ਕਿਸਾਨ ਅੰਦੋਲਨ: ਦੋ ਕਿਸਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮਾਨਸਾ/ਪਟਿਆਲਾ : ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਕਿਰਤੀਆਂ ਦੇ ਸੰਘਰਸ਼ ਦੌਰਾਨ ਅੱਜ ਪਟਿਆਲਾ ਦੇ ਪਿੰਡ ਮਹਿਮਦਪੁਰ ਜੱੱਟਾਂ ਦੇ ਕਿਸਾਨ ਆਗੂ ਹਰਬੰਸ ਸਿੰਘ (73) ਅਤੇ ਮਾਨਸਾ ਦੇ ਪਿੰਡ ਗੜੱਦੀ ਦੇ ਕਿਸਾਨ ਜਗਰਾਜ ਸਿੰਘ (58) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਦੇ ਰੇਲਵੇ ਸਟੇਸ਼ਨ ’ਤੇ ਪਹਿਲੀ ਅਕਤੂਬਰ ਤੋਂ ਲਗਾਤਾਰ ਚੱਲ ਰਹੇ ਕਿਰਤੀਆਂ ਦੇ ਧਰਨੇ ਦੌਰਾਨ ਅੱਜ ਪਿੰਡ ਗੜੱਦੀ ਦੇ ਕਿਸਾਨ ਜਗਰਾਜ ਸਿੰਘ (58) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਊਹ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨਾਲ ਜੁੜਿਆ ਹੋਇਆ ਸੀ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਜਥੇਬੰਦੀਆਂ ਦੇ ਸ਼ਹਿਰ ਵਿੱਚ ਕੱਢੇ ਰੋਸ ਮੁਜ਼ਾਹਰੇ ’ਚ ਭਾਗ ਲੈਣ ਤੋਂ ਬਾਅਦ ਮਾਨਸਾ ਦੀਆਂ ਰੇਲਵੇ ਲਾਈਨਾਂ ਉੱਪਰ ਆ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਗਰਾਜ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਕਿਸਾਨ 3 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਇਸ ਦੇ ਤਿੰਨ ਬੱਚੇ ਹਨ। ਇਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਇਸ ’ਤੇ 12 ਲੱਖ ਰੁਪਏ ਦਾ ਸਰਕਾਰੀ ਤੇ ਪ੍ਰਾਈਵੇਟ ਕਰਜ਼ਾ ਦੱਸਿਆ ਜਾਂਦਾ ਹੈ।
ਇਸੇ ਦੌਰਾਨ ਅੱਜ ਇੱਥੇ ਪਟਿਆਲਾ ਨੇੜਲੇ ਪਿੰਡ ਮਹਿਮਦਪੁਰ ਜੱੱਟਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੇ ਅਰਥੀ ਫੂਕ ਮੁਜ਼ਾਹਰੇ ਦੌਰਾਨ ਇੱਕ ਕਿਸਾਨ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 73 ਸਾਲਾ ਹਰਬੰਸ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਸੀਨੀਅਰ ਆਗੂ ਸੀ। ਸਾਬਕਾ ਸਰਪੰਚ ਹਰਬੰਸ ਸਿੰਘ ਮਾਰਕੀਟ ਕਮੇਟੀ ਪਟਿਆਲਾ ਦਾ ਮੈਂਬਰ ਵੀ ਰਿਹਾ ਸੀ ਤੇ ਉਸ ਨੇ ਹਮੇਸ਼ਾ ਹੀ ਕਿਸਾਨੀ ਹਿੱਤਾਂ ਲਈ ਸਰਗਰਮ ਭੂਮਿਕਾ ਨਿਭਾਈ।
ਸਮੂਹ ਕਿਸਾਨ ਧਿਰਾਂ ਨੇ ਦੋਵਾਂ ਕਿਸਾਨਾਂ ਨੂੰ ਕਿਸਾਨ ਮੋਰਚੇ ਦਾ ਸ਼ਹੀਦ ਐਲਾਨਦਿਆਂ ਸਰਕਾਰ ਤੋਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਲਈ ਦਸ ਲੱਖ ਰੁਪਏ ਮੁਆਵਜ਼ੇ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕਰਦਿਆਂ, ਪਰਿਵਾਰ ਦਾ ਸਰਕਾਰੀ ਅਤੇ ਹਰ ਤਰ੍ਹਾਂ ਦਾ ਨਿੱਜੀ ਕਰਜ਼ਾ ਮੁਆਫ਼ ਕਰਨ ’ਤੇ ਜ਼ੋਰ ਦਿੱਤਾ।