ਕਰੋਨਾ ਦੌਰ ’ਚ ਵਿਗਿਆਨਕ ਪਹੁੰਚ ਦੀ ਅਹਿਮੀਅਤ

ਡਾ. ਅਰੁਣ ਮਿੱਤਰਾ

ਕਰੋਨਾਵਾਇਰਸ ਦੀ ਮਚਾਈ ਤਬਾਹੀ ਨੇ ਸਾਰੀ ਦੁਨੀਆਂ ਨੂੰ ਫਿਕਰ ਵਿਚ ਪਾ ਦਿੱਤਾ ਹੈ। ਦੁਨੀਆਂ ਭਰ ਦੇ ਵਿਗਿਆਨੀ ਇਸ ਦੇ ਫੈਲਣ ਨੂੰ ਰੋਕਣ ਅਤੇ ਇਸ ਸੰਕਟ ਵਿਚੋਂ ਬਾਹਰ ਨਿਕਲਣ ਬਾਰੇ ਚਰਚਾ ਵਿਚ ਲੱਗੇ ਹੋਏ ਹਨ। ਮਸਲਾ ਜਿੱਥੇ ਇਸ ਦੀ ਰੋਕਥਾਮ ਦਾ ਹੈ, ਦੂਜੇ ਪਾਸੇ ਇਸ ਦੇ ਕਾਰਨ ਆਰਥਿਕਤਾ ਉੱਤੇ ਪੈ ਰਹੇ ਪ੍ਰਭਾਵ ਕਿਵੇਂ ਘਟਾਏ ਜਾਣ, ਵੀ ਚਰਚਾ ਵਿਚ ਹੈ। ਰੋਜ਼ ਕਮਾ ਕੇ ਖਾਣ ਵਾਲੀ ਆਬਾਦੀ ਜੋ ਸਾਡੇ ਦੇਸ਼ ਦੀ ਬਹੁਗਿਣਤੀ ਹੈ, ਬੁਰੀ ਤਰ੍ਹਾਂ ਪ੍ਰਭਾਵਤ ਹੈ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੀ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਵਿਸ਼ੇਸ਼ ਆਰਥਿਕ ਸਹਾਇਤਾ ਦੀ ਲੋੜ ਹੈ। ਇਸ ਦੇ ਨਾਲ ਹੀ ਜਿਹੜੇ ਸਿਹਤ ਕਰਮੀ ਜਿਨ੍ਹਾਂ ਵਿਚ ਡਾਕਟਰ, ਨਰਸਾਂ, ਵਾਰਡ ਅਟੈਂਡੈਂਟ, ਸਫਾਈ ਕਰਮਚਾਰੀ ਆਦਿ ਸ਼ਾਮਿਲ ਹਨ, ਆਪਣੀ ਜਾਨ ਜੋਖ਼ਿਮ ਵਿਚ ਪਾ ਕੇ ਲੱਗੇ ਹੋਏ ਹਨ, ਉਨ੍ਹਾਂ ਲਈ ਲੋੜੀਂਦੇ ਸਾਜ਼ੋ-ਸਾਮਾਨ ਦੀ ਫੌਰੀ ਜ਼ਰੂਰਤ ਹੈ।

ਦੇਸ਼ ਵਾਸੀਆਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਵਿਚ ਇਨ੍ਹਾਂ ਸਭ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਸੰਬੋਧਨ ਕਰਨਗੇ। ਨਾਲ ਹੀ ਉਹ ਆਮ ਜਨਤਾ ਨੂੰ ਆਉਣ ਵਾਲੀਆਂ ਔਕੜਾਂ ਬਾਬਤ ਵੀ ਗੱਲਾਂ ਕਹਿਣਗੇ ਅਤੇ ਉਨ੍ਹਾਂ ਨੂੰ ਰਾਸ਼ਨ ਦੀ ਸਪਲਾਈ ਦੀ ਗੱਲ ਕਰਨਗੇ, ਦਵਾਈਆਂ ਦੀ ਸਪਲਾਈ ਦੀ ਗੱਲ ਕਰਨਗੇ, ਤੇ ਦਰ ਦਰ ਭਟਕ ਰਹੇ ਲੋਕਾਂ ਦੀਆਂ ਔਕੜਾਂ ਦੇ ਬਾਬਤ ਕੁੱਝ ਕਹਿਣਗੇ। ਨਾਲ ਹੀ ਲੋਕਾਂ ਨੂੰ ਭਰੋਸਾ ਦੇਣਗੇ ਕਿ ਸਰਕਾਰ ਕੋਵਿਡ-19 ਦੇ ਮੁਕਾਬਲੇ ਲਈ ਹਰ ਹੀਲਾ ਕਰੇਗੀ ਪਰ ਉਨ੍ਹਾਂ ਨੇ ਅਜਿਹੀ ਕੋਈ ਵੀ ਗੱਲ ਨਹੀਂ ਕੀਤੀ। ਆਪਣੇ ਤਿੰਨ ਅਪਰੈਲ ਵਾਲੇ ਭਾਸ਼ਣ ਵਿਚ ਉਨ੍ਹਾਂ ਬੱਤੀਆਂ ਬੁਝਾ ਕੇ, ਮੋਮਬੱਤੀਆਂ ਜਗਾਉਣ ਅਤੇ ਦੀਵੇ ਬਾਲਣ ਨੂੰ ਕਰੋਨਾ ਨੂੰ ਖ਼ਤਮ ਕਰਨ ਲਈ ਰਾਮਬਾਣ ਗਰਦਾਨਿਆ।

ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਟ੍ਰੋਲਰਾਂ ਦੀ ਫ਼ੌਜ ਵਲੋਂ ਉਨ੍ਹਾਂ ਦੇ ਬਿਆਨ ਦੀ ਵਿਆਖਿਆ ਕੀਤੀ ਜਾਣ ਲੱਗ ਪਈ ਅਤੇ ਲੋਕਾਂ ਨੂੰ ਸੁਨੇਹਾ ਦਿੱਤਾ ਜਾਣ ਲੱਗ ਪਿਆ ਕਿ ਇਸ ਨਾਲ ਕਰੋਨਾ ਖਤਮ ਹੋ ਜਾਏਗਾ। ਇਸ ਨਾਲ ਸਮਾਜ ਵਿਚ ਅਨੇਕਾਂ ਭਰਮ ਭੁਲੇਖੇ ਫ਼ੈਲੇ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਹੀ ਗੱਲ ਨੂੰ ਲੋਕ ਸੱਚ ਸਮਝ ਬੈਠਦੇ ਹਨ ਅਤੇ ਬਿਨਾਂ ਪ੍ਰਸ਼ਨ ਕੀਤਿਆਂ ਅੰਨ੍ਹਾ ਵਿਸ਼ਵਾਸ ਕਰਨ ਲੱਗ ਪੈਂਦੇ ਹਨ। ਇਸ ਤੋਂ ਪਹਿਲਾਂ 22 ਮਾਰਚ ਨੂੰ ਵੀ ਉਨ੍ਹਾਂ ਨੇ ਇਸੇ ਢੰਗ ਨਾਲ ਥਾਲੀਆਂ ਖੜਕਾਉਣ, ਘੰਟੀਆਂ ਤੇ ਸੰਖ ਵਜਾਉਣ ਲਈ ਲੋਕਾਂ ਨੂੰ ਕਿਹਾ ਸੀ। ਉਦੋਂ ਟ੍ਰੋਲਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਨ੍ਹਾਂ ਚੀਜ਼ਾਂ ਵਿਚੋਂ ਨਿਕਲਣ ਵਾਲੀ ਆਵਾਜ਼ ਨਾਲ ਕਰੋਨਾਵਾਇਰਸ ਦਾ ਸੈੱਲ ਫਟ ਜਾਏਗਾ ਤੇ ਕਰੋਨਾਵਾਇਰਸ ਦੀ ਮਹਾਮਾਰੀ ਸਮਾਪਤ ਹੋ ਜਾਏਗੀ। ਕੁਝ ਦਿਨ ਪਹਿਲਾਂ ਵਾਰਾਣਸੀ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜਿਵੇਂ ਅਸੀਂ ਮਹਾਂਭਾਰਤ 18 ਦਿਨ ਵਿਚ ਜਿੱਤ ਲਿਆ ਸੀ, ਉਸੇ ਢੰਗ ਨਾਲ ਅਸੀਂ ਕਰੋਨਾ ਨੂੰ 21 ਦਿਨਾਂ ਦੇ ਵਿਚ ਹਰਾ ਦਿਆਂਗੇ। ਲੋਕਾਂ ਨੇ ਦੋਨੋਂ ਵਾਰ ਉਨ੍ਹਾਂ ਦੀ ਅਪੀਲ ਉੱਤੇ ਅਮਲ ਕੀਤਾ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਸੰਕਟ ਵਾਲੀ ਕਿਸੇ ਵੀ ਹਾਲਤ ਵਿਚ ਲੋਕ ਰਸਤੇ ਲੱਭਦੇ ਹਨ ਅਤੇ ਇਸ ਕਿਸਮ ਦੀਆਂ ਭੁਲੇਖਾਪਾਊ ਗੱਲਾਂ ਨੂੰ ਸੱਚ ਸਮਝ ਬੈਠਦੇ ਹਨ।

ਇਹ ਪਹਿਲੀ ਵਾਰੀ ਨਹੀਂ ਸੀ ਕਿ ਪ੍ਰਧਾਨ ਮੰਤਰੀ ਨੇ ਅਜਿਹੀਆਂ ਗੱਲਾਂ ਕੀਤੀਆਂ ਹੋਣ। ਛੇ ਸਾਲ ਪਹਿਲਾਂ ਅਕਤੂਬਰ 2014 ਵਿਚ ਵੀ ਉਨ੍ਹਾਂ ਨੇ ਕਿਹਾ ਸੀ ਕਿ ਮਹਾਂਭਾਰਤ ਦੇ ਜੋਧੇ ਕਰਨ ਦਾ ਜਨਮ ਸਟੈੱਮ ਸੈੱਲ ਦੁਆਰਾ ਹੋਇਆ ਸੀ ਅਤੇ ਉਦੋਂ ਸਾਡਾ ਵਿਗਿਆਨ ਬਹੁਤ ਹੀ ਪ੍ਰਫੁੱਲਿਤ ਸੀ। ਮੁੰਬਈ ਵਿਚ ਇੱਕ ਹਸਪਤਾਲ ਦਾ ਉਦਘਾਟਨ ਕਰਨ ਵੇਲੇ ਕੀਤੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਾਡੇ ਦੇਸ਼ ਵਿਚ ਦੁਨੀਆਂ ਦੀ ਪਹਿਲੀ ਪਲਾਸਟਿਕ ਸਰਜਰੀ ਹੋਈ ਸੀ ਜਦੋਂ ਹਾਥੀ ਦਾ ਸਿਰ ਨੂੰ ਬੰਦੇ ਦੇ ਸਿਰ ਉੱਤੇ ਲਗਾ ਕੇ ਭਗਵਾਨ ਗਣੇਸ਼ ਦੀ ਰਚਨਾ ਕੀਤੀ ਗਈ ਸੀ। ਉਨ੍ਹਾਂ ਦੇ ਇਸ ਕਿਸਮ ਦੇ ਕਥਨਾਂ ਤੋਂ ਉਤਸ਼ਾਹਤ ਹੋ ਕੇ ਅਨੇਕਾਂ ਹੋਰ ਆਗੂ ਵੀ ਇਸ ਕਿਸਮ ਦੀ ਬੋਲੀ ਬੋਲਣ ਲੱਗ ਪਏ ਸਨ। ਕੇਂਦਰ ਸਰਕਾਰ ਦੇ ਮਨੁੱਖੀ ਸੋਮੇ ਵਿਕਾਸ ਮਤਰਾਲੇ ਦੇ ਮੰਤਰੀ ਸੱਤਪਾਲ ਸਿੰਘ ਨੇ ਤਾਂ ਵਿਕਾਸਵਾਦ ਦੇ ਸਿਧਾਂਤ ਨੂੰ ਹੀ ਨਕਾਰ ਦਿੱਤਾ ਸੀ ਅਤੇ ਇਸ ਨੂੰ ਸਕੂਲਾਂ ਦੀਆਂ ਕਿਤਾਬਾਂ ਦੇ ਪਾਠਕ੍ਰਮ ਵਿਚੋਂ ਕੱਢ ਦੇਣ ਦੀ ਸਿਫ਼ਾਰਿਸ਼ ਕਰ ਦਿੱਤੀ। ਭਾਜਪਾ ਦੇ ਸੰਸਦ ਮੈਂਬਰ ਗਣੇਸ਼ ਸਿੰਘ ਦੁਆਰਾ ਬੇਹੱਦ ਦਿਲਚਸਪ ਬਿਆਨ ਦਿੱਤਾ ਗਿਆ ਕਿ ਹਰ ਰੋਜ਼ ਸੰਸਕ੍ਰਿਤ ਭਾਸ਼ਾ ਬੋਲਣ ਨਾਲ ਨਾੜੀਆਂ ਨੂੰ ਤਾਕਤ ਮਿਲਦੀ ਹੈ ਅਤੇ ਸ਼ੂਗਰ ਦੀ ਬਿਮਾਰੀ (ਡਾਇਬਟੀਜ਼) ਤੇ ਸਰੀਰ ਵਿਚ ਚਰਬੀ (ਕੋਲੈਸਟਰਲ) ਨੂੰ ਕੰਟਰੋਲ ਹੇਠ ਰੱਖਿਆ ਜਾ ਸਕਦਾ ਹੈ।
ਭੋਪਾਲ ਤੋਂ ਲੋਕ ਸਭਾ ਮੈਂਬਰ ਪ੍ਰੱਗਿਆ ਠਾਕੁਰ ਨੇ ਬਿਆਨ ਦਿੱਤਾ ਸੀ ਕਿ ਉਸ ਦੀ ਛਾਤੀ ਦਾ ਕੈਂਸਰ ਗਊ ਮੂਤਰ ਨਾਲ ਠੀਕ ਹੋਇਆ ਸੀ; ਹਾਲਾਂਕਿ ਲਖਨਊ ਦੇ ਰਾਮ ਮਨੋਹਰ ਲੋਹੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਸਰਜਨ ਡਾਥ ਐੱਸ ਰਾਜਪੂਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਕੈਂਸਰ ਤੋਂ ਛੁਟਕਾਰਾ ਪਾਉਣ ਲਈ ਪ੍ਰੱਗਿਆ ਠਾਕੁਰ ਦੇ ਤਿੰਨ ਆਪ੍ਰੇਸ਼ਨ ਕੀਤੇ ਸਨ। ਪ੍ਰੱਗਿਆ ਠਾਕੁਰ ਨੇ ਡਾਕਟਰ ਦੇ ਇਸ ਕਥਨ ਤੋਂ ਇਨਕਾਰ ਨਹੀਂ ਕੀਤਾ ਹੈ।

ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਗਾਂ ਹੀ ਇੱਕੋ ਇੱਕ ਅਜਿਹਾ ਜਾਨਵਰ ਹੈ ਜੋ ਆਕਸੀਜਨ ਨੂੰ ਸਾਹ ਦੁਆਰਾ ਬਾਹਰ ਕੱਢ ਸਕਦਾ ਹੈ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਗਾਂ ਦੀ ਮਾਲਸ਼ ਕਰਨ ਨਾਲ ਸਾਹ ਦੀਆਂ ਬਿਮਾਰੀਆਂ ਦੂਰ ਹੋ ਸਕਦੀਆਂ ਹਨ; ਗਾਵਾਂ ਦੇ ਨੇੜੇ ਰਹਿਣ ਨਾਲ ਟੀਬੀ (ਤਪਦਿਕ) ਦਾ ਇਲਾਜ ਹੁੰਦਾ ਹੈ। ਉੱਤਰਾਖੰਡ ਦੀ ਭਾਜਪਾ ਇਕਾਈ ਦੇ ਪ੍ਰਧਾਨ ਅਤੇ ਨੈਨੀਤਾਲ ਦੇ ਸੰਸਦ ਮੈਂਬਰ ਅਜੈ ਭੱਟ ਨੇ ਕਿਹਾ ਸੀ ਕਿ ਜੇ ਗਰਭਵਤੀ ਔਰਤਾਂ ਬਾਗੇਸ਼ਵਰ ਜ਼ਿਲ੍ਹੇ ਦੀ ਨਦੀ ਗੜੂਦ ਗੰਗਾ ਦਾ ਪਾਣੀ ਪੀਣ ਤਾਂ ਉਹ ਸਿਜ਼ੇਰੀਅਨ ਆਪ੍ਰੇਸ਼ਨ ਤੋਂ ਬਚ ਸਕਦੀਆਂ ਹਨ।

ਅਰੋਗਿਆ ਭਾਰਤੀ ਦੁਆਰਾ ਗਰਭ ਵਿਗਿਆਨ ਸੰਸਕਾਰ ਤਹਿਤ ਜੋੜਿਆਂ ਦੇ ਮਿਲਣ ਸਮੇਂ ਸਲੋਕ ਉਚਾਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੀ ਪਸੰਦ ਦੇ ਬੱਚਿਆਂ ਨੂੰ ਜਨਮ ਦੇ ਸਕਣ। ਉਨ੍ਹਾਂ ਦੇ ਇਸ ਤਰੀਕੇ ਨਾਲ ਪੈਦਾ ਹੋਏ ਅਨੁਕੂਲਿਤ ਬੱਚਿਆਂ ਦੀ ਗਿਣਤੀ ਦੀ ਪੁਸ਼ਟੀ ਕਰਨ ਵਾਲੇ ਕੋਈ ਅੰਕੜੇ ਸਾਹਮਣੇ ਨਹੀਂ ਆਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਵਿਚਾਰ ਜਰਮਨੀ ਤੋਂ ਮਿਲਿਆ ਹੈ; ਹਾਲਾਂਕਿ ਜਰਮਨੀ ਦੇ ਡਾਕਟਰਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੇ ਇਸ ਗੱਲ ਨੂੰ ਮਨਘੜਤ ਦੱਸਿਆ ਹੈ। ਇੰਨਾ ਹੀ ਨਹੀਂ, ਗੁਜਰਾਤ ਸਰਕਾਰ ਦੇ ਕੁਝ ਮੰਤਰੀਆਂ ਨੇ ਤਾਂ ਤਾਂਤਰਿਕਾਂ ਦੇ ਸਨਮਾਨ ਸਮਾਰੋਹ ਵਿਚ ਸ਼ਿਰਕਤ ਕੀਤੀ।

ਅਜਿਹੇ ਬਿਆਨ ਸਿਰਫ਼ ਸਿਆਸਤਦਾਨਾਂ ਤੱਕ ਹੀ ਸੀਮਿਤ ਨਹੀਂ ਹਨ। ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਕੁਲਪਤੀ ਜੀ ਨਾਗੇਸ਼ਵਰ ਰਾਓ ਨੇ ਜਲੰਧਰ ਵਿਚ ਇੰਡੀਅਨ ਸਾਇੰਸ ਕਾਂਗਰਸ ਵਿਖੇ ਦਿੱਤੇ ਬਿਆਨ ਵਿਚ ਕਿਹਾ ਸੀ ਕਿ “ਸਟੈੱਮ ਸੈੱਲ ਦੀ ਖੋਜ ਅਤੇ ਟੈਸਟ ਟਿਊਬ ਬੇਬੀ ਟੈਕਨਾਲੌਜੀ ਕਾਰਨ ਸਾਡੀ ਇਕ ਮਾਂ ਤੋਂ ਸੈਂਕੜੇ ਕੌਰਵ ਪੈਦਾ ਹੋਏ ਹਨ। ਇਹ ਕੁਝ ਹਜ਼ਾਰ ਸਾਲ ਪਹਿਲਾਂ ਹੋਇਆ ਸੀ ਤੇ ਇਹ ਕਿ ਉਦੋਂ ਇਸ ਦੇਸ਼ ਵਿਚ ਵਿਗਿਆਨ ਸੀ।” ਰਾਜਸਥਾਨ ਦੀ ਹਾਈ ਕੋਰਟ ਦੇ ਇੱਕ ਜੱਜ ਨੇ ਰਿਟਾਇਰ ਹੋਣ ਤੋਂ ਇੱਕ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਮੋਰਨੀ ਜਦੋਂ ਮੋਰ ਦੇ ਹੰਝੂ ਚੂਸਦੀ ਹੈ ਤਾਂ ਉਹ ਔਲਾਦ ਨੂੰ ਜਨਮ ਦਿੰਦੀ ਹੈ।

ਉਂਜ, ਅੱਜ ਇਹ ਮਾਮਲਾ ਬਹੁਤ ਗੰਭੀਰ ਹੈ। ਕਰੋਨਾਵਾਇਰਸ ਨਾਲ ਲੱਗਦੀ ਬਿਮਾਰੀ ਕੋਵਿਡ-19 ਨਾਲ ਲੜਨ ਲਈ ਵਿਗਿਆਨਕ ਢੰਗ ਤਰੀਕੇ ਅਪਨਾਉਣ ਦੀ ਲੋੜ ਹੈ। ਕਰੋਨਾ ਨਵਾਂ ਵਾਇਰਸ ਹੈ ਜਿਸ ਬਾਰੇ ਸਾਨੂੰ ਪੂਰੀ ਜਾਣਕਾਰੀ ਅਜੇ ਨਹੀਂ ਹੈ। ਦੁਨੀਆਂ ਭਰ ਦੇ ਵਿਗਿਆਨੀ ਇਸ ਬਾਰੇ ਖੋਜ ਵਿਚ ਲੱਗੇ ਹੋਏ ਹਨ। ਸਾਡੇ ਦੇਸ਼ ਅੰਦਰ ਵੀ ਇਸ ਕਿਸਮ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਇਸ ਬਿਮਾਰੀ ਬਾਰੇ ਗੈਰ ਵਿਗਿਆਨਕ ਮਨਘੜਤ ਮਿੱਥਿਆਵਾਦੀ ਬਿਆਨ ਦੇਣੇ ਘਾਤਕ ਸਿੱਧ ਹੋ ਸਕਦੇ ਹਨ। ਅਸਲ ਵਿਚ ਲੋਕ ਕਿਸੇ ਵੀ ਸੰਕਟ ਦੌਰਾਨ ਉਸ ਦੇ ਹੱਲ ਲਈ ਰਾਹ ਲੱਭਦੇ ਹਨ, ਇਸੇ ਲਈ ਅਪ੍ਰਮਾਣਿਤ ਗੱਲਾਂ ਨੂੰ ਵੀ ਸੱਚ ਮੰਨ ਲੈਂਦੇ ਹਨ ਕਿ ਸ਼ਾਇਦ ਕੋਈ ਹਲ ਨਿਕਲ ਆਏ। ਜੇਕਰ ਲਾਈਟਾਂ ਜਾਂ ਘੰਟੀਆਂ ਨਾਲ ਇਸ ਮਹਾਂਮਾਰੀ ਉੱਤੇ ਕਾਬੂ ਪਾਇਆ ਜਾ ਸਕੇ ਤਾਂ ਬਹੁਤ ਹੀ ਸੌਖੀ ਗੱਲ ਹੈ।

