ਪੰਜਾਬ: ਭਾਜਪਾ ਨੇ ਪੰਜ ਏਕੜ ਤੋਂ ਘੱਟ ਰਕਬੇ ਵਾਲੇ ਕਿਸਾਨਾਂ ਨੂੰ ਕਰਜ਼-ਮੁਕਤ ਕਰਨ ਦਾ ਵਾਅਦਾ ਕੀਤਾ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਪੰਜਾਬ ਚੋਣਾਂ ਲਈ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕਰਦਿਆਂ ਵਾਅਦਾ ਕੀਤਾ ਹੈ ਕਿ ਪੰਜ ਏਕੜ ਤੋਂ ਘੱਟ ਰਕਬੇ ਵਾਲੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਕਰਜ਼ੇ ਤੋਂ ਮੁਕਤ ਕੀਤਾ ਜਾਵੇਗਾ। ਇਸੇ ਦੌਰਾਨ -ਮਿਹਨਤ ਦਾ ਮੁੱਲ ਪੱਕਾ- ਯੋਜਨਾ ਵੀ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ ਜਿਸ ਤਹਿਤ ਫਲ, ਸਬਜ਼ੀਆਂ, ਦਾਲਾਂ ਤੇ ਤੇਲਬੀਜ ਉਗਾਉਣ ਵਾਲੇ ਕਿਸਾਨਾਂ ਦੀਆਂ ਫਸਲਾਂ ਲਈ ਘਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦਿੱਤੀ ਜਾਵੇਗੀ। ਇਸੇ ਦੌਰਾਨ ਖੇਤੀਬਾੜੀ ਵਿਭਿੰਨਤਾ ਯੋਜਨਾ ਲਈ 5 ਹਜ਼ਾਰ ਕਰੋੜ ਦਾ ਸਾਲਾਨਾ ਬਜਟ ਵੀ ਤਿਆਰ ਕਰਨ ਦਾ ਵਾਅਦਾ ਕੀਤਾ ਗਿਆ ਹੈ। ਮੈਨੀਫੈਸਟੋ ਰਿਲੀਜ਼ ਕਰਨ ਵੇਲੇ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਗਜ਼ੇਂਦਰ ਸਿੰਘ ਸ਼ੇਖਾਵਤ ਤੇ ਭਾਜਪਾ ਨਾਲ ਗੱਠਜੋੜ ਕਰਨ ਵਾਲੀ ਪਾਰਟੀ ਅਕਾਲੀ ਦਲ (ਸੰਯੁਕਤ) ਦੇ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਲਈ ਇਹ ਭਵਿੱਖੀ ਮੈਨੀਫੈਸਟੋ ਹੈ ਜੋ ਖੇਤੀ ਅਤੇ ਪੇਂਡੂ ਖੇਤਰ ਦੀ ਆਰਥਿਕਤਾ ਨੂੰ ਵੱਡਾ ਲਾਭ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਇਕ ਲੱਖ ਏਕੜ ਸ਼ਾਮਲਾਤ ਜ਼ਮੀਨ ਪੇਂਡੂ ਬੇਜ਼ਮੀਨੇ ਕਿਸਾਨਾਂ ਨੂੰ ਅਲਾਟ ਕੀਤੀ ਜਾਵੇਗੀ। ਇਸੇ ਤਰ੍ਹਾਂ ਸੂਬੇ ਦੇ ਬੇਜ਼ਮੀਨੇ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਘਟਣ ਤੋਂ ਬਚਾਉਣ ਲਈ ਬਰਸਾਤੀ ਪਾਣੀ ਨੂੰ ਧਰਤੀ ਹੇਠ ਪਹੁੰਚਾਉਣ (ਵਾਟਰ ਹਾਰਵੈਸਟਿੰਗ ਯੋਜਨਾ) ਲਈ ਮੁਫਤ ਯੂਨਿਟ ਲਗਾਏ ਜਾਣਗੇ। ਇਸੇ ਤਰ੍ਹਾਂ ਡੇਅਰੀ ਖੇਤਰ ਲਈ ਦੁੱਧ ਦੀ ਵਿਕਰੀ ਲਈ ਮਾਰਕੀਟਿੰਗ ਸਿਸਟਮ ਬਣਾਇਆ ਜਾਵੇਗਾ। ਪਿੰਡਾਂ ਵਿੱਚ ਅਰੋਗਿਆ ਕੇਂਦਰ ਵੀ ਖੋਲ੍ਹੇ ਜਾਣਗੇ ਤੇ ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਪੱਖੋਂ ਕਮਜ਼ੋਰ ਔਰਤਾਂ ਨੂੰ ਕਰਜ਼ੇ ਤੇ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਡੇਅਰੀ ਫਾਰਮਿੰਗ, ਪੋਲਟਰੀ ਜਾਂ ਮੱਖੀਆਂ ਪਾਲਣ ਦਾ ਧੰਦਾ ਸ਼ੁਰੂ ਕਰ ਸਕਣ।

Leave a Reply

Your email address will not be published. Required fields are marked *