ਸਰੂਪ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਬਾਹਰੋਂ ਕਰਵਾਏਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ’ਚੋਂ ਲਾਪਤਾ ਹੋਏ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਸ਼੍ਰੋਮਣੀ ਕਮੇਟੀ ਵਲੋਂ ਪਹਿਲੀ ਵਾਰ ਸੰਸਥਾ ਤੋਂ ਬਾਹਰੋਂ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਜਿਸ ਨੇ ਇਹ ਲਾਪਤਾ ਸਰੂਪਾਂ ਦਾ ਮਾਮਲਾ ਉਭਾਰਿਆ ਸੀ, ਨੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨਾਲ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦਾ ਮਤਾ ਅਤੇ ਇਕ ਪੱਤਰ ਸ੍ਰੀ ਅਕਾਲ ਤਖ਼ਤ ਦੀ ਸਕੱਤਰੇਤ ਵਿਖੇ ਸੌਂਪ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਦੇ ਸੇਵਾਮੁਕਤ ਹੋਣ ’ਤੇ ਸਾਹਮਣੇ ਆਏ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਨੇ ਅਤਿ ਗੰਭੀਰ ਮਾਮਲਾ ਕਰਾਰ ਦਿੰਦਿਆਂ ਇਸ ਦੀ ਨਿਰਪੱਖ ਜਾਂਚ ਕਰਾਉਣ ਲਈ ਸ੍ਰੀ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ। ਅਜਿਹਾ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸਿੱਖ ਸੰਸਥਾ ਵਲੋਂ ਆਪਣੇ ਕਿਸੇ ਮਾਮਲੇ ਦੀ ਜਾਂਚ ਸੰਸਥਾ ਦੇ ਘੇਰੇ ਤੋਂ ਬਾਹਰ ਜਾ ਕੇ ਕਰਵਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮਤਾ ਪਾਸ ਕਰਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਸੇਵਾਮੁਕਤ ਸੀਨੀਅਰ ਸਿੱਖ ਜੱਜ ਜਾਂ ਕਿਸੇ ਪ੍ਰਮੁਖ ਸ਼ਖਸੀਅਤ ਕੋਲੋਂ ਕਰਾਈ ਜਾਵੇ।

ਇਸ ਤੋਂ ਇਲਾਵਾ ਗੁਰਦੁਆਰਾ ਰਾਮਸਰ ਵਿਖੇ ਗੁਰੂ ਗ੍ਰੰਥ ਸਾਹਿਬ ਭਵਨ ’ਚ ਮਈ 2016 ਨੂੰ ਲੱਗੀ ਅੱਗ ਦੇ ਮਾਮਲੇ ’ਚ ਪੁਲੀਸ ਕਰਮਚਾਰੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੀ ਬਿਆਨ ਕਲਮਬੰਦ ਕਰਵਾਉਣ ਲਈ ਆਖਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਅੱਗ ਲੱਗਣ ਨਾਲ ਅਤੇ ਪਾਣੀ ਦੀ ਵਾਛੜ ਕਾਰਨ ਕਿੰਨੇ ਸਰੂਪ ਨੁਕਸਾਨੇ ਗਏ ਸਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅੱਗ ਲੱਗਣ ਨਾਲ ਪੰਜ ਅਤੇ ਪਾਣੀ ਦੀ ਵਾਛੜ ਕਾਰਨ 9 ਸਰੂਪ (ਕੁਲ 14 ਸਰੂਪ) ਨੁਕਸਾਨੇ ਗਏ ਸਨ, ਜਿਨ੍ਹਾਂ ਦਾ ਗੋਇੰਦਵਾਲ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸਸਕਾਰ ਕੀਤਾ ਗਿਆ ਸੀ। ਪਰ ਨੁਕਸਾਨੇ ਗਏ ਸਰੂਪਾਂ ਦਾ ਵੀ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ 253 ਸਰੂਪਾਂ ਬਾਰੇ ਵੀ ਭੇਦ ਬਰਕਰਾਰ ਹੈ। ਇਸੇ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਉਣ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਾਪਤਾ ਸਰੂਪਾਂ ਬਾਰੇ ਪੁਲੀਸ ਕੋਲ ਕੇਸ ਦਰਜ ਕਰਵਾਉਣ ਦੀ ਅਪੀਲ ਕੀਤੀ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਫ਼ੈਸਲੇ ’ਤੇ ਤਸੱਲੀ ਪ੍ਰਗਟਾਈ਼

