ਪਟਿਆਲਾ ਜੇਲ ’ਚ ਬੰਦ ਨਵਜੋਤ ਸਿੱਧੂ ਦੀ ਵਿਗੜੀ ਸਿਹਤ, ਡਾਕਟਰਾਂ ਦੀ ਸਲਾਹ ਤੋਂ ਬਾਅਦ ਮਿਲਿਆ ਤਖ਼ਤਪੋਸ਼

ਪਟਿਆਲਾ : ਰੋਡਰੇਜ਼ ਮਾਮਲੇ ਵਿਚ ਪਟਿਆਲਾ ਜੇਲ ’ਚ ਇਕ ਸਾਲ ਕੈਦ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਸਿਹਤ ਵਿਗੜ ਗਈ ਹੈ। ਦਰਅਸਲ ਨਵਜੋਤ ਸਿੱਧੂ ਦੇ ਗੋਡਿਆਂ ਵਿਚ ਦਰਦ ਹੈ। ਸਿਹਤ ਵਿਗੜਨ ਤੋਂ ਬਾਅਦ ਡਾਕਟਰਾਂ ਦੀ ਸਲਾਹ ਕਰਕੇ ਉਨ੍ਹਾਂ ਨੂੰ ਇਕ ਤਖ਼ਤਪੋਸ਼ ਦੇ ਦਿੱਤਾ ਗਿਆ ਹੈ। ਨਵਜੋਤ ਸਿੱਧੂ ਪਹਿਲਾਂ ਹੀ ਫੈਟੀ ਲਿਵਰ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਗੋਡਿਆਂ ਵਿਚ ਵੀ ਦਰਦ ਰਹਿਣ ਲੱਗ ਪਿਆ ਹੈ। ਉੱਠਣ ਲਈ ਉਨ੍ਹਾਂ ਨੂੰ ਸਹਾਰਾ ਲੈਣਾ ਪੈ ਰਿਹਾ ਸੀ, ਇਥੋਂ ਤੱਕ ਕਿ ਪਖਾਨੇ ਵਾਲੀ ਸੀਟ ਤੋਂ ਵੀ ਉਨ੍ਹਾਂ ਨੂੰ ਦੋ ਸਾਥੀ ਕੈਦੀ ਸਹਾਰਾ ਦੇ ਕੇ ਉਠਾਉਂਦੇ ਹਨ।

ਇਸ ਦੇ ਚੱਲਦੇ ਮੈਡੀਕਲ ਜਾਂਚ ਲਈ ਬੀਤੇ ਦਿਨੀਂ ਜੇਲ੍ਹ ਪੁੱਜੀ ਡਾਕਟਰਾਂ ਦੀ ਟੀਮ ਨੇ ਗੋਡੇ ’ਚ ਤਕਲੀਫ਼ ਦਾ ਮੁੱਖ ਕਾਰਨ ਫਰਸ਼ ’ਤੇ ਪੈਣਾ ਦੱਸਿਆ। ਸਿੱਧੂ ਦਾ ਭਾਰ ਅਤੇ ਕੱਦ ਵੱਡਾ ਹੋਣ ਕਾਰਨ ਫਰਸ਼ ਤੋਂ ਵਾਰ-ਵਾਰ ਉੱਠਣ ਕਰਕੇ ਉਨ੍ਹਾਂ ਦੇ ਗੋਡਿਆਂ ਦਾ ਦਰਦ ਵੱਧ ਗਿਆ ਹੈ। ਸੂਤਰਾਂ ਮੁਤਾਬਕ ਜਾਂਚ ਮਗਰੋਂ ਡਾਕਟਰਾਂ ਦੀ ਟੀਮ ਨੇ ਇਸ ਤਕਲੀਫ਼ ਤੋਂ ਰਾਹਤ ਲਈ ਸਿੱਧੂ ਨੂੰ ਬੈੱਡ ’ਤੇ ਪਾਉਣ ਅਤੇ ਉੱਚੀ ਟੁਆਇਲਟ ਸੀਟ ਬਣਵਾਉਣ ਦਾ ਸੁਝਾਅ ਦਿੱਤਾ ਹੈ। ਇਸ ਮਗਰੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਿੱਧੂ ਨੂੰ ਬੈੱਡ ਵਜੋਂ ਤਖ਼ਤਪੋਸ਼ ਦੇ ਦਿੱਤਾ ਗਿਆ ਹੈ ਤੇ ਭਲਕ ਤੱਕ ਟੁਆਇਲਟ ਸੀਟ ਵੀ ਬਦਲਣ ਦੀ ਉਮੀਦ ਹੈ।