ਡਾਕਟਰੀ ਵਿਗਿਆਨ ਕਲਪਨਾ ਨਹੀਂ ਹੈ ਅਤੇ ਨਾ ਹੀ ਇਹ ਵਿਸ਼ਵਾਸ ਪ੍ਰਣਾਲੀ ਹੈ। ਇਹ ਸਬੂਤਾਂ ਤੇ ਆਧਾਰਿਤ ਵਿਗਿਆਨ ਹੈ। ਆਧੁਨਿਕ ਮੈਡੀਕਲ ਦੀ ਇਲਾਜ ਦੀ ਕਿਸੇ ਪ੍ਰਣਾਲੀ ਨੂੰ ਵਿਕਸਿਤ ਕਰਨ ਤੋਂ ਪਹਿਲਾਂ ਇਸ ਨੂੰ ਪ੍ਰਯੋਗਸ਼ਾਲਾ ਵਿਚ, ਫਿਰ ਜਾਨਵਰਾਂ ਅਤੇ ਅਖੀਰ ਮਨੁੱਖਾਂ ਉੱਤੇ ਪ੍ਰਯੋਗ ਕੀਤਾ ਜਾਂਦਾ ਹੈ। ਅੰਤ ਵਿਚ ਉਸ ਪ੍ਰਣਾਲੀ ਦਾ ਮਨੁੱਖੀ ਸਰੀਰ ਨੂੰ ਨੁਕਸਾਨ ਨਾ ਪਹੁੰਚੇ, ਨੂੰ ਯਕੀਨੀ ਬਣਾ ਕੇ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਰਾਜਨੀਤਿਕ ਨੇਤਾਵਾਂ ਜਾਂ ਕੁਝ ਹੋਰ ਲੋਕਾਂ ਦੁਆਰਾ ਅਜਿਹੇ ਊਲ ਜਲੂਲ ਵਿਚਾਰਾਂ ਦੇ ਪ੍ਰਚਾਰ ਨਾਲ ਆਮ ਅਨਪੜ੍ਹ ਲੋਕਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਉਹ ਇਨ੍ਹਾਂ ਨੂੰ ਸਚਾਈ ਮਨ ਲੈਂਦੇ ਹਨ। ਇਹ ਨਾ ਸਿਰਫ ਖਤਰਨਾਕ ਹੈ, ਬਲਕਿ ਅਪਰਾਧਕ ਕੰਮ ਵੀ ਹੈ ਜਿਸ ਲਈ ਸਜ਼ਾ ਤੈਅ ਹੋਣੀ ਚਾਹੀਦੀ ਹੈ। ਦੁੱਖ ਦੀ ਗੱਲ ਹੈ ਕਿ ਸਰਕਾਰੀ ਤੰਤਰ ਸਿਹਤ ਬਾਰੇ ਬਹੁਤ ਸਾਰੇ ਤਰਕਹੀਣ ਵਿਚਾਰਾਂ ਪ੍ਰਤੀ ਨਾ ਸਿਰਫ ਉਦਾਸੀਨ ਹੈ, ਬਲਕਿ ਉਨ੍ਹਾਂ ਨੂੰ ਬੜੀ ਚਲਾਕੀ ਨਾਲ ਅੱਗੇ ਵਧਾ ਰਿਹਾ ਹੈ ਤਾਂ ਜੋ ਸਮਾਜ ਨੂੰ ਰੂੜੀਵਾਦ ਵਿਚ ਹੀ ਰੱਖਿਆ ਜਾਏ। ਸਮੂਹਿਕ ਚੇਤਨਾ ਜਿਸ ਦੀ ਗੱਲ ਪ੍ਰਧਾਨ ਮੰਤਰੀ ਨੇ ਕੀਤੀ ਹੈ, ਉਹ ਮੋਮਬੱਤੀਆਂ ਜਾਂ ਦੀਵੇ ਜਲਾਉਣ ਵਰਗੇ ਰੂੜ੍ਹੀਵਾਦੀ ਵਿਚਾਰਾਂ ਨਾਲ ਨਹੀਂ ਆਉਣੀ ਬਲਕਿ ਯੋਜਨਾ, ਪਿਆਰ ਮੁਹੱਬਤ ਤੇ ਸਮਾਜਿਕ ਇੱਕਮੁੱਠਤਾ ਨਾਲ ਆਏਗੀ।

Leave a Reply

Your email address will not be published. Required fields are marked *