ਥਾਣੇ ’ਚੋਂ SLR ਖੋਹ ਕੇ ਫੇਸਬੁੱਕ ’ਤੇ ਲਾਈਵ ਹੋਇਆ ਸ਼ਖਸ

ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਵਿਅਕਤੀ ਨੇ ਥਾਣੇ ਅੰਦਰ ਵੜ ਕੇ ਪੁਲਸ ਮੁਲਾਜ਼ਮ ਤੋਂ ਨਾ ਸਿਰਫ SLR ਹੀ ਨਹੀਂ ਖੋਹੀ ਸਗੋਂ SLR ਖੋਹ ਕੇ ਫਰਾਰ ਹੋਇਆ ਵਿਅਕਤੀ ਫੇਸਬੁੱਕ ’ਤੇ ਲਾਈਵ ਵੀ ਹੋ ਗਿਆ। ਵੀਡੀਓ ਵਿਚ ਉਕਤ ਵਿਅਕਤੀ ਆਖ ਰਿਹਾ ਹੈ ਕਿ ਇਕ ਝਗੜੇ ਦੇ ਮਾਮਲੇ ਵਿਚ ਉਸ ਵਲੋਂ ਵਾਰ-ਵਾਰ ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਸ ਨੇ ਕਾਰਵਾਈ ਨਹੀਂ ਕੀਤੀ ਸਗੋਂ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਉਸ ’ਤੇ ਵੀ ਪਰਚਾ ਦਰਜ ਕਰਨ ਦਾ ਡਰਾਵਾ ਦਿੱਤਾ।

SLR ਖੋਹਣ ਵਾਲਾ ਸ਼ਖਸ ਵੀਡੀਓ ’ਚ ਆਖ ਰਿਹਾ ਹੈ ਕਿ ਡੇਢ ਮਹੀਨਾ ਪਹਿਲਾਂ ਕੁੱਝ ਵਿਅਕਤੀਆਂ ਨੇ ਉਸ ਦੇ ਘਰ ’ਤੇ ਹਮਲਾ ਕਰਕੇ ਇੱਟਾਂ-ਰੋੜੇ ਚਲਾਏ ਸਨ, ਉਹ ਪਿਛਲੇ ਡੇਢ ਮਹੀਨੇ ਤੋਂ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਥਾਣੇ ਦੇ ਚੱਕਰ ਕੱਢ ਰਿਹਾ ਹੈ ਜਦਕਿ ਐੱਸ. ਐੱਚ. ਓ. ਸਰਬਜੀਤ ਸਿੰਘ ਉਸ ਖਿਲਾਫ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਜਿਸ ਦੇ ਚੱਲਦੇ ਉਸ ਨੇ ਹਾਰ ਕੇ ਸੰਤਰੀ ਦੀ ਅਸਾਲਟ ਖੋਹ ਲਈ ਹੈ ਅਤੇ ਹੁਣ ਉਹ ਦੋਵਾਂ ਵਿਅਕਤੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦੇਵੇਗਾ, ਇਸ ਦੀ ਜ਼ਿੰਮੇਵਾਰੀ ਐੱਸ. ਐੱਚ. ਓ. ਸਰਬੀਜਤ ਸਿੰਘ ਦੀ ਹੋਵੇਗੀ।

SLR ਖੋਹਣ ਵਾਲੇ ਵਿਅਕਤੀ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਜਸਵਿੰਦਰ ਨੇ ਫੇਸਬੁੱਕ ’ਤੇ ਖੁਦ ਲਾਈਵ ਹੋ ਕੇ ਆਖਿਆ ਹੈ ਕਿ ਉਸ ਨੇ ਹੀ ਪੁਲਸ ਦੀ SLR ਖੋਹੀ ਹੈ ਅਤੇ ਹੁਣ ਉਹ ਇਸ SLR ਨਾਲ ਦੋ ਵਿਅਕਤੀਆਂ ਦਾ ਕਤਲ ਕਰੇਗਾ, ਜਿਸ ਲਈ ਪੁਲਸ ਜ਼ਿੰਮੇਵਾਰ ਹੋਵੇਗੀ। ਇਥੇ ਹੀ ਬਸ ਨਹੀਂ ਜਸਵਿੰਦਰ ਨੇ ਲਾਈਵ ਹੋ ਕਿ ਕਿਹਾ ਕਿ ਉਹ SLR ਵਾਪਸ ਕਰਨ ਲਈ ਵੀ ਤਿਆਰ ਹੈ ਪਰ ਪਹਿਲਾਂ ਪੁਲਸ ਉਨ੍ਹਾਂ ’ਤੇ ਵੀ ਪਰਚਾ ਦਰਜ ਕਰੇ (ਜਿਨ੍ਹਾਂ ਨਾਲ ਉਸਦਾ ਝਗੜਾ ਹੈ)। ਉਸਨੇ ਕਿਹਾ ਕਿ ਜੇਕਰ ਇਕੱਲੇ ਉਸ ਉਪਰ ਹੀ ਕਾਰਵਾਈ ਹੁੰਦੀ ਹੈ ਅਤੇ ਪੁਲਸ ਉਸਨੂੰ ਘੇਰਾ ਪਾਉਂਦੀ ਹੈ ਤਾਂ ਉਹ ਪੁਲਸ ਨਾਲ ਮੁਕਾਬਲਾ ਵੀ ਕਰੇਗਾ। ਇਸ ਤੋਂ ਬਾਅਦ ਪੁਲਸ ਨੇ ਜਸਵਿੰਦਰ ਨੂੰ ਘੇਰਾ ਪਾ ਲਿਆ ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਗ੍ਰਿਫ਼ਤਾਰੀ ਦੇ ਦਿੱਤੀ। ਇਸ ਤਰ੍ਹਾਂ ਥਾਣੇ ਵਿਚ ਦਾਖਲ ਹੋ ਕੇ ਇਕ ਵਿਅਕਤੀ ਵਲੋਂ ਪੁਲਸ ਦਾ ਅਸਲਾ ਖੋਹ ਕੇ ਫਰਾਰ ਹੋ ਜਾਣ ਦੀ ਘਟਨਾ ਨੇ ਇਕ ਵਾਰ ਫਿਰ ਪੰਜਾਬ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ।

Leave a Reply

Your email address will not be published. Required fields are marked *