ਕਤਲ ਦੇ ਦੋਸ਼ ’ਚ ‘ਆਪੀਆ’ ਗ੍ਰਿਫ਼ਤਾਰ

ਅੰਮ੍ਰਿਤਸਰ: ਇਥੇ ਕੱਲ੍ਹ ਸੌ ਫੁੱਟੀ ਰੋਡ ’ਤੇ ਇਕ ਦੁਕਾਨਦਾਰ ਗੁਰਪ੍ਰਤਾਪ ਸਿੰਘ ਰਾਜਾ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਕੌਂਸਲਰ ਦੇ ਪੁੱਤਰ ਤੇ ‘ਆਪ’ ਆਗੂ ਚਰਨਦੀਪ ਸਿੰਘ ਬੱਬਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲੀਸ ਕਮਿਸ਼ਨਰ ਨੇ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ ਇੱਕ ਐੱਸਐੱਚਓ ਤੇ ਪੰਜ ਹੋਰ ਪੁਲੀਸ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਬੀਤੇ ਕੱਲ੍ਹ ਜ਼ਮੀਨ ਦੇ ਮਾਮਲੇ ਵਿੱਚ ਹੋਏ ਇੱਕ ਝਗੜੇ ਦੌਰਾਨ ਗੋਲੀਆਂ ਮਾਰ ਕੇ ਗੁਰਪ੍ਰਤਾਪ ਸਿੰਘ ਰਾਜਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਹਮਲੇ ਵਿੱਚ ਰਿਸ਼ੀ ਨਾਂ ਦਾ ਇੱਕ ਵਿਅਕਤੀ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਦੀ ਪਤਨੀ ਰਾਜਬੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਚਰਨਦੀਪ ਸਿੰਘ ਬੱਬਾ ਸਣੇ ਉਸ ਦੇ ਦੋ ਭਰਾਵਾਂ ਰਿੰਪੀ ਤੇ ਹੈਪੀ, ਧਰਮਿੰਦਰ ਸਿੰਘ ਭੋਲੂ, ਇੱਕ ਨਿਹੰਗ ਸਿੰਘ ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਆਫ਼ ਕੇਸ ਦਰਜ ਕੀਤਾ ਸੀ। ਇਸ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਵੀ ਪੁਲੀਸ ਨੇ ਬਰਾਮਦ ਕਰ ਲਿਆ ਹੈ। ਪੁਲੀਸ ਨੇ ਅੱਜ ਚਰਨਦੀਪ ਸਿੰਘ ਬੱਬਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।

Leave a Reply

Your email address will not be published. Required fields are marked *