ਪਹਿਲੀ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਹੋਈ ਭੰਗ, ਤਾਰਾ ਸਿੰਘ ਬਣ ਸਕਦੇ ਹਨ ਨਵੇਂ ਪ੍ਰਧਾਨ

ਅੰਮ੍ਰਿਤਸਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭੰਗ ਹੋਣ ਮਗਰੋਂ ਤਾਰਾ ਸਿੰਘ ਦੇ ਪ੍ਰਧਾਨ ਬਣਨ ਦੀ ਪੂਰੀ ਸੰਭਾਵਨਾ ਬਣ ਗਈ ਹੈ। ਇਸ ਤੋਂ ਪਹਿਲਾਂ ਅਮੀਰ ਸਿੰਘ ਪਾਕਿ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਨ। ਔਕਾਫ ਬੋਰਡ ਵੱਲੋਂ ਹੁਣ ਇਹ ਕਮੇਟੀ ਅਚਾਨਕ ਭੰਗ ਕਰ ਦਿੱਤੀ ਗਈ ਹੈ, ਜਿਸ ਮਗਰੋਂ ਨਵੇਂ ਪ੍ਰਧਾਨ ਦੀਆਂ ਕਿਆਸ-ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਤਾਰਾ ਸਿੰਘ ਮੰਨੇ ਜਾ ਰਹੇ ਹਨ। ਉਹ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।

ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਦਾ ਮਹਿਕਮਾ ਔਕਾਫ਼ ਬੋਰਡ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਵੇਖਣ ਵਾਲੀ ਇਸ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਕਰਦਾ ਹੈ। ਇਸ ਸਬੰਧੀ ਨਨਕਾਣਾ ਸਾਹਿਬ ਤੋਂ ਜਾਣਕਾਰੀ ਦਿੰਦਿਆਂ ਪਾਕਿ ਔਕਾਫ਼ ਬੋਰਡ ਦੇ ਸਰਕਾਰੀ ਮੈਂਬਰ ਕਿਰਪਾ ਸਿੰਘ ਨੇ ਦੱਸਿਆ ਕਿ ਪ੍ਰਧਾਨ ਤੇ ਜਨਰਲ ਸਕੱਤਰ ਸਮੇਤ ਕੁੱਲ 10 ਮੈਂਬਰਾਂ ਦੀ ਚੋਣ ਹੁੰਦੀ ਹੈ ਜੋ ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਤੋਂ ਲਏ ਜਾਂਦੇ ਹਨ। ਮੈਬਰਾਂ ਦੀ ਨਾਮਜ਼ਦਗੀ ਚਾਰ ਸਾਲ ਲਈ ਹੁੰਦੀ ਹੈ, ਜਿਨ੍ਹਾਂ ਵਿੱਚੋਂ ਅਹੁਦੇਦਾਰ ਚੁਣੇ ਜਾਂਦੇ ਹਨ। ਇਸ ਟਰਮ ਦੀ ਮਿਆਦ 12 ਜੁਲਾਈ 2022 ਨੂੰ ਖਤਮ ਹੋ ਚੁੱਕੀ ਹੈ, ਜਿਸ ਕਰਕੇ ਹੁਣ ਨਵੇਂ ਮੈਂਬਰ ਨਾਮਜ਼ਦ ਕੀਤੇ ਜਾਣੇ ਹਨ।

ਜਾਣਕਾਰਾਂ ਅਨੁਸਾਰ ਸੰਭਾਵਨਾ ਹੈ ਕਿ ਤਾਰਾ ਸਿੰਘ ਨੂੰ ਨਵੇਂ ਮੈਬਰਾਂ ਵਿਚ ਚੁਣਿਆ ਜਾਣਾ ਤੈਅ ਹੈ, ਜਿਸ ਮਗਰੋਂ ਇਸ ਨੂੰ ਪ੍ਰਧਾਨ ਬਣਾਇਆ ਜਾਵੇਗਾ। ਇਸ ਦਾ ਠੋਸ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਤਾਰਾ ਸਿੰਘ ਵੱਲੋਂ ਆਪਣੇ ਪਿਤਾ ਤੇ ਸਿੰਧੀ ਸੰਗਤਾਂ ਨਾਲ ਰਲ ਕੇ ਪਾਵਨ ਗੁਰਧਾਮਾਂ ‘ਤੇ ਮਨਾਏ ਜਾਂਦੇ ਗੁਰਪੁਰਬਾਂ ਅਤੇ ਹੋਰ ਇਤਿਹਾਸਕ ਦਿਹਾੜਿਆਂ ਆਦਿ ਸਮੇਂ ਲੰਗਰਾਂ ਸਮੇਤ ਹੋਰ ਸੇਵਾਵਾਂ ਵਧ ਚੜ੍ਹ ਕੇ ਨਿਭਾਈਆਂ ਜਾਂਦੀਆਂ ਹਨ।

ਦੱਸਣਯੋਗ ਹੈ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਅਹਿਮ ਗੁਰਦੁਆਰਾ ਸਾਹਿਬਾਨ ਮੌਜੂਦ ਹਨ, ਜਿਨ੍ਹਾਂ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਖਦੀ ਹੈ। ਭਾਰਤ ਤੋਂ ਸਿੱਖ ਸ਼ਰਧਾਲੂਆਂ ਦੇ ਹਰ ਸਾਲ ਚਾਰ ਜਥੇ ਵੀ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਜਾਂਦੇ ਹਨ।

Leave a Reply

Your email address will not be published. Required fields are marked *