ਜੇਠ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਭਰਜਾਈ ਦਾ ਗਲ਼ਾ

ਮਜੀਠਾ/ਕੱਥੂਨੰਗਲ :  ਪਿੰਡ ਨੰਗਲ ਪਨੂੰਆਂ ਵਿਖੇ ਇਕ ਜੇਠ ਵਲੋਂ ਆਪਣੀ ਸਕੀ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਮਜੀਠਾ ਵਿਖੇ ਦਰਜ ਕਰਵਾਏ ਬਿਆਨਾਂ ਵਿਚ ਬਿਆਨਕਰਤਾ ਮਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨੰਗਲ ਪਨੂੰਆਂ ਨੇ ਲਿਖਵਾਇਆ ਹੈ ਕਿ ਮੈਂ ਵਿਆਹੁਤਾ ਹਾਂ ਅਤੇ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮੇਰਾ ਵੱਡਾ ਭਰਾ ਕੁਲਦੀਪ ਸਿੰਘ ਅਕਸਰ ਮੇਰੇ ਅਤੇ ਮੇਰੀ ਪਤਨੀ ਅਮਨਦੀਪ ਕੌਰ ਨਾਲ ਘਰ ਦੇ ਵੰਡ ਨੂੰ ਲੈ ਕੇ ਲੜਾਈ ਝਗੜਾ ਕਰਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਬੀਤੀ 26 ਫਰਵਰੀ ਨੂੰ ਮੇਰੀ ਮਾਤਾ ਦਲਬੀਰ ਕੌਰ ਆਪਣੀ ਧੀ ਪਰਮਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਮੰਡਿਆਲਾ ਨੂੰ ਮਿਲਣ ਲਈ ਗਈ ਸੀ। ਉਸ ਨੇ ਦੱਸਿਆ ਕਿ ਬੀਤੇ ਕੱਲ 27 ਫਰਵਰੀ ਨੂੰ ਦੁਪਹਿਰ ਸਾਢੇ 12 ਵਜੇ ਮੈਂ ਆਪਣੇ ਕੰਮ ਕਾਜ ਦੇ ਸਬੰਧ ਵਿਚ ਪਿੰਡ ਨਾਗ ਕਲਾਂ ਗਿਆ ਸੀ ਅਤੇ ਘਰ ਵਿਚ ਮੇਰੀ ਪਤਨੀ, ਮੇਰਾ ਬੇਟਾ ਵਿਸ਼ਾਲ ਅਤੇ ਭਰਾ ਕੁਲਦੀਪ ਸਿੰਘ ਮੌਜੂਦ ਸਨ।

ਮਨਜੀਤ ਸਿੰਘ ਨੇ ਬਿਆਨਾਂ ਵਿਚ ਅੱਗੇ ਦੱਸਿਆ ਹੈ ਕਿ ਜਦੋਂ ਮੈਂ ਸਵਾ 3 ਵਜੇ ਦੇ ਕਰੀਬ ਘਰ ਵਾਪਸ ਆਇਆ ਤਾਂ ਦੇਖਿਆ ਕਿ ਮੇਰੀ ਪਤਨੀ ਅਮਨਦੀਪ ਕੌਰ ਦੀ ਲਾਸ਼ ਬੈੱਡ ’ਤੇ ਖੂਨ ਨਾਲ ਲਥਪਥ ਪਈ ਸੀ, ਜਿਸਦਾ ਗਲਾ ਕਿਸੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਹੋਇਆ ਲੱਗਦਾ ਸੀ। ਉਸ ਨੇ ਦੱਸਿਆ ਕਿ ਮੇਰਾ ਉਕਤ ਭਰਾ ਵੀ ਘਰ ਵਿਚ ਮੌਜੂਦ ਨਹੀਂ ਸੀ। ਬਿਆਨਕਰਤਾ ਮੁਤਾਬਕ ਜਦੋਂ ਮੈਂ ਆਪਣੇ ਗੁਆਂਢ ਵਿਚ ਰਹਿੰਦੇ ਨੌਜਵਾਨ ਨਾਲ ਆਪਣੀ ਪਤਨੀ ਨੂੰ ਪਹਿਲਾਂ ਬਾਜਵਾ ਹਸਪਤਾਲ ਮਜੀਠਾ ਅਤੇ ਫਿਰ ਡਾਕਟਰਾਂ ਦੇ ਕਹਿਣੇ ’ਤੇ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਮਜੀਠਾ ਵਿਖੇ ਲੈ ਕੇ ਗਿਆ ਤਾਂ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਨੇ ਦੱਸਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਪਤਨੀ ਅਮਨਦੀਪ ਕੌਰ ਦਾ ਕਤਲ ਮੇਰੇ ਵੱਡੇ ਭਰਾ ਕੁਲਦੀਪ ਸਿੰਘ ਉਰਫ ਬਾਊ ਨੇ ਹੀ ਕੀਤਾ ਹੈ।

ਉਧਰ, ਉਕਤ ਮਾਮਲੇ ਸਬੰਧੀ ਐੱਸ.ਐੱਚ.ਓ ਮਜੀਠਾ ਪਰਮਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਿਲਹਾਲ ਪੁਲਸ ਨੇ ਮਨਜੀਤ ਸਿੰਘ ਦੇ ਬਿਆਨਾਂ ’ਤੇ ਇਸਦੇ ਵੱਡੇ ਭਰਾ ਕੁਲਦੀਪ ਸਿੰਘ ਵਿਰੁੱਧ ਧਾਰਾ 302 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਅਮਨਦੀਪ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *