ਮੁਹਾਲੀ ਗਰਨੇਡ ਹਮਲਾ: ਪੰਜ ਜਣੇ ਹਿਰਾਸਤ ਵਿਚ

ਚੰਡੀਗੜ੍ਹ: ਪੰਜਾਬ ਪੁਲੀਸ ਨੇ ਮੁਹਾਲੀ ਗਰੇਨੇਡ ਹਮਲੇ ਦੇ ਮਾਮਲੇ ਵਿਚ ਪੰਜ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ। ਸੂਬੇ ਦੇ ਡੀਜੀਪੀ ਵੀ ਕੇ ਭਾਵੜਾ ਨੇ ਦੱਸਿਆ ਕਿ ਗੈਂਗਸਟਰ ਤੋਂ ਅਤਿਵਾਦੀ ਬਣੇ ਹਰਵਿੰਦਰ ਸਿੰਘ ਰਿੰਦਾ ਦੇ ਨੇੜਲੇ ਸਾਥੀ ਲਖਬੀਰ ਸਿੰਘ ਉਰਡ ਲੰਡਾ ਨੇ ਸਾਜ਼ਿਸ਼ ਰਚੀ ਸੀ। ਉਨ੍ਹਾਂ ਦੱਸਿਆ ਕਿ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਪਾਕਿਸਤਾਨ ਦੀ ਆਈਐਸਆਈ ਲਈ ਕੰਮ ਕਰਦੇ ਸਨ। ਇਸ ਮਾਮਲੇ ਵਿਚ ਕਾਬੂ ਕੀਤੇ ਗਏ ਲਖਬੀਰ ਸਿੰਘ ਦੇ ਸਾਥੀ ਨਿਸ਼ਾਨ ਸਿੰਘ ਤੇ ਚਰਨ ਸਿੰਘ ਵੀ ਤਰਨ ਤਾਰਨ ਜ਼ਿਲ੍ਹੇ ਨਾਲ ਹੀ ਸਬੰਧਤ ਹਨ। ਨਿਸ਼ਾਨ ਸਿੰਘ ਨੂੰ ਕੁਝ ਦਿਨ ਪਹਿਲਾਂ ਫਰੀਦਕੋਟ ਪੁਲੀਸ ਨੇ ਕਾਬੂ ਕੀਤਾ ਸੀ। ਦੱਸਣਾ ਬਣਦਾ ਹੈ ਕਿ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਸੈਕਟਰ-77 ਵਿਚ ਸੋਮਵਾਰ ਨੂੰ ਗਰਨੇਡ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਗਈ ਸੀ।

ਡੀਜੀਪੀ ਨੇ ਕਿਹਾ ਕਿ ਸਾਜ਼ਿਸ਼ ਰਚਣ ਵਾਲੇ ਸਾਰੇ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਪਰ ਗਰਨੇਡ ਹਮਲਾ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਣਾ ਹੈ। ਇਸ ਮਾਮਲੇ ਵਿਚ ਸ਼ਾਮਲ ਸਾਰੇ ਦਹਿਸ਼ਤਗਰਦਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਗਰਨੇਡ ਹਮਲਾ ਕਰਨ ਵਾਲੇ ਸਿਰਫ ਇਕ ਜਣੇ ਦੀ ਪਛਾਣ ਹੀ ਜਨਤਕ ਕੀਤੀ ਹੈ ਜਿਸ ਦਾ ਨਾਂ ਚਰਨ ਸਿੰਘ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ ਜਿਸ ਕਾਰਨ ਬਾਕੀ ਦੇ ਦੋ ਜਣਿਆਂ ਨੂੰ ਪਛਾਣ ਜਨਤਕ ਨਹੀਂ ਕੀਤੀ ਗਈ ਕਿਉਂਕਿ ਅਜਿਹਾ ਕਰਨ ਨਾਲ ਕੇਸ ਪ੍ਰਭਾਵਿਤ ਹੋਵੇਗਾ।

Leave a Reply

Your email address will not be published. Required fields are marked *