ਡੇਰਾ ਸਿਰਸਾ ’ਤੇ ਮੁਕੰਮਲ ਪਾਬੰਦੀ ਲਾਈ ਜਾਵੇ: ਜਥੇਦਾਰ

ਅਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਇੰਗਲੈਂਡ ਦੌਰੇ ਤੋਂ ਪਰਤਦਿਆਂ ਹੀ ਦਿੱਲੀ ਤੋਂ ਸਿੱਧਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਅਤੇ ਸਮੁੱਚੇ ਮਾਮਲੇ ਦੀ ਜਾਣਕਾਰੀ ਲਈ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਵਿਖੇ ਹੋਈ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਇਸ ਵਿੱਚ ਡੇਰਾ ਸਿਰਸਾ ਦਾ ਹੱਥ ਹੈ।

ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਇਸ ਡੇਰੇ ’ਤੇ ਪੱਕੇ ਤੌਰ ’ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਡੂੰਘੀ ਸਾਜ਼ਿਸ਼ ਸਿੱਖਾਂ ਅਤੇ ਹਿੰਦੂਆਂ ’ਚ ਪਾੜਾ ਪਾਉਣ ਅਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੀਤੀ ਜਾ ਰਹੀ ਹੈ, ਜਿਸ ਵਿੱਚ ਏਜੰਸੀਆਂ ਕਦੇ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਜਿੱਥੇ ਦੇਹਧਾਰੀ ਗੁਰੂਆਂ ਦਾ ਜਾਲ ਵਿਛਾ ਦਿੱਤਾ ਗਿਆ ਹੈ, ਉੱਥੇ ਗੁਰਦੁਆਰਿਆਂ ਨਾਲੋਂ ਤੋੜਨ ਲਈ ਜਗ੍ਹਾ-ਜਗ੍ਹਾ ਡੇਰੇ ਬਣਾਏ ਜਾ ਰਹੇ ਹਨ, ਜੋ ਚਿੰਤਾਜਨਕ ਹਨ। ਤਖ਼ਤ ਸਾਹਿਬ ਦੇ ਸਾਹਮਣੇ ਪਸ਼ਚਾਤਾਪ ਕਰਨ ਵਜੋਂ ਬੈਠੀ ਸੰਗਤ ਦੇ ਮਾਮਲੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਨ੍ਹਾਂ ਵਿੱਚ ਆ ਕੇ ਬੈਠਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੋ ਉਹ ਨਹੀਂ ਕਰ ਰਹੇ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਮਾਮਲੇ ਦੀ ਪੜਤਾਲ ਕਰ ਕੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਜਥੇਦਾਰ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਮਿਲਣ ਉਪਰੰਤ ਬਿਨਾਂ ਸੁਰੱਖਿਆ ਤੋਂ ਹੀ ਸਿੱਧਾ ਤਖ਼ਤ ਸਾਹਿਬ ਦੇ ਸਾਹਮਣੇ ਬੈਠੀ ਸੰਗਤ ’ਚ ਜਾ ਕੇ ਬੈਠ ਗਏ।

ਉਨ੍ਹਾਂ ਦੇ ਇਸ ਕਦਮ ਨਾਲ ਸੁਰੱਖਿਆ ਮੁਲਾਜ਼ਮਾਂ, ਟਾਸਕ ਫੋਰਸ ਅਤੇ ਕਮੇਟੀ ਮੁਲਾਜ਼ਮਾਂ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਜਥੇਦਾਰ ਹਰਪ੍ਰੀਤ ਸਿੰਘ ਨੇ ਜਿੱਥੇ ਸੰਗਤ ਨਾਲ ਗੁਰੂ ਫ਼ਤਹਿ ਦੀ ਸਾਂਝ ਪਾਈ, ਉੱਥੇ ਸਮੁੱਚੀ ਸੰਗਤ ਨਾਲ ਬੇਅਦਬੀ ਮੁੱਦੇ ’ਤੇ ਚਰਚਾ ਕੀਤੀ।

