ਸੋਸ਼ਲ ਮੀਡੀਏ ਉੱਤੇ ਹਥਿਆਰਾਂ ਦੀਆਂ ਤਸਵੀਰਾਂ ਕਾਰਨ 2 ਖਿਲਾਫ਼ FIR

ਸਮਰਾਲਾ: ਪੰਜਾਬ ਪੁਲਸ ਨੇ ਸੂਬੇ ’ਚੋਂ ਗੰਨ ਕਲਚਰ ਨੂੰ ਖ਼ਤਮ ਕਰਨ ਅਤੇ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਅਤੇ ਹਥਿਆਰਾਂ ਸਮੇਤ ਆਪਣੀਆਂ ਤਸਵੀਰਾਂ ਪੋਸਟ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਸਮਰਾਲਾ ਪੁਲਸ ਨੇ ਵੀ ਅੱਜ ਫੇਸਬੁੱਕ ’ਤੇ ਹਥਿਆਰਾਂ ਨਾਲ ਫੋਟੋਆਂ ਪਾ ਕੇ ਮਾਹੌਲ ਖ਼ਰਾਬ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਥਾਵਾਂ ’ਤੇ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਜਿਸ ਤਹਿਤ ਸਥਾਨਕ ਪੁਲਸ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਹਥਿਆਰ ਦਿਖਾ ਕੇ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਸ ਮੁਹਿੰਮ ਤਹਿਤ ਅੱਜ ਪੁਰਸ਼ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਕਿ ਨੇੜਲੇ ਪਿੰਡ ਮਾਨਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਈਸ਼ਵਰ ਸਿੰਘ ਪੁੱਤਰ ਸੁਲਤਾਨ ਸਿੰਘ ਨੇ ਆਪਣੀ ਫੇਸਬੁੱਕ ’ਤੇ ਹਥਿਆਰ ਦਿਖਾਉਂਦੇ ਹੋਏ ਆਪਣੀ ਫੋਟੋ ਪਾਈ, ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਨੌਜਵਾਨ ਖ਼ਿਲਾਫ਼ ਥਾਣਾ ਸਮਰਾਲਾ ’ਚ ਮਾਹੌਲ ਖਰਾਬ ਕਰਨ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਇਕ ਹੋਰ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨਜ਼ਦੀਕੀ ਪਿੰਡ ਬਾਲਿਓਂ ਦੇ ਖਿਲਾਫ ਵੀ ਫੇਸਬੁੱਕ ‘ਤੇ ਹਥਿਆਰਾਂ ਨਾਲ ਫੋਟੋਆਂ ਪਾ ਕੇ ਆਮ ਲੋਕਾਂ ’ਚ ਗਲਤ ਪ੍ਰਭਾਵ ਪਾਉਣ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਥਾਣਾ ਸਮਰਾਲਾ ਦੇ ਐੱਸ.ਐੱਚ.ਓ. ਭਿੰਦਰ ਸਿੰਘ ਘੱਗੂ ਨੇ ਦੱਸਿਆ ਕਿ ਪੁਲਸ ਵੱਲੋਂ ਸੋਸ਼ਲ ਮੀਡੀਆ ਦੇ ਕਈ ਹੋਰ ਪਲੇਟਫਾਰਮਾਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਿੱਥੇ ਅਜਿਹੇ ਗ਼ਲਤ ਅਨਸਰ ਭੜਕਾਊ ਪੋਸਟਾਂ ਅਤੇ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਪਾ ਕੇ ਮਾਹੌਲ ਖ਼ਰਾਬ ਕਰਨ ’ਚ ਲੱਗੇ ਹੋਏ ਹਨ, ’ਤੇ ਵੀ ਜਲਦ ਹੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *