ਕਬੱਡੀ ਖਿਡਾਰੀ ਦਾ ਕਤਲ: ਪੰਜ ਪੁਲੀਸ ਮੁਲਾਜ਼ਮਾਂ ਸਣੇ ਛੇ ਕਾਬੂ

ਬਟਾਲਾ : ਬਟਾਲਾ ਪੁਲੀਸ ਨੇ ਬੀਤੀ ਰਾਤ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਭਗਵਾਨਪੁਰ ਵਿੱਚ ਮਹਿਲਾ ਐਕਸਾਈਜ਼ ਇੰਸਪੈਕਟਰ ਦੇ ਰਿਸ਼ਤੇਦਾਰ ਕਬੱਡੀ ਖਿਡਾਰੀ ਦਾ ਕਤਲ ਕਰਨ ਦੇ ਦੋਸ਼ ਵਿੱਚ ਪੰਜ ਪੁਲੀਸ ਮੁਲਾਜ਼ਮਾਂ ਤੇ ਇੱਕ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਪੰਜ ਪੁਲੀਸ ਮੁਲਾਜ਼ਮਾਂ ’ਚੋਂ ਦੋ ਏਐੱਸਾਈ ਹਨ। ਪੁਲੀਸ ਨੇ ਉਨ੍ਹਾਂ ਕੋਲੋਂ ਪਿਸਤੌਲ ਅਤੇ ਕਾਰ ਵੀ ਬਰਾਮਦ ਕਰ ਲਈ ਹੈ।

ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਸਿਟੀ ਟਰੈਫਿਕ ਸਟਾਫ਼ ’ਚ ਤਾਇਨਾਤ ਏਐੱਸਆਈ ਰਣਜੀਤ ਸਿੰਘ ਤੇ ਬਲਜੀਤ ਸਿੰਘ, ਹੈੱਡ ਕਾਂਸਟੇਬਲ ਅਵਤਾਰ ਸਿੰਘ, ਹੌਲਦਾਰ ਬਲਕਾਰ ਸਿੰਘ (ਏਡੀਜੀਪੀ ਪਰਮਪਾਲ ਸਿੰਘ ਦਾ ਗੰਨਮੈਨ), ਮੁੱਖ ਮੰਤਰੀ ਦੀ ਸੁਰੱਖਿਆ ਡਿਊਟੀ ’ਚ ਤਾਇਨਾਤ ਪੁਲੀਸ ਮੁਲਾਜ਼ਮ ਸੁਰਿੰਦਰ ਸਿੰਘ ਅਤੇ ਸਿਮਰਤ ਸਿੰਘ ਵਾਸੀ ਬਟਾਲਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਇਹ ਪੁਲੀਸ ਮੁਲਾਜ਼ਮ ਦੋ ਕਾਰਾਂ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਉਹ ਐਕਸਾਈਜ਼ ਅਫ਼ਸਰ ਅਮਰਪ੍ਰੀਤ ਕੌਰ ਦੀ ਗੱਡੀ ਤੋਂ ਅੱਗੇ ਲੰਘਣਾ ਚਾਹੁੰਦੇ ਸਨ ਪਰ ਸੜਕ ਤੰਗ ਹੋਣ ਕਾਰਨ ਐਕਸਾਈਜ਼ ਅਫ਼ਸਰ ਉਨ੍ਹਾਂ ਨੂੰ ਰਾਹ ਨਾ ਦੇ ਸਕੀ। 15 ਮਿੰਟ ਪਿੱਛਾ ਕਰਨ ਮਗਰੋਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਭਗਵਾਨਪੁਰ ਨੇੜੇ ਰੋਕ ਲਿਆ ਤੇ ਉਸ ਦੀ ਗੱਡੀ ਦੀ ਤੋੜ-ਭੰਨ ਕਰਨ ਲੱਗੇ। ਇਸ ਦੌਰਾਨ ਐਕਸਾਈਜ਼ ਅਫ਼ਸਰ ਨੇ ਤੁਰੰਤ ਆਪਣੇ ਜੇਠ ਕਬੱਡੀ ਖਿਡਾਰੀ ਗੁਰਮੇਜ ਸਿੰਘ ਅਤੇ ਸਹੁਰੇ ਸਾਬਕਾ ਅਕਾਲੀ ਸਰਪੰਚ ਅਮਰੀਕ ਸਿੰਘ ਨੂੰ ਫੋਨ ਕਰਕੇ ਸੱਦ ਲਿਆ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਪੁਲੀਸ ਮੁਲਾਜ਼ਮਾਂ ਨੇ ਗੁਰਮੇਜ ਸਿੰਘ (28) ਦੇ ਗੋਲੀ ਮਾਰ ਦਿੱਤੀ।

ਐੱਸਐੱਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੋਟਲੀ ਸੂਰਤ ਮੱਲ੍ਹੀ ਥਾਣੇ ਵਿੱਚ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਕੋਲੋਂ ਕਾਰ ਤੇ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ। ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਸ਼ਰਾਬ ਦੇ ਨਸ਼ੇ ’ਚ ਧੁੱਤ ਮੁਲਜ਼ਮਾਂ ਨੇ ਮਹਿਲਾ ਐਕਸਾਈਜ਼ ਅਫ਼ਸਰ ਨਾਲ ਬਦਤਮੀਜ਼ੀ ਕੀਤੀ, ਜਿਸ ਮਗਰੋਂ ਮਾਮਲਾ ਜ਼ਿਆਦਾ ਭੜਕ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *