ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ 13 ਨੂੰ: ਨਾ ਲੱਗਿਆ ਬੁੱਤ

ਸੰਗਰੂਰ: ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਤੇ ਨਾਨਕੇ ਪਿੰਡ ਬਡਰੁੱਖਾਂ ਦੇ ਲੋਕਾਂ ਨੂੰ 24 ਸਾਲ ਮਗਰੋਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਹੋਣ ਦੀ ਆਸ ਬੱਝੀ ਹੈ, ਜਦੋਂ ਕਿ ਮੈਡੀਕਲ ਕਾਲਜ, ਆਦਰਸ਼ ਸਕੂਲ, ਸੀਵਰੇਜ਼ ਸਹੂਲਤ ਦੇ ਸਰਕਾਰੀ ਵਾਅਦੇ ਸਮੇਂ ਦੀ ਧੂੜ ’ਚ ਗੁਆਚ ਗਏ ਜਾਪਦੇ ਹਨ। ਭਾਵੇਂ ਸਮੇਂ ਸਮੇਂ ਸੱਤਾ ਦੇ ਕਾਬਜ਼ ਰਹੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਸ਼ੇਰ-ਏ-ਪੰਜਾਬ ਦੇ ਸੋਹਲੇ ਤਾਂ ਗਾਏ ਅਤੇ ਸ਼ੇਰ-ਏ-ਪੰਜਾਬ ਦੇ ਰਾਜ ਵਰਗਾ ਰਾਜ ਦੇਣ ਦੇ ਵੱਡੇ ਵਾਅਦੇ ਵੀ ਕੀਤੇ ਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਨਾਲ ਸਬੰਧਤ ਬਡਰੁੱਖਾਂ ਕਿਲ੍ਹੇ ਦੇ ਬੁਰਜ ਦੀ ਸਾਂਭ ਸੰਭਾਲ ਕਰਕੇ ਉਸਨੂੰ ਢੁੱਕਵੀਂ ਯਾਦਗਾਰ ਬਣਾਉਣ ਦੀ ਲੋੜ ਨਹੀਂ ਸਮਝੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਤੇ ਨਾਨਕਾ ਪਿੰੰਡ ਬਡਰੁੱਖਾਂ ਵਿਖੇ ਅਕਾਲੀ ਸਰਕਾਰ ਵਲੋਂ ਸੰਨ 1997, 2001 ਅਤੇ 2007 ਵਿਚ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਸੀ। 1997 ’ਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਲਾਨ ਕੀਤਾ ਸੀ ਕਿ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਸਥਾਪਿਤ ਕਰਕੇ ਘੋੜੇ ਤੇ ਸਵਾਰ ਕਾਂਸ਼ੀ ਦਾ ਬੁੱਤ ਬਡਰੁੱਖਾਂ ’ਚ ਲਗਾਇਆ ਜਾਵੇਗਾ। ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇ ਉਪਰ ਪਿੰਡ ਬਡਰੁੱਖਾਂ ’ਚ ਸੁੰਦਰ ਪਾਰਕ ਬਣੇ ਨੂੰ ਵੀ ਸੱਤ ਸਾਲ ਬੀਤ ਚੁੱਕੇ ਹਨ ਪਰ ਬੁੱਤ ਦੀ ਉਡੀਕ ਨਹੀਂ ਮੁੱਕੀ। ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਸ਼ੇਰ-ਏ-ਪੰਜਾਬ ਦੇ ਨਾਨਕੇ ਪਿੰਡ ਤੇ ਜਨਮ ਸਥਾਨ ਬਡਰੁੱਖਾਂ ਵਿਖੇ ਬੁੱਤ ਲਗਾਉਣ ਅਤੇ ਪਾਰਕ ਦੀ ਨਵੇਂ ਸਿਰੇ ਤੋਂ ਸਥਾਪਨਾ ਕਰਨ ਲਈ ਪੰਜਾਬ ਸਰਕਾਰ ਵਲੋਂ 99.11 ਲੱਖ ਰੁਪਏ ਮਨਜ਼ੂਰ ਕੀਤੇ ਸਨ, ਜਿਸ ਤਹਿਤ ਕੰਮ ਚੱਲ ਰਿਹਾ ਹੈ ਅਤੇ ਕਰੀਬ ਇੱਕ ਮਹੀਨੇ ਤੱਕ ਬੁੱਤ ਸਥਾਪਿਤ ਕਰ ਦਿੱਤਾ ਜਾਵੇਗਾ, ਜਿਸ ਨਾਲ ਪਿੰਡ ਵਾਸੀਆਂ ਦੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਟਕਦੀ ਮੰਗ ਪੂਰੀ ਹੋ ਜਾਵੇਗੀ।

               ਪਿੰਡ ਦੇ ਮੋਹਤਬਰ ਤੇ ਸਾਬਕਾ ਸਰਪੰਚ ਦੇ ਪੁੱਤਰ ਰਣਦੀਪ ਸਿੰਘ ਮਿੰਟੂ ਨੇ ਸ਼ੇਰ-ਏ-ਪੰਜਾਬ ਦੀ ਢੁੱਕਵੀਂ ਯਾਦਗਾਰ ਨਾ ਬਣਾਉਣ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਕਿ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਵਾਲੇ ਇਤਿਹਾਸਕ ਕਿਲ੍ਹੇ ਨੂੰ ਸਰਕਾਰ ਆਪਣੇ ਕਬਜ਼ੇ ਵਿਚ ਲੈ ਕੇ ਇਸਨੂੰ ਅਜਾਇਬ ਘਰ ਦੇ ਰੂਪ ਵਿਚ ਵਿਕਸਤ ਕੀਤਾ ਜਾਵੇ। ਪਿੰਡ ਦੇ ਸਰਪੰਚ ਕੁਲਜੀਤ ਸਿੰਘ ਤੂਰ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਯਤਨਾਂ ਸਦਕਾ ਬੁੱਤ ਸਥਾਪਿਤ ਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਨਾਲ ਪਿੰਡ ਦੇ ਚਿਰਾਂ ਤੋਂ ਲਟਕਦੀ ਮੰਗ ਪੂਰੀ ਹੋ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਨੁਸਾਰ ਭਲਕੇ 13 ਨਵੰਬਰ ਨੂੰ ਪਿੰਡ ਬਡਰੁੱਖਾਂ ਵਿਖੇ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *