ਦਾਜ ਲਈ ਵਿਆਹੁਤਾ ਦੀ ਕੁੱਟ-ਮਾਰ ਕਰ ਘਰੋਂ ਕੱਢਣ ਦਾ ਦੋਸ਼

ਤਰਨਤਾਰਨ : ਥਾਣਾ ਖਾਲੜਾ ਦੀ ਪੁਲਸ ਨੇ ਦਾਜ ਵਿਚ ਫਾਰਚੂਨਰ ਗੱਡੀ, 5 ਲੱਖ ਰੁਪਏ ਨਗਦ ਅਤੇ ਹੋਰ ਦਾਜ ਦਾ ਸਾਮਾਨ ਨਾ ਦੇਣ ’ਤੇ ਵਿਆਹੁਤਾ ਨੂੰ ਕੁੱਟ-ਮਾਰ ਕਰਕੇ ਘਰੋਂ ਕੱਢਣ ਦੇ ਦੋਸ਼ ਹੇਠ ਪਤੀ, ਸੱਸ ਅਤੇ ਸਹੁਰੇ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਅਰਸ਼ਦੀਪ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਮਾੜੀਮੇਘਾ ਨੇ ਦੱਸਿਆ ਕਿ ਉਸ ਦਾ ਵਿਆਹ ਜਤਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਛੱਜਲਵੱਡੀ ਜ਼ਿਲ੍ਹਾ ਅੰਮ੍ਰਿਤਸਰ ਨਾਲ ਪੂਰੇ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਸਮੇਂ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਸੀ ਪਰ ਉਸ ਦਾ ਸਹੁਰਾ ਪਰਿਵਾਰ ਦਾਜ ਤੋਂ ਖੁਸ਼ ਨਹੀਂ ਸੀ।

ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਉਸ ਨੂੰ ਘੱਟ ਦਾਜ ਲਿਆਉਣ ਦੇ ਤਾਹਣੇ-ਮੇਹਣੇ ਮਾਰਨ ਲੱਗ ਪਿਆ। ਉਸ ਦਾ ਸਹੁਰਾ ਪਰਿਵਾਰ ਫਾਰਚੂਨਰ ਗੱਡੀ, 5 ਲੱਖ ਰੁਪਏ ਅਤੇ ਹੋਰ ਕੀਮਤੀ ਤੋਹਫ਼ੇ ਦਾਜ ਵਿਚ ਲਿਆਉਣ ਦੀ ਮੰਗ ਕਰਦੇ ਸਨ, ਜਦ ਉਹ ਸਹੁਰੇ ਪਰਿਵਾਰ ਦੀ ਮੰਗ ਪੂਰੀ ਨਾ ਕਰ ਸਕੀ ਤਾਂ ਉਸ ਨੂੰ ਕੁੱਟ-ਮਾਰ ਕਰਕੇ ਘਰੋਂ ਕੱਢ ਦਿੱਤਾ। ਇਸ ਸਬੰਧੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਵਲੋਂ ਕਰਨ ਉਪਰੰਤ ਜਤਿੰਦਰ ਸਿੰਘ (ਪਤੀ), ਗੁਲਜ਼ਾਰ ਸਿੰਘ (ਸਹੁਰਾ) ਅਤੇ ਗੁਰਵਿੰਦਰ ਕੌਰ (ਸੱਸ) ਵਾਸੀਆਨ ਛੱਜਲਵੱਡੀ ਜ਼ਿਲ੍ਹਾ ਅੰਮ੍ਰਿਤਸਰ ਖ਼ਿਲਾਫ਼ ਮੁਕੱਦਮਾ ਨੰਬਰ 93 ਧਾਰਾ 498ਏ/120ਬੀ/406 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *