ਸਿੱਖਿਆ ਭਵਨ ਦੇ ਬਾਹਰ ਕੁੱਕ ਬੀਬੀਆਂ ਨੇ ਸੜਕ ’ਤੇ ਜਾਮ ਕਰਕੇ ਕੀਤੀ ਨਾਅਰੇਬਾਜ਼ੀ

ਮੁਹਾਲੀ: ਡੈਮੋਕ੍ਰੇਟਿਕ ਮਿੱਡ-ਡੇਅ-ਮੀਲ ਕੁੱਕ ਫਰੰਟ ਪੰਜਾਬ ਵੱਲੋਂ ਅੱਜ ਇੱਥੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ ਸਿੱਖਿਆ ਭਵਨ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ। ਇਸ ਮਗਰੋਂ ਰੋਸ ਕਰਦੇ ਹੋਏ ਟਰੈਫ਼ਿਕ ਲਾਈਟ ਚੌਕ ਫੇਜ਼-7 ਪਹੁੰਚੇ ਅਤੇ ਸੜਕ ’ਤੇ ਚੱਕਾ ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਸਵੇਰੇ 11 ਵਜੇ ਹੀ ਕੁੱਕ ਬੀਬੀਆਂ ਮੁਹਾਲੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਬਾਅਦ ਦੁਪਹਿਰ 1 ਵਜੇ ਸਿੱਖਿਆ ਭਵਨ ਦੇ ਬਾਹਰ ਵੱਡੀ ਭੀੜ ਜਮ੍ਹਾਂ ਹੋ ਗਈ। ਇਸ ਮੌਕੇ ਸੂਬਾ ਪ੍ਰਧਾਨ ਹਰਜਿੰਦਰ ਕੌਰ, ਮੀਤ ਪ੍ਰਧਾਨ ਜਲ ਕੌਰ ਸੌਂਢਾ ਲਹਿਰਾ, ਸੁਖਜੀਤ ਕੌਰ ਲਚਕਾਣੀ, ਜਸਵੀਰ ਕੌਰ ਅਮਲੋਹ, ਸ਼ਿੰਦਰ ਕੌਰ ਸੀਬੀਆ, ਮੁਕੇਸ਼ ਰਾਣੀ ਅਮਰਗੜ੍ਹ, ਸੁਨੀਤਾ ਰਾਣੀ ਪੱਕੀ ਰੁੜਕੀ, ਬਲਜੀਤ ਕੌਰ ਬੂਰਮਾਜਰਾ ਅਤੇ ਪਰਮਜੀਤ ਕੌਰ ਕਲਿਆਣ ਨੇ ਕਿਹਾ ਕਿ ਪੰਜਾਬ ਭਰ ਦੇ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਬਣਾਉਣ ਦਾ ਕੰਮ ਕਰਦੀਆਂ ਮਿੱਡ-ਡੇਅ-ਮੀਲ ਕੁੱਕ ਬੀਬੀਆਂ ਨੂੰ 200 ਰੁਪਏ ਨਿਗੂਣੀ ਤਨਖ਼ਾਹ ਮਿਲਦੀ ਹੈ। ਇਸ ’ਚੋਂ ਵੀ ਦੋ ਮਹੀਨੇ ਦੀ ਤਨਖ਼ਾਹ ਕੱਟ ਲਈ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਿਡ-ਡੇਅ-ਮੀਲ ਕੁੱਕ ਨੂੰ ਘੱਟੋ-ਘੱਟ ਉਜ਼ਰਤਾਂ ਅਧੀਨ ਲਿਆ ਕੇ ਸਰਕਾਰ ਆਪਣੇ ਵਾਅਦੇ ਅਨੁਸਾਰ ਕੁੱਕ ਦੀ ਤਨਖ਼ਾਹ ਤੁਰੰਤ ਦੁੱਗਣੀ ਕਰੇ ਅਤੇ ਦੋ ਮਹੀਨੇ ਦੀ ਤਨਖ਼ਾਹ ਕੱਟਣੀ ਬੰਦ ਕਰੇ। ਹਰਿਆਣਾ ਸਰਕਾਰ ਮਿਡ-ਡੇਅ-ਮੀਲ ਕੁੱਕ ਨੂੰ 4500 ਰੁਪਏ ਮਹੀਨਾ ਦੇ ਰਹੀ ਹੈ। ਇਸ ਮੌਕੇ ਰਣਧੀਰ ਕੌਰ ਅਮਲੋਹ, ਸ਼ਹਿਨਾਜ਼ ਮੂਨਕ, ਕੁਲਵਿੰਦਰ ਕੌਰ ਅਰਨੌਂ, ਚਰਨਜੀਤ ਕੌਰ, ਕੁਲਵੀਰ ਕੌਰ ਸਰਹਿੰਦ, ਲਖਵੀਰ ਕੌਰ ਜਗੇੜਾ, ਭਿੰਦਰ ਕੌਰ ਜਗੇੜਾ, ਕਿਸ਼ਨ ਲੁਬਾਣਾ, ਜਗਜੀਤ ਸਿੰਘ ਦਿੜ੍ਹਬਾ, ਕਿਰਨਜੀਤ ਕੌਰ ਖੋਖ, ਗੁਰਮੀਤ ਕੌਰ ਦੰਦਰਾਲਾ ਢੀਂਡਸਾ ਨੇ ਸੰਬੋਧਨ ਕੀਤਾ। ਮੁਹਾਲੀ ਦੇ ਤਹਿਸੀਲਦਾਰ ਵਿਕਾਸ ਸ਼ਰਮਾ ਨੇ ਧਰਨੇ ਵਿੱਚ ਪਹੁੰਚ ਕੇ ਕੁੱਕ ਬੀਬੀਆਂ ਨਾਲ ਗੱਲ ਕੀਤੀ ਅਤੇ ਨਵੇਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ 12 ਅਕਤੂਬਰ ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦੇ ਕੇ ਕੁੱਕ ਬੀਬੀਆਂ ਨੂੰ ਸ਼ਾਂਤ ਕੀਤਾ। ਇਸ ਮਗਰੋਂ ਸ਼ਾਮ ਨੂੰ ਬੀਬੀਆਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ।

Leave a Reply

Your email address will not be published. Required fields are marked *