ਜਬਰ-ਜ਼ਿਨਾਹ ਦੇ ਮਾਮਲੇ ’ਚ ਗੁਰਦਾਸਪੁਰ ਦਾ SP (ਹੈੱਡਕੁਆਰਟਰ) ਗ੍ਰਿਫ਼ਤਾਰ
ਇਕੱਤਰ ਜਾਣਕਾਰੀ ਅਨੁਸਾਰ ਇਹ ਮਾਮਲਾ ਅਪ੍ਰੈਲ ਤੋਂ ਜਾਂਚ ਅਧੀਨ ਸੀ, ਜਦੋਂ ਔਰਤ ਨੇ ਪਹਿਲੀ ਵਾਰ ਦਾਅਵਾ ਕੀਤਾ ਸੀ ਕਿ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ ਹੈ। ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦੀ ਜਾਂਚ ਦੇ ਸਿਲਸਿਲੇ ’ਚ ਉਕਤ ਐੱਸ. ਪੀ. ਉਸ ਦੇ ਸੰਪਰਕ ’ਚ ਸੀ। ਔਰਤ ਵੱਲੋਂ ਗੁਰਮੀਤ ਸਿੰਘ ’ਤੇ ਲਾਏ ਦੋਸ਼ਾਂ ਤੋਂ ਬਾਅਦ ਪੰਜਾਬ ਪੁਲਸ ਹੈੱਡਕੁਆਰਟਰ, ਚੰਡੀਗੜ੍ਹ ਦੇ ਨਿਰਦੇਸ਼ਾਂ ’ਤੇ ਵਿਸ਼ੇਸ਼ ਜਾਂਚ ਟੀਮ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ। ਐੱਸ.ਆਈ.ਟੀ. ਦੀ ਅਗਵਾਈ ਅੰਮ੍ਰਿਤਸਰ (ਦਿਹਾਤੀ) ਦੇ ਐੱਸ.ਐੱਸ.ਪੀ. ਸਵਰਨਦੀਪ ਸਿੰਘ ਕਰ ਰਹੇ ਸਨ।
ਮੁੱਢਲੀ ਜਾਂਚ ਉਪਰੰਤ ਐੱਸ.ਪੀ. ਖ਼ਿਲਾਫ਼ 2 ਜੁਲਾਈ ਨੂੰ ਥਾਣਾ ਸਿਟੀ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਅੱਜ ਸਵੇਰੇ ਉਸ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਅਦਾਲਤ ’ਚ ਪੇਸ਼ੀ ਲਈ ਗਿਆ ਸੀ। ਇਸ ਗ੍ਰਿਫ਼ਤਾਰੀ ’ਚ ਅੰਮ੍ਰਿਤਸਰ (ਦਿਹਾਤੀ) ਅਤੇ ਮੋਗਾ ਪੁਲਸ ਦੀ ਸਾਂਝੀ ਟੀਮ ਨੇ ਅਹਿਮ ਯੋਗਦਾਨ ਪਾਇਆ। ਡੀ. ਐੱਸ. ਪੀ. ਰਵਿੰਦਰ ਸਿੰਘ ਅਤੇ ਇੰਸਪੈਕਟਰ ਹਰਜੀਤ ਕੌਰ, ਜੋ ਦੋਵੇਂ ਐੱਸ.ਆਈ.ਟੀ. ਦੇ ਮੈਂਬਰ ਸਨ, ਇਸ ਅਧਿਕਾਰੀ ਨੂੰ ਹਿਰਾਸਤ ’ਚ ਲੈਣ ਉਚੇਚੇ ਤੌਰ ’ਤੇ ਮੋਗਾ ਗਏ ਸਨ।