ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਲੋਕਾਂ ਨੂੰ ਏਜੰਟਾਂ ਦੇ ਝਾਂਸੇ ਤੋਂ ਦੂਰ ਰਹਿਣ ਦੀ ਅਪੀਲ

ਅੰਮਿ੍ਤਸਰ : ਵਿਦੇਸ਼ ਜਾ ਕੇ ਉਚੇਰੀ ਵਿੱਦਿਆ ਹਾਸਲ ਕਰਨ ਦੇ ਨਾਲ-ਨਾਲ ਰੋਜ਼ੀ ਰੋਟੀ ਕਮਾ ਕੇ ਸੁਨਿਹਰੀ ਭਵਿੱਖ ਦਾ ਸੁਪਨਾ ਸਜਾਉਣ ਤੋਂ ਇਲਾਵਾ ਕਈ ਹੋਰ ਸੰਵਿਧਾਨਿਕ ਤਰੀਕਿਆਂ ਦੇ ਨਾਲ ਪਰਵਾਸੀ ਭਾਰਤੀ ਬਣਨ ਦੇ ਚਾਹਵਾਨਾਂ ਦੇ ਵੱਲੋਂ ਧੜਾਧੜ ਬਣਾਏ ਜਾ ਰਹੇ ਪਾਸਪੋਰਟਾਂ ਦਾ ਖੇਤਰੀ ਪਾਸਪੋਰਟ ਦਫ਼ਤਰ ਅੰਮਿ੍ਤਸਰ ‘ਤੇ ਹੱਦੋਂ ਵੱਧ ਬੋਝ ਪੈ ਰਿਹਾ ਹੈ। ਜਿਸ ਦੇੇ ਚੱਲਦਿਆਂ ਮਜ਼ਬੂਰੀ ਵੱਸ ਦਫ਼ਤਰ ਵੱਲੋਂ ਉਮੀਦਵਾਰ ਮਿਲਣੀ ਦੇ ਵਿਚ ਕੁਝ ਦੇਰੀ ਨੂੰ ਲੈ ਕੇ ਫਰਜ਼ੀ ਏਜੰਟਾਂ ਵੱਲੋਂ ਜਲਦ ਪਾਸਪੋਰਟ ਬਣਵਾਉਣ ਦੇ ਚਾਹਵਾਨਾਂ ਨੂੰ ਜਲਦੀ ਪਾਸਪੋਰਟ ਬਣਵਾ ਕੇ ਦੇਣ ਦਾ ਝਾਂਸਾ ਦਿੱਤੇ ਜਾਣ ਦਾ ਆਲਮ ਪੂਰੇ ਜ਼ੋਰਾਂ ‘ਤੇ ਹੈ।

ਇਸ ਸਬੰਧੀ ਖੇਤਰੀ ਪਾਸਪੋਰਟ ਅਧਿਕਾਰੀ ਅੰਮਿ੍ਤਸਰ ਸ਼ਮਸ਼ੇਰ ਬਹਾਦਰ ਸਿੰਘ ਨੇ ਲੋਕਾਂ ਨੂੰ ਏਜੰਟਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਪਾਸਪੋਰਟ ਲਈ ਅਪਲਾਈ ਕਰਨਾ ਬਹੁਤ ਆਸਾਨ ਤੇ ਸਰਲ ਹੈ। ਇਸ ਲਈ ਕਿਸੇ ਏਜੰਟ ਕੋਲ ਜਾਣ ਦੀ ਲੋੜ ਨਹੀਂ ਹੈ। ਉਸ ਆਪਣੇ ਡੈਸਕਟਾਪ ਜਾਂ ਮੋਬਾਈਲ ਫੋਨ ਰਾਹੀਂ ਘਰ ਬੈਠੇ ਹੀ ਅਪਲਾਈ ਕਰ ਸਕਦੇ ਹਨ। ਪਾਸਪੋਰਟ ਅਰਜ਼ੀ ਲਈ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ਜਾਂ ਮੋਬਾਈਲ ਐਪ ਐੱਮ ਪਾਸਪੋਰਟ ਸੇਵਾ ‘ਤੇ ਜਾ ਕੇ ਪਾਸਪੋਰਟ ਲਈ ਅਪਲਾਈ ਕੀਤਾ ਜਾ ਸਕਦਾ ਹੈ। ਸਾਧਾਰਨ ਪਾਸਪੋਰਟ ਅਰਜ਼ੀ ਦੀ ਫੀਸ 1500 ਰੁਪਏ ਤੇ ਤਤਕਾਲ ਫੀਸ 3500 ਰੁਪਏ ਹੈ। ਅਰਜ਼ੀ ਦੇਣ ਤੋਂ ਬਾਅਦ ਨਿਰਧਾਰਤ ਤਰੀਕ ‘ਤੇ ਪਾਸਪੋਰਟ ਦਫ਼ਤਰ ਜਾਣਾ ਪਵੇਗਾ ਤੇ ਆਪਣੇ ਵਿੱਦਿਅਕ ਦਸਤਾਵੇਜ਼ ਅਤੇ ਹੋਰ ਸਰਟੀਫਿਕੇਟ ਦਿਖਾ ਕੇ ਸਰੀਰਕ ਤਸਦੀਕ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਪੁਲਿਸ ਜਾਂਚ ਮਗਰੋਂ ਕੁਝ ਦਿਨਾਂ ‘ਚ ਹੀ ਪਾਸਪੋਰਟ ਬਣ ਕੇ ਡਾਕ ਸੇਵਾ ਦੁਆਰਾ ਵਿਅਕਤੀ ਦੇ ਦੱਸੇ ਗਏ ਪਤੇ ਤੇ ਭੇਜ਼ ਦਿੱਤਾ ਜਾਂਦਾ ਹੈ। ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਕਿਸੇ ਦੂਸਰੇ ਵੱਲੋਂ ਗ਼ਲਤ ਜਾਣਕਾਰੀ ਭਰਨ ਨਾਲ ਫਾਈਲ ਹੋਲਡ ‘ਤੇ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਏਜੰਟਾਂ ਦੇ ਝਾਂਸੇ ਤੋਂ ਸੁਚੇਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੈਬਸਾਈਟ ਤੇ ਦਰਸਾਏ ਗਏ ਮਾਪਦੰਡ ਹੀ ਅਪਣਾਉਣੇ ਚਾਹੀਦੇ ਹਨ। ਇਸ ਨਾਲ ਹੀ ਉਨ੍ਹਾਂ ਨੂੰ ਸਰਲ ਤਰੀਕੇ ਨਾਲ ਜਲਦ ਪਾਸਪੋਰਟ ਸੇਵਾ ਮੁਹੱਈਆ ਹੋ ਸਕੇਗੀ।

Leave a Reply

Your email address will not be published. Required fields are marked *