ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸ਼ਨਿਚਰਵਾਰ ਨੂੰ, ਸਾਰੀਆਂ ਧਿਰਾਂ ਕਰ ਰਹੀਆਂ ਨੇ ਜੋੜ-ਤੋੜ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਲਕੇ 22 ਜਨਵਰੀ ਨੂੰ ਚੁਣੇ ਜਾਣ ਵਾਲੇ ਅਹੁਦੇਦਾਰਾਂ ਲਈ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀ ਧਿਰਾਂ ਦਰਮਿਆਨ ਸ਼ੈਅ ਮਾਤ ਦੀ ਖੇਡ ਬੀਤੀ ਰਾਤ ਤੋਂ ਜਾਰੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ(ਦਿੱਲੀ) ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਮੈਂਬਰਾਂ ਦੀਆਂ ਬੈਠਕਾਂ ਸਵੇਰੇ ਤੋਂ ਹੀ ਚੱਲ ਰਹੀਆਂ ਹਨ। ਸੂਤਰਾਂ ਅਨੁਸਾਰ ਇਹ ਬੈਠਕਾਂ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਦੋ ਵੱਖ-ਵੱਖ ਮਹਿੰਗੇ ਹੋਟਲਾਂ ਵਿੱਚ ਹੋ ਰਹੀਆਂ ਹਨ। ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਇੰਚਾਰਜ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਮਿਲੇ ਸਨ। ਸਰਨਾ ਭਰਾਵਾਂ ਦੇ ਨੇੜਲੇ ਸੂਤਰਾਂ ਮੁਤਾਬਕ ਉਹ ਭਾਜਪਾ ਪੱਖੀ ਮੈਂਬਰਾਂ ਵਾਲੀ ਕਮੇਟੀ ਬਣਨ ਤੋਂ ਰੋਕਣ ਲਈ ਇਸ ਨਵੀਂ ਨੀਤੀ ਤਿਆਰ ਕਰ ਰਹੇ ਹਨ। ਉਧਰ ਮਨਜਿੰਦਰ ਸਿੰਘ ਸਿਰਸਾ ਦੇ ਹਮਾਇਤੀ ਮੈਂਬਰਾਂ ਦੀ ਵੱਡੀ ਗਿਣਤੀ ਵੱਲੋਂ ਵੀ ਰਣਨੀਤੀ ਉਲੀਕੀ ਜਾ ਰਹੀ ਹੈ। ਦਿੱਲੀ ਕਮੇਟੀ ਦੇ 25 ਅਗਸਤ 2021 ਨੂੰ ਆਏ 46 ਹਲਕਿਆਂ ਦੇ ਨਤੀਜਿਆਂ ’ਚ ਬਾਦਲ ਧੜੇ ਨੂੰ 27, ਸਰਨਾ ਭਰਾਵਾਂ ਦੇ ਸ਼੍ਰੋਮਣੀ ਅਕਾਲੀ (ਦਿੱਲੀ) ਨੂੰ 14, ਜਾਗੋ ਨੂੰ 3, ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਇਕ ਸੀਟ ਤੇ ਆਜ਼ਾਦ ਉਮੀਦਵਾਰ ਤਰਵਿੰਦਰ ਸਿੰਘ ਮਰਵਾਹ ਜਿੱਤੇ ਹਨ। ਇੱਕ ਇੱਕ ਉਮੀਦਵਾਰ ਬਾਦਲ ਧੜੇ ਤੇ ਸਰਨਾ ਧੜੇ ਵੱਲੋਂ ਨਾਮਜ਼ਦ ਕੀਤਾ ਗਿਆ। ਸਰਨਾ ਧੜੇ ਦਾ ਇੱਕ ਮੈਂਬਰ ਸੁਖਬੀਰ ਸਿੰਘ ਕਾਲੜਾ ਨੇ ਪਹਿਲਾਂ ਹੀ ਬਾਦਲ ਧੜੇ ਨੂੰ ਸਮਰਥਨ ਦੇਣ ਕਰਕੇ ਬਾਦਲ ਧੜੇ ਕੋਲ 30 ਮੈਬਰ ਹੋ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਨੁਮਾਇੰਦੇ ਵਜੋਂ ਨਾਮਜ਼ਦ ਕੀਤਾ ਗਿਆ ਹੈ। ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਲਾਟਰੀ ਰਾਹੀਂ ਦੋ ਮੈਂਬਰ ਸਿੰਘ ਸਭਾਵਾਂ ਦੇ ਨਾਮਜ਼ਦ ਕੀਤੇ ਗਏ ਹਨ। ਇਸ ਤਰ੍ਹਾਂ 51 ਮੈਂਬਰੀ ਹਾਊਸ ਦੀ ਬਣਤਰ ਬਣੀ ਹੈ। ਬੀਤੇ ਦਿਨੀਂ ਹਰਮੀਤ ਸਿੰਘ ਕਾਲਕਾ ਦੇ ਆਪਣੇ 30 ਮੈਂਬਰਾਂ ਨਾਲ ਸ਼ਕਤੀ ਪ੍ਰਦਰਸ਼ਨ ਕਰਨ ਮਗਰੋਂ ਹੀ ਅੰਦਰੂਨੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।

Leave a Reply

Your email address will not be published. Required fields are marked *