ਕਰਫਿਊ: ਸਬਜ਼ੀ ਤੇ ਫ਼ਲ ਕਾਸ਼ਤਕਾਰਾਂ ਦੇ ਮੰਦੇ ਹਾਲ

ਚਮਕੌਰ ਸਾਹਿਬ : ਕਰੋਨਾਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਨੇ ਸਬਜ਼ੀਆਂ ਅਤੇ ਫ਼ਲਾਂ ਦੇ ਕਾਸ਼ਤਕਾਰਾਂ (ਕਿਸਾਨਾਂ) ਦਾ ਲੱਕ ਤੋੜ ਕੇ ਰੱਖ ਦਿੱਤਾ। ਕਰਫਿਊ ਦੌਰਾਨ ਕਾਸ਼ਤਕਾਰਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ, ਸਗੋਂ ਉਹ ਰੋਜ਼ਾਨਾ ਹੀ ਹਜ਼ਾਰਾਂ ਰੁਪਏ ਦੇ ਘਾਟੇ ਵਿੱਚ ਜਾ ਰਹੇ ਹਨ। ਨਜ਼ਦੀਕੀ ਪਿੰਡ ਸੰਧੂਆਂ ਦੇ ਕਿਸਾਨ ਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਨੈੱਟ ਹਾਊਸ ਲਗਾ ਕੇ ਘੀਆ, ਖੀਰਾ, ਸ਼ਿਮਲਾ ਮਿਰਚ ਅਤੇ ਟਮਟਰਾਂ ਸਮੇਤ ਹੋਰ ਸਬਜ਼ੀਆਂ ਲਗਾ ਕੇ ਕਣਕ ਤੇ ਝੋਨੇ ਆਦਿ ਨਾਲੋਂ ਵੱਧ ਮੁਨਾਫ਼ਾ ਕਮਾ ਲੈਂਦਾ ਸੀ ਪਰ ਹੁਣ ਉਹ ਕਰਫਿਊ ਕਾਰਨ ਮੰਦਹਾਲੀ ਵਿੱਚੋਂ ਗੁਜ਼ਰ ਰਿਹਾ ਹੈ। ਨੰਗਲ ਅਭਿਆਣਾ ਪਿੰਡ ਦੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ 11 ਏਕੜ ਵਿੱਚ ਸਟਾਵਰੀ (ਫ਼ਲ) ਲਗਾਈ ਹੋਈ ਹੈ, ਜੋ ਰੋਜ਼ਾਨਾ 16 ਕੁਇੰਟਲ ਦੀ ਵਿਕਰੀ ਹੁੰਦੀ ਸੀ ਪਰ ਹੁਣ ਇਹ ਵਿਕਰੀ 3 ਕੁਇੰਟਲ ਤੱਕ ਹੀ ਸੀਮਟ ਹੋ ਚੁੱਕੀ ਹੈ ਅਤੇ ਬਾਕੀ ਸਟਾਵਰੀ ਉਨ੍ਹਾਂ ਨੂੰ ਸੁੱਟਣੀ ਪੈ ਰਹੀ ਹੈ, ਜਿਸ ’ਤੇ ਰੋਜ਼ਾਨਾ 1 ਲੱਖ ਰੁਪਏ ਦੀ ਫ਼ਸਲ ਬਰਬਾਦ ਹੋਣ ਨਾਲ ਉਹ ਮੰਦਹਾਲੀ ਦੀ ਝਾਲ ਝੱਲ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਆਦਾਤਰ ਸਟਾਵਰੀ ਫ਼ਲ ਨਾ ਤੋੜਨ ਕਾਰਨ ਸੜ ਵੀ ਰਿਹਾ ਹੈ। ਕਾਸ਼ਤਕਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।