ਸਕੂਲ ਖੁੱਲ੍ਹਵਾਉਣ ਲਈ ਅਧਿਆਪਕਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ

ਭਵਾਨੀਗੜ੍ਹ: ਕਰੋਨਾ ਵਾਇਰਸ ਦੀ ਆੜ ਹੇਠ ਸਰਕਾਰ ਵੱਲੋਂ ਬੰਦ ਕੀਤੇ ਵਿਦਿਅਕ ਅਦਾਰਿਆਂ ਨੂੰ ਖੁੱਲ੍ਹਵਾਉਣ ਲਈ ਭਵਾਨੀਗੜ੍ਹ ਸ਼ਹਿਰ ਤੇ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ ਸਟਾਫ ਵੱਲੋਂ ਅੱਜ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਟੌਲ ਪਲਾਜ਼ਾ ਕਾਲਾਝਾੜ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਮੀ ਉਬਰਾਏ, ਸਿੰਦਰ ਕੌਰ, ਦੀਪਕ ਕੁਮਾਰ, ਸਿਮਰਨਜੀਤ ਕੌਰ, ਮਨਦੀਪ ਕੌਰ, ਰੁਪਿੰਦਰ ਕੌਰ ਅਤੇ ਬਲਜੀਤ ਕੌਰ ਨੇ ਕਿਹਾ ਕਿ ਲਗਾਤਾਰ ਸਕੂਲ ਬੰਦ ਰਹਿਣ ਕਾਰਨ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਤੌਰ ਵੱਡਾ ਨੁਕਸਾਨ ਹੋ ਰਿਹਾ ਹੈ। ਸਕੂਲ ਵਿੱਚ ਪੜ੍ਹਾਈ ਅਤੇ ਆਨਲਾਈਨ ਪੜ੍ਹਾਈ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ। ਉਨ੍ਹਾਂ ਸਰਕਾਰ ਨੂੰ ਸਕੂਲ ਤੁਰੰਤ ਖੋਲ੍ਹਣ ਦੀ ਪੁਰਜ਼ੋਰ ਅਪੀਲ ਕੀਤੀ।
ਲਹਿਰਾਗਾਗਾ(ਰਮੇਸ਼ ਭਾਰਦਵਾਜ)
: ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਦੇ ਸੱਦੇ ’ਤੇ ਨਿੱਜੀ ਸਕੂਲ ਮੈਨੇਜਮੈਂਟ ਤੇ ਕਰਮਚਾਰੀਆਂ ਨੇ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਲਹਿਰਾਗਾਗਾ-ਸੁਨਾਮ ਮੁੱਖ ਮੱਰਗ ’ਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ ਦੀ ਹਦਾਇਤ ’ਤੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਤੁਰੰਤ ਸਕੂਲ ਖੋਲ੍ਹਣ ਦੀ ਮੰਗ ਕੀਤੀ।
ਇਸ ਮੌਕੇ ਅਕੈਡਮਿਕ ਹਾਈਟਸ ਦੇ ਚੇਅਰਮੈਨ ਸੰਜੈ ਸਿੰਗਲਾ, ਸੀਬਾ ਸਕੂਲ ਦੇ ਪ੍ਰਿੰਸੀਪਲ ਬਿਬਿਨ ਅਲੈਗਜੈਂਡਰ, ਹੋਲੀ ਮਿਸ਼ਨ ਦੇ ਪ੍ਰਿੰਸੀਪਲ ਮਨੋਜ ਥਾਮਸ, ਡਾਇਰੈਕਟਰ ਪੁਸ਼ਪਿੰਦਰ ਜਿੰਦਲ, ਹਰਵਿੰਦਰ ਸਿਘ ਹਾਂਡਾ, ਸੁਭਸ਼ ਮਿੱਤਲ ਤੇ ਸਤਨਾਮ ਸਿੰਘ ਚੋੋਟੀਆਂ ਹਾਜਰ ਸਨ।