ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਬਟਾਲਾ : ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਸਰਪ੍ਰਸਤ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਿੰਡ ਧੁੱਪਸੜੀ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ (ਐੱਸਜੀਪੀਸੀ) ਨਾਲੋਂ ਆਰਐੱਸਐੱਸ ਕਿਤੇ ਚੰਗੀ ਹੈ ਕਿਉਂਕਿ ਕੇਂਦਰ ਸਰਕਾਰ ਜਾਂ ਹੋਰ ਪ੍ਰਾਂਤਾਂ ’ਚ ਭਾਜਪਾ ਸਰਕਾਰ ਜਿੱਥੇ ਗ਼ਲਤ ਹੋਵੇ, ਸੰਘ ਉਸ ਨੇਤਾ ਦੇ ਤੁਰੰਤ ‘ਕੰਨ ਮਰੋੜ’ ਕੇ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾ ਦਿੰਦਾ ਹੈ, ਪਰ ਬੇਅਦਬੀ ਕਾਂਡ, ਬਹਿਬਲ ਅਤੇ ਬਰਗਾੜੀ ਕਲਾਂ ਘਟਨਾਵਾਂ ਲਈ ਐੱਸਜੀਪੀਸੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਨੇ ਅਕਾਲੀ ਸਰਕਾਰ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕੀਤੀ। ਸ੍ਰੀ ਢੀਂਡਸਾ ਨੇ ਦੁਹਰਾਇਆ ਕਿ ਉਹ ਕੋਈ ਚੋਣ ਨਹੀਂ ਲੜਨਗੇ ਪਰ ਪੰਜਾਬ ਨੂੰ ਤਬਾਹੀ ਕੰਢੇ ਖੜ੍ਹਾ ਕਰਨ ਲਈ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਰਾਜਸੀ ਤੌਰ ’ਤੇ ਖ਼ਤਮ ਕਰਨ ਲਈ ਮੁਹਿੰਮ ਵਿੱਢ ਰਹੇ ਹਨ। ਉਨ੍ਹਾਂ ਮਝੈਲਾਂ ਨੂੰ ਸੱਦਾ ਦਿੱਤਾ ਕਿ ਉਹ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ। ਇਸ ਮੌਕੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਅਤੇ ਹੋਰ ਅਹੁਦੇਦਾਰਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਸ਼੍ਰੋਮਣੀ ਅਕਾਲੀ ਦਲ (ਡੀ) ਬਣਾਉਣ ’ਤੇ ਪਹਿਲੀ ਵਾਰੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਸ੍ਰੀ ਢੀਂਡਸਾ ਨੇ ਗੁਰਦੁਆਰਾ ਧੁੱਪਸੜੀ ਵਿੱਚ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਜੋ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਲੜੇਗਾ, ਉਹ ਰਾਜਸੀ ਅਹੁਦੇ ਵੱਲ ਝਾਕ ਨਹੀਂ ਰੱਖੇਗਾ। ਬਾਦਲ ਪਰਿਵਾਰ ਵੱਲੋਂ ਬੱਸਾਂ ਪਾਉਣ, ਹੋਟਲ ਬਣਾਉਣ ਅਤੇ ਵੱਡੀਆਂ ਜਾਇਦਾਦਾਂ ਬਣਾਉਣ ਤੋਂ ਸੰਗਤ ਨੂੰ ਜਾਣੂ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਹੁਣ ਇਸੇ ਬਾਦਲ ਪਰਿਵਾਰ ਤੋਂ ਸੀਨੀਅਰ ਲੀਡਰ ਕਿਨਾਰਾ ਕਰਨ ਲੱਗ ਪਏ ਹਨ। ਉਨ੍ਹਾਂ ਬਾਦਲਾਂ ’ਤੇ ਪਾਰਟੀ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਦਾ ਦੁਰਉਪਯੋਗ ਕਰਨ ਦੇ ਇਲਜ਼ਾਮ ਲਾਉਂਦਿਆਂ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਉਹ ਪੰਥਕ ਮਰਿਆਦਾ ਦੀ ਬਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਸਾਥ ਦੇਣ। ਸੂਬੇ ਸਿਰ ਚੜ੍ਹੇ ਕਰਜ਼ੇ ’ਤੇ ਚਿੰਤਾ ਜਤਾਉਂਦਿਆਂ ਰਾਜ ਸਭਾ ਮੈਂਬਰ ਨੇ ਦੱਸਿਆ ਕਿ ਸਾਲਾਨਾ 20 ਹਜ਼ਾਰ ਕਰੋੜ ਰੁਪਏ ਤਾਂ ਵਿਆਜ ਦੇ ਰੂਪ ਵਿੱਚ ਜਾ ਰਹੇ ਹਨ। ਕੈਪਟਨ ਸਰਕਾਰ ਵੱਲੋਂ ਨਸ਼ੇ, ਰੇਤ ਮਾਫੀਆ, ਲੈਂਡ ਮਾਫੀਆ ਖ਼ਤਮ ਕਰਨ ਦੇ ਵਾਅਦਿਆਂ ਦੀ ਖਿੱਲੀ ਉਡਾਉਂਦਿਆਂ ਉਨ੍ਹਾਂ ਕਿਹਾ ਕਿ ਲੋਕ ਹੁਣ ਕਾਂਗਰਸ ਸਰਕਾਰ ਬਣਾ ਕੇ ਪਛਤਾ ਰਹੇ ਹਨ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਰਾਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਨਿਧੜਕ ਸਿੰਘ ਬਰਾੜ, ਗੁਰਸੇਵ ਸਿੰਘ ਹਰਪਾਲਪੁਰ, ਮਨਜੀਤ ਸਿੰਘ ਭੋਮਾ, ਰਾਜ ਦਵਿੰਦਰ ਸਿੰਘ ਹਿੱਸੋਵਾਲ, ਸਾਬਕਾ ਵਿਧਾਇਕ ਜੌਹਲ ਸਿੰਘ, ਜਗਰੂਪ ਸਿੰਘ ਸੇਖਵਾਂ ਸਮੇਤ ਹੋਰਾਂ ਨੇ ਬਾਬਾ ਬੰਦਾ ਸਿੰਘ ਬਹਾਦਰਗੜ੍ਹ ਗੁਰਦਾਸ ਨੰਗਲ ਵਿੱਚ ਸੁੱਚਾ ਸਿੰਘ ਲੰਗਾਹ ਨੂੰ ਨਿਹੰਗਾਂ ਵੱਲੋਂ ਅੰਮ੍ਰਿਤਪਾਨ ਕਰਵਾਉਣ ਦੀ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ।

Leave a Reply

Your email address will not be published. Required fields are marked *