ਪੰਜਾਬ ਭਰ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸ ਦੀਆਂ ਛੱਤਾਂ ’ਤੇ ਚੜ੍ਹੇ ਮੁਲਾਜ਼ਮ

ਮੋਗਾ/ਜਲੰਧਰ: ਪਿਛਲੇ ਦਿਨੀਂ ਬਟਾਲਾ ਵਿਖੇ ਪੰਜਾਬ ਰੋਡਵੇਜ਼ ਦੇ ਕੰਡਕਟਰ ਨੂੰ ਸਸਪੈਂਡ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਕਰ ਕੇ ਰੋਸ ਜਤਾਇਆ ਗਿਆ। ਇਸ ਦੌਰਾਨ ਮੋਗਾ ਵਿਖੇ ਸਰਕਾਰੀ ਬੱਸ ਦੇ ਮੁਲਾਜ਼ਮ ਪੈਟਰੋਲ ਦੀਆਂ ਬੋਤਲਾਂ ਹੱਥ ’ਚ ਫੜ ਕੇ ਬੱਸਾਂ ਦੀ ਛੱਤਾਂ ’ਤੇ ਬੈਠ ਗਏ। ਇਸ ਸੰਬੰਧੀ ਉਨ੍ਹਾਂ ਕਿਹਾ ਕਿ ਬਟਾਲਾ ਡਿਪੂ ’ਚ ਕੰਮ ਕਰਦੇ ਸਾਡਾ ਸਾਥੀ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਬਟਾਲਾ ਆ ਰਿਹਾ ਸੀ ਕਿ ਰਸਤੇ ’ਚ ਬੱਸ ’ਚ ਜ਼ਿਆਦਾ ਭੀੜ ਹੋਣ ਕਾਰਨ ਇਕ ਸਵਾਰੀ ਤੋਂ ਉਹ ਟਿਕਟ ਨਹੀਂ ਲੈ ਸਕਿਆ ਜਿਸ ਦੇ ਚੱਲਦੇ ਵਿਭਾਗ ਵੱਲੋਂ ਟਿਕਟ ਨਾ ਲੈਣ ਕਾਰਨ ਸਾਡੇ ਸਾਥੀ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਦੌਰਾਨ ਸਵਾਰੀ ਨੇ 10 ਗੁਣਾ ਜੁਰਮਾਨਾ ਵੀ ਅਦਾ ਕੀਤਾ ਅਤੇ ਸੋਸ਼ਲ ਮੀਡੀਆ ਅਤੇ ਪ੍ਰਸ਼ਾਸਨ ਸਾਹਮਣੇ ਆਪਣੀ ਗਲਤੀ ਵੀ ਮੰਨ ਲਈ ਪਰ ਫਿਰ ਵੀ ਸਾਡੇ ਸਾਥੀ ਨੂੰ ਵਿਭਾਗ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।

ਜਿਸ ਦੇ ਚੱਲਦੇ ਉਹ 3 ਦਿਨਾਂ ਤੋਂ ਟੈਂਕੀ ’ਤੇ ਚੜ੍ਹਿਆ ਹੈ ਪਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਦੇ ਰੋਸ ਵਜੋਂ ਬਟਾਲਾ ਡਿਪੂ 3 ਦਿਨਾਂ ਤੋਂ ਬੰਦ ਸੀ, ਫਿਰ ਕੱਲ੍ਹ ਦੁਪਹਿਰ 12 ਵਜੇ ਤੋਂ ਬਾਅਦ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪੰਜਾਬ ਭਰ ਦੇ 18 ਡਿਪੂਆਂ ਵਿਚ ਬੰਦ ਪਈਆਂ ਹਨ ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਕੋਈ ਗੱਲ ਨਹੀਂ ਕੀਤੀ ਜਾ ਰਹੀ। ਵਿਭਾਗ ਵੱਲੋਂ ਨਾ ਹੀ ਸਾਡੇ ਸਾਥੀ ਨੂੰ ਬਹਾਲ ਕੀਤਾ ਜਾ ਰਿਹਾ ਹੈ, ਜੇਕਰ ਵਿਭਾਗ ਵੱਲੋਂ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਦੇ ਬੁਲਾਰਿਆਂ ਨੇ ਦੱਸਿਆ ਕਿ ਬਟਾਲਾ ਵਿਚ ਕੰਡਕਟਰ ਨੂੰ ਸਸਪੈਂਡ ਕਰਨਾ ਅਤੇ ਫਿਰੋਜ਼ਪੁਰ ਡਿਪੂ ਤੋਂ 15 ਕੰਡਕਟਰਾਂ ਦਾ ਪੱਟੀ ਡਿਪੂ ’ਚ ਤਬਾਦਲਾ ਕਰਨ ਨਾਲ ਯੂਨੀਅਨ ਵਿਚ ਰੋਸ ਦੀ ਲਹਿਰ ਹੈ। ਸਰਕਾਰ ਯੂਨੀਅਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਬਟਾਲਾ ਵਿਚ ਬੀਤੇ ਦਿਨੀਂ ਕੰਡਕਟਰ ਨੂੰ ਸਸਪੈਂਡ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਚਿਤਾਵਨੀ ਦਿੱਤੀ ਗਈ ਸੀ ਪਰ ਇਸਦੇ ਬਾਵਜੂਦ ਸਰਕਾਰ ਨੇ ਕਰਮਚਾਰੀ ਨੂੰ ਬਹਾਲ ਨਹੀਂ ਕੀਤਾ, ਜਿਸ ਦੇ ਵਿਰੋਧ ਵਿਚ ਪੰਜਾਬ ਰੋਡਵੇਜ਼ ਨਾਲ ਸਬੰਧਤ 18 ਡਿਪੂਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਕਾਰਨ ਪੰਜਾਬ ਵਿਚ 1800 ਤੋਂ ਵੱਧ ਬੱਸਾਂ ਰੋਕ ਦਿੱਤੀਆਂ ਗਈਆਂ ਹਨ ਅਤੇ ਜੇਕਰ ਕੱਲ ਨੂੰ ਹੋਣ ਵਾਲੇ ਰੋਸ ਪ੍ਰਦਰਸ਼ਨ ਦੇ ਬਾਵਜੂਦ ਸਰਕਾਰ ਨੇ ਕਰਮਚਾਰੀਆਂ ਨੂੰ ਬਹਾਲ ਕਰ ਕੇ ਤਬਾਦਲੇ ਵਾਪਸ ਨਾ ਲਏ ਤਾਂ ਪੀ. ਆਰ. ਟੀ. ਸੀ. ਯੂਨੀਅਨ ਵੀ ਹੜਤਾਲ ਕਰ ਦੇਵੇਗੀ।

