ਕਿਸਾਨ ਅੰਦੋਲਨ ਦਾ ਮੁਹਾਣ ਸ਼ਹਿਰਾਂ ਵੱਲ ਮੁੜੇਗਾ

ਚੰਡੀਗੜ੍ਹ : ਮੁੱਖ ਮੰਤਰੀ ਦਫ਼ਤਰ ਨੇ ਕਿਸਾਨ ਧਿਰਾਂ ਨੂੰ ਮਾਲ ਗੱਡੀਆਂ ਲਈ ਰੇਲ ਮਾਰਗ ਖੋਲ੍ਹੇ ਜਾਣ ਦੀ ਮੁੜ ਅਪੀਲ ਕੀਤੀ ਹੈ ਜਿਸ ’ਤੇ ਕਿਸਾਨ ਧਿਰਾਂ ਨੇ ਚਰਚਾ ਸ਼ੁਰੂ ਕੀਤੀ ਹੈ। ਬੇਸ਼ੱਕ ਇਸ ਅਪੀਲ ’ਤੇ ਸਾਂਝੀ ਮੀਟਿੰਗ ਵਿਚ ਫ਼ੈਸਲਾ ਲਿਆ ਜਾਣਾ ਹੈ ਪ੍ਰੰਤੂ ਕਿਸਾਨ ਧਿਰਾਂ ਨੇ ਅੱਜ ਪੱਤਰ ਮਿਲਣ ਮਗਰੋਂ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਬੀਕੇਯੂ (ਉਗਰਾਹਾਂ) ਨੇ ‘ਕਿਸਾਨ ਅੰਦੋਲਨ’ ਦਾ ਮੂੰਹ ਸ਼ਹਿਰਾਂ ਵੱਲ ਕਰਨ ਦਾ ਫ਼ੈਸਲਾ ਕੀਤਾ ਹੈ। ਵੇਰਵਿਆਂ ਅਨੁਸਾਰ 30 ਕਿਸਾਨ ਧਿਰਾਂ ਦੀ ਸਾਂਝੀ ਮੀਟਿੰਗ ਵਿਚ ਉਗਰਾਹਾਂ ਗਰੁੱਪ ਵੱਲੋਂ ਇਹ ਤਜਵੀਜ਼ ਰੱਖੀ ਗਈ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਪੇਂਡੂ ਖੇਤਰਾਂ ਵਿਚ ਅੰਦੋਲਨ ਪੂਰੀ ਤਰ੍ਹਾਂ ਭਖ ਚੁੱਕਾ ਹੈ ਅਤੇ ਹੁਣ ਸ਼ਹਿਰੀ ਇਲਾਕਿਆਂ ਵੱਲ ਮੁਹਾਣ ਕੀਤਾ ਜਾਵੇ। ਸਾਂਝੀ ਮੀਟਿੰਗ ਵਿਚ ਇਸ ’ਤੇ ਸਹਿਮਤੀ ਨਹੀਂ ਬਣ ਸਕੀ ਸੀ ਪ੍ਰੰਤੂ ਹੁਣ ਬੀਕੇਯੂ (ਉਗਰਾਹਾਂ) ਨੇ ਫ਼ੈਸਲਾ ਕੀਤਾ ਹੈ ਕਿ ਦਸਹਿਰੇ ਤੱਕ ਸ਼ਹਿਰਾਂ ਵਿਚ ਲਾਮਬੰਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਸ਼ਹਿਰੀ ਖੇਤਰ ਦੇ ਮੁਲਾਜ਼ਮਾਂ, ਟਰੇਡ ਯੂਨੀਅਨਾਂ, ਵਪਾਰੀ ਤਬਕੇ ਅਤੇ ਸ਼ਹਿਰੀਆਂ ਤੱਕ ਪਹੁੰਚ ਕੀਤੀ ਜਾਵੇਗੀ। ਸੀਨੀਅਰ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਭਾਜਪਾ ਦਾ ਜ਼ਿਆਦਾ ਸ਼ਹਿਰੀ ਆਧਾਰ ਹੈ ਜਿਸ ਕਰਕੇ ਹੁਣ ਸ਼ਹਿਰੀ ਖੇਤਰ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਦਸ਼ਹਿਰੇ ਵਾਲੇ ਦਿਨ ਸ਼ਹਿਰਾਂ ਵਿਚ ਪ੍ਰਧਾਨ ਮੰਤਰੀ ਅਤੇ ਕਾਰਪੋਰੇਟਾਂ ਦੇ ਪੁਤਲੇ ਸਾੜੇ ਜਾਣਗੇ ਅਤੇ ਭਾਜਪਾ ਆਗੂਆਂ ਦੀ ਘੇਰਾਬੰਦੀ ਕੀਤੀ ਜਾਵੇਗੀ। ਮੁੱਖ ਮੰਤਰੀ ਵੱਲੋਂ ਮੁੜ ਅਪੀਲ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਖਾਦ ਦਾ ਕੋਈ ਸੰਕਟ ਖੜ੍ਹਾ ਹੁੰਦਾ ਹੈ ਤਾਂ ਸਰਕਾਰ ਇਸ ਨੂੰ ਕਿਸਾਨ ਅੰਦੋਲਨ ਖ਼ਿਲਾਫ਼ ਵਰਤ ਸਕਦੀ ਹੈ ਜਿਸ ਕਰਕੇ ਸਭ ਧਿਰਾਂ ਸਾਂਝੇ ਤੌਰ ’ਤੇ ਹੀ ਇਸ ਬਾਰੇ ਫ਼ੈਸਲਾ ਲੈਣਗੀਆਂ।

ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਸਾਰੀਆਂ ਕਿਸਾਨ ਧਿਰਾਂ ਨੂੰ ਪੱਤਰ ਭੇਜਿਆ ਹੈ ਜਿਸ ਵਿਚ ਮੁੜ ਅਪੀਲ ਕੀਤੀ ਗਈ ਹੈ ਕਿ ਮਾਲ ਗੱਡੀਆਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਈ ਜਾਵੇ ਕਿਉਂਕਿ ਕਣਕ ਦੀ ਬਿਜਾਈ ਸ਼ੁਰੂ ਹੋਣੀ ਹੈ ਜਿਸ ਵਾਸਤੇ ਖਾਦ ਦੀ ਲੋੜ ਹੈ ਅਤੇ ਅਨਾਜ ਦੀ ਢੋਆ-ਢੁਆਈ ਤੋਂ ਇਲਾਵਾ ਡੀਜ਼ਲ-ਪੈਟਰੋਲ ਦੀ ਵੀ ਲਗਾਤਾਰ ਲੋੜ ਪੈਣੀ ਹੈ। ਉਨ੍ਹਾਂ ਪੰਜਾਬ ਅਤੇ ਕਿਸਾਨੀ ਹਿੱਤਾਂ ਦੇ ਮੱਦੇਨਜ਼ਰ ਇਸ ’ਤੇ ਗ਼ੌਰ ਕਰਨ ਲਈ ਕਿਹਾ ਹੈ। 30 ਕਿਸਾਨ ਧਿਰਾਂ ਦੇ ਕੋਆਰਡੀਨੇਟਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਤੋਂ ਪੱਤਰ ਮਿਲਣ ਮਗਰੋਂ ਸਾਰੀਆਂ ਕਿਸਾਨ ਧਿਰਾਂ ਨੇ ਚਰਚਾ ਸ਼ੁਰੂ ਕੀਤੀ ਹੈ ਪ੍ਰੰਤੂ ਆਖ਼ਰੀ ਫ਼ੈਸਲਾ ਸਾਂਝੀ ਮੀਟਿੰਗ ਵਿਚ ਹੀ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਅਗਲੇ ਫ਼ੈਸਲੇ ਤੱਕ ਰੇਲ ਮਾਰਗਾਂ ’ਤੇ ਨਾਕੇ ਕਾਇਮ ਰਹਿਣਗੇ। ਉਨ੍ਹਾਂ ਦੱਸਿਆ ਕਿ ਜਿਹੜੇ ਟੌਲ ਪਲਾਜ਼ੇ ਹਾਲੇ ਖਾਲੀ ਪਏ ਹਨ, ਉਨ੍ਹਾਂ ’ਤੇ ਵੀ ਨਾਕੇ ਲਾਏ ਜਾਣਗੇ। ਉਨ੍ਹਾਂ ਮੁਤਾਬਕ ਬਠਿੰਡਾ ਰਿਫ਼ਾਈਨਰੀ ਵਾਲੇ ਰੇਲ ਮਾਰਗ ’ਤੇ ਵੀ ਅੰਦੋਲਨ ਸ਼ੁਰੂ ਕਰਨ ਬਾਰੇ ਚਰਚਾ ਸ਼ੁਰੂ ਹੋਈ ਹੈ।

Leave a Reply

Your email address will not be published. Required fields are marked *