ਸ੍ਰੀ ਦਰਬਾਰ ਸਾਹਿਬ ਪਲਾਜ਼ਾ ’ਚ ਮਾਂ ਵਲੋਂ ਕਤਲ ਕਰਕੇ ਰੱਖੀ ਬੱਚੀ ਦੇ ਭਰਾ ਨੇ ਦੱਸਿਆ ਰੌਂਗਟੇ ਖੜ੍ਹੇ ਕਰਨ ਵਾਲਾ ਸੱਚ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਗੋਲਡਨ ਪਲਾਜ਼ਾ ਵਿਚ ਕਤਲ ਕਰਕੇ ਰੱਖੀ ਗਈ ਮਾਸੂਮ ਦੀਪਜੋਤ ਕੌਰ ਦੇ ਭਰਾ ਨੇ ਵੱਡੇ ਖ਼ੁਲਾਸੇ ਕੀਤੇ ਹਨ। ਦੀਪਜੋਤ ਦੇ ਭਰਾ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਦੇ ਸਾਹਮਣੇ ਹੀ ਭੈਣ ਦੀਪਜੋਤ ਕੌਰ ਦਾ ਕਤਲ ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਸੀ। ਦੀਪਜੋਤ ਦੇ ਭਰਾ ਨੇ ਦੱਸਿਆ ਕਿ ਮਾਂ ਨਾਲ ਇਕ ਅੰਕਲ ਵੀ ਸਨ, ਜਿਹੜੇ ਬਾਅਦ ਵਿਚ ਕਿਤੇ ਚਲੇ ਗਏ। ਬੱਚੇ ਨੇ ਦੱਸਿਆ ਕਿ ਜਦੋਂ ਮਾਂ ਦੀਪਜੋਤ ਦਾ ਗਲਾ ਘੁੱਟ ਰਹੀ ਸੀ ਤਾਂ ਉਸ ਨੇ ਮਾਂ ਨੂੰ ਪੁੱਛਿਆ ਸੀ ਕਿ ਉਸ ਦੀ ਭੈਣ ਨੂੰ ਕਿਉਂ ਮਾਰ ਰਹੇ ਹੋ, ਇਸ ’ਤੇ ਮਾਂ ਨੇ ਜਵਾਬ ਦਿੱਤਾ ਕਿ ਇਹ ਸਾਡੇ ਨਾਲ ਵਾਰ-ਵਾਰ ਧੱਕੇ ਖਾ ਰਹੀ ਹੈ, ਇਸ ਦਾ ਕੀ ਕਰਨਾ ਹੈ, ਇਸ ਨੂੰ ਮਾਰ ਦਿੰਦੇ ਹਾਂ। ਦੀਪਜੋਤ ਦੇ ਭਰਾ ਨੇ ਦੱਸਿਆ ਕਿ ਮਾਂ ਨੇ ਕਿਹਾ ਕਿ ਗੁਰਦੁਆਰੇ ਵਿਚ ਇਸ ਨੂੰ ਇਸ ਲਈ ਛੱਡ ਰਹੇ ਹਾਂ ਕਿਉਂਕਿ ਉਥੇ ਬਾਬਾ ਜੀ ਇਸ ਦਾ ਸਸਕਾਰ ਕਰ ਦੇਣਗੇ। ਇਸ ਦੌਰਾਨ ਮਾਂ ਨੇ ਬੱਚੇ ਨੂੰ ਡਰਾਵਾ ਦੇ ਕੇ ਚੁੱਪ ਵੀ ਕਰਵਾਇਆ ਅਤੇ ਕਿਹਾ ਕਿ ਜਲਦੀ ਪੈਕਿੰਗ ਕਰ ਇਥੋਂ ਨਿਕਲਣਾ ਹੈ।

ਕੀ ਹੈ ਪੂਰਾ ਮਾਮਲਾ

ਸ਼ੁੱਕਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਸੀ। ਸ਼੍ਰੋਮਣੀ ਕਮੇਟੀ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਹ ਲਾਸ਼ ਕਿਸੇ ਹੋਰ ਨੇ ਨਹੀਂ ਸਗੋਂ ਬੱਚੀ ਦੀ ਮਾਂ ਨੇ ਹੀ ਉਸ ਨੂੰ ਕਤਲ ਕਰਕੇ ਰੱਖਿਆ ਸੀ। ਬਾਅਦ ਵਿਚ ਬੱਚੀ ਦੀ ਪਛਾਣ ਦੀਪ ਜੋਤ ਕੌਰ ਵਾਸੀ ਯਮੁਨਾਨਗਰ ਵਜੋਂ ਹੋਈ ਸੀ। ਅੰਮ੍ਰਿਤਸਰ ਤੋਂ ਫਰਾਰ ਹੋ ਕੇ ਰਾਜਪੁਰਾ ਪੁੱਜੀ ਕਾਤਲ ਮਾਂ ਮਨਿੰਦਰ ਕੌਰ ਰਾਜਪੁਰਾ ਪੁਲਸ ਨੂੰ ਆਪਣੀ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਰਹੀ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਉਸ ਦੀ ਤਸਵੀਰ ਤੋਂ ਉਸ ਨੂੰ ਪਛਾਣ ਲਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਉਥੇ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਪੁਲਸ ਨੂੰ ਸੂਚਿਤ ਕੀਤਾ। ਪੁਲਸ ਦੀ ਇਕ ਵਿਸ਼ੇਸ ਟੀਮ ਮੁਲਜ਼ਮ ਔਰਤ ਨੂੰ ਲਿਆਉਣ ਲਈ ਰਾਜਪੁਰਾ ਰਵਾਨਾ ਕੀਤੀ ਗਈ। ਮਨਿੰਦਰ ਕੌਰ ਯਮੁਨਾ ਨਗਰ ਦੀ ਰਹਿਣ ਵਾਲੀ ਹੈ।

Leave a Reply

Your email address will not be published. Required fields are marked *