ਅਧਿਕਾਰੀਆਂ ਦਾ 25 ਫੀਸਦੀ ਬੱਸਾਂ ਚੱਲਣ ਦਾ ਦਾਅਵਾ

ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜਤਾਲ ਤੋਂ ਬਾਅਦ 70-75 ਫੀਸਦੀ ਆਵਾਜਾਈ ਬੰਦ ਹੈ ਅਤੇ 25 ਫੀਸਦੀ ਤੋਂ ਵੱਧ ਬੱਸਾਂ ਚੱਲ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਕੱਲ ਤੱਕ ਮਾਮਲਾ ਹੱਲ ਕਰਵਾ ਲਿਆ ਜਾਵੇਗਾ। ਦੂਜੇ ਪਾਸੇ ਯੂਨੀਅਨ ਦੇ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ ਨੇ ਕਿਹਾ ਕਿ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਵਿਚ 50 ਤੋਂ ਵੱਧ ਪੱਕੇ ਡਰਾਈਵਰ ਨਹੀਂ ਹਨ। ਇਸ ਕਾਰਨ 25 ਫੀਸਦੀ ਬੱਸਾਂ ਦੀ ਆਵਾਜਾਈ ਸੰਭਵ ਨਹੀਂ।

ਇੰਟਰ ਸਟੇਟ ਆਵਾਜਾਈ ਰੁਕਣ ਨਾਲ ਵਧੀ ਪ੍ਰੇਸ਼ਾਨੀ

ਯੂਨੀਅਨ ਦੇ ਹੜਤਾਲ ’ਤੇ ਜਾਣ ਨਾਲ ਇੰਟਰ ਸਟੇਟ (ਦੂਜੇ ਸੂਬਿਆਂ) ਵਿਚ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਵੀ ਬੰਦ ਹੋ ਗਈ ਹੈ, ਜਿਸ ਨੇ ਯਾਤਰੀਆਂ ਦੀ ਪ੍ਰੇਸ਼ਾਨੀ ਹੋਰ ਵੀ ਵਧਾ ਦਿੱਤੀ ਹੈ। ਲੋਕਲ ਪੰਜਾਬ ਲਈ ਪ੍ਰਾਈਵੇਟ ਬੱਸਾਂ ਮਿਲ ਰਹੀਆਂ ਹਨ ਪਰ ਬਾਅਦ ਜਾਣ ਵਾਲੇ ਯਾਤਰੀਆਂ ਨੂੰ ਲੰਮੇ ਸਮੇਂ ਤੱਕ ਉਡੀਕ ਕਰਨੀ ਪੈ ਰਹੀ ਹੈ। ਦੇਖਣ ਵਿਚ ਆਇਆ ਕਿ ਕਾਊਂਟਰਾਂ ’ਤੇ ਇੰਤਜ਼ਾਰ ਕਰਨ ਤੋਂ ਬਾਅਦ ਕਈ ਯਾਤਰੀ ਰੇਲਵੇ ਸਟੇਸ਼ਨ ਵੱਲ ਰਵਾਨਾ ਹੋਏ।

Leave a Reply

Your email address will not be published. Required fields are marked *