ਲਾਪਤਾ ਸਰੂਪ: ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸੰਕੇਤਕ ਧਰਨਾ

ਅੰਮ੍ਰਿਤਸਰ : ਆਲ ਇੰਡੀਆ ਸਿੱਖ ਸਟੂਡਟੈਂਸ ਫੈਡਰੇਸ਼ਨ ਭੋਮਾ ਨੇ ਅੱਜ ਜਥੇਬੰਦੀ ਦਾ ਸਥਾਪਨਾ ਦਿਵਸ ਮਨਾਉਂਦਿਆਂ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ ਅਤੇ ਮਗਰੋਂ 328 ਪਾਵਨ ਸਰੂਪਾਂ ਦੀ ਸਚਾਈ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਸੰਕੇਤਕ ਧਰਨਾ ਦਿੱਤਾ ਹੈ। ਜਥੇਬੰਦੀ ਦੇ ਮੁਖੀ ਮਨਜੀਤ ਸਿੰਘ ਭੋਮਾ ਨੇ ਆਖਿਆ ਕਿ ਪਾਵਨ ਸਰੂਪਾਂ ਦਾ ਰਿਕਾਰਡ ਵਿਚੋਂ ਗਾਇਬ ਹੋਣ ਅਤੇ ਅੱਗ ਲੱਗਣ ਨਾਲ ਨੁਕਸਾਨੇ ਜਾਣ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਸਚਾਈ ’ਤੇ ਪਰਦਾ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਆਪਣੇ ਕਈ ਫੈਸਲਿਆਂ ਤੋਂ ਪਲਟ ਚੁੱਕੀ ਹੈ। ਉਨ੍ਹਾਂ ਆਖਿਆ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦਾ ਸਥਾਪਨਾ ਦਿਵਸ ਰੋਸ ਦਿਵਸ ਦਿਵਸ ਵਜੋਂ ਮਨਾਇਆ ਹੈ। 

ਇਸ ਸਬੰਧ ਵਿਚ ਹੈਰੀਟੇਜ ਸਟਰੀਟ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਫੈਡਰੇਸ਼ਨ ਆਗੂਆਂ ਨੇ ਕਾਲੇ ਚੋਲੇ ਪਾ ਕੇ ਸੰਕੇਤਕ ਰੋਸ ਧਰਨਾ ਦਿੱਤਾ। ਇਸ ਮੌਕੇ ਇਹ ਮੰਗ ਨੂੰ ਲੈ ਕੇ ਬੈਨਰ ਵੀ ਲਾਏ ਗਏ ਸਨ, ਜਿਸ ਰਾਹੀਂ 328 ਸਰੂਪ ਕਿੱਥੇ ਹਨ, ਬਾਰੇ ਜਵਾਬ ਮੰਗਿਆ ਗਿਆ ਸੀ ਅਤੇ 2016 ਦੀ ਅੰਤ੍ਰਿੰਗ ਕਮੇਟੀ ਵਿਰੁਧ ਧਾਰਾ 295 ਏ ਹੇਠ ਕੇਸ ਦਰਜ  ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰੂਪਾਂ ਦਾ ਪਤਾ ਨਹੀਂ ਲਗਦਾ ਅਤੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਫੈਡਰੇਸ਼ਨ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ 2016 ਅਤੇ 2020 ਵਾਲੀ ਅੰਤ੍ਰਿੰਗ ਕਮੇਟੀ ਸਮੇਤ ਸਮੂਹ ਅਹੁਦੇਦਾਰਾਂ ਨੂੰ ਇਸ ਦੋਸ਼ ਹੇਠ ਅਹੁਦਿਆਂ ਤੋਂ ਬਰਖਾਸਤ ਕਰਨ ਅਤੇ ਤਾਉਮਰ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ’ਤੇ ਪਾਬੰਦੀ ਲਾਉਣ ਦੇ ਆਦੇਸ਼ ਜਾਰੀ ਕਰਨ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਕੀਤੀ ਗਈ ਜਾਂਚ ਅਧੂਰੀ ਹੈ। ਉਨ੍ਹਾਂ ਨੇ 18 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ’ਤੇ ਪਸ਼ਚਾਤਾਪ ਕਰਨ ਲਈ ਕੀਤੇ ਐਲਾਨ ’ਤੇ ਵੀ ਸਵਾਲੀਆ ਚਿੰਨ੍ਹ ਲਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਵਨ ਸਰੂਪ ਲੱਭੇ ਨਹੀਂ ਜਾਂਦੇ, ਮੁਲਜ਼ਮ ਕਿਵੇਂ ਸੁਰਖਰੂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਮਾਮਲੇ ਵਿੱਚ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਲਈ ਵਿਚਾਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਜਥੇਬੰਦੀ ਦਾ ਸਥਾਪਨਾ ਦਿਵਸ 13 ਸਤੰਬਰ ਨੂੰ ਹੈ ਪਰ ਕਰੋਨਾ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਇਹ ਦਿਵਸ ਅੱਜ ਹੀ ਮਨਾਇਆ। 

Leave a Reply

Your email address will not be published. Required fields are marked *