ਅੰਮ੍ਰਿਤਸਰ: ਦਰਬਾਰ ਸਾਹਿਬ ਅੰਦਰ ਸੋਨੇ ਦੇ ਪੱਤਿਆਂ ਦੀ ਸਫ਼ਾਈ ਤੇ ਮੁਰੰਮਤ ਸ਼ੁਰੂ

ਅੰਮ੍ਰਿਤਸਰ: ਇਥੇ ਦਰਬਾਰ ਸਾਹਿਬ ਦੇ ਅੰਦਰ ਲੱਗੇ ਸੋਨੇ ਦੇ ਪੱਤਰਿਆਂ ਦੀ ਸਾਫ਼ ਸਫ਼ਾਈ, ਮੁਰੰਮਤ ਅਤੇ ਨਕਾਸ਼ੀ ਦੀ ਸਾਂਭ ਸੰਭਾਲ ਦੀ ਸੇਵਾ ਅੱਜ ਬਰਮਿੰਘਮ ਦੇ ਨਿਸ਼ਕਾਮ ਸੇਵਕ ਜੱਥਾ ਵੱਲੋਂ ਸ਼ੁਰੂ ਕੀਤੀ ਗਈ ਹੈ। ਇਥੇ ਲੱਗੇ ਸੋਨੇ ਦੇ ਪੱਤਰੇ ਕੰਧ ਹੇਠਾਂ ਆਈ ਸਲਾਬ ਕਾਰਨ ਕਈ ਥਾਵਾਂ ਤੋਂ ਖ਼ਰਾਬ ਹੋ ਚੁੱਕੇ ਹਨ ਅਤੇ ਉੱਖੜੇ ਹੋਏ ਹਨ।

ਪੁਰਾਤਨ ਤੇ ਰੂਹਾਨੀ ਇਮਾਰਤ ਦੇ ਇਸ ਅੰਦਰੂਨੀ ਹਿੱਸੇ ਦੀ ਇਹ ਸੇਵਾ ਮਾਹਿਰਾਂ ਦੀ ਨਿਗਰਾਨੀ ਹੇਠ ਹੋਵੇਗੀ। ਅੱਜ ਸੇਵਾ ਦੀ ਆਰੰਭਤਾ ਗੁਰਮਤਿ ਰਵਾਇਤਾਂ ਅਨੁਸਾਰ ਕੀਤੀ ਗਈ ਹੈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦ‍ਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਸ਼ਕਾਮ ਸੇਵਕ ਜਥਾ ਦੇ ਮੁਖੀ ਭਾਈ ਮਹਿੰਦਰ ਸਿੰਘ ਤੇ ਹੋਰ ਹਾਜ਼ਰ ਸਨ। ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਦੇ ਬਾਹਰਲੇ ਹਿੱਸੇ ’ਤੇ ਲੱਗੇ ਸੋਨੇ ਦੇ ਪੱਤਰਿਆਂ ਦੀ ਸੇਵਾ ਵੀ ਇਸੇ ਜਥੇਬੰਦੀ ਵੱਲੋਂ 1999 ਵਿੱਚ ਕੀਤੀ ਗਈ ਸੀ। ਇਸ ਜਥੇਬੰਦੀ ਵੱਲੋਂ ਹੀ ਇਨ੍ਹਾਂ ਪੱਤਰਿਆਂ ਦੀ ਸਾਫ਼ ਸਫ਼ਾਈ ਦੀ ਸੇਵਾ ਹਰ ਸਾਲ ਕੀਤੀ ਜਾਂਦੀ ਹੈ। 

Leave a Reply

Your email address will not be published. Required fields are marked *