ਸਿੱਧੂ ਮੂਸੇਵਾਲਾ ਕੇਸ: ਬਿਸ਼ਨੋਈ ਕੋਲੋਂ ਪੁੱਛ-ਪੜਤਾਲ ਦੌਰਾਨ ਵੱਡੇ ਖੁਲਾਸੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੂੰ ਲਾਰੈਂਸ ਬਿਸ਼ਨੋਈ ਅਤੇ ਹੋਰਨਾਂ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਅਹਿਮ ਸੁਰਾਗ ਮਿਲੇ ਹਨ। ਉਧਰ, ਪੰਜਾਬ ਪੁਲੀਸ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਜੀਜਾ ਗੁਰਿੰਦਰ ਗੋਰਾ ਨੂੰ ਪੁੱਛ-ਪੜਤਾਲ ਲਈ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ਵਿੱਚ ਲਿਆਂਦਾ। ਪੁਲੀਸ ਅਨੁਸਾਰ ਲਾਰੈਂਸ ਬਿਸ਼ਨੋਈ ਹੀ ਇਸ ਪੂਰੇ ਘਟਨਾਕ੍ਰਮ ਦਾ ਮਾਸਟਰਮਾਈਂਡ ਹੈ। ਉਸ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਗਾਇਕਾਂ, ਅਦਾਕਾਰਾਂ ਅਤੇ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਮੰਗਣ ਦੀ ਗੱਲ ਵੀ ਕਬੂਲੀ ਹੈ। ਉਸ ਨੇ ਪੁਲੀਸ ਨੂੰ ਇਹ ਵੀ ਦੱਸਿਆ ਹੈ ਕਿ ਉਹ ਤਿਹਾੜ ਜੇਲ੍ਹ ’ਚੋਂ ਹੀ ਮੋਬਾਈਲ ਫੋਨ ’ਤੇ ਸਿਗਨਲ ਐਪ ਰਾਹੀਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਤਾਲਮੇਲ ਕਰਦਾ ਸੀ। ਗੋਰਾ ਅਪਰਾਧਿਕ ਮਾਮਲੇ ਵਿੱਚ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਹੈ। ਉਂਜ ਉਸ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕਰੀਬ ਨੌਂ ਕੇਸ ਦਰਜ ਹਨ। ਸੀਆਈਏ ਕੈਂਪ ਦਫ਼ਤਰ ਵਿੱਚ ਵੀਰਵਾਰ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਰਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕੀਤੀ ਗਈ। ਦੱਸਣਾ ਬਣਦਾ ਹੈ ਕਿ ਲਾਰੈਂਸ ਨੇ ਪੁੱਛਗਿਛ ਦੌਰਾਨ ਗੋਰਾ ਦਾ ਨਾਂ ਲਿਆ ਸੀ। ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਜਨਵਰੀ 2022 ਵਿੱਚ ਬਣਾਈ ਗਈ ਸੀ ਅਤੇ ਉਦੋਂ ਹੀ ਸੰਦੀਪ ਕੇਕੜਾ ਨੂੰ ਰੇਕੀ ਕਰਨ ਦੇ ਕੰਮ ’ਤੇ ਲਗਾਇਆ ਗਿਆ ਸੀ। ਚੋਣਾਂ ਵਿੱਚ ਖੜ੍ਹੇ ਹੋਣ ਕਾਰਨ ਮੂਸੇਵਾਲਾ ਨਾਲ ਹਰ ਵੇਲੇ ਸੁਰੱਖਿਆ ਗਾਰਡ ਰਹਿੰਦੇ ਸਨ ਜਿਸ ਕਾਰਨ ਉਦੋਂ ਉਸ ਦੀ ਹੱਤਿਆ ਨਹੀਂ ਕੀਤੀ ਜਾ ਸਕੀ। ਕੇਕੜਾ ਪਲ-ਪਲ ਦੀ ਸੂਚਨਾ ਦੇ ਰਿਹਾ ਸੀ। ਉਧਰ, ਪੁਲੀਸ ਹੁਣ ਗੈਂਗਸਟਰ ਪਵਨ ਬਿਸ਼ਨੋਈ, ਮੋਨੂੰ ਡਾਗਰ, ਨਸੀਬ ਖਾਨ, ਮਨਪ੍ਰੀਤ ਸਿੰਘ ਉਰਫ਼ ਮੰਨਾ ਉਰਫ਼ ਭਾਊ ਨੂੰ ਵੀ ਪੁੱਛ-ਪੜਤਾਲ ਲਈ ਲਿਆ ਸਕਦੀ ਹੈ। ਉਨ੍ਹਾਂ ਨੂੰ ਵੀ ਲਾਰੈਂਸ ਬਿਸ਼ਨੋਈ ਨਾਲ ਬਿਠਾ ਕੇ ਕਰਾਸ ਪੁੱਛਗਿਛ ਕੀਤੀ ਜਾਵੇਗੀ। ਪਵਨ ਬਿਸ਼ਨੋਈ ਨੇ ਹੀ ਸ਼ੂਟਰਾਂ ਨੂੰ ਬੋਲੈਰੋ ਗੱਡੀ ਤੇ ਪਨਾਹ ਦਿੱਤੀ ਸੀ। ਮੋਨੂੰ ਡਾਗਰ ਨੇ ਗੋਲਡੀ ਬਰਾੜ ਦੇ ਕਹਿਣ ’ਤੇ ਸ਼ੂਟਰਾਂ ਦੀ ਟੀਮ ਬਣਾਈ ਸੀ, ਜਿਨ੍ਹਾਂ ’ਚੋਂ ਚਾਰ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਚਰਨਜੀਤ ਸਿੰਘ ਨਾਂ ਦੇ ਮੁਲਜ਼ਮ ਨੇ ਹਥਿਆਰ ਅਤੇ ਜਾਅਲੀ ਨੰਬਰ ਪਲੇਟਾਂ ਮੁਹੱਈਆ ਕਰਵਾਈਆਂ ਸਨ। ਇੱਕ ਪੈਟਰੋਲ ਪੰਪ ਦੀ ਪਰਚੀ ਵੀ ਪੁਲੀਸ ਦੇ ਹੱਥ ਲੱਗੀ ਹੈ। ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਕਤਲ ਲਈ ਵਰਤੀ ਬੋਲੈਰੋ ਗੱਡੀ ਵਿੱਚ 25 ਮਈ ਨੂੰ ਫ਼ਤਿਹਾਬਾਦ ਤੋਂ ਡੀਜ਼ਲ ਪੁਆਇਆ ਗਿਆ ਸੀ।

ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪ ਦਫ਼ਤਰ ਖਰੜ ਵਿੱਚ ਰੱਖਿਆ ਗਿਆ ਹੈ। ਇਸ ਦਾ ਇੱਕ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਸੀਆਈਏ ਸਟਾਫ਼ ਦਾ ਇਹ ਕੈਂਪ ਦਫ਼ਤਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਮੁਹਾਲੀ ਦੀ ਜੂਹ ਵਿੱਚ ਹੈ। ਚੰਡੀਗੜ੍ਹ ਅਤੇ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਮੁੱਖ ਦਫ਼ਤਰ ਸਮੇਤ ਖ਼ੁਫ਼ੀਆ ਵਿੰਗ, ਐੱਸਟੀਐੱਫ਼, ਸਪੈਸ਼ਲ ਅਪਰੇਸ਼ਨ ਸੈੱਲ, ਓਕੋ ਸਮੇਤ ਐਂਟੀ ਗੈਂਗਸਟਰ ਸੈੱਲ ਸਥਾਪਤ ਹਨ। ਇੱਥੇ ਡੀਜੀਪੀ, ਏਡੀਜੀਪੀ, ਆਈਜੀ, ਡੀਆਈਜੀ ਸਣੇ ਹੋਰ ਉੱਚ ਅਧਿਕਾਰੀ ਬੈਠਦੇ ਹਨ ਜੋ ਸਮੇਂ-ਸਮੇਂ ’ਤੇ ਗ੍ਰਿਫ਼ਤਾਰ ਅਪਰਾਧੀਆਂ ਕੋਲੋਂ ਪੁੱਛ-ਪੜਤਾਲ ਕਰ ਸਕਦੇ ਹਨ ਜਾਂ ਉਨ੍ਹਾਂ ’ਤੇ ਅੱਖ ਰੱਖ ਸਕਦੇ ਹਨ।

Leave a Reply

Your email address will not be published. Required fields are marked *