ਲੰਘਦਾ ਹੋਇਆ ਅਗਾਂਹ ਪੱਛਮ ਵੱਲ ਨੂੰ ਹੋ ਤੁਰਦਾ ਹੈ ਅਤੇ ਧੌਲਾਧਾਰ ਤੇ ਪੀਰ ਪੰਜਾਲ ਪਹਾੜਾਂ ਨੂੰ ਇਕ-ਦੂਜੇ ਤੋਂ ਨਿਖੇੜਦਾ ਨਾਲ ਹੀ ਦੱਖਣ-ਪੱਛਮ ਵੱਲ ਨੂੰ ਮੋੜਾ ਕੱਟ ਕੇ ਜੰਮੂ-ਕਸ਼ਮੀਰ ਦੀ ਹੱਦ ਉੱਤੇ ਪੁੱਜ

ਕੇ ਥੋੜ੍ਹੇ ਜਿਹੇ ਫ਼ਾਸਲੇ ਤੱਕ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੀ ਹੱਦ ਬਣਾਉਂਦਾ ਹੈ। ਅਗਾਂਹ ਰਾਵੀ ਪੰਜਾਬ ਤੇ ਜੰਮੂ-ਕਸ਼ਮੀਰ ਦੀ ਸਾਰੀ ਦੀ ਸਾਰੀ ਹੱਦ ਸਿਰਜਦਾ ਹੋਇਆ ਸੱਪ ਵਾਂਗ ਵਲ਼ ਖਾਂਦਾ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੱਕ ਜਾ

ਪੁੱਜਦਾ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਹੱਦ ਉੱਤੇ ਪੰਜਾਬ ਦੇ ਪਠਾਨਕੋਟ ਅਤੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਤਹਿਸੀਲ ਬਸੋਹਲੀ ਨੇੜੇ ਰਾਵੀ ਉੱਤੇ ਥੀਨ ਡੈਮ ਪਣ ਬਿਜਲੀ ਯੋਜਨਾ ਉਸਾਰੀ ਗਈ ਹੈ ਜਿੱਥੇ ਰਣਜੀਤ ਸਾਗਰ

ਝੀਲ ਬਣੀ ਹੋਈ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਰਾਵੀ ਉੱਤੇ ਚਮੇਰਾ ਝੀਲ ’ਤੇ ਪਣ ਬਿਜਲੀ ਯੋਜਨਾ ਵੀ ਚੱਲਦੀ ਹੈ। ਰਣਜੀਤ ਸਾਗਰ ਨੇੜੇ ਰਾਵੀ ਉੱਤੇ ਬਣੇ ਪੁਲ ਦਾ ਨਾਂ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਅਟਲ ਸੇਤੂ ਰੱਖਿਆ ਗਿਆ ਹੈ ਜਿਹੜਾ ਪੰਜਾਬ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿਚ ਜੋੜਦਾ ਹੈ।

ਭਾਰਤ ਅਤੇ ਪਾਕਿਸਤਾਨ ਦਰਮਿਆਨ ਦਰਿਆਵਾਂ ਦੇ ਪਾਣੀਆਂ ਦੀ ਵੰਡ ਲਈ 1960 ਵਿਚ ਹੋਈ ਇੰਡਸ ਵਾਟਰ ਟਰੀਟੀ ਭਾਵ ਸਿੰਧੂ ਜਲ ਸਮਝੌਤੇ ਤਹਿਤ ਸਤਲੁਜ ਤੇ ਰਾਵੀ ਦਾ ਪਾਣੀ ਭਾਰਤ ਨੂੰ ਮਿਲਿਆ ਹੈ। ਇਸ ਕਾਰਨ ਭਾਰਤ ਵਿਚ ਰਾਵੀ ਤੋਂ ਕਈ ਨਹਿਰਾਂ ਕੱਢੀਆਂ ਗਈਆਂ ਹਨ ਹਾਲਾਂਕਿ 1917 ਵਿਚ ਬਣੀ ਅੱਪਰ ਬਾਰੀ ਦੋਆਬ ਨਹਿਰ ਸਾਰੀ ਦੀ ਸਾਰੀ ਪਾਕਿਸਤਾਨ ਵਿਚ ਵੀ ਹੈ। ਪਰ ਕਿਉਂਕਿ ਰਾਵੀ ਦਾ ਬਹੁਤਾ ਪਾਣੀ ਭਾਰਤ ਵਿਚ ਹੀ ਰੋਕ ਲਿਆ ਜਾਂਦਾ

ਹੈ, ਇਸ ਕਾਰਨ ਪਾਕਿਸਤਾਨ ਵੱਲੋਂ ਰਾਵੀ ਤੇ ਸਤਲੁਜ ਤੋਂ ਨਿਕਲਦੀਆਂ ਆਪਣੀਆਂ ਨਹਿਰਾਂ ਵਿਚ ਪਾਣੀ ਪਹੁੰਚਾਉਣ ਲਈ ਇੰਡਸ ਬੇਸਿਨ ਪ੍ਰਾਜੈਕਟ ਤਹਿਤ ਚਨਾਬ ਤੇ ਜਿਹਲਮ ਦਰਿਆਵਾਂ ਦਾ ਕਾਫ਼ੀ ਸਾਰਾ ਪਾਣੀ ਨਹਿਰਾਂ ਰਾਹੀਂ ਸਤਲੁਜ ਤੇ ਰਾਵੀ ਵਿਚ ਸੁੱਟਿਆ ਜਾਂਦਾ ਹੈ।

ਰਣਜੀਤ ਸਾਗਰ ਡੈਮ ਤੋਂ ਅਗਾਂਹ ਰਾਵੀ ਸ਼ਾਹਪੁਰ ਕੰਢੀ ਤੇ ਮਾਧੋਪੁਰ ਆਦਿ ਕਸਬਿਆਂ ਤੋਂ ਲੰਘਦਾ ਹੋਇਆ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੂੰ ਜਾ ਛੂੰਹਦਾ ਹੈ ਅਤੇ ਤਕਰੀਬਨ 50 ਮੀਲ ਜਾਂ 80 ਕਿਲੋਮੀਟਰ ਤੱਕ ਦੋਵਾਂ ਮੁਲਕਾਂ ਦੀ ਕੌਮਾਂਤਰੀ ਸਰਹੱਦ ਬਣਾਉਂਦਾ ਹੈ। ਇਸ ਦੌਰਾਨ ਇਹ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚੋਂ ਵਹਿੰਦਾ ਹੋਇਆ, ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਕਰਤਾਰਪੁਰ ਸਾਹਿਬ, ਡੇਰਾ ਬਾਬਾ ਨਾਨਕ ਅਤੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸਦਰ ਮੁਕਾਮ ਨਾਰੋਵਾਲ ਕੋਲੋਂ ਹੁੰਦਾ ਹੋਇਆ, ਅੰਮ੍ਰਿਤਸਰ ਜ਼ਿਲ੍ਹੇ ਦੇ ਲੋਪੋਕੇ ਤੇ ਰਾਣੀਆਂ ਪਿੰਡਾਂ ਲਾਗਿਉਂ ਪੱਛਮ ਵੱਲ ਨੂੰ ਮੋੜਾ ਖਾ ਕੇ ਲਾਹੌਰ ਵੱਲ ਹੋ ਤੁਰਦਾ ਹੈ। ਲਾਹੌਰ ਟੱਪ ਕੇ ਰਾਵੀ ਪਾਕਿਸਤਾਨ ਦੇ ਸ਼ਹਿਰ ਸਾਹੀਵਾਲ, ਜਿਸ ਨੂੰ ਅੰਗਰੇਜ਼ਾਂ ਸਮੇਂ ਮਿੰਟਗੁਮਰੀ ਆਖਦੇ ਸਨ ਤੇ ਹੜੱਪਾ ਕੋਲੋਂ ਲੰਘਦਾ ਹੋਇਆ ਆਖ਼ਰ ਆਪਣਾ ਤਕਰੀਬਨ 720 ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਆਦਮਪੁਰ ਸਿਆਲ ਨਾਮੀ ਸਥਾਨ ਨੇੜੇ ਪੰਜਾਬੀਆਂ ਦੇ ਪਿਆਰੇ ਦਰਿਆ ਝਨਾਂ ਜਾਂ ਚਨਾਬ ਵਿਚ ਸਮਾ ਜਾਂਦਾ ਹੈ। ਅਗਾਂਹ ਚਨਾਬ ਦਾ ਉੱਚ ਸ਼ਰੀਫ਼ ਲਾਗੇ ਸਤਲੁਜ ਨਾਲ ਮੇਲ ਹੁੰਦਾ ਹੈ ਜਿੱਥੇ ਪੰਜਨਦ ਨਾਮੀ ਸਥਾਨ ’ਤੇ ਪੰਜਾਬ ਦੇ ਪੰਜੇ ਦਰਿਆ ਇਕ-ਦੂਜੇ ਨੂੰ ਮਿਲਦੇ ਹਨ ਅਤੇ ਫਿਰ ਵੱਡੇ ਭਰਾ ਸਿੰਧੂ ਨਾਲ ਜਾ ਮਿਲਦੇ ਹਨ। ਸਿੰਧੂ ਇਨ੍ਹਾਂ ਨੂੰ ਅਰਬ ਸਾਗਰ ਵੱਲ

ਲੈ ਜਾਂਦਾ ਹੈ। ਬੁਧਿਲ, ਸੇਉਲ, ਬੈਰਾ, ਧੌਨਾ, ਸਈਵਾ ਤੇ ਤਾਂਤ ਗਾਰੀ ਆਦਿ ਰਾਵੀ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ।

Leave a Reply

Your email address will not be published. Required fields are marked *