ਕਾਂਗਰਸੀ ਆਗੂ ਰਮਨਜੀਤ ਸਿੱਕੀ ਖ਼ਿਲਾਫ਼ BOI ਨੇ ਚੋਣ ਕਮਿਸ਼ਨ ਦਾ ਕੀਤਾ ਰੁਖ਼

ਜਲੰਧਰ: ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਖ਼ਿਲਾਫ਼ ਜਲੰਧਰ ਦੇ ਬੈਂਕ ਆਫ ਇੰਡੀਆ (ਬੀ. ਓ. ਆਈ.) ਨੇ ਚੋਣ ਕਮਿਸ਼ਨ ਦਾ ਰੁਖ਼ ਕੀਤਾ ਹੈ। ਬੈਂਕ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਰਮਨਜੀਤ ਸਿੱਕੀ ਨੂੰ ਨਾਮਜ਼ਦਗੀ ਨਾ ਭਰਨ ਦੇਣ ਦੀ ਗੱਲ ਕਹੀ ਹੈ। ਇਸ ਪੱਤਰ ਅਨੁਸਾਰ ਰਮਨਜੀਤ ਸਿੰਘ ਸਿੱਕੀ ’ਤੇ ਬੈਂਕ ਦਾ 6 ਕਰੋੜ 35 ਲੱਖ ਕਰਜ਼ਾ ਚੜ੍ਹਿਆ ਹੋਇਆ ਹੈ। ਇਹ ਕਰੋੜਾਂ ਰੁਪਏ ਨਾ ਮੋੜਨ ’ਤੇ ਬੈਂਕ ਨੇ ਸਿੱਕੀ ਨੂੰ ਡਿਫਾਲਟਰ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਰਮਨਜੀਤ ਸਿੰਘ ਸਿੱਕੀ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਨਾਮਜ਼ਦਗੀ ਪੱਤਰ ਭਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਮਨਜੀਤ ਸਿੰਘ ਸਿੱਕੀ ਨੇ ਡਿਫਾਲਟਰ ਦੀ ਵਾਇਰਲ ਹੋ ਰਹੀ ਖ਼ਬਰ ਬਾਰੇ ਕਿਹਾ ਕਿ ਇਸ ਬਾਰੇ ਮੈਨੂੰ ਕੁਝ ਪਤਾ ਨਹੀਂ। ਉਨ੍ਹਾਂ ਨੇ ਕਿਹਾ ਕਿ ਬੈਂਕ ਨੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਦਿੱਤਾ। ਸਿੱਕੀ ਨੇ ਕਿਹਾ ਕਿ ਸਾਡੇ ਸੰਸਦ ਮੈਂਬਰ ਜਸਬੀਰ ਡਿੰਪਾ ਵਲੋਂ ਜੋ ਵੀ ਟਵੀਟ ਕੀਤਾ ਗਿਆ ਹੈ, ਉਸ ਦੇ ਸਬੰਧ ’ਚ ਮੈਂ ਕੋਈ ਗੱਲਬਾਤ ਨਹੀਂ ਕਰਾਂਗਾ। ਚੋਣਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਜਿੱਤ ਹੋਵੇਗੀ।