ਪਹਿਲਾਂ ਹੀ ਬਿਮਾਰ ਸਨ ਸਿੱਧੂ

ਨਵਜੋਤ ਸਿੱਧੂ ਨੂੰ ਜਦੋਂ ਸੁਪਰੀਮ ਕੋਰਟ ਨੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਤਾਂ ਉਨ੍ਹਾਂ ਨੇ ਬਿਮਾਰੀਆਂ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲਿਵਰ ਦੀ ਸਮੱਸਿਆ ਹੈ। ਇਸ ਲਈ ਉਨ੍ਹਾਂ ਦਾ ਪੀ. ਜੀ. ਆਈ. ਚੰਡੀਗੜ੍ਹ ਵਿਚ ਚੈੱਕਅਪ ਕਰਾਇਆ ਗਿਆ ਸੀ। ਜਿੱਥੇ ਉਹ ਦਾਖਲ ਵੀ ਰਹੇ ਸਨ। ਸਿੱਧੂ ਨੇ ਬਿਮਾਰੀਆਂ ਦਾ ਹਵਾਲਾ ਦੇ ਕੇ ਸਪੈਸ਼ਲ ਡਾਈਵ ਦੀ ਮੰਗ ਵੀ ਕੀਤੀ ਸੀ।

ਦਲੇਰ ਮਹਿੰਦੀ ਨੂੰ ਮਿਲਿਆ ਸਿੱਧੂ ਦਾ ਸਾਥ

ਕਬੂਤਰਬਾਜ਼ੀ ਦੇ ਕੇਸ ’ਚ ਹੋਈ ਦੋ ਸਾਲਾਂ ਦੀ ਕੈਦ ਤਹਿਤ ਪੌਪ ਗਾਇਕ ਦਲੇਰ ਮਹਿੰਦੀ ਵੀ ਪਟਿਆਲਾ ਜੇਲ੍ਹ ਪਹੁੰਚ ਗਏ ਹਨ। ਉਨ੍ਹਾਂ ਨੂੰ ਮੁਣਸ਼ੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਦਲੇਰ ਮਹਿੰਦੀ ਬੈਰਕ ਵਿਚ ਰਹਿ ਕੇ ਹੀ ਆਪਣਾ ਕੰਮ ਕਰਨਗੇ। ਇਸ ਤਹਿਤ ਜੇਲ੍ਹ ਮੁਲਾਜ਼ਮ ਰੋਜ਼ਾਨਾ ਦਲੇਰ ਮਹਿੰਦੀ ਨੂੰ ਬੈਰਕ ਵਿਚ ਰਜਿਸਟਰ ਮੁਹੱਈਆ ਕਰਵਾਇਆ ਕਰਨਗੇ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਤੋਂ ਵੀ ਕਲੈਰੀਕਲ ਕੰਮ ਲਿਆ ਜਾ ਰਿਹਾ ਹੈ ਤੇ ਸੁਰੱਖਿਆ ਕਾਰਨਾਂ ਕਰਕੇ ਸਿੱਧੂ ਨੂੰ ਵੀ ਬੈਰਕ ਵਿਚੋਂ ਬਾਹਰ ਨਹੀਂ ਕੱਢਿਆ ਜਾਂਦਾ। ਹੁਣ ਦੋਵੇਂ ਮੁਣਸ਼ੀ ਬੈਰਕ ’ਚ ਰਹਿ ਕੇ ਇਕੱਠਿਆਂ ਹੀ ਰਜਿਸਟਰਾਂ ’ਤੇ ਲਿਖਤ ਦਾ ਕੰਮ ਕਰਨਗੇ। ਜਾਣਕਾਰੀ ਅਨੁਸਾਰ ਦਲੇਰ ਮਹਿੰਦੀ ਨੂੰ ਵੀ ਸਿੱਧੂ ਵਾਲੀ ਬੈਰਕ ’ਚ ਰੱਖਿਆ ਗਿਆ ਹੈ।

Leave a Reply

Your email address will not be published. Required fields are marked *