ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਲੱਖਾਂ ਬੱਚਿਆਂ ਦੀਆਂ ਮਾਵਾਂ ਨੇ ਇੱਕ ਦਿਨਾ ਵਰਕਸ਼ਾਪ ਵਿੱਚ ਹਿੱਸਾ ਲਿਆ

ਸਿੱਖਿਆ ਵਿਭਾਗ ਵੱਲੋਂ ਮਾਵਾਂ ਨੂੰ ਪ੍ਰੀ-ਸਕੂਲ ਸਿੱਖਿਆ ਦੀ ਜਾਗਰੂਕਤਾ ਲਈ ਨਿਵੇਕਲੀ ਪਹਿਲ | ਦਾਖ਼ਲਾ ਮੁਹਿੰਮ ਨੂੰ ਹੁਲਾਰੇ ਲਈ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ

ਹੁਸ਼ਿਆਰਪੁਰ: ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਅਤੇ ਡਾ ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ-ਰੇਖ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਜਮਾਤਾਂ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਵਿੱਚ ਪੜ੍ਹਦੇ 3 ਤੋਂ 6 ਸਾਲ ਦੇ ਬੱਚਿਆਂ ਦੀਆਂ ਮਾਵਾਂ ਲਈ ਇੱਕ ਦਿਨਾ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਕੌਰ ਡੀ. ਪੀ. ਆਈ. (ਐਲੀਮੈਂਟਰੀ) ਨੇ ਦੱਸਿਆ ਕਿ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਮੇਂ-ਸਮੇਂ ‘ਤੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਧੀਆ ਪੜ੍ਹਾਈ ਲਈ ਪ੍ਰਬੰਧ ਕੀਤੇ ਜਾਂਦੇ ਹਨ ਇਸ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਮਾਵਾਂ ਨੂੰ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਹੈ।

ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱਖਿਆ) ਹੁਸ਼ਿਆਰਪੁਰ ਨੇ ਦੱਸਿਆ ਕਿ ਜਿਲ੍ਹੇ ਦੇ 1229 ਦੇ ਕਰੀਬ ਸਕੂਲਾਂ ਵਿੱਚ 21402 ਵਿਦਿਆਰਥੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹ ਰਹੇ ਹਨ ਅਤੇ 3600 ਤੋਂ ਵੱਧ ਨਵੀ ਰਜਿਸਟਰੇਸ਼ਨ ਹੋ ਚੁੱਕੀ ਹੈ। ਇਸ ਵਰਕਸ਼ਾਪ ਦਾ ਉਦੇਸ਼ ਮਾਵਾਂ ਨੂੰ ਜਾਗਰੂਕ ਕਰਨਾ ਸੀ ਕਿ ਕਿਹੜੀਆਂ ਖੇਡ ਸਿੱਖਣ ਵਿਧੀਆਂ ਰਾਹੀਂ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾਇਆ ਅਤੇ ਸਿਖਾਇਆ ਜਾਂਦਾ ਹੈ। ਸਕੂਲ ਮੁਖੀਆਂ ਨੇ ਮਾਵਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਆਪਣੇ ਬੱਚਿਆਂ ਦੀ ਸਿੱਖਿਆ ਲਈ ਵਡਮੁੱਲਾ ਯੋਗਦਾਨ ਪਾਉਣ ਜਿਸ ਲਈ ਮਾਵਾਂ ਦੁਆਰਾ ਘਰਾਂ ਵਿੱਚ ਬੱਚਿਆਂ ਨੂੰ ਕਰਵਾਈਆਂ ਜਾ ਸਕਣ ਵਾਲੀਆਂ ਕਿਰਿਆਵਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਇਹਨਾਂ ਕਿਰਿਆਵਾਂ ਨੂੰ ਕਰਕੇ ਵੀ ਦਿਖਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਵੱਖ ਵੱਖ ਸਕੂਲਾਂ ਵਿੱਚ ਇਸ ਵਰਕਸ਼ਾਪ ਸਬੰਧੀ ਸਕੂਲਾਂ ਵਿੱਚ ਕਾਫ਼ੀ ਉਤਸ਼ਾਹਜਨਕ ਮਾਹੌਲ ਵੇਖਣ ਨੁੰ ਮਿਲਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.)  ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਸਕੂਲ, ਸਕੂਲ ਅਧਿਆਪਕਾਂ ਅਤੇ ਮਾਵਾਂ ਵਿੱਚ ਆਪਸੀ ਤਾਲਮੇਲ ਨੂੰ ਚੰਗੇਰਾ ਬਣਾਉਣਾ ਸੀ ਜਿਸ ਨਾਲ ਬੱਚਿਆਂ ਦੀ ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਹੋਰ ਪ੍ਰਭਾਵੀ ਬਣਾਇਆ ਜਾ ਸਕੇ ਜਿਸ ਵਿੱਚ ਸਿੱਖਿਆ ਵਿਭਾਗ ਸਫ਼ਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਜਿਲ੍ਹੇ ਵਿੱਚ ਇਸ ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਸਕੂਲਾਂ ਵੱਲੋਂ ਬੇਹੱਦ ਵਧੀਆ ਪ੍ਰਬੰਧ ਕੀਤੇ ਗਏ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਹਰਮਿੰਦਰਪਾਲ ਸਿੰਘ ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਨੇ ਦੱਸਿਆ ਕਿ ਮਾਵਾਂ ਨੂੰ ਸਕੂਲ ਅਧਿਆਪਕਾਂ ਨੇ ਪ੍ਰੀ-ਪ੍ਰਾਇਮਰੀ ਸਿੱਖਿਆ ਲਈ ਵਰਤੀ ਜਾਣ ਵਾਲੀ ਮਟੀਰੀਅਲ ਕਿੱਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸਦੇ ਨਾਲ ਹੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਮਾਵਾਂ ਨੂੰ ਪ੍ਰੀ-ਪ੍ਰਾਇਮਰੀ ਦੀਆਂ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੀਆਂ ਜਮਾਤਾਂ ਵਿੱਚ ਸਿੱਖਣ-ਸਿਖਾਉਣ ਪ੍ਰਕਿਰਿਆ ਲਈ ਵਰਤੀਆਂ ਜਾਣ ਵਾਲੀਆਂ ਵਰਕਸ਼ੀਟਾਂ ਨੂੰ ਭਰਨ ਦੀ ਐਕਟੀਵਿਟੀ ਕਰਵਾਉਣ ਦੇ ਨਾਲ-ਨਾਲ ਮਾਵਾਂ ਨੂੰ ਕਲੇਅ ਮਾਡਲਿੰਗ, ਪੇਪਰ ਕਟਿੰਗ, ਅਤੇ ਹੋਰ ਰੌਚਕ ਕਿਰਿਆਵਾਂ ਵੀ ਕਰਵਾਈਆਂ ਗਈਆਂ। ਮਾਵਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਬੱਚਿਆਂ ਨੂੰ ਕਰਵਾਏ ਜਾਣ ਵਾਲੇ ਪਾਠਕ੍ਰਮ ਦੀਆਂ ਕਿਰਿਆਵਾਂ ਨੂੰ 15 ਦਿਨ ਪਹਿਲਾਂ ਅਗਾਊਂ ਹੀ ਮਾਵਾਂ ਨਾਲ ਸਾਂਝਾ ਕੀਤਾ ਜਾਵੇਗਾ।

Leave a Reply

Your email address will not be published. Required fields are marked *