ਪੰਜਾਬੀ ਭਾਸ਼ਾ ਵਿੱਚ ਗਿਆਨ-ਵਿਗਿਆਨ ਦੀਆਂ ਸ਼ਬਦਾਵਲੀਆਂ ਦੇ ਨਿਰਮਾਣ ਵਿਸ਼ੇ ਤੇ ਲਗਾਈ ਕਾਰਜਸ਼ਾਲਾ ਦੀ ਸਮਾਪਤੀ

ਪਟਿਆਲਾ: ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ “ਪੰਜਾਬੀ ਭਾਸ਼ਾ ਵਿੱਚ ਤਕਨੀਕੀ ਸ਼ਬਦਾਵਲੀਆਂ ਦੀ ਸਿਰਜਣਾ” ਵਿਸ਼ੇ ਤੇ ਤਕਨੀਕੀ ਵਿਗਿਆਨਕ ਸ਼ਬਦਾਵਲੀ ਆਯੋਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਇਕ ਚਾਰ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਇੰਜੀਨੀਅਰਿੰਗ ਦੇ ਵਿਸ਼ਿਆ ਨਾਲ ਸੰਬੰਧਤ ਤਕਨੀਕੀ ਪੰਜਾਬੀ ਸ਼ਬਦਾਵਲੀ ਦਾ ਨਿਰਮਾਣ ਕਰਨਾ ਸੀ।

ਵਰਕਸ਼ਾਪ ਦੌਰਾਨ ਵਿਦਾਇਗੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਡੀਨ ਭਾਸ਼ਾਵਾਂ ਕਿਹਾ ਕਿ ਜੇਕਰ ਅਸੀਂ ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਨੂੰ ਮਾਧਿਅਮ ਦੇ ਤੌਰ ਤੇ ਸ਼ੁਰੂ ਕਰਨਾ ਹੈ ਤਾਂ ਸਾਨੂੰ ਨਿੱਠ ਕੇ ਇਸ ਖੇਤਰ ਵਿੱਚ ਕਾਰਜ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਵਰਕਸ਼ਾਪ ਵਿੱਚ ਕੀਤੇ ਕੰਮ ਦੇ ਹਵਾਲੇ ਲੈ ਕੇ ਗੱਲ ਕੀਤੀ ਅਤੇ ਕਿਹਾ ਕਿ ਪੂਰੀ ਟੀਮ ਦੁਆਰਾ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਗਿਆ ਹੈ। ਡਾ. ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਸ਼ਾਮਿਲ ਤਿੰਨ ਪੀੜ੍ਹੀਆਂ ਦੇ ਵਿਦਵਾਨਾਂ ਵੱਲੋਂ ਭਾਗ ਲਿਆ ਗਿਆ ਹੈ। ਜਿੰਨ੍ਹਾ ਵਿੱਚ ਡਾ. ਸੁਰਜੀਤ ਲੀਅ, ਡਾ. ਜੋਗਾ ਸਿੰਘ ਅਤੇ ਡਾ. ਬਲਦੇਵ ਸਿੰਘ ਚੀਮਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕ ਸਾਡੇ ਵਿਰਸੇ ਦਾ ਸਰਮਾਇਆ ਹਨ ਜੇਕਰ ਅਸੀਂ ਇੰਨ੍ਹਾਂ ਦੀ ਅਗਵਾਈ ਵਿੱਚ ਨਵੀਂ ਪੀੜ੍ਹੀ ਨੂੰ ਤਿਆਰ ਕਰ ਲਵਾਂਗੇ ਤਾਂ ਇਹ ਸਾਡੀ ਪ੍ਰਾਪਤੀ ਹੋਵੇਗੀ ਇਹ ਵਰਕਸ਼ਾਪ ਅਜਿਹੀ ਪ੍ਰਾਪਤੀ ਵੱਲ ਵਧਾਇਆ ਕਦਮ ਹੈ। ਉਨ੍ਹਾਂ ਵੱਲੋਂ ਇਹ ਵਰਕਸ਼ਾਪ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਦੇਣ ਲਈ ਤਕਨੀਕ ਵਿਗਿਆਨਕ ਸ਼ਬਦਾਵਲੀ ਆਯੋਗ, ਭਾਰਤ ਸਰਕਾਰ ਦਾ ਧੰਨਵਾਦ ਕੀਤਾ ਗਿਆ।

ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਤਕਨੀਕੀ ਸ਼ਬਦ ਬਣਾਉਣ ਦੇ ਨਾਲ­-ਨਾਲ ਸਾਨੂੰ ਵੱਖੋ-ਵੱਖ ਕਿੱਤਿਆਂ ਨਾਲ ਜੁੜੇ ਮਾਹਿਰਾਂ ਨਾਲ ਗੱਲਬਾਤ ਕਰਕੇ ਸ਼ਬਦਾਂ ਦੀ ਘਾੜਤ ਕਰਨੀ ਚਾਹੀਂਦੀ ਹੈ। ਭਾਸ਼ਾ ਵਿਗਿਆਨੀ ਡਾ. ਬਲਦੇਵ ਸਿੰਘ ਚੀਮਾ ਨੇ ਕਿਹਾ ਕਿ ਇਸ ਕੰਮ ਲਈ ਸਾਨੂੰ ਪੁਰਾਣੇ ਕੋਸ਼ਾਂ ਅਤੇ ਆਪਣੀਆਂ ਪਰੰਪਰਾਵਾਂ ਨੂੰ ਵਾਚਦੇ ਹੋਏ ਨਵੇਂ ਸ਼ਬਦਾਂ ਦੇ ਰੂਬਰੂ ਹੋਣਾ ਚਾਹੀਂਦਾ ਹੈ।

ਕਾਰਜਸ਼ਾਲਾ ਦੇ ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਨੇ ਕਾਰਜਸ਼ਾਲਾ ਵਿੱਚ ਕੀਤੇ ਗਏ ਕੰਮ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਅਧੀਨ ਬਹੁਤ ਜਲਦੀ ਇੰਜੀਨੀਅਰਿੰਗ ਦੇ ਵਿਸ਼ਿਆਂ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਅਰੰਭ ਹੋਣ ਜਾ ਰਹੀ ਹੈ, ਇਸ ਕਾਰਜਸ਼ਾਲਾ ਦੌਰਾਨ ਇੰਜੀਨੀਰਿੰਗ ਦੇ ਵਿਸ਼ਿਆਂ ਨਾਲ ਸੰਬੰਧਤ ਸ਼ਬਦਾਵਲੀ ਤੇ ਕੰਮ ਕੀਤਾ ਗਿਆ। ਵਰਕਸ਼ਾਪ ਵਿੱਚ ਭਾਗ ਲੈ ਰਹੇ ਬਾਕੀ ਵਿਸ਼ਾ ਮਾਹਿਰਾਂ ਅਤੇ ਭਾਸ਼ਾ ਮਾਹਿਰਾਂ ਡਾ. ਰਾਜਵੰਤ ਕੌਰ,  ਡਾ. ਵਿਲੀਅਮ ਜੀਤ ਸਿੰਘ, ਡਾ. ਚਰਨਜੀਤ ਸਿੰਘ, ਡਾ. ਚਰਨਜੀਵ ਸਿੰਘ, ਡਾ. ਲਖਵੀਰ ਸਿੰਘ, ਡਾ. ਨਵਦੀਪ ਸਿੰਘ, ਡਾ. ਜਸਵੀਰ ਕੌਰ, ਪਰਦੀਪ ਸਿੰਘ, ਹਰਪ੍ਰੀਤ ਕੌਰ, ਭਿੰਦਰ ਕੌਰ ਆਦਿ ਨੇ ਵੀ ਆਪਣੇ-ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਕਾਰਜਸ਼ਾਲਾ ਨੂੰ ਵਿਧੀਵਤ ਰੂਪ ਤੌਰ ਤੇ ਚਲਾਉਣ ਲਈ ਡਾ. ਅਸ਼ੋਕ ਸਵੇਲਟਕਰ ਅਤੇ ਡਾ. ਸ਼ਲਿੰਦਰ ਸਿੰਘ ਵਿਸ਼ੇਸ਼ ਤੌਰ ਤੇ ਤਕਨੀਕੀ ਵਿਗਿਆਨਕ ਸ਼ਬਦਾਵਲੀ ਆਯੋਗ, ਭਾਰਤ ਸਰਕਾਰ ਪਹੁੰਚੇ ਹੋਏ ਸਨ। ਆਖੀਰ ਵਿੱਚ ਇਸ ਕਾਰਜਸ਼ਾਲਾ ਦੇ ਕੋਆਰਡੀਨੇਟਰ ਡਾ. ਰਾਜਵੰਤ ਕੌਰ ਪੰਜਾਬੀ ਨੇ ਵਰਕਸ਼ਾਪ ਵਿੱਚ ਪਹੁੰਚੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *