ਫੌਜੀ ਹੀ ਨਿਕਲਿਆ ਪਤਨੀ ਤੇ ਮਾਸੂਮ ਧੀ ਦਾ ਕਾਤਲ

ਬਾਬਾ ਬਕਾਲਾ ਸਾਹਿਬ : ਪਿਛਲੇ ਹਫਤੇ ਬਾਬਾ ਬਕਾਲਾ ਸਾਹਿਬ ’ਚ ਹੋਏ ਮਾਂ-ਧੀ ਦੇ ਕਤਲ ਸਬੰਧੀ ਸਥਾਨਕ ਪੁਲਸ ਨੂੰ ਅਹਿਮ ਪ੍ਰਾਪਤੀ ਹੋਈ ਹੈ, ਜਿਸ ਵਿਚ ਥਾਣਾ ਬਿਆਸ ਦੀ ਪੁਲਸ ਨੇ ਉਕਤ ਕਤਲਾਂ ’ਚ ਜ਼ਿੰਮੇਵਾਰ ਫੌਜੀ ਰਜਿੰਦਰ ਸਿੰਘ ਨੂੰ ਗ੍ਰਿਫਾਤਰ ਕੀਤਾ ਹੈ, ਜਿਸ ਨੇ ਆਪਣੀ ਪਤਨੀ ਸ਼ਰਨਜੀਤ ਕੌਰ ਅਤੇ ਬੇਟੀ ਰੋਜ਼ਲੀਨ ਦਾ ਗੱਲ ਘੁੱਟ ਕੇ ਕਤਲ ਕਰ ਦਿੱਤਾ ਸੀ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਰਾਕੇਸ਼ ਕੌਸ਼ਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕਾਂ ਦੇ ਭਰਾ ਪ੍ਰਭਜੀਤ ਸਿੰਘ ਵਾਸੀ ਸ਼ਾਹਪੁਰ ਨੇ 6 ਨਵੰਬਰ 2021 ਨੂੰ ਥਾਣਾ ਬਿਆਸ ’ਚ ਇਸ ਸਬੰਧੀ ਰਿਪੋਰਟ ਦਰਜ ਕਰਵਾਈ ਸੀ ਅਤੇ ਉਸ ਨੇ ਆਪਣੇ ਜੀਜੇ ਰਜਿੰਦਰ ਸਿੰਘ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੋਣ ਦੀ ਗੱਲ ਕਹੀ ਸੀ ਅਤੇ ਮ੍ਰਿਤਕਾਂ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਕਾਰਨ ਦੁਖੀ ਸੀ, ਜਿਸ ਨੂੰ ਕਿ ਅੜਿੱਕਾ ਸਮਝਦੇ ਹੋਏ ਉਸ ਦੇ ਪਤੀ ਰਜਿੰਦਰ ਸਿੰਘ ਨੇ ਜੋ ਕਿ ਇਸ ਵਕਤ ਰਾਂਚੀ ’ਚ ਫੌਜ ਦੀ ਡਿਊਟੀ ਕਰਦਾ ਹੈ, ਨੇ ਰਾਤ ਆ ਕੇ ਆਪਣੇ ਘਰ ਦੀ ਕੰਧ ਟੱਪ ਕੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ, ਪਰ ਇਹ ਖਦਸ਼ਾ ਸੀ ਕਿ ਉਸ ਦੀ ਕੁੜੀ ਰੋਜ਼ਲੀਨ ਕੌਰ ਨੇ ਸਭ ਕੁਝ ਦੇਖ ਲਿਆ ਹੈ, ਜਿਸ ਦੇ ਡਰੋਂ ਉਸ ਨੇ ਆਪਣੀ ਮਾਸੂਮ ਕੁੜੀ ਦਾ ਵੀ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਵਾਪਸ ਡਿਊਟੀ ’ਤੇ ਚਲਾ ਗਿਆ।

ਉਨ੍ਹਾਂ ਕਿਹਾ ਕਿ ਰਜਿੰਦਰ ਸਿੰਘ ਫੌਜ ’ਚੋਂ ਵੀ ਭਗੌੜਾ ਹੈ ਪਰ ਉਸ ਨੇ ਇਨ੍ਹਾਂ ਕਤਲਾਂ ਦਾ ਇਕਬਾਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਸਮਝੇ ਜਾਂਦੇ ਰਜਿੰਦਰ ਸਿੰਘ ਵਿਰੁੱਧ 6 ਨਵੰਬਰ ਨੂੰ ਜ਼ੇਰੇ ਦਫਾ 302 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਨੂੰ ਅੱਜ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਅਦਾਲਤ ਨੇ 5 ਦਿਨ ਦਾ ਰਿਮਾਂਡ ਜਾਰੀ ਕੀਤਾ ਹੈ।

Leave a Reply

Your email address will not be published. Required fields are marked *