ਸਮਲਿੰਗੀ ਵਿਆਹ ਨੇ ਵਧਾਈ ਸੀ ਆਰਥਿਕ ਤੰਗੀ, ਸਾਥਣ ਦੇ ਕਹਿਣ ’ਤੇ ਏਟੀਐੱਮ ਤੋੜਨ ਗਈ ਗ੍ਰਿਫਤਾਰ

ਹੁਸ਼ਿਆਰਪੁਰ : ਸਮਲਿੰਗੀ ਵਿਆਹ ਕਰਨ ਤੋਂ ਬਾਅਦ ਆਪਣੀ ਖਰਾਬ ਆਰਥਿਕ ਹਾਲਤ ਨੂੰ ਸੁਧਾਰਨ ਲਈ ਲੜਕੀ ਨੇ ਜਿੱਥੇ ਇਕ ਏਟੀਐੱਮ ਤੋੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਨਵੀਂ ਦਿੱਲੀ ਦੀ ਰਹਿਣ ਵਾਲੀ ਲੜਕੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ। ਉਹ ਲੁਧਿਆਣੇ ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੀ ਸੀ ਅਤੇ ਉਸ ਨੇ ਪੰਜ ਮਹੀਨੇ ਪਹਿਲਾਂ ਹੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਸਮਲਿੰਗੀ ਵਿਆਹ ਕੀਤਾ ਸੀ।
ਪੁਲਿਸ ਅਨੁਸਾਰ ਸ਼ਨਿਚਰਵਾਰ ਸਵੇਰੇ ਬੱਸ ਅੱਡੇ ਨੇੜੇ ਪੀਐੱਨਬੀ ਬੈਂਕ ਦੇ ਏਟੀਐੱਮ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਬੈਂਕ ਮੈਨੇਜਰ ਗੌਰਵ ਚੌਰਸੀਆ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਗੌਰਵ ਨੇ ਸ਼ਿਕਾਇਤ ਵਿਚ ਕਿਹਾ ਕਿ ਸ਼ਨਿਚਰਵਾਰ ਸਵੇਰੇ ਜਦੋਂ ਉਹ ਬੈਂਕ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਏਟੀਐੱਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਇਕ ਲੜਕੀ ਨੂੰ ਏਟੀਐੱਮ ਤੋੜਨ ਦੀ ਕੋਸ਼ਿਸ਼ ਕਰਦਿਆਂ ਦੇਖਿਆ। ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਗੌਰਵ ਖੁਦ ਵੀ ਆਪਣੇ ਪੱਧਰ ’ਤੇ ਖੇਤਰ ਦੇ ਹੋਰਨਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਦੇ ਰਹੇ। ਇਸੇ ਦੌਰਾਨ ਉਨ੍ਹਾਂ ਨੂੰ ਬੱਸ ਅੱਡੇ ਖੇਤਰ ਦੇ ਇਕ ਸੀਸੀਟੀਵੀ ਵਿਚ ਉਸੇ ਤਰ੍ਹਾਂ ਦੀ ਇਕ ਲੜਕੀ ਦਿਖਾਈ ਦਿੱਤੀ ਜਿਸ ਦੀ ਤਸਵੀਰ ਉਨ੍ਹਾਂ ਏਟੀਐੱਮ ਦੇ ਸੀਸੀਟੀਵੀ ਫੁਟੇਜ ਵਿਚ ਦੇਖੀ ਸੀ। ਉਨ੍ਹਾਂ ਤੁਰੰਤ ਖੇਤਰ ਵਿਚ ਘੁੰਮ ਰਹੀ ਲੜਕੀ ਨੂੰ ਰੋਕਿਆ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁੱਛਗਿੱਛ ਵਿਚ ਲੜਕੀ ਨੇ ਮੰਨਿਆ ਕਿ ਉਸ ਨੇ ਏਟੀਐੱਮ ਤੋੜਨ ਦੀ ਕੋਸ਼ਿਸ਼ ਕੀਤੀ ਸੀ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੜਕੀ ਦੀ ਪਛਾਣ ਨਵੀਂ ਦਿੱਲੀ ਦੇ ਨਰੇਲਾ ਦੇ ਸਵਤੰਤਰ ਨਗਰ ਦੀ ਰਹਿਣ ਵਾਲੀ ਆਸ਼ੂ ਦੇ ਰੂਪ ਵਿਚ ਹੋਈ ਹੈ। ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਉਹ ਲੁਧਿਆਣੇ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੀ ਹੈ। ਪੰਜ ਮਹੀਨੇ ਪਹਿਲਾਂ ਉਸ ਨੇ ਹੁਸ਼ਿਆਰਪੁਰ ਦੇ ਸੂਰਜ ਨਗਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਸਮਲਿੰਗੀ ਵਿਆਹ ਕੀਤਾ ਹੈ। ਵਿਆਹ ਤੋਂ ਪਹਿਲਾਂ ਤਾਂ ਸਭ ਕੁਝ ਠੀਕ ਰਿਹਾ ਪਰ ਬਾਅਦ ਵਿਚ ਆਰਥਿਕ ਤੰਗੀ ਨਾਲ ਘਿਰ ਗਈ। ਇਸ ਤੋਂ ਬਾਅਦ ਉਹ ਆਪਣੀ ਸਾਥੀ ਲੜਕੀ ਨਾਲ ਹੁਸ਼ਿਆਰਪੁਰ ਆ ਗਈ। ਜਦੋਂ ਪੈਸਿਆਂ ਦਾ ਪ੍ਰਬੰਧ ਨਾ ਹੋਇਆ ਤਾਂ ਉਸ ਨੇ ਏਟੀਐੱਮ ਤੋੜਨ ਦੀ ਕੋਸ਼ਿਸ਼ ਕੀਤੀ।