ਭੁੱਲਰ ਦੀ ਰਿਹਾਈ ’ਚ ਕੇਜਰੀਵਾਲ ਸਭ ਤੋਂ ਵੱਡਾ ਅੜਿੱਕਾ: ਸੁਖਬੀਰ

ਧੂਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਧੂਰੀ ਫੇਰੀ ਦੌਰਾਨ ਹਲਕਾ ਧੂਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਦੇ ਹੱਕ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸੁਖਬੀਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪ੍ਰੋ. ਭੁੱਲਰ ਦੀ ਰਿਹਾਈ ਵਿੱਚ ਸਭ ਤੋਂ ਵੱਡਾ ਅੜਿੱਕਾ ਹੈ, ਜਿਸ ਨੇ ਤਿੰਨ ਵਾਰ ਰਿਹਾਈ ਦੀ ਫਾਈਲ ’ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ‘ਆਪ’ ਨੂੰ ਪੰਜਾਬ ’ਚ ਕੋਈ ਵਧੀਆ ਬੰਦਾ ਨਾ ਮਿਲਿਆ ਤਾਂ ਮਜਬੂਰੀਵੱਸ ਉਨ੍ਹਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਸੁਲਝੇ ਹੋਏ ਅਤੇ ਦੂਰ-ਅੰਦੇਸ਼ੀ ਸੋਚ ਵਾਲੇ ਉਮੀਦਵਾਰ ਬਾਬੂ ਗਰਗ ਨੂੰ ਜਿਤਾਉਣ ਅਤੇ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨ ’ਤੇ ਉਹ ਸਰਕਾਰ ਵਿੱਚ ਚੰਗੇ ਮਹਿਕਮੇ ਦੇ ਮੰਤਰੀ ਹੋਣਗੇ। ਇਸ ਮੌਕੇ ਪਾਰਟੀ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨੇ ਲੋਕਾਂ ਨੂੰ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।

ਮਾਲੇਰਕੋਟਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੇੜਲੇ ਪਿੰਡ ਨੌਧਰਾਣੀ ਸਮੇਤ ਸਥਾਨਕ ਸੋਮਸਨ ਕਲੋਨੀ ਅਤੇ ਬਹਾਵਲਪੁਰੀ ਧਰਮਸ਼ਾਲਾ ’ਚ ਹਲਕਾ ਮਾਲੇਰਕੋਟਲਾ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਨੁਸਰਤ ਇਕਰਮ ਖਾਂ ਬੱਗਾ ਦੇ ਹੱਕ ਵਿੱਚ ਕੀਤੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਾਵੇਗਾ ਅਤੇ ਸਰਕਾਰ ਬਣਨ ’ਤੇ ਹਰ ਵਰਗ ਦੇ ਹਿੱਤਾਂ ਦੀ ਪਹਿਰੇਦਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੱਠਜੋੜ ਦਾ ਮਾਝਾ ਅਤੇ ਦੁਆਬਾ ਖੇਤਰ ਵਿੱਚ ਕਾਂਗਰਸ ਨਾਲ ਮੁਕਾਬਲਾ ਹੈ, ਜਿੱਥੇ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ। ਸ੍ਰੀ ਬਾਦਲ ਨੇ ਕਿਹਾ ਕਿ ਸੰਯੁਕਤ ਸਮਾਜ ਪਾਰਟੀ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਹੁਣ ਤੱਕ ਟਿਕਟਾਂ ਵੰਡੀਆਂ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਰਿਹਾ।

ਮੁਹੰਮਦ ਮੁਸਤਫਾ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਮਾਲੇਰਕੋਟਲਾ ਵਿੱਚ ਆਪਣੇ ਭੜਕਾਊ ਬਿਆਨਾਂ ਨਾਲ ਫਿਰਕੂ ਟਕਰਾਅ ਵਾਸਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਹੇਠ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੁੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਸ੍ਰੀ ਬਾਦਲ ਅੱਜ ਸੰਗਰੂਰ, ਧੂਰੀ ਅਤੇ ਮਲੇਰਕੋਟਲਾ ’ਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪੁੱਜੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ  ਉਹ ਮਾਮਲੇ ਦਾ ਤੁਰੰਤ ਨੋਟਿਸ ਲੈਣ ਤੇ ਮੁਸਤਫ਼ਾ ਨੁੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਲੋਕਤੰਤਰੀ ਢਾਂਚੇ ਵਿੱਚ ਮਾਲੇਰਕੋਟਲਾ ਦੀ ਵਿਧਾਇਕ ਤੇ ਕਾਂਗਰਸ ਦੀ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਤੇ ਸਾਬਕਾ ਪੁਲੀਸ ਅਫ਼ਸਰ ਵੱਲੋਂ ਖਰਾਬ ਕੀਤੇ ਮਾਹੌਲ ਵਿਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ ਸਮੇਤ ਹੋਰ ਕਈ ਆਗੂ ਅਕਾਲੀ ਦਲ ’ਚ ਸ਼ਾਮਲ ਹੋਏ। 

Leave a Reply

Your email address will not be published. Required fields are marked *