ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ…

ਦੂਜੇ ਵਿਸ਼ਵ ਯੁੱਧ ਦੀਆਂ ਅਖੀਰਲੀਆਂ ਲੜਾਈਆਂ ਲੜੀਆਂ ਜਾ ਰਹੀਆਂ ਸਨ। ਹਿੰਦੋਸਤਾਨ ਦੇ ਆਜ਼ਾਦ ਹੋਣ ਦੀਆਂ ਅਫ਼ਵਾਹਾਂ ਫੈਲੀਆਂ ਹੋਈਆਂ ਸਨ। ਫ਼ਿਰਕੂ ਖਿੱਚੋਤਾਣ ਉਭਰਨ ਲੱਗ ਪਈ ਸੀ। ਸੰਸਾਰ ਵਿਚ ਹੈਰਾਨ ਕਰਨ ਵਾਲੀਆਂ ਕਾਢਾਂ ਨਿਕਲ ਰਹੀਆਂ ਸਨ ਜਿਨ੍ਹਾਂ ਕਾਰਨ ਜੀਵਨ ਦੀ ਰਫ਼ਤਾਰ ਤੇਜ਼ ਹੋ ਗਈ ਸੀ। ਬੜਾ ਕੁਝ ਸੁਖਾਵਾਂ-ਅਣਸੁਖਾਵਾਂ ਵਾਪਰ ਰਿਹਾ ਸੀ। ਵਾਤਾਵਰਨ ਅਣਸੁਖਾਵਾਂ ਅਤੇ ਬੇਚੈਨੀ ਵਾਲਾ ਸੀ। ਇਸ ਰੌਲੇ-ਗੌਲੇ ਅਤੇ ਘੜਮੱਸ ਵਿਚ ਮੇਰੀ ਜ਼ਿੰਦਗੀ ਦੀ ਸਵੇਰ ਹੋਈ। ਮੇਰੇ ਜੰਮਣ ਨਾਲ ਇਕਮਾਤਰ ਚੰਗੀ ਗੱਲ ਇਹ ਸੀ ਕਿ ਚਾਰ ਦਿਨ ਮਗਰੋਂ ਦੀਵਾਲੀ ਦਾ ਤਿਉਹਾਰ ਸੀ। ਮੇਰੇ ਜੰਮਣ ਦਾ ਦੀਵਾਲੀ ਨਾਲ ਸਬੰਧ ਕੋਈ ਨਹੀਂ ਸੀ, ਪਰ ਮੇਰੀ ਮਾਂ ਨੇ ਸਬੰਧ ਜੋੜ ਲਿਆ ਸੀ। ਉਸ ਵੇਲੇ ਪਿੰਡ ਦੇ ਜੰਮਿਆਂ ਦਾ ਰਿਕਾਰਡ ਕੋਈ ਨਹੀਂ ਸੀ ਰੱਖਦਾ। ਮੈਂ ਦੋ ਸਾਲ ਦਾ ਸਾਂ ਜਦੋਂ ਦੇਸ਼ ਦੇ ਆਜ਼ਾਦੀ ਦੇ ਜਸ਼ਨਾਂ ਵਿਚ ਪੰਜਾਬ ਉੱਜੜ ਗਿਆ ਸੀ। ਅਸੀਂ ਉਜਾੜੇ ਦੀਆਂ ਠਿੱਬੀਆਂ ਖਾਂਦੇ, ਸ਼ਰਨਾਰਥੀਆਂ ਦੇ ਕਾਫ਼ਲਿਆਂ ਵਿਚ ਗੁਆਚ ਗਏ ਸਾਂ। ਹਾਲਤ ਅਜਿਹੀ ਸੀ, ਜਿਵੇਂ ਹੜ੍ਹ ਆਏ ਦਰਿਆ ਵਿਚ ਤੂੜੀ ਦੀ ਪੰਡ ਖੁੱਲ੍ਹ ਗਈ ਹੋਵੇ। ਜਿਸ ਨੂੰ ਜਿੱਧਰ ਰਾਹ ਮਿਲਿਆ, ਓਧਰ ਨਿਕਲ ਗਿਆ। ਅਸੀਂ ਸ਼ਰਨਾਰਥੀ ਬਣ ਕੇ ਕਾਫ਼ਲਿਆਂ ਅਤੇ ਕੈਂਪਾਂ ਵਿਚ ਰੁਲਦੇ ਹੋਏ ਪਟਿਆਲੇ ਆ ਕੇ ਰੁਕੇ। ਤਾਇਆ ਜੀ ਦਾ ਪਰਿਵਾਰ ਦਿੱਲੀ ਜਾ ਪਹੁੰਚਿਆ, ਮਾਮਾ ਜੀ ਡੇਹਰਾਦੂਨ ਅੱਪੜ ਗਏ, ਕੋਈ ਅੰਬਾਲੇ ਰੁਕ ਗਿਆ। ਥੋੜ੍ਹੇ ਜਿਹੇ ਅਰਸੇ ਵਿਚ ਬੜਾ ਕੁਝ ਵਾਪਰ ਗਿਆ ਸੀ। ਘਰ-ਬਾਰ ਨਹੀਂ ਸੀ ਰਿਹਾ, ਦਾਦਾ ਜੀ ਤੋਂ ਅਸੀਂ ਵਿਛੜ ਗਏ ਸਾਂ। ਸਵੇਰ ਹੁੰਦੀ ਸੀ, ਸ਼ਾਮ ਪੈਂਦੀ ਸੀ ਪਰ ਭੁੱਖ ਹਰ ਵੇਲੇ ਸਾਡੇ ਨਾਲ ਰਹਿੰਦੀ ਸੀ।

ਮਾਤਾ-ਪਿਤਾ ਕੋਲ ਤਨ ਦੇ ਕੱਪੜਿਆਂ ਤੋਂ ਇਲਾਵਾ ਜੀਵਨ ਦੀ ਇਕ ਧੁੰਦਲੀ ਜਿਹੀ ਆਸ ਸੀ। ਕਾਫ਼ਲੇ ਵਿਚ ਕਿਸੇ ਦੀ ਟਰੰਕੀ ਦਾ ਕੋਨਾ ਵੱਜਣ ਕਰਕੇ ਦਾਦਾ ਜੀ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ ਸੀ ਜਿਸ ਕਾਰਨ ਉਹ ਰਸਤੇ ਵਿਚ ਹੀ ਰਹਿ ਗਏ ਸਨ। ਇਸ ਘਟਨਾ ਕਾਰਨ ਪਿਤਾ ਜੀ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਸਨ। ਘੋਰ ਸੰਕਟ ਦੀਆਂ ਇਨ੍ਹਾਂ ਘੜੀਆਂ ਵਿਚ ਸਾਡੀ ਮਾਂ ਨੇ ਜ਼ਿੰਮੇਵਾਰੀ ਸੰਭਾਲੀ। ਸ਼ਰਨਾਰਥੀ ਕੈਂਪਾਂ ਵਿਚ ਅਸੀਂ ਜ਼ਮਾਨੇ ਦੇ ਯਥਾਰਥ ਨੂੰ ਖੁੱਲ੍ਹੀਆਂ ਅੱਖਾਂ ਨਾਲ ਵੇਖਿਆ। ਸਾਡੇ ਲਈ ਪਟਿਆਲਾ ਸ਼ਹਿਰ ਹੀ ਅਜੀਬ ਨਹੀਂ ਸੀ, ਇੱਥੋਂ ਦੇ ਲੋਕ ਵੀ ਅਜਨਬੀ ਸਨ। ਅਜਿਹੀ ਸਥਿਤੀ ਵਿਚ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸ਼ਰਨਾਰਥੀਆਂ ਦੀ ਵੱਡੀ ਧਰਵਾਸ ਬਣਿਆ। ਉਸ ਸਮੇਂ ਸ਼ਹਿਰ ਵਿਚ ਦੋ ਪ੍ਰਕਾਰ ਦੇ ਵਸਨੀਕ ਸਨ, ਇਕ ਉਹ ਜਿਹੜੇ ਲੰਮੇ ਅਰਸੇ ਤੋਂ ਇੱਥੇ ਰਹਿ ਰਹੇ ਸਨ ਅਤੇ ਦੂਜੇ ਸ਼ਰਨਾਰਥੀ। ਸ਼ਰਨਾਰਥੀਆਂ ਦੀ ਹਾਲਤ ਤੋਂ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਨਹੀਂ ਸੀ। ਜੋ ਕਝ ਸਾਡੇ ਨਾਲ ਵਾਪਰਿਆ ਸੀ, ਉਹ ਪਟਿਆਲਾ ਸ਼ਹਿਰ ਦੀ ਮੁਸਲਿਮ ਵਸੋਂ ਨਾਲ ਵੀ ਵਾਪਰਿਆ ਸੀ। ਇਕ ਮੁਸਲਮਾਨ ਅਰਜ਼ੀ-ਨਵੀਸ ਵੱਲੋਂ ਛੱਡਿਆ ਮਕਾਨ, ਸਾਡੀ ਮਾਂ ਦੀ ਹਿੰਮਤ ਕਰਕੇ, ਸਿਰ ਲੁਕਾਉਣ ਲਈ ਮਿਲ ਗਿਆ ਸੀ। ਇਸ ਮਕਾਨ ਵਿਚ ਰਹਿੰਦਿਆਂ ਮਾਂ ਗੁਰਦੁਆਰੇ ਦੇ ਲੰਗਰ ਵਿਚ ਸੇਵਾ ਕਰਕੇ ਪਰਿਵਾਰ ਲਈ ਰੋਟੀ ਲੈ ਆਉਂਦੀ ਸੀ। ਮਾਂ, ਮੰਡੀ ਵਿਚੋਂ ਸਬਜ਼ੀ ਖ਼ਰੀਦ ਕੇ ਲਿਆ ਕੇ ਵੇਚਦੀ ਰਹੀ ਸੀ। ਅਸੀਂ ਚਾਰ ਭੈਣ-ਭਰਾ ਸਾਂ, ਪਰ ਮਾਂ ਪਾਲ ਪੰਜਾਂ ਨੂੰ ਰਹੀ ਸੀ ਕਿਉਂਕਿ ਪਿਤਾ ਜੀ ਦਾ ਵੀ ਉਹ ਹੀ ਧਿਆਨ ਰੱਖਦੀ ਸੀ। ਮਾਂ ਦੀ ਹਿੰਮਤ ਕਰਕੇ ਅਸੀਂ ਰੋਟੀ ਖਾਣ ਲੱਗ ਪਏ ਸਾਂ, ਪਰ ਭੁੱਖ ਲੱਗੀ ਹੀ ਰਹਿੰਦੀ ਸੀ, ਜੋ ਜਦੋਂ, ਜਿੱਥੋਂ ਮਿਲ ਜਾਂਦਾ ਸੀ, ਖਾ ਲਿਆ ਜਾਂਦਾ ਸੀ। ਮਾਂ ਨੇ ਆਲੇ-ਦੁਆਲੇ ਦੇ ਘਰਾਂ ਨਾਲ ਸਨੇਹ ਅਤੇ ਸਾਂਝ ਉਸਾਰ ਲਈ ਸੀ। ਘਰ ਵਿਚ ਰੋਟੀ ਪੱਕਣ ਲੱਗ ਪਈ ਅਤੇ ਕੱਪੜੇ ਧੋਤੇ ਜਾਣ ਲੱਗ ਪਏ ਸਨ।

ਮੈਂ ਅੱਠ ਸਾਲ ਦਾ ਸਾਂ ਜਦੋਂ ਸਾਡੇ ਘਰ ਤੋਂ ਲਗਪਗ ਦੋ ਫਰਲਾਂਗ ਦੀ ਦੂਰੀ ’ਤੇ ਵੱਡੇ ਗੇਟ ਵਾਲੇ ਘਰ ਵਿਚ ਰਹਿੰਦੇ ਇਕ ਬਾਣੀਆ ਪਰਿਵਾਰ ਵਿਚ ਧੀ ਦਾ ਵਿਆਹ ਸੀ। ਵਿਆਹ ਤੋਂ ਕੁਝ ਦਿਨ ਪਹਿਲਾਂ ਉਸ ਘਰ ਦੀ ਮਾਲਕਣ ਨੇ ਮੇਰੀ ਮਾਂ ਨੂੰ ਕਿਹਾ ਕਿ ਵਿਆਹ ਦੌਰਾਨ ਕਿਸੇ ਚੰਗੀ ਭਾਂਡੇ ਮਾਂਜਣ ਵਾਲੀ ਦਾ ਪ੍ਰਬੰਧ ਕਰ ਦੇਵੋ। ਉਸ ਵੇਲੇ ਦੇ ਹਾਲਾਤ ਅਜਿਹੇ ਸਨ ਕਿ ਜਿਸ ਸ਼ਰਨਾਰਥੀ ਪਰਿਵਾਰ ਨੂੰ ਜੋ ਕੰਮ ਮਿਲਦਾ ਸੀ, ਉਹ ਕਰ ਲਿਆ ਜਾਂਦਾ ਸੀ। ਕੰਮ ਕਰਨ ਵਾਲੇ ਕੰਮ ਲੱਭਦੇ ਫਿਰਦੇ ਸਨ। ਬਿਨਾਂ ਕਿਸੇ ਕਾਰਨ ਹੀ ਸਥਾਨਕ ਵਸਨੀਕ ਮਾਲਕ ਅਤੇ ਸ਼ਰਨਾਰਥੀ ਨੌਕਰ ਸਮਝੇ ਜਾਣ ਲੱਗ ਪਏ ਸਨ। ਉਸ ਵੇਲੇ ਵਿਆਹ ਵਿਚ ਹਲਵਾਈ ਤਾਂ ਬਿਠਾਏ ਜਾਂਦੇ ਸਨ, ਪਰ ਵਿਆਹ ਵਿਚ ਬੈਰੇ ਨਹੀਂ ਸਨ ਹੁੰਦੇ, ਰਿਸ਼ਤੇਦਾਰ ਪੁਰਸ਼ ਹੀ ਖੁਆਉਣ-ਪਿਆਉਣ ਦੀ ਸੇਵਾ ਕਰਦੇ ਸਨ। ਬਰਾਤ ਪਹਿਲੇ ਦਿਨ ਸਵੇਰੇ ਆਉਂਦੀ ਸੀ ਅਤੇ ਅਗਲੇ ਦਿਨ ਦੁਪਹਿਰ ਦਾ ਖਾਣਾ ਖਾ ਕੇ ਜਾਂਦੀ ਸੀ। ਮੇਰੀ ਮਾਂ ਨੇ ਮਾਲਕਣ ਨੂੰ ਕਿਹਾ, ‘‘ਮੈਂ ਆਪ ਹੀ ਭਾਂਡੇ ਮਾਂਜ ਦਿਆਂਗੀ।’’ ਮੇਰੀ ਮਾਂ ਉਸ ਮਾਲਕਣ ਦੀ ਤੁਲਨਾ ਵਿਚ ਬਹੁਤ ਸੋਹਣੀ ਅਤੇ ਪ੍ਰਭਾਵਸ਼ਾਲੀ ਸੀ, ਪਰ ਬਦਕਿਸਮਤੀ ਨਾਲ, ਸ਼ਾਹੂਕਾਰਾਂ ਦੀ ਧੀ ਉਸ ਸਮੇਂ ਸ਼ਰਨਾਰਥੀ ਸੀ। ਮਾਂ ਵੱਲੋਂ ਆਪ ਭਾਂਡੇ ਮਾਂਜਣ ਦੀ ਗੱਲ ਸੁਣ ਕੇ ਮਾਲਕਣ ਨੇ ਕਿਹਾ ਸੀ, ‘‘ਨਹੀਂ ਤੇਰੇ ਤੋਂ ਭਾਂਡੇ ਨਹੀਂ ਮੰਜਵਾਉਣੇ, ਤੈਨੂੰ ਵੇਖ ਕੇ ਲੋਕ ਮਾਲਕਣ ਅਤੇ ਮੈਨੂੰ ਨੌਕਰਾਣੀ ਸਮਝਣਗੇ।’’ ਇਸ ਸਮੱਸਿਆ ਦੇ ਹੱਲ ਵਜੋਂ ਮੇਰੀ ਮਾਂ ਨੇ ਕਿਹਾ, ‘‘ਕੋਈ ਗੱਲ ਨਹੀਂ, ਮੈਂ ਸਾਰਾ ਕੰਮ ਲੁਕਾ ਕੇ ਓਹਲੇ ਵਿਚ ਕਰ ਦਿਆਂਗੀ।’’

ਮੇਰੀ ਮਾਂ ਚਾਰ ਦਿਨ ਉਸ ਘਰ ਵਿਚ ਗਈ। ਉਹ ਮੈਨੂੰ ਨਾਲ ਲੈ ਜਾਂਦੀ ਸੀ। ਜਦੋਂ ਮੇਰੀ ਮਾਂ ਉੱਥੇ ਭਾਂਡੇ ਮਾਂਜਦੀ ਸੀ ਤਾਂ ਮੈਨੂੰ ਉਸ ਦਾ ਭਾਂਡੇ ਮਾਂਜਣਾ ਚੰਗਾ ਨਹੀਂ ਸੀ ਲੱਗਦਾ। ਮੈਂ ਯਤਨ ਕਰਦਾ ਸਾਂ ਕਿ ਕੋਈ ਉਸ ਨੂੰ ਭਾਂਡੇ ਮਾਂਜਦੀ ਨੂੰ ਵੇਖੇ ਨਾ। ਵਿਚਕਾਰਲੇ ਦੋ ਦਿਨ ਵਿਆਹ ਵਾਲੇ ਦਿਨ ਸਨ ਜਿਨ੍ਹਾਂ ਵਿਚ ਘਰ ਵਿਚ ਆਏ ਰਿਸ਼ਤੇਦਾਰ ਅਤੇ ਬਰਾਤੀ ਜਿਵੇਂ ਮੇਰੀ ਮਾਂ ਨੂੰ ਵੇਖਦੇ ਸਨ, ਉਹ ਮੈਨੂੰ ਪ੍ਰੇਸ਼ਾਨ ਕਰਦਾ ਸੀ। ਮੈਨੂੰ ਯਾਦ ਹੈ ਕਿ ਇਹ ਦੋ ਦਿਨ ਮੈਂ ਮੁਸ਼ਕਿਲ ਨਾਲ ਮਾਨਸਿਕ ਪ੍ਰੇਸ਼ਾਨੀ ਵਾਲੀ ਹਾਲਤ ਵਿਚ ਗੁਜ਼ਾਰੇ ਸਨ ਅਤੇ ਇਸ ਦੌਰਾਨ ਮੈਂ ਇਸ ਕਸ਼ਮਕਸ਼ ਵਿਚ ਸਾਂ ਕਿ ਮੈਂ ਆਪਣੀ ਮਾਂ ਨੂੰ ਕਿਵੇਂ ਕਹਾਂ ਕਿ ਉਹ ਮੰਨ ਜਾਵੇ ਕਿ ਅੱਗੋਂ ਕਿਸੇ ਦੇ ਘਰ ਭਾਂਡੇ ਮਾਂਜਣ ਨਹੀਂ ਜਾਣਾ। ਇਸ ਕਸ਼ਮਕਸ਼ ਤੋਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਉੱਥੇ ਮੇਰੀ ਸੋਚਣ ਦੀ ਆਦਤ ਦੀ ਸ਼ੁਰੂਆਤ ਹੋਈ ਸੀ। ਵਿਆਹ ਵਾਲੇ ਦਿਨ ਜੂਠੇ ਭਾਂਡਿਆਂ ਦੇ ਢੇਰ ਨੂੰ ਵੇਖ ਕੇ ਮੇਰਾ ਰੋਣ ਨਿਕਲ ਗਿਆ ਸੀ ਅਤੇ ਮੈਨੂੰ ਰੋਂਦੇ ਨੂੰ ਕਿਸੇ ਵੱਲੋਂ ਵੇਖੇ ਜਾਣ ਤੋਂ ਬਚਣ ਲਈ ਮੈਂ ਵਿਆਹ ਵਾਲੇ ਘਰ ਤੋਂ ਬਾਹਰ ਚਲਾ ਗਿਆ ਸੀ, ਪਰ ਬਾਹਰ ਜਾ ਕੇ ਮੈਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਮੁਸ਼ਕਿਲ ਦੀ ਘੜੀ ਵਿਚ ਮੈਂ ਆਪਣੀ ਮਾਂ ਨੂੰ ਇਕੱਲਿਆਂ ਛੱਡ ਆਇਆਂ ਸਾਂ ਜਿਸ ਕਾਰਨ ਮੈਂ ਅੱਖਾਂ ਪੂੰਝ ਕੇ ਵਾਪਸ ਆ ਕੇ ਮਾਂ ਨੂੰ ਸਹਿਯੋਗ ਦੇਣ ਲੱਗ ਪਿਆ ਸਾਂ। ਵਿਆਹ ਦੇ ਜਸ਼ਨਾਂ ਵਿਚ ਮੈਂ ਪ੍ਰੇਸ਼ਾਨ ਹੋ ਰਿਹਾ ਸਾਂ।

ਜੋ ਮੈਂ ਲਿਖ ਰਿਹਾ ਹਾਂ, ਇਹ ਸਭ ਕੁਝ ਲਿਖਣ ਤੋਂ ਪਹਿਲਾਂ ਮੈਂ ਇਸ ਦੁਚਿੱਤੀ ਵਿਚੋਂ ਗੁਜ਼ਰਿਆ ਹਾਂ ਕਿ ਇਹ ਵੇਰਵੇ ਮੈਂ ਦਰਜ ਕਰਾਂ ਕਿ ਨਾ ਕਰਾਂ? ਕਿਉਂਕਿ ਅਜਿਹਾ ਲਿਖਣ ਵਿਚ ਨਾ ਮੇਰੀ ਬਹਾਦਰੀ ਝਲਕਦੀ ਹੈ ਨਾ ਮੇਰੀ ਮਾਂ ਦਾ ਸਤਿਕਾਰ ਵਧਦਾ ਹੈ। ਇਹ ਸਭ ਕੁਝ ਮੈਂ ਨਿਰੋਲ ਇਸ ਭਾਵ ਨਾਲ ਲਿਖ ਰਿਹਾ ਹਾਂ ਕਿ ਮੈਂ ਦੱਸ ਸਕਾਂ ਕਿ ਉੱਜੜ ਕੇ ਆਏ ਸ਼ਰਨਾਰਥੀਆਂ ਨੂੰ ਕਿਨ੍ਹਾਂ ਹਾਲਤਾਂ ਵਿਚੋਂ ਗੁਜ਼ਰਨਾ ਪਿਆ ਸੀ। ਦੇਸ਼ ਭਾਵੇਂ ਕੋਈ ਹੋਵੇ, ਸ਼ਰਨਾਰਥੀਆਂ ਨੂੰ ਅਜਿਹੀਆਂ ਅਤੇ ਇਨ੍ਹਾਂ ਨਾਲੋਂ ਵੀ ਭੈੜੀਆਂ ਹਾਲਤਾਂ ਵਿਚੋਂ ਲੰਘਣਾ ਪੈਂਦਾ ਹੈ। ਜੇ ਤੁਸੀਂ ਕਦੇ ਸ਼ਰਨਾਰਥੀ ਨਹੀਂ ਬਣੇ ਤਾਂ ਇਸ ਗੱਲ ਦਾ ਮਾਣ ਕਰੋ।

ਬੜੀ ਮੁਸ਼ਕਲ ਅਤੇ ਪ੍ਰੇਸ਼ਾਨੀ ਵਾਲੇ ਚਾਰ ਦਿਨ ਮਗਰੋਂ ਮੈਂ ਆਪਣੀ ਮਾਂ ਨਾਲ ਜਦੋਂ ਆਪਣੇ ਘਰ ਵੱਲ ਆ ਰਿਹਾ ਸਾਂ ਤਾਂ ਮੈਂ ਡਰਦੇ-ਡਰਦੇ ਨੇ, ਪਰ ਹੌਸਲਾ ਕਰਕੇ, ਆਪਣੀ ਮਾਂ ਨੂੰ ਰੋਣਹਾਕਾ ਹੋ ਕੇ ਕਿਹਾ, ‘‘ਅੱਗੋਂ ਕਿਸੇ ਦੇ ਘਰ ਅਸੀਂ ਭਾਂਡੇ ਮਾਂਜਣ ਨਹੀਂ ਜਾਣਾ।’’ ਮੇਰੇ ‘‘ਅਸੀਂ ਨਹੀਂ ਜਾਣਾ’’ ਵਾਲੇ ਸ਼ਬਦਾਂ ਨੇ ਸ਼ਾਇਦ ਅਸਰ ਕੀਤਾ ਸੀ ਅਤੇ ਮਾਂ ਨੇ ਜਵਾਬ ਵਿਚ ਕਿਹਾ ਸੀ, ‘‘ਨਹੀਂ ਜਾਵਾਂਗੇ।’’ ਮੇਰੇ ਇਨ੍ਹਾਂ ਸ਼ਬਦਾਂ ਨਾਲ ਅਤੇ ਮੇਰੀ ਮਾਂ ਵੱਲੋਂ ਦਿੱਤੇ ਜਵਾਬ ਨਾਲ ਉਸੇ ਪਲ, ਉਸ ਰਸਤੇ ਵਿਚ ਹੀ, ਮੇਰਾ ਬਚਪਨ ਮੁੱਕ ਗਿਆ ਸੀ। ਮੇਰੀ ਮਾਂ ਵੱਲੋਂ ਵਿਆਹ ਵਾਲੇ ਘਰੋਂ ਲਿਆਂਦੀ ਵਿਆਹ ਦੀ ਪਰੰਪਰਕ ਮਠਿਆਈ ਮੇਰੀਆਂ ਭੈਣਾਂ ਅਤੇ ਭਰਾ ਨੇ ਖਾਧੀ, ਪਰ ਮੇਰਾ ਉਹ ਖਾਣ ਨੂੰ ਮਨ ਨਹੀਂ ਸੀ ਕੀਤਾ। ਮੈਂ ਜਾਣਦਾ ਸਾਂ ਕਿ ਮੇਰੀ ਮਾਂ ਨੇ ਬੜੀ ਮਜਬੂਰੀ ਵਿਚ ਭਾਂਡੇ ਮਾਂਜਣ ਦਾ ਕੰਮ ਸਵੀਕਾਰ ਕੀਤਾ ਸੀ, ਪਰ ਇਹ ਘਟਨਾ ਮੇਰੀ ਜ਼ਿੰਦਗੀ ਵਿਚ ਬੜਾ ਵੱਡਾ ਮੋੜ ਸਾਬਤ ਹੋਈ। ਮੈਂ ਮਾਂ ਦਾ ਲਾਡਲਾ ਨਹੀਂ ਸੀ, ਮਾਂ ਮੇਰੀ ਲਾਡਲੀ ਸੀ, ਮੈਂ ਉਸ ਨੂੰ ਲੁਕ-ਲੁਕ ਕੇ ਨਿਹਾਰਿਆ ਕਰਦਾ ਸਾਂ। ਮੇਰੇ ਲਈ ਉਹ ਹੌਸਲੇ ਦਾ ਸਰੋਤ ਸੀ। ਹਰੇਕ ਘਟਨਾ ਦਾ ਇਕ ਨੀਵਾਂ ਪੱਖ ਅਤੇ ਇਕ ਉੱਚਾ ਪੱਖ ਹੁੰਦਾ ਹੈ। ਨੀਵਾਂ ਪੱਖ ਇਹ ਹੈ ਕਿ ਮੇਰੀ ਮਾਂ ਨੂੰ ਕਿਸੇ ਦੇ ਘਰ ਜਾ ਕੇ ਭਾਂਡੇ ਮਾਂਜਣੇ ਪਏ, ਪਰ ਉੱਚਾ ਪੱਖ ਇਹ ਹੈ ਕਿ ਉਸ ਦਿਨ ਤੋਂ ਮਗਰੋਂ ਮੈਂ ਨਿਸ਼ਚਿਤ ਕੀਤਾ ਕਿ ਮੇਰੀ ਮਾਂ ਨੂੰ ਕਿਸੇ ਦੇ ਘਰ ਜਾ ਕੇ ਭਾਂਡੇ ਮਾਂਜਣ ਦੀ ਕਦੇ ਨੌਬਤ ਨਾ ਆਵੇ।

ਮੇਰੇ ਮੋਢੇ ਨਿੱਕੇ ਸਨ, ਪਰ ਉਸ ਦਿਨ ਮੈਂ ਹਰ ਭਾਰ ਚੁੱਕਣ ਦੀ ਤਿਆਰੀ ਕਰ ਲਈ ਸੀ। ਮੈਨੂੰ ਸੋਝੀ ਹੋ ਗਈ ਸੀ ਕਿ ਮੈਨੂੰ ਕਿਨ੍ਹਾਂ-ਕਿਨ੍ਹਾਂ ਹਾਲਤਾਂ ਦਾ ਸਾਹਮਣਾ ਕਰਨਾ ਪਏਗਾ, ਪਰ ਮੈਂ ਪੂਰੀ ਤਰ੍ਹਾਂ ਤਿਆਰ ਸਾਂ। ਇੱਥੋਂ ਨਿੱਕੀਆਂ-ਨਿੱਕੀਆਂ ਉਜਰਤਾਂ ਵਾਲੇ ਨੀਵੀਂ ਪੱਧਰ ਦੇ ਸਮਝੇ ਜਾਣ ਵਾਲੇ ਕੰਮਾਂ ਦਾ ਲੰਮਾ ਸਿਲਸਿਲਾ ਜਾਰੀ ਹੋਇਆ। ਅਗਲੇ ਪੰਦਰਾਂ ਸਾਲ ਮੈਂ ਲਗਪਗ ਪੰਝੀ ਕੰਮ ਕੀਤੇ। ਜੋ ਕੰਮ ਮਿਲਿਆ ਉਹ ਕੀਤਾ, ਜੋ ਕੰਮ ਨਹੀਂ ਕੀਤੇ, ਜੇ ਉਹ ਕਰਨੇ ਪੈਂਦੇ ਤਾਂ ਉਹ ਵੀ ਕਰਨੇ ਸਨ। ਹਰੇਕ ਕੰਮ ਪੜ੍ਹਾਈ ਦੀ ਇਕ ਪਉੜੀ ਵਾਂਗ ਹੁੰਦਾ ਹੈ। ਹਰੇਕ ਕੰਮ ਵਿਚ ਵੱਖਰੀ ਕਿਸਮ ਦੇ ਲੋਕਾਂ ਨਾਲ ਵਾਹ ਪਿਆ। ਇਨ੍ਹਾਂ ਕੰਮਾਂ ਤੋਂ ਪ੍ਰਾਪਤ ਅਨੁਭਵਾਂ ਅਤੇ ਵੇਖੇ-ਸੁਣੇ ਦੇ ਆਧਾਰ ’ਤੇ ਜ਼ਿੰਦਗੀ ਦਾ ਥਾਨ ਖੁੱਲ੍ਹਦਾ ਰਿਹਾ ਹੈ ਅਤੇ ਇਹ ਅਨੁਭਵ ਮੇਰੇ ਲਈ ਲਿਖਣ ਦੀ ਪ੍ਰੇਰਨਾ ਬਣਦੇ ਰਹੇ ਹਨ।

ਇਨ੍ਹਾਂ ਦਿਨਾਂ ਵਿਚ ਮੇਰੀ ਛੋਟੀ ਭੈਣ ਸਖ਼ਤ ਬਿਮਾਰ ਪੈ ਗਈ ਜਿਸ ਦੇ ਇਲਾਜ ਲਈ ਮੇਰੀ ਮਾਂ ਉਸ ਨੂੰ ਇਕ ਸੇਵਾਮੁਕਤ ਡਾਕਟਰ ਕੋਲ ਲੈ ਗਈ। ਡਾਕਟਰ ਨੇ ਪੰਦਰਾਂ ਰੁਪਏ ਦਾ ਬਿਲ ਬਣਾ ਦਿੱਤਾ। ਮੇਰੀ ਮਾਂ ਨੇ ਚੁੰਨੀ ਨਾਲ ਬੰਨ੍ਹੇ ਸਾਰੇ ਅੱਠ ਰੁਪਏ ਦੇ ਕੇ ਕਿਹਾ, ਬਾਕੀ ਹੌਲੀ ਹੌਲੀ ਦੇ ਦਿਆਂਗੇ। ਮੈਂ ਮਾਂ ਦੇ ਨਾਲ ਗਿਆ ਸਾਂ। ਡਾਕਟਰ ਨੇੇ ਮੇਰੀ ਮਾਂ ਨੂੰ ਕਿਹਾ, ‘‘ਇਹ ਮੁੰਡਾ ਮੇਰੀ ਕਲੀਨਿਕ ਦੀ ਸਫ਼ਾਈ ਕਰ ਦਿਆ ਕਰੇ।’’ ਜਦੋਂ ਮੇਰੀ ਮਾਂ ਨੇ ਕਿਹਾ ਕਿ ਇਹ ਸਕੂਲ ਜਾਂਦਾ ਹੈ ਤਾਂ ਡਾਕਟਰ ਨੇ ਕਿਹਾ, ‘‘ਇਹਨੂੰ ਸਵੇਰੇ ਸਫ਼ਾਈ ਅਤੇ ਸ਼ਾਮ ਨੂੰ ਕੰਮ ਕਰਨ ਲਈ ਭੇਜ ਦਿਆ ਕਰੋ। ਇਕ ਰੁਪਿਆ ਰਹਿੰਦੇ ਪੈਸਿਆਂ ਵਿਚੋਂ ਹਰ ਮਹੀਨੇ ਕੱਟ ਜਾਇਆ ਕਰੇਗਾ ਅਤੇ ਇਕ ਰੁਪਿਆ ਇਸ ਨੂੰ ਮੈਂ ਹਰ ਮਹੀਨੇ ਦਿਆ ਕਰਾਂਗਾ।’’ ਉਸ ਵੇਲੇ ਮੈਂ ਤੀਜੀ ਜਮਾਤ ਵਿਚ ਪੜ੍ਹਦਾ ਸਾਂ ਜਿਸ ਦੀ ਮਹੀਨੇ ਦੀ ਫੀਸ ਵੀ ਇਕ ਰੁਪਿਆ ਸੀ। ਇਵੇਂ ਮੇਰੇ ਜੀਵਨ ਦੀ ਪਹਿਲੀ ਨੌਕਰੀ ਆਰੰਭ ਹੋਈ। ਸਵੇਰੇ ਡਾਕਟਰ ਦੀ ਦੁਕਾਨ ਦੀ ਸਫ਼ਾਈ ਕਰਕੇ, ਮੇਜ਼-ਕੁਰਸੀ ਸਾਫ਼ ਕਰਕੇ, ਬਾਹਰ ਪਾਣੀ ਤਰੌਂਕ ਕੇ, ਅੰਦਰ ਪਾਣੀ ਭਰ ਕੇ ਮੈਂ ਸਕੂਲ ਚਲਿਆ ਜਾਂਦਾ ਸਾਂ ਅਤੇ ਫਿਰ ਸ਼ਾਮ ਨੂੰ ਆਉਂਦਾ ਸਾਂ। ਸ਼ਾਮ ਵੇਲੇ ਮੈਂ ਬਸਤਾ ਵੀ ਨਾਲ ਲੈ ਆਉਂਦਾ ਸਾਂ। ਘਰ ਤੋਂ ਬਾਹਰ ਇਹ ਮੇਰਾ ਪਹਿਲਾ ਰੁਝਾਨ ਸੀ। ਡਾਕਟਰ ਦੇ ਕਲੀਨਿਕ ਦਾ ਕੰਮ ਤਾਂ ਕੰਮ ਲੱਗਦਾ ਸੀ, ਪਰ ਐਤਵਾਰ ਨੂੰ ਡਾਕਟਰ ਦੇ ਘਰ ਜਾ ਕੇ ਉੱਥੇ ਭਾਂਡੇ ਮਾਂਜਣ, ਸਫ਼ਾਈ ਅਤੇ ਕੱਪੜੇ ਧੋਣ ਦੀ ਵਗਾਰ ਵੀ ਕਰਨੀ ਪੈਂਦੀ ਸੀ। ਇਹ ਕੁਝ ਕਰਦਿਆਂ ਮੈਨੂੰ ਭੁੱਖ ਲੱਗ ਆਉਂਦੀ ਸੀ। ਡਾਕਟਰ ਦਾ ਪਰਿਵਾਰ ਜਦੋਂ ਆਪ ਨਾਸ਼ਤਾ ਕਰਦਾ ਸੀ ਤਾਂ ਮੈਨੂੰ ਆਸ ਹੁੰਦੀ ਸੀ ਕਿ ਮੈਨੂੰ ਵੀ ਕੁਝ ਮਿਲੇਗਾ, ਪਰ ਮਿਲਦਾ ਨਹੀਂ ਸੀ। ਡਾਕਟਰ ਦੀ ਦੁਕਾਨ ਨਾਲ ਅਖ਼ਬਾਰ ਦਾ ਦਫ਼ਤਰ ਸੀ ਜਿੱਥੇ ਮੈਂ ਛਾਪੇਖਾਨੇ ਦਾ ਕੰਮ ਸਿੱਖ ਲਿਆ ਸੀ। ਕੁਝ ਮਹੀਨਿਆਂ ਮਗਰੋਂ ਜਦੋਂ ਡਾਕਟਰ ਦੇ ਪੈਸੇ ਪੂਰੇ ਹੋ ਗਏ ਤਾਂ ਮੈਂ ਛਾਪੇਖਾਨੇ ਦਾ ਕੰਮ ਕਰਨ ਲੱਗ ਪਿਆ ਸਾਂ ਜਿੱਥੇ ਮੇਰੀ ਉਜਰਤ ਚਾਰ ਰੁਪਏ ਹੋ ਗਈ ਸੀ। ਅਖ਼ਬਾਰ ਦੇ ਦਫ਼ਤਰ ਵਿਚ ਮੈਂ ਦਸਵੀਂ ਦਾ ਇਮਤਿਹਾਨ ਦੇਣ ਤਕ ਕੰਮ ਕੀਤਾ। ਇੱਥੇ ਸਿੱਖਣ-ਜਾਣਨ ਵਾਲਾ ਬਹੁਤ ਕੁਝ ਸੀ।

ਉਨ੍ਹਾਂ ਵੇਲਿਆਂ ਵਿਚ ਔਰਤਾਂ ਵੱਡੀ ਉਮਰ ਦੇ ਪੁਰਸ਼ਾਂ ਦੀ ਹਾਜ਼ਰੀ ਵਿਚ ਘੁੰਢ ਕੱਢਦੀਆਂ ਸਨ। ਮੇਰੀ ਮਾਂ ਦੱਸਦੀ ਸੀ ਕਿ ਹੋਂਦ ਬਣਾਈ ਰੱਖਣ ਦੀ ਜੱਦੋਜਹਿਦ ਵਿਚ ਘੁੰਢ ਲੋਪ ਹੋ ਗਿਆ ਸੀ। ਮੇਰੀ ਮਾਂ ਬਹਾਦਰ ਸੀ, ਜਿੱਥੇ ਜਾਂਦੀ ਸੀ, ਇਕੱਲੀ ਹੀ ਚਲੀ ਜਾਂਦੀ ਸੀ। ਪਾਕਿਸਤਾਨ ਵਿਚ ਲੜਕੀਆਂ ਦੀ ਪੜ੍ਹਾਈ ਪੰਜਵੀਂ ਤਕ ਸੀ, ਮੇਰੀ ਮਾਂ ਪੰਜਵੀਂ ਪਾਸ ਸੀ। ਉਸ ਦੀ ਸੋਹਣੀ ਲਿਖਾਈ ਦਾ ਸਕੂਲ ਇੰਸਪੈਕਟਰ ਨਾਲ ਆਈ ਮੇਮ ਨੇ ਇਨਾਮ ਦਿੱਤਾ ਸੀ। ਉਸ ਜ਼ਮਾਨੇ ਵਿਚ ਤੀਜੀ ਪਾਸ ਲੜਕੀ ਦਾ ਤਹਿਸੀਲਦਾਰ ਨਾਲ ਵਿਆਹ ਹੋ ਜਾਂਦਾ ਸੀ। ਮੇਰੇ ਪਿਤਾ ਕੋਇਟੇ ਵਿਚ ਅੰਗਰੇਜ਼ ਅਫ਼ਸਰਾਂ ਦੇ ਇਲਾਕੇ ਵਿਚ ਡਾਕੀਏ ਦਾ ਕਾਰਜ ਕਰਦੇ ਸਨ। ਮੇਰੀ ਮਾਂ ਚੰਗਾ ਖਾਣ-ਹੰਢਾਉਣ ਦੀ ਅਭਿਲਾਸ਼ੀ ਸੀ। ਉਸ ਨੇ ਹਿੰਦੋਸਤਾਨ ਦੇ ਸਾਰੇ ਸਿੱਖ ਗੁਰਧਾਮਾਂ ਦੀ ਯਾਤਰਾ ਕੀਤੀ ਹੋਈ ਸੀ। ਉਹ ਆਧੁਨਿਕ ਜ਼ਮਾਨੇ ਦੀ ਔਰਤ ਸੀ। ਨਵੇਂ ਲੋਕਾਂ ਨੂੰ ਮਿਲਣਾ, ਨਵੀਆਂ ਥਾਵਾਂ ’ਤੇ ਜਾਣਾ ਉਸ ਦਾ ਸ਼ੌਕ ਸੀ। ਸਾਡੀ ਦੋ ਭਰਾਵਾਂ ਦੀ ਮਿਹਨਤ ਅਤੇ ਸਾਡੀ ਮਾਂ ਦੇ ਉੱਦਮ ਨਾਲ ਜ਼ਿੰਦਗੀ ਲੀਹ ’ਤੇ ਪੈ ਗਈ ਸੀ। ਉਹ ਸਾਡੇ ਕੱਪੜੇ ਹੱਥ ਨਾਲ ਹੀ ਸਿਉਂ ਦਿੰਦੀ ਸੀ। ਉਹ ਪੜ੍ਹੀ-ਲਿਖੀ ਸੀ, ਪੜ੍ਹਾਈ ਦਾ ਮਹੱਤਵ ਜਾਣਦਾ ਸੀ, ਉਸ ਨੇ ਸਾਡੀ ਪੜ੍ਹਾਈ ਨਾ ਟੁੱਟਣ ਦਿੱਤੀ। ਕੰਮਾਂ ਦੇ ਮੁਕਾਬਲੇ ਮੇਰੇ ਲਈ ਪੜ੍ਹਾਈ ਮਨੋਰੰਜਨ ਸੀ। ਮੇਰੀ ਮਾਂ ਕਿਹਾ ਕਰਦੀ ਸੀ, ਔਖੇ ਕੰਮ ਕਰੋ, ਮੁੱਲ ਔਖੇ ਕੰਮਾਂ ਦਾ ਪੈਂਦਾ ਹੈ।

ਸਾਡੀ ਮਾਂ ਨਵੇਂ ਯੰਤਰ ਅਤੇ ਨਵੀਆਂ ਤਕਨੀਕਾਂ ਵਰਤਣ ਦੀ ਤਾਂਘਵਾਨ ਸੀ। ਇਕ ਵਾਰੀ ਉਹ ਵੱਡੇ ਹਸਪਤਾਲ ਆਪਣੀਆਂ ਅੱਖਾਂ ਵਿਖਾਉਣ ਜਾ ਰਹੀ ਸੀ। ਰਸਤੇ ਵਿਚ ਉਸ ਨੇ ਇਕ ਦੁਕਾਨ ਬਾਹਰ ਲੋਕਾਂ ਦੀ ਲਾਈਨ ਲੱਗੀ ਵੇਖੀ। ਉਸ ਨੂੰ ਇਲਹਾਮ ਹੋ ਗਿਆ ਕਿ ਇੱਥੇ ਕੁਝ ਮਿਲ ਰਿਹਾ ਹੈ। ਪੁੱਛਣ ’ਤੇ ਉਸ ਨੂੰ ਪਤਾ ਲੱਗਿਆ ਕਿ ਰਸੋਈ ਗੈਸ ਦੀ ਬੁਕਿੰਗ ਹੋ ਰਹੀ ਸੀ। ਉਸ ਨੇ ਹਸਪਤਾਲ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਅਤੇ ਉਹ ਗੈਸ ਬੁੱਕ ਕਰਵਾ ਆਈ। ਜਦੋਂ ਸ਼ਹਿਰ ਵਿਚ ਗੈਸ ਆਈ ਤਾਂ ਸਾਡੇ ਘਰ ਪਹਿਲੇ ਦਿਨ ਹੀ ਆ ਗਈ ਸੀ ਜਿਸ ਨੂੰ ਮੁਹੱਲੇ ਦੀਆਂ ਔਰਤਾਂ ਬੜੇ ਉਤਸ਼ਾਹ ਨਾਲ ਵੇਖਣ ਆਈਆਂ ਸਨ। ਉਹ ਆਚਾਰ ਪਾਉਣ, ਸੇਵੀਆਂ ਬਣਾਉਣ, ਰਜਾਈਆਂ-ਤਲਾਈਆਂ ਬਣਾਉਣ, ਕੱਪੜੇ ਖ਼ਰੀਦਣ ਵਿਚ ਮੁਹੱਲੇ ਦੀ ਜਥੇਦਾਰਨੀ ਸੀ। ਸੁਵੱਖਤੇ ਉੱਠਣ, ਉੱਠ ਕੇ ਨਹਾਉਣ, ਰੋਜ਼ ਗੁਰਦੁਆਰੇ ਦਾ ਚਾਰ ਕਿਲੋਮੀਟਰ ਦਾ ਗੇੜਾ ਲਾਉਣ ਅਤੇ ਹਰ ਪ੍ਰਕਾਰ ਦੇ ਸਹਿਯੋਗ ਲਈ ਤਿਆਰ-ਬਰ-ਤਿਆਰ ਰਹਿਣ ਦੀ ਉਸ ਦੀ ਆਦਤ ਸਾਰੇ ਪਰਿਵਾਰ ਨੇ ਖ਼ੂਬ ਅਪਣਾਈ ਹੈ। ਉਹ ਨਾਸ਼ਤੇ ਦਾ ਮਹੱਤਵ ਸਮਝਦੀ ਸੀ। ਸਾਡੇ ਘਰ ਵਿਚ ਬਿਮਾਰ ਹੋਣ ਦੀ ਨਾ ਕਿਸੇ ਕੋਲ ਵਿਹਲ ਸੀ, ਨਾ ਹੀ ਰਿਵਾਜ ਸੀ। ਜਦੋਂ ਲੋਕ ਪਾਕਿਸਤਾਨ ਵਿਚ ਛੱਡੇ ਘਰਾਂ ਨੂੰ ਯਾਦ ਕਰ ਕੇ ਵਿਰਲਾਪ ਕਰਦੇ ਸਨ ਤਾਂ ਉਹ ਕਿਹਾ ਕਰਦੀ ਸੀ: ‘‘ਪਿੱਛੇ ਨਾ ਵੇਖੋ, ਅੱਗੇ ਵੇਖੋ।’’ ਉਹ ਸਾਨੂੰ ਕਿਹਾ ਕਰਦੀ ਸੀ, ‘‘ਪਹਿਲਾਂ ਗ਼ਰੀਬੀ ਮੁਕਾਓ, ਫਿਰ ਅਮੀਰ ਹੋਣ ਦਾ ਉਪਰਾਲਾ ਕਰੋ।’’ ਗ਼ਰੀਬੀ ਮੁਕਾਉਣ ਤੋਂ ਉਸ ਦਾ ਭਾਵ ਸੀ ਕਿ ਪਹਿਲਾਂ ਜ਼ਿੰਦਗੀ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰੋ, ਫਿਰ ਉਦੇਸ਼ ਮਿਥ ਕੇ ਸਿੱਖਿਆ ਪ੍ਰਾਪਤੀ ਨਾਲ ਅੱਗੇ ਵਧੋ। ਉਹ ਸਾਡੇ ਘਰ ਦੀ ਆਗੂ ਸੀ। ਉਸ ਨੂੰ ਜ਼ਿੰਦਗੀ ਜਿਊਣੀ ਆਉਂਦੀ ਸੀ।

ਮੇਰੀ ਮਾਂ ਦੇ ਆਧੁਨਿਕ ਸੋਚ ਵਾਲੀ ਹੋਣ ਦੀ ਇਕ ਉਦਾਹਰਣ ਦਰਜ ਕਰ ਰਿਹਾ ਹਾਂ। ਇਕ ਵਾਰੀ ਮੈਂ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਬੰਬਈ-ਗੋਆ ਦੀ ਵੀਹ ਦਿਨ ਦੀ ਯਾਤਰਾ ’ਤੇ ਗਿਆ ਹੋਇਆ ਸਾਂ। ਇਸ ਦੌਰਾਨ ਰਿਸ਼ਤੇਦਾਰੀ ਵਿਚ ਲੱਗਦਾ ਮੇਰਾ ਭਰਾ, ਮੇਰੇ ਭਰੋਸੇ, ਉਹ ਅਤੇ ਉਸ ਦੀ ਪ੍ਰੇਮਿਕਾ, ਦੌੜ ਕੇ ਵਿਆਹ ਕਰਾਉਣ ਦੇ ਉਦੇਸ਼ ਨਾਲ ਆ ਗਏ। ਮੈਂ ਤਾਂ ਹਾਜ਼ਰ ਨਹੀਂ ਸਾਂ, ਪਰ ਮੇਰੀ ਮਾਂ ਨੇ ਗੁਰਦੁਆਰੇ ਦੇ ਭਾਈ ਨਾਲ ਗੱਲ ਕਰਕੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਅਤੇ ਘਰ ਰੱਖ ਲਿਆ। ਆਪਣੇ ਹੌਸਲੇ, ਸਵੈ-ਵਿਸ਼ਵਾਸ, ਹਾਂ-ਪੱਖੀ ਅਤੇ ਭਵਿੱਖਵਾਦੀ ਦ੍ਰਿਸ਼ਟੀਕੋਣ ਕਾਰਨ ਮੇਰੀ ਮਾਂ ਮੇਰੀ ਹੀਰੋ ਸੀ। ਜਿਨ੍ਹਾਂ ਕੌਮਾਂ, ਸਮਾਜਾਂ ਕੋਲ ਹੀਰੋ ਹੁੰਦੇ ਹਨ, ਉਹ ਕੌਮਾਂ ਅਤੇ ਸਮਾਜ ਸਥਿਰ ਅਤੇ ਅਗਾਂਹਵਧੂ ਹੁੰਦੇ ਸਨ। ਪੰਜਾਬ ਕੋਲ ਅਨੇਕਾਂ ਸ਼ਹੀਦ ਅਤੇ ਸਿੱਖ ਗੁਰੂ ਹੀਰੋ ਹਨ। ਕ੍ਰਿਸ਼ਨ ਹਰਿਆਣੇ ਦਾ, ਕੁਰੂਕਸ਼ੇਤਰ ਕਾਰਨ, ਹੀਰੋ ਹੈ। ਹਿਮਾਚਲ ਕੋਲ ਹੀਰੋ ਨਹੀਂ ਹਨ ਜਿਸ ਕਾਰਨ ਉਸ ਦੀ ਪਛਾਣ ਨਹੀਂ ਬਣੀ। ਹੀਰੋ ਸਾਨੂੰ ਸੇਧ ਪ੍ਰਦਾਨ ਕਰਦਾ ਹੈ। ਆਪਣੇ ਜੀਵਨ ਵਿਚ ਮੈਂ ਜਦੋਂ ਕਦੇ ਨਿਰਾਸ਼-ਉਦਾਸ ਹੋ ਜਾਂਦਾ ਹਾਂ ਤਾਂ ਮੈਂ ਸੋਚਦਾ ਹਾਂ, ਗੁਰੂ ਗੋਬਿੰਦ ਸਿੰਘ ਦੀਆਂ ਮੁਸ਼ਕਿਲਾਂ ਸਾਹਮਣੇ ਮੇਰੀਆਂ ਮੁਸ਼ਕਿਲਾਂ ਕੀ ਹਨ? ਜੀਵਨ ਵਿਚ ਕਈ ਵਿਅਕਤੀ ਮੇਰੇ ਹੀਰੋ ਰਹੇ ਹਨ, ਜਿਨ੍ਹਾਂ ਤੋਂ ਮੈਨੂੰ ਹੀਰੋ ਵਾਲਾ ਉਤਸ਼ਾਹ ਮਿਲਦਾ ਰਿਹਾ ਹੈ, ਉਹ ਹਨ: ਸੁਕਰਾਤ, ਸਿਕੰਦਰ, ਮਹਾਤਮਾ ਬੁੱਧ, ਗੁਰੂ ਗੋਬਿੰਦ ਸਿੰਘ, ਨੈਪੋਲੀਅਨ, ਲਿੰਕਨ ਅਤੇ ਮੇਰੀ ਮਾਂ ਵੀਰਾਂ ਵਾਲੀ।

Leave a Reply

Your email address will not be published. Required fields are marked *