ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਆਮ ਅਪਰੇਸ਼ਨਾਂ ’ਤੇ ਪਾਬੰਦੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਆਮ ਅਪਰੇਸ਼ਨਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਵੱਲੋਂ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਲਿਖੇ ਪੱਤਰ ਰਾਹੀਂ ਕਿਹਾ ਗਿਆ ਹੈ ਕਿ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ 15 ਦਿਨ ਹਸਪਤਾਲਾਂ ਵਿੱਚ ਅਪਰੇਸ਼ਨ ਨਹੀਂ ਕੀਤੇ ਜਾਣਗੇ। ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ 3 ਅਗਸਤ ਨੂੰ ਜਾਰੀ ਇਸ ਪੱਤਰ ਰਾਹੀਂ ਇਹ ਵੀ ਕਿਹਾ ਗਿਆ ਹੈ ਕਿ ਸਿਹਤ ਅਮਲੇ ਦੀਆਂ ਸੇਵਾਵਾਂ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਸੰਭਾਲ ’ਚ ਲਏ ਜਾਣ ਕਾਰਨ ਅਪਰੇਸ਼ਨ ਬੰਦ ਕੀਤੇ ਗਏ ਹਨ। ਉਧਰ, ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਡਾਕਟਰੀ ਅਮਲੇ ਦਾ ਕਹਿਣਾ ਹੈ ਕਿ ਸਰਜਨ ਅਤੇ ਅਪਰੇਸ਼ਨ ਥੀਏਟਰਾਂ ਵਿਚਲਾ ਅਮਲਾ ਕੋਵਿਡ ਦੇ ਮਰੀਜ਼ਾਂ ਦੀ ਦੇਖ ਰੇਖ ਨਹੀਂ ਕਰ ਰਿਹਾ। ਇਸ ਲਈ ਅਪਰੇਸ਼ਨ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਡਾਕਟਰਾਂ ਨੇ ਇਹ ਵੀ ਕਿਹਾ ਕਿ ਛੋਟੇ ਮੋਟੇ ਅਪਰੇਸ਼ਨ ਬੰਦ ਕਰਨ ਨਾਲ ਗਰੀਬ ਲੋਕਾਂ ਦੀ ਮੁਕੰਮਲ ਨਿਰਭਰਤਾ ਨਿੱਜੀ ਹਸਪਤਾਲਾਂ ’ਤੇ ਰਹਿ ਜਾਵੇਗੀ ਡਾਕਟਰੀ ਅਮਲੇ ਨੇ ਦੱਸਿਆ ਕਿ ਜ਼ਿਲ੍ਹਾ ਪੱੱਧਰ ਦੇ ਹਸਪਤਾਲ ਵਿੱਚ ਇਕ ਮਹੀਨੇ ਦੌਰਾਨ 300 ਤੋਂ ਵੱਧ ਅਪਰੇਸ਼ਨ ਹੁੰਦੇ ਹਨ ਤੇ ਤਹਿਸੀਲ ਪੱਧਰ ਦੇ ਹਸਪਤਾਲਾਂ ਵਿੱਚ ਇਨ੍ਹਾਂ ਦੀ ਗਿਣਤੀ 50 ਤੋਂ ਲੈ ਕੇ 100 ਤੱਕ ਪ੍ਰਤੀ ਮਹੀਨਾ ਮੰਨੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਆਮ ਤੌਰ ’ਤੇ ਅੱਖਾਂ, ਨੱਕ, ਕੰਨ, ਬੱਚੇਦਾਨੀ, ਅੰਤੜੀਆਂ, ਹਰਨੀਆਂ, ਬਵਾਸੀਰ, ਪਿੱਤਾ ਗਦੂਦਾਂ ਜਾਂ ਹੋਰ ਜਨਰਲ ਅਪਰੇਸ਼ਨਾਂ ਨਾਲ ਸਬੰਧਤ ਮਰੀਜ਼ ਆਉਂਦੇ ਰਹਿੰਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਅਪਰੇਸ਼ਨ ਦੀ ਫੀਸ 1 ਹਜ਼ਾਰ ਰੁਪਏ ਪ੍ਰਤੀ ਅਪਰੇਸ਼ਨ ਹੁੰਦੀ ਹੈ ਜਦੋਂ ਕਿ ਨਿੱਜੀ ਹਸਪਤਾਲਾਂ ਵੱਲੋਂ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਫੀਸਾਂ ਲਈਆਂ ਜਾਂਦੀਆਂ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਿਰਫ ਹੰਗਾਮੀ ਹਾਲਤ ਵਿੱਚ ਜਾਂ ਹਾਦਸੇ ਦੇ ਮਾਮਲੇ ਵਿੱਚ ਹੀ ਅਪਰੇਸ਼ਨ ਕੀਤੇ ਜਾ ਸਕਦੇ ਹਨ। ਡਾਕਟਰਾਂ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਹੈ ਕਿ ਵਿਭਾਗ ਵੱਲੋਂ 15 ਦਿਨ ਤਾਂ ਕਹੇ ਗਏ ਹਨ ਪਰ ਜਿਸ ਤਰ੍ਹਾਂ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਉਸ ਨੂੰ ਦੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਆਮ ਅਪਰੇਸ਼ਨਾਂ ’ਤੇ ਪਾਬੰਦੀ ਵਧ ਵੀ ਸਕਦੀ ਹੈ।

Leave a Reply

Your email address will not be published. Required fields are marked *