ਮੁਲਜ਼ਮ ਖ਼ਿਲਾਫ਼ ਯੂਏਪੀਏ ਲਾ ਕੇ ਧਾਰਾਵਾਂ ’ਚ ਵਾਧਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤੀ ਗਈ ਮੰਗ ਮਗਰੋਂ ਅੱਜ ਬੇਅਦਬੀ ਦੇ ਮੁਲਜ਼ਮ ਖ਼ਿਲਾਫ਼ ਪੁਲੀਸ ਨੇ ਯੂਏਪੀਏ ਐਕਟ ਲਾਉਣ ਦੇ ਨਾਲ-ਨਾਲ ਅੱਗ ਲਾਉਣ ਦੀ ਕੋਸ਼ਿਸ਼, ਅੱਗ ਲਾ ਕੇ ਨੁਕਸਾਨ ਕਰਨ ਤੇ ਦੰਗੇ ਭੜਕਾਉਣ ਦੀ ਸਾਜ਼ਿਸ਼ ਆਦਿ ਧਾਰਾਵਾਂ ਵਿੱਚ ਵਾਧਾ ਕਰ ਦਿੱਤਾ। ਪੁਲੀਸ ਵੱਲੋਂ ਮੁਲਜ਼ਮ ਪਰਮਜੀਤ ਸਿੰਘ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਧਾਰਾ 295- ਏ ਦੇ ਕੇਸ ’ਚ ਯੂਏਪੀਏ ਐਕਟ ਦੀ ਧਾਰਾ 18, ਆਈਪੀਸੀ ਦੀ ਧਾਰਾ 153, 153- ਏ, 436 ਅਤੇ 511 ਦੀਆਂ ਧਾਰਾਵਾਂ ਲਾ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਬੀਬੀ ਜਗੀਰ ਕੌਰ ਨੇ ਜ਼ਿਲ੍ਹਾ ਪੁਲੀਸ ਮੁਖੀ ਨਾਲ ਗੱਲਬਾਤ ਕਰਨ ਤੋਂ ਇਲਾਵਾ ਪੰਜਾਬ ਪੁਲੀਸ ਮੁਖੀ ਕੋਲ ਵੀ ਮੁਲਜ਼ਮ ਖ਼ਿਲਾਫ਼ ਯੂਏਪੀਏ ਐਕਟ ਲਾਉਣ ਦੀ ਮੰਗ ਕੀਤੀ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਿੱਥੇ ਬੇਅਦਬੀ ਦੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਅੰਤ ਤੱਕ ਕਾਨੂੰਨੀ ਪੈਰਵੀ ਕਰੇਗੀ।

ਇੰਗਲੈਂਡ ਦੌਰੇ ਮੌਕੇ ਕਰੋਨਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਝੂਠਾ ਨਿਕਲਿਆ

ਅੰਮ੍ਰਿਤਸਰ : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇੰਗਲੈਂਡ ਦੌਰੇ ਦੌਰਾਨ ਕਰੋਨਾ ਨਿਯਮਾਂ ਦੀ ਉਲੰਘਣਾ ਅਤੇ ਸਬੰਧਤ ਗੁਰਦੁਆਰਾ ਕਮੇਟੀ ਨੂੰ ਸਬੰਧਤ ਵਿਭਾਗ ਵੱਲੋਂ ਜੁਰਮਾਨਾ ਲਾਉਣ ਦਾ ਮਾਮਲਾ ਝੂਠਾ ਨਿਕਲਿਆ ਹੈ। ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਜਾਅਲੀ ਪੱਤਰ ਜਾਰੀ ਕਰਨ ਵਾਲਿਆਂ ਨੂੰ ਮੁਆਫ਼ੀ ਮੰਗਣ ਦੀ ਤਾੜਨਾ ਕਰਦਿਆਂ ਕਿਹਾ ਕਿ ਅਜਿਹਾ ਨਾ ਕਰਨ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ। ਅਕਾਲ ਤਖ਼ਤ ਦੇ ਸਕੱਤਰੇਤ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ 9 ਤੋਂ 15 ਸਤੰਬਰ ਤੱਕ ਇੰਗਲੈਂਡ ਦੌਰੇ ’ਤੇ ਸਨ। ਉਹ ਵੁਲਵਰਹੈਂਪਟਨ ਸਥਿਤ ਵਿੰਡਸਫੀਲਡ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਗਏ, ਜਿੱਥੇ ਪ੍ਰਬੰਧਕਾਂ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ’ਚ 12 ਸਤੰਬਰ ਨੂੰ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਜਥੇਦਾਰ ਵੱਲੋਂ ਭਾਰਤ ਅਤੇ ਇੰਗਲੈਂਡ ਦੀਆਂ ਕਰੋਨਾ ਸਬੰਧੀ ਸਾਰੀਆਂ ਸ਼ਰਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਗਈ, ਪਰ ਹੁਣ ਜਦੋਂ ਉਹ ਵਾਪਸ ਆ ਗਏ ਤਾਂ ਸੋਸ਼ਲ ਮੀਡੀਆ ’ਤੇ ਇੱਕ ਪੱਤਰ ਜਾਰੀ ਕਰ ਕੇ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਾਏ ਗਏ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪਤਾ ਲੱਗਾ ਹੈ ਕਿ ਇਹ ਪੱਤਰ ਜਾਅਲੀ ਹੈ ਅਤੇ ਯੂਕੇ ਸਰਕਾਰ ਦੇ ਸਬੰਧਤ ਵਿਭਾਗ ਵੱਲੋਂ ਇਹ ਨਹੀਂ ਭੇਜਿਆ ਗਿਆ।

Leave a Reply

Your email address will not be published. Required fields are marked *