ਸ਼ਹੀਦ ਫੌਜੀ ਜੋਰਾਵਰ ਸਿੰਘ ਨੂੰ ਸਲਾਮੀ ਨਾ ਦਿੱਤੇ ਜਾਣ ਤੋਂ ਪੀੜਤ ਪਰਿਵਾਰ ਦੁਖੀ

ਪੱਟੀ : ਸਿੱਖ ਰੈਜੀਮੈਂਟ ਸੈਂਟਰ ਦੀ ਮੁੱਕੇਬਾਜ਼ੀ ਟੀਮ ਦੇ ਗੋਲਡ ਮੈਡਲ ਪ੍ਰਾਪਤ ਫੌਜੀ ਜੋਰਾਵਰ ਸਿੰਘ ਵਾਸੀ ਕੁੱਲਾ ਬੀਤੇ ਦਿਨ ਇੱਕ ਸਾਥੀ ਫੌਜੀ ਜਵਾਨ ਸਮੇਤ ਤਲਾਬ ਵਿੱਚ ਡੁੱਬਣ ਕਾਰ ਸ਼ਹਾਦਤ ਦਾ ਜਾਮ ਪੀ ਗਿਆ ਸੀ। ਉਸ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀ ਲੋਕਾਂ ਦੀ ਹਾਜ਼ਰੀ ‘ਚ ਫੌਜ ਦੀ ਟੁੱਕੜੀ ਵੱਲੋਂ ਫੁੱਲ ਮਾਲਾਵਾਂ ਭੇਟ ਕਰਕੇ ਕੀਤਾ ਗਿਆ, ਪਰ ਫੌਜੀ ਜਵਾਨ ਦੀਆਂ ਅੰਤਿਮ ਰਸਮਾਂ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਣ ਤੇ ਫੌਜੀ ਟੁਕੜੀ ਵੱਲੋਂ ਮਰਿਆਦਾ ਅਨੁਸਾਰ ਸਲਾਮੀ ਨਾ ਦੇਣ ਕਾਰਨ ਸ਼ਹੀਦ ਫੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀ ਲੋਕਾਂ ਅੰਦਰ ਭਾਰੀ ਰੋਸ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਫੌਜੀ ਜਵਾਨ ਦੇ ਪਿਤਾ ਸਾਬਕਾ ਫੌਜੀ ਅਮਰੀਕ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੀ ਸੇਵਾ ਕਰਨ ਦੇ ਨਾਲ ਸਿੱਖ ਰੈਜੀਮੈਂਟ ਸੈਂਟਰ ਦੀ ਮੁੱਕੇਬਾਜ਼ੀ ਟੀਮ ਲਈ ਗੋਲਡ ਮੈਡਲ ਜੇਤੂ ਕੌਮੀ ਖਿਡਾਰੀ ਸੀ, ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅਤੇ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਫੌਜੀ ਜਵਾਨ ਦੀ ਸ਼ਹਾਦਤ ਨੂੰ ਅਣਗੌਲਿਆਂ ਕਰਨ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਬੇਹੱਦ ਦੁੱਖ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਫੌਜੀ ਪੁੱਤਰ ਦੇ ਨਾਲ ਮੋਗਾ ਜ਼ਿਲ੍ਹੇ ਨਾਲ ਸਬੰਧਤ ਦੂਸਰੇ ਜਵਾਨ ਦੀਆਂ ਅੰਤਿਮ ਰਸਮਾਂ ਮੌਕੇ ਫੌਜੀ ਮਰਿਆਦਾ ਅਨੁਸਾਰ ਮ੍ਰਿਤਕ ਫੌਜੀ ਜਵਾਨ ਨੂੰ ਸਲਾਮੀ ਦਿੱਤੀ ਗਈ। ਅਮਰੀਕ ਸਿੰਘ ਨੇ ਕਿਹਾ ਕਿ ਉਹ ਦਲਿਤ ਪਰਿਵਾਰ ਨਾਲ ਸਬੰਧਤ ਹਨ, ਜਿਸ ਕਾਰਨ ਉਨ੍ਹਾਂ ਦੇ ਘਰ ਕੋਈ ਸਰਕਾਰੀ ਅਧਿਕਾਰੀ ਤੇ ਵਲਟੋਹਾ ਹਲਕੇ ਦਾ ਵਿਧਾਇਕ ਨਹੀਂ ਪਹੁੰਚਿਆ।

ਆਪ ਵਿਧਾਇਕ ਨੇ ਪਰਿਵਾਰ ਨਾਲ ਦੁੱਖ ਵੰਡਾਇਆ

ਆਮ ਆਦਮੀ ਪਾਰਟੀ ਦੇ ਸੀਨੀਆਰ ਆਗੂ ਰਣਜੀਤ ਸਿੰਘ ਚੀਮਾ , ਗੁਰਦੇਵ ਸਿੰਘ ਲਾਖਣਾ, ਮਨਜਿੰਦਰ ਸਿੰਘ ਸਿੱਧੂ ਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸ਼ਹੀਦ ਫੌਜੀ ਜੋਰਾਵਰ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਦੌਰਾਨ ਪਰਿਵਾਰ ਵੱਲੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਕੋਲ ਫੌਜ ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਜੀ ਜਵਾਨ ਦੀਆਂ ਅੰਤਿਮ ਰਸਮਾਂ ਮੌਕੇ ਕੀਤੀ ਗਈ ਬੇਕਦਰੀ ਦਾ ਮੁੱਦਾ ਉਠਾਇਆ। ਵਿਧਾਇਕ ਜੈਤੋ ਨੇ ਕਿਹਾ ਕਿ ਸ਼ਹੀਦ ਜੋਰਾਵਰ ਸਿੰਘ ਦਲਿਤ ਪਰਿਵਾਰ ਨਾਲ ਸਬੰਧਤ ਸੀ ਤੇ ਅੱਜ ਮ੍ਰਿਤਕ ਜਵਾਨ ਦੀਆਂ ਅੰਤਿਮ ਰਸਮਾਂ ਮੌਕੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਾ ਪਹੁੰਚਣ ਕਰਕੇ ਸੂਬਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਵਿਧਾਇਕ ਨੇ ਕਿਹਾ ਕਿ ਉਹ ਸ਼ਹੀਦ ਫੌਜੀ ਜਵਾਨ ਦੇ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦਿਵਾਉਣ ਲਈ ਨਿਜੀ ਤੌਰ ’ਤੇ ਮੁੱਖ ਮੰਤਰੀ ਦਫਤਰ ਤੇ ਪੰਜਾਬ ਦੇ ਰਾਜਪਾਲ ਨਾਲ ਇਸ ਸਬੰਧੀ ਗੱਲ ਕਰਨਗੇ।

Leave a Reply

Your email address will not be published. Required fields are marked *