ਕਰੋਨਾ ਪੀੜਤ ਗਰਭਵਤੀ ਨੂੰ ਲੈਣ ਗਈ ਟੀਮ ’ਤੇ ਹਮਲਾ

ਪਾਤੜਾਂ : ਪਿੰਡ ਖਾਂਗ ਵਿੱਚ ਕਰੋਨਾ ਪਾਜ਼ੇਟਿਵ ਗਰਭਵਤੀ ਔਰਤ ਨੂੰ ਲੈਣ ਗਈ ਸਿਹਤ ਵਿਭਾਗ ਦੀ ਟੀਮ ਤੇ ਪੁਲੀਸ ਪਾਰਟੀ ’ਤੇ ਪਿੰਡ ਦੇ ਲੋਕਾਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਪੁਲੀਸ ਵਾਹਨ ਦੀ ਭੰਨ-ਤੋੜ ਕੀਤੀ। ਇਸ ਹਮਲੇ ਵਿੱਚ ਦੋ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪਾਤੜਾਂ ਪੁਲੀਸ ਨੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਏਐੱਸਆਈ ਜਸਵੰਤ ਸਿੰਘ ਅਤੇ ਪੁਲੀਸ ਕਰਮਚਾਰੀ ਰਾਮਪਾਲ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲੀਸ ਨੇ ਲੋਕਾਂ ਨੂੰ ਉਕਸਾਉਣ ਦੇ ਦੋਸ਼ ਤਹਿਤ ਮੰਦਰ ਦੇ ਪੁਜਾਰੀ ਨੂੰ ਗ੍ਰਿਫ਼ਤਾਰ ਕਰਕੇ ਲਿਆਂਦਾ ਤਾਂ ਰੋਹ ਵਿਚ ਆਏ ਪਿੰਡ ਵਾਸੀਆਂ ਨੇ ਪੁਜਾਰੀ ਨੂੰ ਛੁਡਾਉਣ ਲਈ ਸਰਕਾਰੀ ਹਸਪਤਾਲ ਅੱਗੇ ਧਰਨਾ ਲਾਇਆ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਥਾਣਾ ਮੁਖੀ ਦਰਬਾਰਾ ਸਿੰਘ ਨੇ ਦੱਸਿਆ ਕਿ ਪਿੰਡ ਖਾਂਗ ਦੀ ਗਰਭਵਤੀ ਔਰਤ ਕਰੋਨਾ ਪਾਜ਼ੇਟਿਵ ਆਈ ਸੀ ਜਿਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਭਰਤੀ ਕਰਾਉਣ ਲਈ ਸਿਹਤ ਵਿਭਾਗ ਦੀ ਟੀਮ ਪੁਲੀਸ ਪਾਰਟੀ ਨਾਲ ਪਿੰਡ ਖਾਂਗ ਪੁੱਜੀ ਤਾਂ ਮੰਦਰ ਦੇ ਪੁਜਾਰੀ ਗਰੀਬ ਦਾਸ ਦੇ ਉਕਸਾਉਣ ’ਤੇ ਲੋਕਾਂ ਨੇ ਪੁਲੀਸ ਪਾਰਟੀ ਤੇ ਡਾਕਟਰਾਂ ਦੀ ਟੀਮ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਸਰਕਾਰੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਸ ਦੌਰਾਨ ਸਹਾਇਕ  ਥਾਣੇਦਾਰ ਜਸਵੰਤ ਸਿੰਘ ਅਤੇ ਪੁਲੀਸ ਮੁਲਾਜ਼ਮ ਰਾਮਪਾਲ ਸਿੰਘ ਜ਼ਖ਼ਮੀ ਹੋ ਗਏ। ਪੁਲੀਸ ਨੇ ਪੁਜਾਰੀ ਗਰੀਬ ਦਾਸ, ਗਾਮਾ ਰਾਮ, ਦਰਸ਼ਨ ਰਾਮ, ਗਹਿਨੀ ਰਾਮ, ਜੀਤਾ ਰਾਮ, ਬੇਅੰਤ ਸਿੰਘ, ਸੰਜੀਵ ਰਾਮ, ਜੱਜ ਰਾਮ, ਮਿੱਠੂ ਰਾਮ ਸਣੇ ਪੰਦਰਾਂ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਕਰੋਨਾ ਦੇ ਮਰੀਜ਼ ਦਾ ਸਸਕਾਰ ਕਰਵਾਉਣ ਗਏ ਸਿਹਤ ਮੁਲਾਜ਼ਮਾਂ  ਦਾ ਵਿਰੋਧ

ਪਟਿਆਲਾ : ਪਟਿਆਲਾ ਵਿਚ ਕਰੋਨਾ ਕਾਰਨ ਮਰੇ ਵਿਅਕਤੀ ਦਾ ਸਸਕਾਰ ਕਰਵਾਉਣ ਗਏ ਸਿਹਤ ਮੁਲਾਜ਼ਮਾਂ ’ਤੇ ਮ੍ਰਿਤਕ ਦੇ ਵਾਰਸਾਂ ਵੱਲੋਂ ਕਥਿਤ ਹਮਲਾ ਕਰ ਦਿੱਤਾ ਗਿਆ। ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ, ਨਰਸਿੰਗ ਸਟਾਫ਼ ਦੀ ਆਗੂ ਮਨਜੀਤ ਕੌਰ ਧਾਲੀਵਾਲ  ਆਦਿ ਨੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਆਗੂਆਂ ਨੇ ਕਰੋਨਾ ਵਾਰਡਾਂ ’ਚ ਸੀਸੀਟੀਵੀ ਕੈਮਰੇ ਲਾ ਕੇ ਵੱਡੀਆਂ ਸਕਰੀਨਾ ਰਾਹੀਂ ਮਰੀਜ਼ਾਂ ਦੀ ਸਥਿਤੀ ਵਾਰਸਾਂ ਨੂੰ ਵਿਖਾਏ ਜਾਣ ਦੀ ਮੰਗ ਵੀ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਾ ਰਹੇ। ਇਸੇ ਦੌਰਾਨ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਸਿਹਤ ਮੁਲਾਜ਼ਮਾਂ ’ਤੇ ਹਮਲੇ ਦੀ ਘਟਨਾ ਸਬੰਧੀ ਸੌ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਭੰਡੀ ਪ੍ਰਚਾਰ ਕਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱੱਕਾ ਹੈ। ਉਨ੍ਹਾਂ ਕਿਹਾ  ਕਿ ਅਫ਼ਵਾਹਾਂ ਫੈਲਾਉਣ ਵਾਲ਼ਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

Leave a Reply

Your email address will not be published. Required fields are marked *