ਕਿਸਾਨ ਦੀ ਕੁੱਟਮਾਰ ਦੇ ਮਾਮਲੇ ‘ਚ ਪਾਸਟਰ ਸਮੇਤ ਕਈਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ‘ਤੇ ਮੁਕੱਦਮਾ ਦਰਜ

ਸ੍ਰੀ ਚਮਕੌਰ ਸਾਹਿਬ : ਚਰਚ ਦੇ ਇਕ ਪਾਸਟਰ ਸਮੇਤ ਕਈ ਲੋਕਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਕਿਸਾਨ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲਾ ਪਿੰਡ ਦੇ ਰਸਤੇ ਨੂੰ ਲੈ ਉਸ ਸਮੇਂ ਗਰਮਾਇਆ ਜਦੋਂ ਪਾਸਟਰ ਵੱਲੋਂ ਰਸਤੇ ਦੇ ਨਾਲ ਲੱਗਦੀ ਜ਼ਮੀਨ ਵਿੱਚ ਨੀਂਹ ਪੁੱਟਦੇ ਸਮੇਂ ਰਸਤੇ ਨੂੰ ਵੀ ਵਿੱਚ ਮਿਲਾ ਲਿਆ ਗਿਆ ਅਤੇ ਜਦੋਂ ਕਿਸਾਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਪਾਸਟਰ ਦੇ ਪੁੱਤਰ ਤੇ ਉਸ ਦੇ ਕਈ ਸਾਥੀਆਂ ਨੇ ਕਿਸਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਵਾਲਾਂ ਤੋਂ ਫੜ ਕੇ ਘੜੀਸਿਆ, ਜਿਸ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਚਮਕੌਰ ਸਾਹਿਬ ‘ਚ ਇਕੱਠੀਆਂ ਹੋਈਆਂ ਅਤੇ ਵਿਰੋਧ ਤੋਂ ਬਾਅਦ ਪੁਲਸ ਨੇ ਮੁਕੱਦਮਾ ਦਰਜ ਕੀਤਾ।

ਮਾਮਲਾ ਉਸ ਸਮੇਂ ਗਰਮਾਇਆ ਜਦੋਂ ਚਮਕੌਰ ਸਾਹਿਬ ਵਿਖੇ ਖੇਤਾਂ ਨੂੰ ਜਾਂਦੀ ਇਕ ਪਹੀ ਦੇ ਨਾਲ ਲੱਗਦੀ ਜ਼ਮੀਨ ‘ਚ ਪਾਸਟਰ ਵੱਲੋਂ ਜੇ. ਸੀ. ਬੀ. ਨਾਲ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ ਗਈ। ਵਿਰੋਧ ਕਰ ਰਹੇ ਕਿਸਾਨ ਦਾ ਕਹਿਣਾ ਹੈ ਕਿ ਪਾਸਟਰ ਵੱਲੋਂ ਸਰਕਾਰੀ ਰਸਤੇ ਨੂੰ ਪੁੱਟ ਕੇ ਉਸ ਵਿੱਚ ਦੀਵਾਰ ਕੀਤੀ ਜਾ ਰਹੀ ਹੈ ਤੇ ਜਦੋਂ ਕਿਸਾਨ ਪਾਸਟਰ ਨਾਲ ਇਸ ਗ਼ਲਤ ਹੋ ਰਹੇ ਕੰਮ ਸਬੰਧੀ ਚਰਚ ਵਿੱਚ ਗੱਲ ਕਰਨ ਗਿਆ ਤਾਂ ਪਾਸਟਰ ਦੇ ਪੁੱਤਰ ਸਮੇਤ ਕਈ ਵਿਅਕਤੀਆਂ ਨੇ ਉਸ ਨਾਲ ਦੁਰਵਿਵਹਾਰ ਕਰਦਿਆਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਉਸ ਦੇ ਸਿਰ ਤੋਂ ਕੇਸਰੀ ਸਿਰੋਪਾਓ ਵੀ ਉਤਾਰ ਦਿੱਤਾ ਗਿਆ। ਦੂਜੇ ਪਾਸੇ ਪਾਸਟਰ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਪੁਲਸ ਵੱਲੋਂ ਜੋ ਮਾਮਲਾ ਦਰਜ ਕੀਤਾ ਗਿਆ, ਉਹ ਸਰਾਸਰ ਗ਼ਲਤ ਅਤੇ ਧੱਕੇਸ਼ਾਹੀ ਹੈ।

ਦੂਜੇ ਪਾਸੇ ਜਦੋਂ ਕਿਸਾਨ ਦੇ ਕੱਕਾਰਾਂ ਦੀ ਹੋਈ ਬੇਅਦਬੀ ਬਾਰੇ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਸਿੱਖ ਜਥੇਬੰਦੀਆਂ ਵੱਡੀ ਗਿਣਤੀ ‘ਚ ਥਾਣਾ ਸ੍ਰੀ ਚਮਕੌਰ ਸਾਹਿਬ ਵਿੱਚ ਇਕੱਠੀਆਂ ਹੋ ਗਈਆਂ, ਜਿਨ੍ਹਾਂ ਦੇ ਵਿਰੋਧ ਤੋਂ ਬਾਅਦ ਥਾਣਾ ਸ੍ਰੀ ਚਮਕੌਰ ਸਾਹਿਬ ਪਹੁੰਚੇ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਪੀੜਤ ਕਿਸਾਨ ਦੇ ਬਿਆਨਾਂ ਤੋਂ ਬਾਅਦ ਪਾਸਟਰ ਤੇ ਉਸ ਦੇ ਪੁੱਤਰ ਸਮੇਤ ਕਈ ਲੋਕਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਕੁੱਟਮਾਰ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ।

Leave a Reply

Your email address will not be published. Required fields are marked *