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖ ਜਾਂਚ ਕਰਤਾ ਸਰਬਜੀਤ ਸਿੰਘ ਵੇਰਕਾ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨਾਲ ਤਸਲੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸੰਗਠਨ ਕੋਲ ਇਸ ਸਬੰਧੀ ਪੁਖਤਾ ਸਬੂਤ ਹਨ ਕਿ ਇਹ ਪਾਵਨ ਸਰੂਪ ਕਈ ਥਾਵਾਂ ’ਤੇ ਬਿਨਾਂ ਲਿਖਤੀ ਪ੍ਰਵਾਨਗੀ ਭੇਜੇ ਗਏ ਹਨ, ਜਿਨ੍ਹਾਂ ਵਿਚ ਇੱਕ ਅਜਿਹਾ ਡੇਰਾ ਵੀ ਹੈ, ਜਿਸ ਬਾਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਹੁਦੇਦਾਰ ਵੱਲੋਂ ਦੁਹਾਈ ਵੀ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਸੰਗਠਨ ਇਸ ਮਾਮਲੇ ਵਿਚ ਜਾਂਚ ਨੂੰ ਪੂਰਾ ਸਹਿਯੋਗ ਦੇਵੇਗਾ।

ਪਬਲੀਕੇਸ਼ਨ ਵਿਭਾਗ ਦਾ ਪ੍ਰਸ਼ਾਸਕੀ ਅਮਲਾ ਤਬਦੀਲ਼

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ’ਚੋਂ 267 ਪਾਵਨ ਸਰੂਪ ਘੱਟ ਹੋਣ ਦੇ ਮਾਮਲੇ ਵਿਚ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਮੁਤਾਬਕ ਅੱਜ ਪਬਲੀਕੇਸ਼ਨ ਵਿਭਾਗ ਦਾ ਪ੍ਰਸ਼ਾਸਕੀ ਅਮਲਾ ਬਦਲ ਦਿੱਤਾ ਗਿਆ, ਜਿਸ ਵਿੱਚ ਉੱਚ ਅਧਿਕਾਰੀਆਂ ਤੋਂ ਇਲਾਵਾ ਕਰਮਚਾਰੀ ਵੀ ਸ਼ਾਮਲ ਹਨ। ਜਦੋਂਕਿ ਤਕਨੀਕੀ ਕੰਮ ਕਰਨ ਵਾਲਾ ਅਮਲਾ ਉਥੇ ਹੀ ਰਹੇਗਾ। ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਿੱਜੀ ਸਕੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਬਦਲੇ ਗਏ ਅਮਲੇ ’ਚ ਗੋਲਡਨ ਆਫਸੈੱਟ ਪ੍ਰੈੱਸ ਦਾ ਮੈਨੇਜਰ, ਪਬਲੀਕੇਸ਼ਨ ਵਿਭਾਗ ਦਾ ਇੰਚਾਰਜ, ਮੀਤ ਸਕੱਤਰ ਅਤੇ ਸੁਪਰਵਾਈਜ਼ਰ ਤੇ ਹੋਰ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ’ਤੇ ਪ੍ਰਸ਼ਾਸਕੀ ਅਧਿਕਾਰੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਨਿਯੁਕਤ ਕੀਤੇ ਗਏ ਹਨ।

Leave a Reply

Your email address will not be published. Required fields are marked *