ਇੰਟਰਨੈੱਟ ਠੀਕ ਕਰਨ ਦੇ ਬਹਾਨੇ ਘਰ ’ਚ ਦਾਖ਼ਲ ਹੋਏ ਲੁਟੇਰੇ, ਲੱਖਾਂ ਦੀ ਨਕਦੀ ਤੇ 20 ਤੋਲੇ ਸੋਨਾ ਲੁੱਟਿਆ

ਫ਼ਰੀਦਕੋਟ: ਨਿਊ ਕੈਂਟ ਰੋਡ ਗਲੀ ਨੰਬਰ-2 ਵਿਖੇ ਇੰਟਰਨੈੱਟ ਠੀਕ ਕਰਨ ਦੇ ਬਹਾਨੇ ਘਰ ’ਚ ਹੋਏ ਦਾਖ਼ਲ ਲੁਟੇਰਿਆਂ ਵੱਲੋਂ 16 ਲੱਖ ਦੀ ਨਕਦੀ ਤੇ 20 ਤੋਲੇ ਸੋਨਾ ਲੁੱਟ ਕੇ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਨਿਊ ਕੈਂਟ ਰੋਡ ਗਲੀ ਨੰਬਰ-2 ਡਾਕਟਰ ਲਵਲੀ ਜੈਨ ਦੀ ਪਤਨੀ ਦੇ ਘਰ ’ਚ ਇਕੱਲੇ ਹੋਣ ’ਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਇੰਟਰਨੈੱਟ ਠੀਕ ਕਰਨ ਦੇ ਬਹਾਨੇ ਘਰ ’ਚ ਦਾਖ਼ਲ ਹੋਏ ਤੇ 16 ਲੱਖ ਦੀ ਨਕਦੀ ਅਤੇ 20 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਇਸ ਘਟਨਾ ਨੂੰ ਅੱਜ ਤਕਰੀਬਨ ਡੇਢ ਵਜੇ ਅੰਜਾਮ ਦਿੱਤਾ। ਪ੍ਰਾਪਤ ਵੇਰਵੇ ਅਨੁਸਾਰ ਪਿਸਤੌਲਾਂ ਅਤੇ ਮਾਰੂ ਹਥਿਆਰਾਂ ਦੀ ਨੋਕ ’ਤੇ ਘਰ ’ਚ ਦਾਖ਼ਲ ਹੋਏ ਲੁਟੇਰਿਆਂ ਨੇ ਡਾ. ਲਵਲੀ ਜੈਨ ਦੀ ਪਤਨੀ ਅਤੇ ਕੰਮ ਕਰ ਰਹੀ ਨੌਕਰਾਣੀ ਨੂੰ ਮੂੰਹ ’ਤੇ ਕੱਪੜਾ ਬੰਨ੍ਹ ਕੇ ਦੂਸਰੇ ਕਮਰੇ ’ਚ ਲਿਜਾ ਕੇ ਬੰਧਕ ਬਣਾ ਲਿਆ।

ਇਸ ਦੌਰਾਨ ਲੁਟੇਰਿਆਂ ਨੇ ਡਾਕਟਰ ਦੀ ਪਤਨੀ ਦੇ ਹੱਥਾਂ ’ਤੇ ਕਿਰਚਾਂ ਮਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰੇ ਘਰ ਦੀਆਂ ਅਲਮਾਰੀਆ ਆਦਿ ਦੀਆਂ ਚਾਬੀਆਂ ਲੈ ਕੇ ਫ਼ਰੋਲਾ-ਫ਼ਰਾਲੀ ਕਰਕੇ 15-16 ਲੱਖ ਦੀ ਨਕਦੀ ਅਤੇ 20 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਡੀ. ਐੱਸ. ਪੀ. (ਡੀ) ਜਤਿੰਦਰ ਸਿੰਘ, ਡੀ. ਐੱਸ. ਪੀ. ਜਸਮੀਤ ਸਿੰਘ ਅਤੇ ਥਾਣਾ ਮੁਖੀ ਸੰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਪੁਲਸ ਵੱਲੋਂ ਦੋਸ਼ੀਆਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਜਾਂਚਣ ਦੀ ਕਾਰਵਾਈ ਜਾਰੀ ਸੀ।

Leave a Reply

Your email address will not be published. Required fields are marked *